ਔਰਤਾਂ ਵਿਰੁੱਧ ਵਧ ਰਹੇ ਜਬਰ-ਜ਼ਨਾਹ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ!
Wednesday, Sep 02, 2026 - 05:01 AM (IST)
ਪ੍ਰਾਚੀਨ ਕਾਲ ਤੋਂ ਮਾਤ ਸ਼ਕਤੀ ਦੇ ਪੂਜਕ ਵਜੋਂ ਪ੍ਰਸਿੱਧ ਸਾਡੇ ਦੇਸ਼ ’ਚ ਹੁਣ ਨਾਰੀ ਜਾਤੀ ’ਤੇ ਅੱਤਿਆਚਾਰ ਅਤੇ ਉਨ੍ਹਾਂ ਵਿਰੁੱਧ ਜਿਨਸੀ ਅਪਰਾਧ ਚਿੰਤਾਜਨਕ ਹੱਦ ਤੱਕ ਵਧ ਗਏ ਹਨ। ਹਰ ਉਮਰ ਵਰਗ ਦੀਆਂ ਔਰਤਾਂ ਅਤੇ ਬੱਚੀਆਂ ਇਸ ਅਨਿਆਂ ਦਾ ਸ਼ਿਕਾਰ ਬਣ ਰਹੀਆਂ ਹਨ, ਜੋ ਇਸੇ ਹਫ਼ਤੇ ਸਾਹਮਣੇ ਆਈਆਂ ਕੁਝ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 24 ਅਗਸਤ ਨੂੰ ‘ਮੁੰਬਈ’ ’ਚ ਖੇਡ ਕੋਚ ਅਤੇ ‘ਦਰੋਣਾਚਾਰੀਆ ਪੁਰਸਕਾਰ ਜੇਤੂ’ ‘ਗਣੇਸ਼ ਪ੍ਰਭਾਕਰ ਦੇਵਰੁਖਕਰ’ ਵਿਰੁੱਧ ਇਕ 16 ਸਾਲਾ ਵਿਦਿਆਰਥਣ ਨੇ ਜਿਮਨਾਸਟਿਕ ਦੀ ਟ੍ਰੇਨਿੰਗ ਦੇਣ ਦੌਰਾਨ ਉਸ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ। ਵਿਦਿਆਰਥਣ ਦਾ ਦੋਸ਼ ਹੈ ਕਿ ਘਟਨਾ ਦੇ ਦਿਨ ਕੋਚ ਨੇ ਉਸ ਨੂੰ ਖਿੱਚ ਕੇ ਆਪਣੀ ਗੋਦ ’ਚ ਬਿਠਾ ਲਿਆ। ਉਸ ਨੇ ਉਸ ਦੀ ਪਕੜ ਤੋਂ ਛੁੱਟਣ ਦੀ ਕੋਸ਼ਿਸ਼ ਕੀਤੀ ਤਾਂ ਕੋਚ ਨੇ ਪਿੱਛਿਓਂ ਉਸ ਦੀ ਕਮਰ ਫੜ ਕੇ ਉਸ ਨਾਲ ਛੇੜਛਾੜ ਕੀਤੀ।
* 24 ਅਗਸਤ ਨੂੰ ਹੀ ‘ਪਟਿਆਲਾ’ (ਪੰਜਾਬ) ’ਚ ‘ਇੰਸਟਾਗ੍ਰਾਮ’ ’ਤੇ ਦੋਸਤੀ ਤੋਂ ਬਾਅਦ ਇਕ ਵਿਦਿਆਰਥਣ ਨੂੰ ਧੋਖੇ ਨਾਲ ਹੋਟਲ ’ਚ ਬੁਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ਨੇ ਇਕ ਨੌਜਵਾਨ ਵਿਰੁੱਧ ਕੇਸ ਦਰਜ ਕੀਤਾ।
* 24 ਅਗਸਤ ਨੂੰ ਹੀ ‘ਪੰਚਮੜੀ’ (ਮੱਧ ਪ੍ਰਦੇਸ਼) ’ਚ ਘੁੰਮਣ ਆਈ ਇਕ ਨਾਬਾਲਗਾ ਦੇ ਸਾਥੀ ਨੂੰ ਜੀਪ ਨਾਲ ਬੰਨ੍ਹ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ।
