ਭਾਰਤ-ਚੀਨ ਸਰਹੱਦ ਤਣਾਅ ਦੇ ਪਿੱਛੇ ਕੁਝ ਹੋਰ ਹੀ ਕਾਰਨ

06/18/2020 3:50:54 AM

ਵਿਪਿਨ ਪੱਬੀ

ਲੱਦਾਖ ਇਲਾਕੇ ਦੇ ਗਲਵਾਨ ’ਚ ਭਾਰਤੀ ਅਤੇ ਚੀਨੀ ਫੌਜਾਂ ਦਰਮਿਆਨ ਤਲਖੀ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਥੇ ਜਾਰੀ ਹੋਈਅਾਂ ਝੜਪਾਂ ’ਚ ਸ਼ਹੀਦ ਹੋਏ ਸਾਡੇ ਜਵਾਨਾਂ ਅਤੇ ਦੂਜੇ ਪਾਸੇ ਮਾਰੇ ਗਏ ਚੀਨੀ ਫੌਜੀਅਾਂ ਦੀ ਸਹੀ ਗਿਣਤੀ ਬੇਸ਼ੱਕ ਹੀ ਅਜੇ ਮੁਹੱਈਆ ਨਾ ਹੋਵੇ ਪਰ 1962 ਤੋਂ ਬਾਅਦ ਤੋਂ 2 ਪ੍ਰਮਾਣੂ ਗੁਆਂਢੀਅਾਂ ਦਰਮਿਆਨ ਇਹ ਸਭ ਤੋਂ ਬੁਰੀ ਤਰ੍ਹਾਂ ਦਾ ਟਕਰਾਅ ਹੈ। ਭਾਰਤੀ ਅਤੇ ਚੀਨੀ ਫੌਜ ਦੀਅਾਂ ਟੁਕੜੀਅਾਂ ਮਾਮੂਲੀ ਸਰੀਰਕ ਝੜਪਾਂ ’ਚ ਸ਼ਾਮਲ ਹੋ ਰਹੀਅਾਂ ਹਨ, ਜਿਨ੍ਹਾਂ ’ਚ 3500 ਕਿਲੋਮੀਟਰ ਦੀ ਸਰਹੱਦ ਦੇ ਨਾਲ ਇਕ-ਦੂਜੇ ਨੂੰ ਧੱਕਾ ਦੇਣਾ ਅਤੇ ਹੱਥੋਪਾਈ ਕਰਨੀ ਆਮ ਨਹੀਂ ਹੈ। ਇਸ ਤਰ੍ਹਾਂ ਦੇ ਨਿਹੱਥੇ ਝਗੜਿਅਾਂ ਦਾ ਵਧੇਰੇ ਹੱਲ ਸਥਾਨਕ ਫੌਜੀਅਾਂ ਦੀ ਦਖਲਅੰਦਾਜ਼ੀ ਨਾਲ ਕੀਤਾ ਜਾਂਦਾ ਹੈ।

ਕਿਉਂਕਿ ਉੱਚ ਪਹਾੜੀ ਇਲਾਕੇ ’ਚ ਸਰਹੱਦ ਲਈ ਕੋਈ ਸਪੱਸ਼ਟ ਚਿੰਨ੍ਹ ਨਹੀਂ ਹੈ, ਇਸ ਲਈ ਫੌਜ ਦੇ ਜਵਾਨਾਂ ਦਾ ਮੰਨਣਾ ਹੈ ਕਿ ਸਰਹੱਦ ’ਤੇ ਗਸ਼ਤ ਕਰਨ ਵਾਲੇ ਇਲਾਕੇ ਨੂੰ ਸਰੱਹਦ ਮੰਨ ਲਿਆ ਜਾਂਦਾ ਹੈ ਅਤੇ ਆਪਣੀਅਾਂ ਬੈਰਕਾਂ ’ਚ ਵਾਪਸ ਮੋੜਿਆ ਜਾਂਦਾ ਹੈ। ਝੜਪਾਂ ਉਦੋਂ ਹੁੰਦੀਅਾਂ ਹਨ ਜਦੋਂ ਇਕ ਹੀ ਸਮੇਂ ’ਚ ਇਕ ਹੀ ਖੇਤਰ ’ਚ ਦੋਵਾਂ ਪਾਸਿਅਾਂ ਤੋਂ ਫੌਜੀ ਦੀ ਗਸ਼ਤ ਆਹਮਣੇ-ਸਾਹਮਣੇ ਆ ਜਾਂਦੀ ਹੈ। ਕਈ ਵਾਰ ਦੁਸ਼ਮਣੀ ਵਧ ਜਾਂਦੀ ਹੈ । ਪਿਛਲੇ ਕੁਝ ਸਾਲਾਂ ਦੌਰਾਨ ਘੱਟ ਤੋਂ ਘੱਟ ਤਿੰਨ ਪ੍ਰਮੁੱਖ ਉਸਾਰੀਅਾਂ ਹੋਈਅਾਂ ਹਨ। ਪਹਿਲੀ 2013 ਦੌਰਾਨ ਉੱਤਰੀ ਲੱਦਾਖ ’ਚ ਦੇਪਸਾਂਗ ’ਚ, ਦੂਸਰੀ 2014 ’ਚ ਪੂਰਬੀ ਲੱਦਾਖ ’ਚ ਅਤੇ ਤੀਸਰੀ 2017 ’ਚ ਡੋਕਲਾਮ ’ਚ ਹੋਈ ਸੀ। ਬਿਨਾਂ ਸ਼ੱਕ ਪੂਰਬੀ ਲੱਦਾਖ ਖੇਤਰ ’ਚ ਨਵੀਅਾਂ ਝੜਪਾਂ ਹੁਣ ਤਕ ਦੀਅਾਂ ਸਭ ਤੋਂ ਖਰਾਬ ਹਨ ਅਤੇ ਅਜਿਹੇ ਕਈ ਕਾਰਕ ਹਨ, ਜਿਨ੍ਹਾਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਜ਼ਮੀਨ ਦੇ ਇਕ ਟੁਕੜੇ ’ਤੇ ਸਿਰਫ ਦਾਅਵੇ ਜਾਂ ਵਿਵਾਦ ਦੀ ਸਥਿਤੀ ਦੇ ਕਾਰਨ ਝਗੜਾ ਪੈਦਾ ਹੋਇਆ ਹੈ।

ਚੀਨ ਦੇ ਪੇਂਗਯੋਂਗ ਲੇਕ ਦੇ ਨੇੜੇ ਇਕ ਮੋਹਰੀ ਬੇਸ ’ਤੇ ਲੜਾਕੂ ਜਹਾਜ਼ ਤਾਇਨਾਤ ਕੀਤੇ ਹਨ, ਜਿਸ ਦਾ ਅੱਧਾ ਹਿੱਸਾ ਚੀਨ ਦੇ ਕਬਜ਼ੇ ਵਾਲੇ ਇਲਾਕੇ ’ਚ ਪੈਂਦਾ ਹੈ। ਚੀਨ ਸਰਹੱਦ ਦੇ ਨੇੜੇ ਭਾਰੀ ਸਾਜ਼ੋ-ਸਾਮਾਨ ਲਿਆ ਰਿਹਾ ਹੈ। ਇਹ ਸਪੱਸ਼ਟ ਸੀ ਕਿ ਉਹ ਇਕ ਲੰਬੀ ਕਾਰਵਾਈ ਦੀਅਾਂ ਤਿਆਰੀਅਾਂ ’ਚ ਲੱਗਾ ਸੀ। ਇਹ ਵੀ ਸਪੱਸ਼ਟ ਹੈ ਕਿ ਚੀਨ ਇਸ ਆਪ੍ਰੇਸ਼ਨ ਦੀ ਯੋਜਨਾ ਦੀ ਰੂਪ-ਰੇਖਾ ਨੂੰ ਕਈ ਮਹੀਨਿਅਾਂ ਤੋਂ ਬਣਾ ਰਿਹਾ ਸੀ ਅਤੇ ਉਸ ਦੇ ਪਿੱਛੇ ਮੁੜਨ ਦਾ ਕੋਈ ਇਰਾਦਾ ਨਹੀਂ ਸੀ। ਤਣਾਅ ਦਾ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਉਹ ਚੀਨ ਦੀਅਾਂ ਤਾਲਮੇਲ ਕਾਰਵਾਈਅਾਂ ਹਨ, ਜਿਸ ’ਚ ਇਕ ਪਾਸੇ ਪਾਕਿਸਤਾਨ ਅਤੇ ਦੂਜੇ ਪਾਸੇ ਨੇਪਾਲ ਹੈ। ਪਾਕਿਸਤਾਨ ਦੇ ਕਸ਼ਮੀਰ ਇਲਾਕੇ ’ਚ ਕੰਟਰੋਲ ਰੇਖਾ ਦੇ ਪਾਰੋਂ ਅਚਾਨਕ ਗੋਲੀਬਾਰੀ ਵਧਾ ਦਿੱਤੀ ਹੈ। ਇਸਦੇ ਨਾਲ ਹੀ ਕਸ਼ਮੀਰ ਘਾਟੀ ’ਚ ਅੱਤਵਾਦੀ ਸਰਗਰਮੀਅਾਂ ’ਚ ਵਾਧਾ ਹੋਇਆ ਹੈ। ਇਹ ਸਰਗਰਮੀਅਾਂ ਯਕੀਨੀ ਤੌਰ ’ਤੇ ਇਕ ਦੂਸਰੇ ਨਾਲ ਸਬੰਧਤ ਹਨ। ਇਹ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ ਕਿ ਪਿਛਲੇ ਸਾਲ ਅਗਸਤ ’ਚ ਧਾਰਾ-370 ਨੂੰ ਖਤਮ ਕਰਨ ਤੋਂ ਬਾਅਦ ਇਹ ਪਹਿਲੀ ਗਰਮੀ ਹੈ। ਚੀਨ ਦਾ ਦਾਅਵਾ ਹੈ ਕਿ ਸਰਕਾਰ ਦੇ ਮੁੜ ਵਿਚਾਰ ਦੇ ਕਾਰਨ ਇਹ ਭਾਰਤੀ ਫੈਸਲੇ ਤੋਂ ਵੀ ਪ੍ਰਭਾਵਿਤ ਹੈ, ਜਿਸ ਦਾ ਮਕਸਦ ਵਿਦੇਸ਼ੀ ਤਾਕਤਾਂ ਦੇ ਕਬਜ਼ੇ ’ਚੋਂ ਸਾਰੇ ਇਲਾਕਿਅਾਂ ਨੂੰ ਲੈਣਾ ਹੈ। ਚੀਨ ਅੈਕਸਾਈਚਿਨ ਅਤੇ ਲੱਦਾਖ ਨੂੰ ਆਪਣੇ ਇਲਾਕੇ ਹੋਣ ਦਾ ਦਾਅਵਾ ਕਰਦਾ ਆਇਆ ਹੈ।

ਇਸੇ ਤਰ੍ਹਾਂ ਨੇਪਾਲ ਜਿਸ ਨੂੰ ਭਾਰਤ ਦਾ ਇਕ ਸਹਿਯੋਗੀ ਮੰਨਿਆ ਜਾਂਦਾ ਹੈ, ਉਹ ਚੀਨੀ ਰੇਖਾ ਨੂੰ ਦਰੜ ਰਿਹਾ ਹੈ। ਹਾਲ ਹੀ ’ਚ ਨੇਪਾਲ ਨੇ ਆਪਣੇ ਨਕਸ਼ੇ ’ਚ ਜ਼ਮੀਨ ਦੇ ਕੁਝ ਹਿੱਸਿਅਾਂ ਨੂੰ ਦਿਖਾਇਆ ਹੈ, ਜੋ ਭਾਰਤ ਦਾ ਹਿੱਸਾ ਰਹੇ ਹਨ। ਉਸ ਨੇ ਸਰਹੱਦ ਦੇ ਨਾਲ ਉਸ ਰਣਨੀਤਕ ਸੜਕ ਦੀ ਉਸਾਰੀ ’ਤੇ ਵੀ ਇਤਰਾਜ਼ ਪ੍ਰਗਟਾਇਆ ਹੈ, ਜਿਸ ਦੀ ਉਸਾਰੀ ਭਾਰਤ ਨੇ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਮੌਜੂਦਾ ਨੇਪਾਲੀ ਸਰਕਾਰ ਜਿਸ ਦੀ ਅਗਵਾਈ ਨੇਪਾਲ ਦੀ ਕਮਿਊਨਿਸਟ ਪਾਰਟੀ ਕਰਦੀ ਹੈ, ਨੂੰ ਉਕਸਾ ਰਿਹਾ ਹੈ। ਖੇਤਰੀ ਕਾਰਕਾਂ ਤੋਂ ਇਲਾਵਾ ਚੀਨ ਭਾਰਤ ਅਤੇ ਅਮਰੀਕਾ ਦਰਮਿਆਨ ਵਧਦੇ ਆਪਸੀ ਸਹਿਯੋਗ ਕਾਰਨ ਵੀ ਚਿੰਤਤ ਹੈ। ਕੋਵਿਡ ਮਹਾਮਾਰੀ ਨੇ ਚੀਨ ਦੇ ਨਾਲ-ਨਾਲ ਭਾਰਤ ਅਤੇ ਦੁਨੀਆ ਦੇ ਕਈ ਦੇਸ਼ਾਂ ਦੀਅਾਂ ਮੁਸ਼ਕਲਾਂ ਨੂੰ ਵਧਾਇਆ ਹੈ। ਚੀਨ ਦੀ ਮਹਾਮਾਰੀ ਨੂੰ ਲੈ ਕੇ ਆਲੋਚਨਾ ਹੋ ਰਹੀ ਹੈ, ਜਿਸ ਨਾਲ ਉਸ ਦੇ ਵਪਾਰਕ ਰਿਸ਼ਤੇ ਖਤਰੇ ’ਚ ਪੈ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਇਰਸ ਦੇ ਉਪਜਨ ਅਤੇ ਚੀਨ ਦੀ ਭੂਮਿਕਾ ਦੇ ਲਈ ਇਕ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਵਪਾਰ ’ਚ ਪ੍ਰਮੁੱਖ ਕਟੌਤੀਅਾਂ ਕਰਨ ਦਾ ਐਲਾਨ ਵੀ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਵੈ-ਨਿਰਭਰਤਾ ਨੂੰ ਵਧਾਉਣ ’ਤੇ ਜ਼ੋਰ ਦਿੱਤਾ ਹੈ, ਜਿਸ ਦਾ ਅਸਰ ਚੀਨ ਤੋਂ ਹੋਣ ਵਾਲੀ ਦਰਾਮਦ ’ਤੇ ਪਵੇਗਾ। ਇਹ ਚੀਨ ਲਈ ਆਪਣਾ ਜ਼ੋਰ ਦਿਖਾਉਣ ਦਾ ਇਕ ਪ੍ਰਮੁੱਖ ਕਾਰਕ ਜਾਪਦਾ ਹੈ। ਜਿਥੋਂ ਤਕ ਚੀਨ ਨਾਲ ਵਪਾਰ ਅਤੇ ਦਰਾਮਦ ਦਾ ਸਬੰਧ ਹੈ। ਚੀਨ ਭਾਰਤ ਨੂੰ ਜਿਉਂ ਦੀ ਤਿਉਂ ਸਥਿਤੀ ਬਣਾਈ ਰੱਖਣ ਲਈ ਇਕ ਮਜ਼ਬੂਤ ਸੰਕੇਤ ਦੇ ਰਿਹਾ ਹੈ। ਚੀਨ ਇਸ ਕਾਰਕ ਦੀ ਲੱਦਾਖ ’ਚ ਸੌਦੇਬਾਜ਼ੀ ਕਰਨ ਲਈ ਵਰਤੋਂ ਕਰ ਸਕਦਾ ਹੈ।

ਅਜਿਹਾ ਕਰਨ ਦੇ ਚੀਨ ਦੇ ਕੋਲ ਕਈ ਕਾਰਨ ਹਨ। ਭਾਰਤ 2019 ਦੇ ਅਧਿਕਾਰਤ ਅੰਕੜਿਅਾਂ ਅਨੁਸਾਰ ਚੀਨ ਤੋਂ 515.63 ਬਿਲੀਅਨ ਯੂਆਨ (ਲਗਭਗ 74.72 ਬਿਲੀਅਨ ਅਮਰੀਕੀ ਡਾਲਰ) ਦਾ ਸਾਮਾਨ ਬਰਾਮਦ ਕਰਦਾ ਹੈ। ਦੂਸਰੇ ਪਾਸੇ ਚੀਨ ਦਾ ਭਾਰਤੀ ਸਾਮਾਨ ਸਿਰਫ 123.89 ਬਿਲੀਅਨ ਯੂਆਨ (ਲਗਭਗ 17.95 ਬਿਲੀਅਨ ਅਮਰੀਕੀ ਡਾਲਰ) ਦਾ ਹੈ। ਨਿਸ਼ਚਿਤ ਤੌਰ ’ਤੇ ਚੀਨ ਉਸ ਸਮੀਕਰਨ ਨੂੰ ਰੋਕਣਾ ਨਹੀਂ ਚਾਹੇਗਾ ਪਰ ਭਾਰਤ ਨੂੰ ਸੰਤੁਲਨ ਨੂੰ ਠੀਕ ਕਰਨ ਅਤੇ ਚੀਨ ’ਤੇ ਆਤਮ-ਨਿਰਭਰਤਾ ਘੱਟ ਕਰਨ ਲਈ ਜ਼ਰੂਰੀ ਕਦਮ ਚੁੱਕਣੇ ਹੋਣਗੇ, ਖਾਸ ਕਰ ਕੇ ਕੱਚੇ ਮਾਲ ’ਤੇ। ਮੌਜੂਦਾ ਸਮੇਂ ’ਚ 70 ਫੀਸਦੀ ਮੂਲ ਦਵਾਈਅਾਂ ਚੀਨ ਤੋਂ ਆਉਂਦੀਆਂ ਹਨ। ਇਹ ਵੀ ਜਗ-ਜ਼ਾਹਿਰ ਹੈ ਕਿ ਚੀਨੀ ਵਸਤੂਅਾਂ ਕਿੰਨੀਅਾਂ ਸਸਤੀਅਾਂ ਹੁੰਦੀਅਾਂ ਹਨ। ਇਨ੍ਹਾਂ ਵਸਤੂਅਾਂ ਦਾ ਹੜ੍ਹ ਜਿਹਾ ਆ ਗਿਆ ਹੈ, ਜਿਸ ਕਾਰਨ ਅਨੇਕਾਂ ਭਾਰਤੀ ਰਵਾਇਤੀ ਉਦਯੋਗ ਤਹਿਸ-ਨਹਿਸ ਹੋ ਗਏ ਹਨ। ਚੀਨ ਦੱਖਣ ਚੀਨ ਸਾਗਰ ’ਚ ਵੀ ਤਣਾਅ ਨੂੰ ਵਧਾ ਰਿਹਾ ਹੈ ਅਤੇ ਆਪਣੀ ਤਾਕਤ ਦੀ ਵਰਤੋਂ ਕਰ ਰਿਹਾ ਹੈ। ਕੁਝ ਨਵੇਂ ਇਲਾਕਿਅਾਂ ’ਤੇ ਇਹ ਆਪਣਾ ਦਾਅਵਾ ਕਰ ਰਿਹਾ ਹੈ। ਕੋਵਿਡ ਮਹਾਮਾਰੀ ਨਾਲ ਨਜਿੱਠਣ ਤੋਂ ਲੈ ਕੇ ਕਈ ਘਰੇਲੂ ਮੁੱਦਿਅਾਂ ’ਤੇ ਚੀਨ ਆਲੋਚਨਾ ਸਹਿ ਰਿਹਾ ਹੈ। ਚੀਨ ਆਪਣੇ ਗਲਬੇ ’ਤੇ ਜ਼ੋਰ ਦੇ ਰਿਹਾ ਹੈ। ਇਹ ਵੀ ਸਾਰੇ ਜਾਣਦੇ ਹਨ ਕਿ ਚੀਨ ਭਾਰਤ ਅਤੇ ਅਮਰੀਕਾ ਦੇ ਵਿਚਾਰਾਂ ਨੂੰ ਨਹੀਂ ਮੰਨਦਾ। ਉਹ ਨਹੀਂ ਚਾਹੁੰਦਾ ਕਿ ਚੀਨ ਨੂੰ ਅਲੱਗ-ਥਲੱਗ ਕਰ ਦਿੱਤਾ ਜਾਵੇ। ਭਾਰਤੀ ਜਵਾਨਾਂ ਦੇ ਨੁਕਸਾਨ ਦੀ ਪੂਰਤੀ ਕਦੀ ਵੀ ਨਹੀਂ ਹੋ ਸਕਦੀ ਅਤੇ ਅਸੀਂ ਅਜਿਹੇ ਸੂਰਬੀਰ ਜਵਾਨਾਂ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ। ਉੱਚ ਨੇਤਾਵਾਂ ਨੂੰ ਅੱਗੇ ਆਉਣਾ ਹੋਵੇਗਾ ਤਾਂ ਕਿ ਦੋਵੇਂ ਪਾਸੇ ਉਨ੍ਹਾਂ ਝੜਪਾਂ ਨੂੰ ਟਾਲਿਆ ਜਾ ਸਕੇ। ਵਿਸ਼ਵ ਪੱਧਰੀ ਅਰਥਵਿਵਸਥਾ ਨੂੰ ਕੋਵਿਡ ਮਹਾਮਾਰੀ ਨੇ ਪਹਿਲਾਂ ਤੋਂ ਹੀ ਝੰਜੋੜ ਕੇ ਰੱਖਿਆ ਹੋਇਆ ਹੈ। ਇਸ ਦੌਰਾਨ ਦੋਹਾਂ ਦੇਸ਼ਾਂ ਨੂੰ ਸਰਹੱਦ ’ਤੇ ਜਿਉਂ ਦੀ ਤਿਉਂ ਸਥਿਤੀ ਬਣਾਉਣੀ ਚਾਹੀਦੀ ਹੈ ਅਤੇ ਤਣਾਅ ਘਟਾਉਣਾ ਚਾਹੀਦਾ ਹੈ। ਸਾਰੇ ਮੁੱਦਿਅਾਂ ਦਾ ਕੂਟਨੀਤਿਕ ਹੱਲ ਲੱਭਣਾ ਹੋਵੇਗਾ ਅਤੇ ਅਰਥਵਿਵਸਥਾ ਨੂੰ ਮੁੜ ਪਟੜੀ ’ਤੇ ਦੌੜਾਉਣ ਲਈ ਸਾਨੂੰ ਆਪਣਾ ਟੀਚਾ ਕੇਂਦਰਿਤ ਕਰਨਾ ਹੋਵੇਗਾ।


Bharat Thapa

Content Editor

Related News