ਖੂਨ-ਖਰਾਬੇ ਦੇ ਇਕ ਹੋਰ ਲੰਬੇ ਦੌਰ ਦੇ ਲਈ ਫਸਦਾ ਚਲਾ ਜਾ ਰਿਹਾ ਸੀਰੀਆ
Monday, Dec 09, 2024 - 01:46 AM (IST)
ਸੀਰੀਆ ਦੇ ਉੱਤਰ-ਪੱਛਮ ’ਚ ਇਸਲਾਮੀ ਅੱਤਵਾਦੀਆਂ ਨੇ ਪਿਛਲੇ ਹਫਤੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਫੌਜ ਦੇ ਵਿਰੁੱਧ ਇਕ ਹੈਰਾਨੀਜਨਕ ਹਮਲਾ ਕੀਤਾ ਅਤੇ ਨਾਟਕੀ ਤੌਰ ’ਤੇ ਖੇਤਰੀ ਲਾਭ ਹਾਸਲ ਕੀਤਾ। ਸੀਰੀਆਈ ਖਾਨਾਜੰਗੀ, ਜੋ 2011 ਤੋਂ ਅਰਬ ਸਪ੍ਰਿੰਗ ਤੋਂ ਪ੍ਰੇਰਿਤ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਦਰਮਿਆਨ ਸ਼ੁਰੂ ਹੋਈ ਸੀ, 2016 ਦੇ ਅੰਤ ’ਚ ਇਕ ਸਥਿਰ ਪੜਾਅ ’ਚ ਦਾਖਲ ਹੋ ਗਈ ਸੀ, ਜਦੋਂ ਸ਼ਾਸਨ ਨੇ ਆਪਣੇ ਵਧੇਰੇ ਖੁੱਸੇ ਹੋਏ ਇਲਾਕਿਆਂ ’ਤੇ ਮੁੜ ਤੋਂ ਕਬਜ਼ਾ ਕਰ ਲਿਆ ਸੀ।
2015 ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਸੀਰੀਆ ’ਚ ਫੌਜ ਭੇਜਣ ਦਾ ਫੈਸਲਾ ਕਰਨ ਤੋਂ ਪਹਿਲਾਂ ਅਸਦ ਸ਼ਾਸਨ ਖਾਤਮੇ ਦੇ ਕੰਢੇ ’ਤੇ ਸੀ। ਦਮਿਸ਼ਕ ਅਤੇ ਅਲਾਵੀ-ਗਲਬੇ ਵਾਲੇ ਸਮੁੰਦਰੀ ਕੰਢਿਆਂ ਵਾਲੇ ਸ਼ਹਿਰਾਂ ਨੂੰ ਛੱਡ ਕੇ, ਉਸ ਨੇ ਵਧੇਰੇ ਆਬਾਦੀ ਵਾਲੇ ਕੇਂਦਰਾਂ ਨੂੰ ਗੁਆ ਦਿੱਤਾ ਸੀ। ਫ੍ਰੀ ਸੀਰੀਅਨ ਆਰਮੀ, ਜਬਾਤ ਅਲ-ਨੁਸਰਾ (ਅਲਕਾਇਦਾ ਦੀ ਸੀਰੀਆ ਸ਼ਾਖਾ) ਅਤੇ ਇਸਲਾਮਿਕ ਸਟੇਟ (ਆਈ. ਐੱਸ.) ਦੇ ਰੂਪ ’ਚ ਕਈ ਬਾਗੀ ਅਤੇ ਜੇਹਾਦੀ ਧੜੇ ਸਨ।
ਰੂਸੀ ਦਖਲਅੰਦਾਜ਼ੀ ਨੇ ਖਾਨਾਜੰਗੀ ਨੂੰ ਪਲਟਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਜਦ ਕਿ ਅਮਰੀਕਾ ਵਲੋਂ ਸਮਰਥਿਤ ਕੁਰਦ ਮਿਲੀਸ਼ੀਆ ਨੇ ਪੂਰਬ ’ਚ ਕੁਰਦ ਸਰਹੱਦੀ ਸ਼ਹਿਰਾਂ ’ਚ ਆਈ. ਐੱਸ. ਨਾਲ ਲੜਾਈ ਲੜੀ ਅਤੇ ਉੱਥੇ ਹੀ ਡੁਓਸਿਆ ਈਰਾਨ ਅਤੇ ਹਿਜ਼ਬੁੱਲਾ ਵਲੋਂ ਸਮਰਥਿਤ ਸੀਰੀਆਈ ਫੌਜ ਨੇ ਹੋਰਨਾਂ ਦੇਸ਼ਾਂ ਨਾਲ ਲੜਾਈ ਲੜੀ।
ਅੱਜ ਸੀਰੀਆ ’ਚ ਤਿੰਨ ਮੁੱਖ ਖਿਡਾਰੀ ਹਨ। ਸਭ ਤੋਂ ਮਹੱਤਵਪੂਰਨ ਸ਼ਾਸਨ ਹੈ, ਜਿਸ ਨੂੰ ਈਰਾਨ, ਇਰਾਕ ਅਤੇ ਰੂਸ ਦੇ ਮਿਲੀਸ਼ੀਆ ਦਾ ਸਮਰਥਨ ਪ੍ਰਾਪਤ ਹੈ। ਦੂਜਾ ਖਿਡਾਰੀ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ (ਐੱਸ. ਡੀ. ਐੱਫ.), ਜੋ ਮੂਲ ਤੌਰ ’ਤੇ ਪੀਪੁਲਸ ਪ੍ਰੋਟੈਕਸ਼ਨ ਫੋਰਸਿਜ਼ (ਵਾਈ. ਪੀ. ਜੀ.) ਨਾਲ ਜੁੜਿਆ ਇਕ ਪ੍ਰਮੁੱਖ ਮਿਲੀਸ਼ੀਆ ਸਮੂਹ ਹੈ, ਜੋ ਸੀਰੀਆਈ ਕੁਰਦਿਸਤਾਨ (ਰੋਜਾਵਾ) ਨੂੰ ਕੰਟਰੋਲ ਕਰਨ ਵਾਲਾ ਮੁੱਖ ਸੀਰੀਆਈ ਕੁਰਦ ਮਿਲੀਸ਼ੀਆ ਹੈ।
ਤੀਜਾ ਖਿਡਾਰੀ ਹਯਾਤ ਤਹਿਰੀਰ ਅਲ-ਸ਼ਾਮ (ਐੱਚ. ਟੀ. ਐੱਸ.) ਹੈ, ਜੋ ਮੁੱਖ ਸਰਕਾਰ ਵਿਰੋਧੀ ਬਲ ਹੈ ਜੋ ਇਦਲਿਬ ’ਤੇ ਕੰਟਰੋਲ ਰੱਖਦਾ ਹੈ। ਅੱਜ ਇਸ ਨੂੰ ਸੀਰੀਅਨ ਨੈਸ਼ਨਲ ਆਰਮੀ (ਐੱਸ. ਐੱਨ. ਏ.) ਕਿਹਾ ਜਾਂਦਾ ਹੈ। ਐੱਚ. ਟੀ. ਐੱਸ. ਦੀ ਅਗਵਾਈ 42 ਸਾਲਾ ਸੀਰੀਆਈ ਅੱਤਵਾਦੀ ਅਬੂ ਮੁਹੰਮਦ ਅਲ-ਜੌਲਾਨੀ ਕਰ ਰਿਹਾ ਹੈ।
ਜੌਲਾਨੀ 20 ਸਾਲ ਦੀ ਉਮਰ ’ਚ ਇਰਾਕ ’ਚ ਅਮਰੀਕੀ ਕਬਜ਼ੇ (2003) ਤੋਂ ਲੜਨ ਲਈ ਇਰਾਕ ਚਲਾ ਗਿਆ ਸੀ ਅਤੇ ਅਲਕਾਇਦਾ ’ਚ ਸ਼ਾਮਲ ਹੋ ਗਿਆ ਸੀ। ਜਦੋਂ ਇਰਾਕ ’ਚ ਅਲਕਾਇਦਾ ਦੀ ਕਮਾਨ ਅਬੂ ਬਕਰ ਅਲ-ਬਗਦਾਦੀ ਦੇ ਹੱਥਾਂ ’ਚ ਸੀ ਤਾਂ ਜੌਲਾਨੀ ਉਸਦੇ ਨੇੜਲੇ ਲੈਫਟੀਨੈਂਟਾਂ ’ਚੋਂ ਇਕ ਦੇ ਰੂਪ ’ਚ ਉਭਰਿਆ।
ਜਦੋਂ ਦੁਨੀਆ ਦਾ ਧਿਆਨ ਸੀਰੀਆ ਵੱਲ ਗਿਆ ਤਾਂ ਜੌਲਾਨੀ ਨੇ ਇਦਲੀਬ ’ਚ ਆਪਣਾ ਸਾਮਰਾਜ ਹੌਲੀ-ਹੌਲੀ ਵਧਾਇਆ। ਇਸਲਾਮਿਕ ਸਟੇਟ ਹਾਰ ਗਿਆ ਅਤੇ ਬਗਦਾਦੀ ਮਾਰਿਆ ਗਿਆ। ਜੌਲਾਨੀ ਨੇ ਸਭ ਤੋਂ ਪਹਿਲਾਂ ਅਲ-ਨੁਸਰਾ ਦਾ ਨਾਂ ਬਦਲ ਕੇ ਜਬਾਤ ਫਤਹਿ ਅਲ-ਸ਼ਾਮ ਰੱਖ ਦਿੱਤਾ। ਬਾਅਦ ’ਚ, ਨਾਂ ਬਦਲ ਕੇ ਫਿਰ ਤੋਂ ਹਯਾਤ ਤਹਿਰੀਰ ਅਲ-ਸ਼ਾਮ ਕਰ ਦਿੱਤਾ। ਜੌਲਾਨੀ ਇਕ ਯੂ. ਐੱਸ. ਵਲੋਂ ਨਾਮਜ਼ਦ ਅੱਤਵਾਦੀ ਹੈ।
ਜੌਲਾਨੀ ਨੇ ਹਮੇਸ਼ਾ ਕਿਹਾ ਸੀ ਕਿ ਅਸਦ ਸ਼ਾਸਨ ਨੂੰ ਡੇਗਣਾ ਉਸਦੇ ਮਕਸਦਾਂ ’ਚੋਂ ਇਕ ਸੀ। ਰੂਸ ਨੇ 24 ਫਰਵਰੀ 2022 ਨੂੰ ਯੂਕ੍ਰੇਨ ਨਾਲ ਜੰਗ ਸ਼ੁਰੂ ਕੀਤੀ। ਮਾਸਕੋ ਅੱਜ ਚੱਲ ਰਹੀ ਜੰਗ ’ਚ ਰੁੱਝਿਆ ਹੈ ਅਤੇ ਉਸ ਨੇ ਸੀਰੀਆ ਤੋਂ ਹਜ਼ਾਰਾਂ ਫੌਜੀਆਂ ਨੂੰ ਵਾਪਸ ਵੀ ਸੱਦ ਲਿਆ ਹੈ।