* 27 ਅਗਸਤ ਨੂੰ ‘ਹੁਸ਼ਿਆਰਪੁਰ’ (ਪੰਜਾਬ) ਦੇ ਪਿੰਡ ‘ਅਰਨੀਆਵਾਲਾ ਸ਼ਾਹਪੁਰ’ ਦੇ ਸਰਕਾਰੀ ਮਿਡਲ ਸਕੂਲ ਦੇ ਹੈੱਡਮਾਸਟਰ ‘ਅਨੁਜ ਵਾਸੁਦੇਵ’ ਨੂੰ ਇਕ 12 ਸਾਲਾ ਵਿਦਿਆਰਥਣ ਦੇ ਜਿਨਸੀ ਸ਼ੋਸ਼ਣ ਅਤੇ ਤੰਗ ਕਰਨ ਦੇ ਦੋਸ਼ ’ਚ ਪੁਲਸ ਨੇ ਗ੍ਰਿਫ਼ਤਾਰ ਕੀਤਾ। ਵਿਦਿਆਰਥਣ ਅਨੁਸਾਰ ਉਕਤ ਅਧਿਆਪਕ ਉਸ ਨਾਲ ਅਣਉਚਿਤ ਛੇੜਛਾੜ ਕਰਦਾ ਅਤੇ ਉਸ ਦੇ ਸਰੀਰ ਨੂੰ ਛੂੰਹਦਾ ਸੀ ਅਤੇ ਕਿਸੇ ਨੂੰ ਦੱਸਣ ’ਤੇ ਸਕੂਲੋਂ ਨਾਂ ਕੱਟਣ ਦੀ ਧਮਕੀ ਦਿੰਦਾ ਸੀ। ਘਟਨਾ ਦੇ ਦਿਨ ਦੋਸ਼ੀ ਹੈੱਡਮਾਸਟਰ ਉਸ ਨੂੰ ਜ਼ਬਰਦਸਤੀ ਆਪਣੀ ਗੱਡੀ ’ਚ ਬਿਠਾ ਕੇ ਲੈ ਗਿਆ। ਰਸਤੇ ’ਚ ਗੱਡੀ ਰੋਕ ਕੇ ਉਸ ਦੇ ਮੂੰਹ ’ਚ ਜ਼ਬਰਦਸਤੀ ਨਸ਼ੀਲੀ ਗੋਲੀ ਪਾ ਕੇ ਉਸ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਉਸ ਦੇ ਘਰ ਦੇ ਪਿੱਛੇ ਉਤਾਰ ਕੇ ਚਲਾ ਗਿਆ।
* 31 ਅਗਸਤ ਨੂੰ ਇਕ ਅੱਲੜ੍ਹ ਨਾਲ ਇਕ ਚੱਲਦੀ ਸਲੀਪਰ ਬੱਸ ’ਚ ਡਰਾਈਵਰ ‘ਕੁਲਦੀਪ’ ਅਤੇ ਕੰਡਕਟਰ ‘ਸੰਦੀਪ’ ਨੇ ਗੈਂਗਰੇਪ ਕਰ ਦਿੱਤਾ। ਪੁਲਸ ਅਨੁਸਾਰ ‘ਗ੍ਰੇਟਰ ਨੋਇਡਾ’ ਦੇ ਪਰੀ ਚੌਕ ’ਚ ਬੱਸ ’ਚ ਬੈਠਣ ਦੇ ਕੁਝ ਹੀ ਸਮੇਂ ਬਾਅਦ ਕੰਡਕਟਰ ਨੇ ਅੱਲੜ੍ਹ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ 2 ਘੰਟਿਆਂ ਤੱਕ ਉਸ ਨਾਲ ਹੈਵਾਨੀਅਤ ਕਰਨ ਤੋਂ ਬਾਅਦ ਦੋਸ਼ੀ ਉਸ ਨੂੰ ਕਸ਼ਮੀਰੀ ਗੇਟ ਬੱਸ ਅੱਡੇ ਦੇ ਨੇੜੇ ਉਤਾਰ ਕੇ ਫ਼ਰਾਰ ਹੋ ਗਏ, ਜਿਨ੍ਹਾਂ ਨੂੰ ਬਾਅਦ ’ਚ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
* 31 ਅਗਸਤ ਨੂੰ ਹੀ ‘ਬਵਾਨਾ’ (ਬਾਹਰੀ ਉੱਤਰੀ ਦਿੱਲੀ) ’ਚ ਇਕ ਪ੍ਰਾਈਵੇਟ ਸਕੂਲ ਦੀ ਵੈਨ ਦੇ ਡਰਾਈਵਰ ‘ਵਿਕਾਸ’ ਨੂੰ ਸਕੂਲ ਦੀ ਇਕ 3 ਸਾਲਾ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।
ਪੁਲਸ ਅਨੁਸਾਰ ਇਹ ਘਟਨਾ 29 ਅਗਸਤ ਨੂੰ ਉਦੋਂ ਸਾਹਮਣੇ ਆਈ ਜਦੋਂ ਬੱਚੀ ਦੀ ਮਾਂ ਨੇ ਉਸ ਦੇ ਗੁਪਤ ਅੰਗਾਂ ’ਤੇ ਸੱਟ ਦੇ ਨਿਸ਼ਾਨ ਦੇਖੇ। ਪੁੱਛਣ ’ਤੇ ਬੱਚੀ ਨੇ ਆਪਣੀ ਮਾਂ ਨੂੰ ‘ਬੁਰੇ ਅੰਕਲ’ ਬਾਰੇ ਦੱਸਿਆ। ਸਕੂਲ ਦੇ ਸੀ. ਸੀ. ਟੀ. ਵੀ. ਦੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਦੋਸ਼ੀ ਨੇ ਬਾਥਰੂਮ ਜਾਣ ਦੌਰਾਨ ਬੱਚੀ ਦਾ ਪਿੱਛਾ ਕੀਤਾ ਅਤੇ ਬੱਚੀ ਨੂੰ ਚਾਕਲੇਟ ਦੇਣ ਦੇ ਬਹਾਨੇ ਉੱਥੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।
