ਭਾਰਤੀ ਕੰਪਨੀਆਂ ਨੂੰ ਇਨ੍ਹਾਂ ਪੰਜ ਤਾਕਤਾਂ ਦਾ ਸਾਹਮਣਾ ਇਕਜੁੱਟ ਹੋ ਕੇ ਕਰਨਾ ਪਵੇਗਾ

Saturday, Jun 06, 2026 - 05:03 PM (IST)

ਭਾਰਤੀ ਕੰਪਨੀਆਂ ਨੂੰ ਇਨ੍ਹਾਂ ਪੰਜ ਤਾਕਤਾਂ ਦਾ ਸਾਹਮਣਾ ਇਕਜੁੱਟ ਹੋ ਕੇ ਕਰਨਾ ਪਵੇਗਾ

ਭਾਰਤ ਦੇ ਕਾਰਪੋਰੇਟ ਜਗਤ ਦੇ ਆਗੂ ਹੁਣ ਅਨਿਸ਼ਚਿਤਤਾਵਾਂ ਨਾਲ ਸਹਿਜ ਮਹਿਸੂਸ ਕਰਨ ਲੱਗੇ ਹਨ। ਦੇਸ਼ ਦਾ ਢਾਂਚਾਗਤ ਵਿਕਾਸ ਬਰਕਰਾਰ ਹੈ। ਘਰੇਲੂ ਮੰਗ ਸਥਿਰ ਹੈ, ਉਪਭੋਗਤਾ ਵਰਗ ਉੱਚੀਆਂ ਇੱਛਾਵਾਂ ਵਾਲਾ ਹੈ ਅਤੇ ਨੀਤੀਗਤ ਮਾਹੌਲ ਵਿਆਪਕ ਰੂਪ ’ਚ ਅਨੁਕੂਲ ਹੈ। ਫਿਰ ਵੀ, ਵਿਕਾਸ ਦਾ ਰਾਹ ਪਹਿਲਾਂ ਕਦੇ ਇੰਨਾ ਗੁੰਝਲਦਾਰ ਨਹੀਂ ਰਿਹਾ। ਭੂ-ਰਾਜਨੀਤੀ, ਤਕਨੀਕੀ ਵਿਘਨ ਅਤੇ ਸਥਿਰਤਾ, ਸਾਲਾਨਾ ਯੋਜਨਾਬੰਦੀ ਚੱਕਰਾਂ ਦੀ ਸਮਰੱਥਾ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਮੁਕਾਬਲੇਬਾਜ਼ੀ ਦੀ ਗਤੀਸ਼ੀਲਤਾ ਨੂੰ ਨਵਾਂ ਰੂਪ ਦੇ ਰਹੇ ਹਨ।

ਇਸ ਤਿਮਾਹੀ ’ਚ 25 ਖੇਤਰਾਂ ਦੀਆਂ 1,000 ਤੋਂ ਵੱਧ ਕੰਪਨੀਆਂ ਦੇ ਕਮਾਈ ਕਾਲ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਬੋਰਡਰੂਮ ਕਮੋਡਿਟੀ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤੇਜ਼ੀ ਨਾਲ ਵਧ ਰਹੀ ਵਰਤੋਂ, ਭੂ-ਰਾਜਨੀਤਿਕ ਅਨਿਸ਼ਚਿਤਤਾ, ਵਧਦੀ ਮਹਿੰਗਾਈ ਅਤੇ ਪ੍ਰੀਮੀਅਮ ਉਤਪਾਦਾਂ ਵੱਲ ਵਿਆਪਕ ਬਦਲਾਅ ਵਰਗੀਆਂ ਚੁਣੌਤੀਆਂ ਨਾਲ ਜੂਝ ਰਹੇ ਹਨ। ਹੈਰਾਨੀਜਨਕ ਗੱਲ ਇਨ੍ਹਾਂ ਦਬਾਵਾਂ ਦੀ ਮੌਜੂਦਗੀ ਨਹੀਂ, ਸਗੋਂ ਇਨ੍ਹਾਂ ਸਾਰਿਆਂ ਨੂੰ ਇਕੋ ਸਮੇਂ ਜਿਸ ਹੱਦ ਤੱਕ ਸੰਭਾਲਣਾ ਜ਼ਰੂਰੀ ਹੈ, ਉਹ ਹੈ।

ਹਰ ਬੋਰਡ ’ਚ ਇਕੋ ਮੁੱਦਾ ਹਾਵੀ ਹੈ-ਕਮੋਡਿਟੀ ਦੀਆਂ ਕੀਮਤਾਂ ’ਚ ਅਸਥਿਰਤਾ, ਜਿਸਦਾ ਜ਼ਿਕਰ ਤਿਮਾਹੀ-ਦਰ-ਤਿਮਾਹੀ 32 ਫੀਸਦੀ ਵਧ ਰਿਹਾ ਹੈ। ਜੋ ਕਦੇ ਤੇਲ, ਗੈਸ ਅਤੇ ਧਾਤਾਂ ਤੱਕ ਹੀ ਸੀਮਤ ਸੀ, ਹੁਣ ਉਸਦਾ ਦਾਇਰਾ ਵੀ ਵਧ ਗਿਆ ਹੈ। ਫਾਸਟ-ਮੂਵਿੰਗ ਕੰਜ਼ਿਊਮਰ ਗੁਡਜ਼ (ਐੱਫ.ਐੱਮ.ਸੀ.ਜੀ.) ਕੰਪਨੀਆਂ ਸੋਇਆ, ਪਾਮ, ਕਣਕ ਅਤੇ ਸੂਰਜਮੁਖੀ ਦੇ ਤੇਲ ’ਚ ਹੋਣ ਵਾਲੇ ਉਤਰਾਅ-ਚੜ੍ਹਾਅ ਨੂੰ ਉਪਭੋਗਤਾਵਾਂ ਦੀ ਪਸੰਦ ਅਤੇ ਮੁਨਾਫ਼ੇ ’ਤੇ ਸਿੱਧਾ ਅਸਰ ਪਾਉਣ ਵਾਲਾ ਕਾਰਕ ਦੱਸ ਰਹੀਆਂ ਹਨ। ਨਿਰਮਾਣ ਕੰਪਨੀਆਂ ਕੱਚੇ ਮਾਲ ਦੀ ਲਾਗਤ ਨੂੰ ਆਪਣੀ ਸਭ ਤੋਂ ਵੱਡੀ ਚਿੰਤਾ ਦੱਸ ਰਹੀਆਂ ਹਨ। ਕੰਜ਼ਿਊਮਰ ਇਲੈਕਟ੍ਰੌਨਿਕਸ ਖੇਤਰ ’ਚ, ਤਾਂਬੇ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਕੁੱਲ ਮੁਨਾਫ਼ੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਧਾਤੂ ਖੇਤਰ ’ਚ, ਬੁਨਿਆਦੀ ਢਾਂਚੇ ਦੇ ਵਿਕਾਸ ਕਾਰਨ ਸਟੀਲ ਦੀ ਮੰਗ ’ਚ ਵਾਧਾ ਦੱਸਿਆ ਜਾ ਰਿਹਾ ਹੈ। ਫਿਰ ਵੀ, ਇਨਪੁਟ ਲਾਗਤਾਂ ’ਚ ਤੇਜ਼ੀ ਨਾਲ ਉਤਰਾਅ-ਚੜ੍ਹਾਅ ਦੇ ਕਾਰਨ ਮੁਨਾਫ਼ੇ ਦਾ ਅਗਾਊਂ-ਅਨੁਮਾਨ ਲਗਾਉਣਾ ਮੁਸ਼ਕਲ ਹੈ।