ਪਿਛਲੇ ਇਕ ਸਾਲ ’ਚ, ਸੀਰੀਆ ’ਚ ਇਜ਼ਰਾਈਲੀ ਹਵਾਈ ਹਮਲਿਆਂ ’ਚ ਕਈ ਸੀਨੀਅਰ ਈਰਾਨੀ ਜਨਰਲ ਮਾਰੇ ਗਏ। ਪਿਛਲੇ ਕਈ ਸਾਲਾਂ ’ਚ ਸੀਰੀਆ ’ਚ ਇਜ਼ਰਾਈਲ ਦੇ ਵਾਰ-ਵਾਰ ਹਵਾਈ ਹਮਲਿਆਂ ਨੇ ਈਰਾਨੀ ਫੌਜ ਨੂੰ ਕਾਫੀ ਹੱਦ ਤੱਕ ਕਮਜ਼ੋਰ ਕਰ ਦਿੱਤਾ ਹੈ।
ਈਰਾਨ, ਹਿਜ਼ਬੁੱਲਾ ਅਤੇ ਰੂਸ ਦੇ ਪ੍ਰਤੱਖ ਸਮਰਥਨ ਦੇ ਬਿਨਾਂ ਸੀਰੀਆਂ ਦੇ ਫੌਜੀ ਅਸੁਰੱਖਿਅਤ ਸਨ। 2016 ’ਚ ਅਲੇਪਪੋ ’ਤੇ ਫਿਰ ਤੋਂ ਕਬਜ਼ਾ ਕਰਨ ’ਚ ਅਸਦ ਨੂੰ ਚਾਰ ਸਾਲ ਲੱਗ ਗਏ। ਐੱਚ. ਟੀ. ਐੱਸ. ਦੇ ਹੱਥੋਂ ਉਸ ਨੂੰ ਗੁਆਉਣ ’ਚ ਉਨ੍ਹਾਂ ਨੂੰ ਸਿਰਫ 4 ਦਿਨ ਲੱਗੇ। ਇਹ ਸ਼ਾਸਨ ਲਈ ਇਕ ਸ਼ਰਮਨਾਕ ਝਟਕਾ ਹੈ।
ਦੇਸ਼ ’ਚ ਹੋਰਨਾਂ ਹਿੱਸਿਆਂ ’ਚ ਬਾਗੀ ਸਮੂਹਾਂ ਨੇ ਸਰਕਾਰੀ ਟਿਕਾਣਿਆਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ, ਖਾਸ ਕਰ ਕੇ ਦੱਖਣ ’ਚ। ਦਮਿਸ਼ਕ ਹਿੰਸਾ ਦੇ ਦਰਮਿਆਨ ਚੌਕ-ਚੌਰਾਹਿਆ ’ਤੇ ਆਜ਼ਾਦੀ ਦੇ ਨਾਅਰੇ ਲੱਗ ਰਹੇ ਹਨ। ਬਾਗੀਆਂ ਨੇ ਕਿਹਾ ਹੈ ਕਿ, ‘‘ਇਹ 50 ਸਾਲਾਂ ਦੇ ਤਸ਼ੱਦਦ ਅਤੇ 13 ਸਾਲ ਦੇ ਅਪਰਾਧ, ਜ਼ੁਲਮ ਅਤੇ ਉਜੜਣ ਦਾ ਅੰਤ ਹੈ।’’ ਅਸਦ ਦੇਸ਼ ਛੱਡ ਕੇ ਭੱਜ ਚੁੱਕੇ ਹਨ ਪਰ ਅਸਦ ਨੂੰ ਖਾਰਿਜ ਕਰਨਾ ਜਲਦਬਾਜ਼ੀ ਹੋਵੇਗੀ, ਜੋ ਇਕ ਵਾਰ ਸਾਲਾਂ ਤੱਕ ਚੱਲੀ ਖਾਨਾਜੰਗੀ ਤੋਂ ਬਚ ਗਏ ਸਨ। ਅਜਿਹਾ ਜਾਪਦਾ ਹੈ ਕਿ ਸੀਰੀਆ ਖੂਨ-ਖਰਾਬੇ ਦੇ ਇਕ ਹੋਰ ਲੰਬੇ ਦੌਰ ’ਚ ਫਸਦਾ ਚਲਾ ਜਾ ਰਿਹਾ ਹੈ।
-ਵਿਜੇ ਕੁਮਾਰ