* 31 ਅਗਸਤ ਨੂੰ ਹੀ ‘ਰੰਗਾਰੈੱਡੀ’ (ਤੇਲੰਗਾਨਾ) ਦੇ ਇਕ ਪ੍ਰਾਈਵੇਟ ਹਸਪਤਾਲ ਦੀ 21 ਸਾਲਾ ਨਰਸ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
* 31 ਅਗਸਤ ਨੂੰ ਹੀ ‘ਬਰੇਲੀ’ (ਉੱਤਰ ਪ੍ਰਦੇਸ਼) ’ਚ ਇਕ ਔਰਤ ਨਾਲ ਉਸ ਦੇ ਪਤੀ ਦੇ ਦੋਸਤ ਨੇ ਨਸ਼ੀਲਾ ਪਦਾਰਥ ਪਿਲਾ ਕੇ ਜਬਰ-ਜ਼ਨਾਹ ਕਰ ਦਿੱਤਾ। ਪੁਲਸ ਨੂੰ ਦਿੱਤੀ ਰਿਪੋਰਟ ’ਚ ਔਰਤ ਨੇ ਕਿਹਾ ਹੈ ਕਿ ਦੋਸ਼ੀ ਨੇ ਘਟਨਾ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ ਅਤੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦੇ ਗਹਿਣੇ ਵੀ ਲੁੱਟ ਲਏ।
* ਅਤੇ ਹੁਣ 31 ਅਗਸਤ ਨੂੰ ਹੀ ‘ਉਮਰੀਆ’ (ਮੱਧ ਪ੍ਰਦੇਸ਼) ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੂੰ 3 ਵਿਦਿਆਰਥਣਾਂ ਨਾਲ ਛੇੜਛਾੜ ਕਰਨ ਅਤੇ ਉਨ੍ਹਾਂ ਨੂੰ ਚਾਕਲੇਟ ਦੇਣ ਦੇ ਬਹਾਨੇ ਅਸ਼ਲੀਲ ਵੀਡੀਓ ਦਿਖਾਉਣ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ। ਅਧਿਆਪਕ ਨੇ ਕੁੜੀਆਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਨ੍ਹਾਂ ਨੂੰ ਡੰਡੇ ਨਾਲ ਕੁੱਟੇਗਾ।
ਰੋਜ਼ਾਨਾ ਹੋ ਰਹੀਆਂ ਔਰਤਾਂ ਅਤੇ ਬੱਚੀਆਂ ਦੇ ਜਬਰ-ਜ਼ਨਾਹ, ਜਿਨਸੀ ਸ਼ੋਸ਼ਣ ਅਤੇ ਛੇੜਛਾੜ ਆਦਿ ਦੀਆਂ ਘਟਨਾਵਾਂ ਨੇ ਦੇਸ਼ ’ਚ ਨਾਰੀ ਜਾਤੀ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ, ਇਸ ਲਈ ਇਸ ਤਰ੍ਹਾਂ ਦੇ ਸਾਰੇ ਮਾਮਲਿਆਂ ਦਾ ਨੋਟਿਸ ਲੈਂਦਿਆਂ ਸੰਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਨ੍ਹਾਂ ਦਾ ਫ਼ੈਸਲਾ ਕਰ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ, ਤਾਂ ਹੀ ਇਸ ਬੁਰਾਈ ’ਤੇ ਰੋਕ ਲੱਗ ਸਕੇਗੀ।
—ਵਿਜੇ ਕੁਮਾਰ