ਏ. ਆਈ. ਹੁਣ ਸਿਰਫ਼ ਤਕਨੀਕੀ ਚਰਚਾ ਦਾ ਵਿਸ਼ਾ ਨਹੀਂ ਰਹਿ ਗਿਆ, ਤਿਮਾਹੀ ਦਰ ਤਿਮਾਹੀ ਇਸਦੀ ਚਰਚਾ ’ਚ 12 ਫੀਸਦੀ ਦਾ ਵਾਧਾ ਹੋਇਆ ਹੈ। ਇਮਾਰਤ ਨਿਰਮਾਣ ਸਮੱਗਰੀ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ’ਚ ਪਹਿਲੀ ਵਾਰ ਇੰਨਾ ਵਾਧਾ ਦਰਜ ਕੀਤਾ ਗਿਆ ਹੈ। ਵਿੱਤੀ ਸੇਵਾਵਾਂ ’ਚ 400 ਫੀਸਦੀ ਅਤੇ ਰਿਟੇਲ ਖੇਤਰ ’ਚ 240 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਸੀਮੈਂਟ ਕੰਪਨੀਆਂ ਏ. ਆਈ.-ਸਮਰੱਥ ਕੇਂਦਰੀ ਕੰਟਰੋਲ ਪ੍ਰਣਾਲੀਆਂ ਨੂੰ ਲਾਗੂ ਕਰ ਰਹੀਆਂ ਹਨ। ਲੌਜਿਸਟਿਕਸ ਕੰਪਨੀਆਂ ਦਸਤਾਵੇਜ਼ੀਕਰਨ ਨੂੰ ਆਟੋਮੈਟਿਕ ਕਰਨ ਲਈ ਏਜੰਟਿਕ ਏ. ਆਈ. ਦੀ ਵਰਤੋਂ ਕਰ ਰਹੀਆਂ ਹਨ। ਰਿਟੇਲ ਖੇਤਰ ’ਚ, ਬਾਜ਼ਾਰ ਦੇ ਵਾਧੇ ਅਤੇ ਉਪਭੋਗਤਾ ਵਿਸ਼ਵਾਸ ਦੇ ਨਾਲ-ਨਾਲ ਏ. ਆਈ. ਚਰਚਾ ਦੇ ਚੋਟੀ ਦੇ ਤਿੰਨ ਵਿਸ਼ਿਆਂ ’ਚ ਸ਼ਾਮਲ ਹੋ ਗਿਆ ਹੈ।

ਭੂ-ਰਾਜਨੀਤਿਕ ਉਥਲ-ਪੁਥਲ : ਵਪਾਰ ਨੀਤੀ ’ਤੇ ਚਰਚਾ ਸਥਿਰ ਰਹੀ ਪਰ ਗੱਲਬਾਤ ਵਧੇਰੇ ਤਿੱਖੀ ਅਤੇ ਖੇਤਰ-ਵਿਸ਼ੇਸ਼ ਹੋ ਗਈ ਹੈ। ਯੂਰਪੀਅਨ ਬਾਜ਼ਾਰ ਇਸ ਗੱਲ ਦੀ ਉਦਾਹਰਣ ਪੇਸ਼ ਕਰਦਾ ਹੈ ਕਿ ਕਿਵੇਂ ਇਕੋ ਭੂ-ਰਾਜਨੀਤਿਕ ਘਟਨਾਕ੍ਰਮ ਕਿਸੇ ਕੰਪਨੀ ਦੀ ਸਥਿਤੀ ਦੇ ਆਧਾਰ ’ਤੇ ਖ਼ਤਰਾ ਜਾਂ ਮੌਕਾ ਦੋਵਾਂ ਦਾ ਰੂਪ ਲੈ ਸਕਦਾ ਹੈ।

ਆਟੋਮੋਟਿਵ ਕੰਪੋਨੈਂਟਸ ਅਤੇ ਉਦਯੋਗਿਕ ਮਸ਼ੀਨਰੀ ਦੇ ਬਰਾਮਦਕਾਰਾਂ ਲਈ, ਯੂਰਪ ’ਚ ਮੰਗ ’ਚ ਨਰਮੀ ਅਤੇ ਨਵੇਂ ਟੈਰਿਫ ਢਾਂਚੇ ਕਾਰਨ ਮੁਨਾਫ਼ੇ ’ਤੇ ਦਬਾਅ ਪੈ ਰਿਹਾ ਹੈ। ਭਾਰਤੀ ਸਪੈਸ਼ਲਿਟੀ ਕੈਮੀਕਲਜ਼ ਅਤੇ ਫਾਰਮਾਸਿਊਟੀਕਲ ਕੰਪਨੀਆਂ ਲਈ ਸਥਿਤੀ ਇਸ ਦੇ ਉਲਟ ਹੈ, ਕਿਉਂਕਿ ਯੂਰਪੀਅਨ ਮੁਕਾਬਲੇਬਾਜ਼ਾਂ ਦੇ ਪਲਾਂਟ ਬੰਦ ਹੋਣ ਕਾਰਨ ਸਪਲਾਈ ’ਚ ਕਮੀ ਆਈ ਹੈ, ਜਿਸ ਨੂੰ ਉਹ ਪੂਰਾ ਕਰ ਸਕਦੇ ਹਨ। ਉੱਥੇ ਹੀ, ਭਾਰਤ-ਯੂਰਪੀਅਨ ਯੂਨੀਅਨ ਵਪਾਰ ਸਮਝੌਤੇ ਦੇ ਪੜਾਅਵਾਰ ਲਾਗੂ ਹੋਣ ਨਾਲ ਟੈਕਸਟਾਈਲ, ਬਿਲਡਿੰਗ ਮਟੀਰੀਅਲ ਅਤੇ ਸਪੈਸ਼ਲਿਟੀ ਮੈਨੂਫੈਕਚਰਿੰਗ ਉਤਪਾਦਾਂ ਲਈ ਬਰਾਮਦ ਦੇ ਨਵੇਂ ਰਾਹ ਖੁੱਲ੍ਹਣ ਦੀ ਉਮੀਦ ਹੈ।

ਮੁਨਾਫ਼ਾ ਵਧਾਉਣ ਦੀ ਰਣਨੀਤੀ ਵਜੋਂ ਪ੍ਰੀਮੀਅਮ ਉਤਪਾਦਾਂ ’ਤੇ ਜ਼ੋਰ ਦੇਣਾ : ਉਪਭੋਗਤਾ ਵਿਵਹਾਰ ’ਚ ਤਿਮਾਹੀ-ਦਰ-ਤਿਮਾਹੀ ਮਾਮੂਲੀ 2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਪਰ ਪ੍ਰੀਮੀਅਮ ਉਤਪਾਦਾਂ ’ਤੇ ਜ਼ੋਰ ਦੇਣਾ, ਭਾਵ ਉੱਚ ਕੀਮਤ ਵਾਲੇ ਉਤਪਾਦਾਂ ਵੱਲ ਇਕ ਰਣਨੀਤਿਕ ਬਦਲਾਅ, ਲਾਗਤ ਦੇ ਦਬਾਅ ਨਾਲ ਨਜਿੱਠਣ ਲਈ ਸਭ ਤੋਂ ਵਿਆਪਕ ਰੂਪ ’ਚ ਅਪਣਾਏ ਜਾਣ ਵਾਲੇ ਉਪਾਵਾਂ ’ਚੋਂ ਇਕ ਬਣ ਕੇ ਉੱਭਰਿਆ ਹੈ। ਇਹ ਸਾਰੇ ਖੇਤਰਾਂ ’ਚ ਦੇਖਣ ਨੂੰ ਮਿਲਦਾ ਹੈ।

ਮਹਿੰਗਾਈ ਫਿਰ ਤੋਂ ਪਰਤ ਆਈ ਹੈ : ਇਸ ਤਿਮਾਹੀ ਦਾ ਸਭ ਤੋਂ ਤਿੱਖਾ ਮਾਤਰਾਤਮਕ ਸੰਕੇਤ ਮਹਿੰਗਾਈ ਨਾਲ ਸਬੰਧਤ ਜ਼ਿਕਰਾਂ ’ਚ 45 ਫੀਸਦੀ ਦਾ ਵਾਧਾ ਹੈ, ਜੋ ਸਾਰੇ ਵਿਸ਼ਿਆਂ ’ਚੋਂ ਸਭ ਤੋਂ ਵੱਡਾ ਵਾਧਾ ਹੈ। ਹਾਲਾਂਕਿ ਮਹਿੰਗਾਈ ਆਪਣੇ ਸ਼ੁਰੂਆਤੀ ਪੱਧਰ ਤੋਂ ਹੇਠਾਂ ਆ ਗਈ ਹੈ, ਪਰ ਲਾਗਤ ਦਾ ਦਬਾਅ ਘੱਟ ਨਹੀਂ ਹੋਇਆ। ਉਦਯੋਗਿਕ ਉਤਪਾਦ ਕੰਪਨੀਆਂ ਲਗਾਤਾਰ ਵਧ ਰਹੀ ਇਨਪੁਟ ਲਾਗਤ ਨੂੰ ਇਕ ਵੱਡੀ ਸਮੱਸਿਆ ਮੰਨਦੀਆਂ ਹਨ। ਵਿੱਤੀ ਸੇਵਾਵਾਂ ’ਚ, ਚਰਚਾ ਹੁਣ ਖਪਤਕਾਰ ਕਰਜ਼ੇ ਦੀ ਗੁਣਵੱਤਾ, ਖ਼ਰਚ ਕਰਨ ਦੇ ਵਿਵਹਾਰ ਅਤੇ ਅਰਥਵਿਵਸਥਾ ਦੇ ਸੁਧਾਰ ਦੀ ਗਤੀ ਵਰਗੇ ਕਾਰਕਾਂ ’ਤੇ ਕੇਂਦ੍ਰਿਤ ਹੋ ਗਈ ਹੈ।

ਇਨ੍ਹਾਂ ਪੰਜਾਂ ਵਿਸ਼ਿਆਂ ਨੂੰ ਜੋੜਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਕੋਈ ਵੀ ਅਸਥਾਈ ਨਹੀਂ ਹੈ। ਕਮੋਡਿਟੀ ਦੀ ਅਸਥਿਰਤਾ, ਏ. ਆਈ. ਦਾ ਵਿਘਨ, ਭੂ-ਰਾਜਨੀਤਿਕ ਖੰਡਨ, ਉਪਭੋਗਤਾ ਵਿਵਹਾਰ ’ਚ ਬਦਲਾਅ ਅਤੇ ਮਹਿੰਗਾਈ ਚੱਕਰ ਕਾਰੋਬਾਰੀ ਮਾਹੌਲ ਦੀਆਂ ਢਾਂਚਾਗਤ ਵਿਸ਼ੇਸ਼ਤਾਵਾਂ ਹਨ, ਨਾ ਕਿ ਕੋਈ ਚੱਕਰੀ ਉਤਰਾਅ-ਚੜ੍ਹਾਅ। ਇਸ ਤੋਂ ਇਲਾਵਾ, ਉੱਭਰਦੇ ਹੋਏ ਦੇਸ਼ ਮੌਜੂਦਾ ਅਸਥਿਰਤਾ ਦਾ ਵਧੇਰੇ ਬੋਝ ਝੱਲ ਰਹੇ ਹਨ, ਜਿਸ ਨਾਲ ਭਾਰਤੀ ਕੰਪਨੀਆਂ ਅਤੇ ਕਾਰੋਬਾਰੀ ਆਗੂਆਂ ਲਈ ਅੱਜ ਦੀਆਂ ਸਥਿਤੀਆਂ ਨਾਲ ਨਜਿੱਠਣਾ ਮੁਸ਼ਕਲ ਹੋ ਗਿਆ ਹੈ।

ਇਨ੍ਹਾਂ ਚੁਣੌਤੀਆਂ ਦਾ ਵੱਖੋ-ਵੱਖਰੇ ਤੌਰ ’ਤੇ ਹੱਲ ਲੱਭਣਾ ਬੇਕਾਰ ਸਾਬਤ ਹੋ ਸਕਦਾ ਹੈ। ਇਸ ਮਾਹੌਲ ’ਚੋਂ ਸਭ ਤੋਂ ਮਜ਼ਬੂਤ ਹੋ ਕੇ ਉੱਭਰਨ ਵਾਲੀਆਂ ਕੰਪਨੀਆਂ ਉਹ ਹੋਣਗੀਆਂ, ਜੋ ਇਨ੍ਹਾਂ ਕਾਰਕਾਂ ਨੂੰ ਗਲੋਬਲ ਮਹਾਪ੍ਰਵਿਰਤੀਆਂ ਦੇ ਆਪਸ ’ਚ ਜੁੜੇ ਹੋਏ ਪਹਿਲੂਆਂ ਵਜੋਂ ਦੇਖਣਗੀਆਂ, ਜਿਨ੍ਹਾਂ ਦਾ ਹੱਲ ਇਕੋ ਰਣਨੀਤਿਕ ਸਵਾਲ ਦੇ ਜਵਾਬ ਨਾਲ ਕੀਤਾ ਜਾਣਾ ਚਾਹੀਦਾ ਹੈ : ਨਿਰੰਤਰ ਅਸਥਿਰਤਾ ਵਾਲੀ ਦੁਨੀਆ ’ਚ ਇਕ ਸਥਿਰ ਅਤੇ ਟਿਕਾਊ ਰੂਪ ’ਚ ਵਧਣ ਵਾਲਾ ਕਾਰੋਬਾਰ ਕਿਵੇਂ ਖੜ੍ਹਾ ਕੀਤਾ ਜਾਵੇ।

ਦੀਪਕ ਸ਼ਰਮਾ/ਰੋਹਿਤ ਪ੍ਰਸਾਦ


author

Rakesh

Content Editor

Related News