ਸਤਿਕਾਰਯੋਗ ਪਿਤਾ ਲਾਲਾ ਜਗਤ ਨਾਰਾਇਣ ਜੀ ਦੀ 44ਵੀਂ ਬਰਸੀ ’ਤੇ ਕੁਝ ਯਾਦਾਂ !
Monday, Sep 09, 2024 - 02:36 AM (IST)
ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੂੰ ਸਾਡੇ ਤੋਂ ਵਿਛੜਿਆਂ ਅੱਜ 43 ਸਾਲ ਹੋ ਗਏ ਹਨ। ਉਨ੍ਹਾਂ ਦਾ ਜਨਮ 31 ਮਈ, 1899 ਨੂੰ ਵਜ਼ੀਰਾਬਾਦ (ਪਾਕਿ) ’ਚ ਸ਼੍ਰੀ ਲਖਮੀ ਦਾਸ ਚੋਪੜਾ ਅਤੇ ਸ਼੍ਰੀਮਤੀ ਲਾਲ ਦੇਵੀ ਦੇ ਘਰ ’ਚ ਹੋਇਆ ਅਤੇ ਉਹ ਉਨ੍ਹਾਂ ਦੀ ਇਕਲੌਤੀ ਸੰਤਾਨ ਸਨ।
ਸਾਲ 1900 ’ਚ ਉਹ ਆਪਣੇ ਪਰਿਵਾਰ ਦੇ ਨਾਲ ਲਾਇਲਪੁਰ ਆ ਗਏ। ਮੈਟ੍ਰਿਕ ਕਰਨ ਤੋਂ ਬਾਅਦ 1919 ’ਚ ਲਾਹੌਰ ਦੇ ਡੀ. ਏ. ਵੀ. ਕਾਲਜ ਤੋਂ ਬੀ. ਏ. ਦੀ ਡਿਗਰੀ ਲੈਣ ਤੋਂ ਬਾਅਦ 1920 ’ਚ ਪਿਤਾ ਜੀ ਨੇ ਲਾਅ ਕਾਲਜ ਲਾਹੌਰ ’ਚ ਪੜ੍ਹਾਈ ਸ਼ੁਰੂ ਕੀਤੀ ਪਰ ਮਹਾਤਮਾ ਗਾਂਧੀ ਵਲੋਂ ‘ਅਸਹਿਯੋਗ ਅੰਦੋਲਨ’ ਦੇ ਸੱਦੇ ’ਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਦੇ ਹੋਏ ਉਹ ਪੜ੍ਹਾਈ ਛੱਡ ਕੇ ਸੱਤਿਆਗ੍ਰਹਿ ’ਚ ਕੁੱਦ ਪਏ।
1921 ’ਚ ਇਸ ਅੰਦੋਲਨ ’ਚ ਹਿੱਸਾ ਲੈਣ ਕਾਰਨ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਅਤੇ ਉਹ 1924 ’ਚ ਜੇਲ੍ਹ ’ਚੋਂ ਰਿਹਾਅ ਹੋਏ। ਜੇਲ੍ਹ ’ਚ ਉਨ੍ਹਾਂ ਨੇ ਲਾਲਾ ਲਾਜਪਤ ਰਾਏ ਦੇ ਸੈਕ੍ਰੇਟਰੀ ਵਜੋਂ ਕੰਮ ਕੀਤਾ।
ਪਿਤਾ ਜੀ ਨੇ 1930 ’ਚ ਗਾਂਧੀ ਜੀ ਦੇ ‘ਨਮਕ ਸੱਤਿਆਗ੍ਰਹਿ’ ਅੰਦੋਲਨ ’ਚ ਵੀ ਹਿੱਸਾ ਲਿਆ ਅਤੇ 1932 ’ਚ ਜਦੋਂ ਗਾਂਧੀ ਜੀ ਨੇ ਸ਼ਰਾਬ ਪੀਣ ਵਿਰੁੱਧ ਅੰਦੋਲਨ ਚਲਾਇਆ ਤਾਂ ਪਿਤਾ ਜੀ ਨੂੰ ਇਸ ’ਚ ਹਿੱਸਾ ਲੈਣ ’ਤੇ ਫਿਰ ਜੇਲ੍ਹ ਜਾਣਾ ਪਿਆ।
ਪਿਤਾ ਜੀ ਦੇ ਜੇਲ੍ਹ ਜਾਣ ਤੋਂ ਬਾਅਦ ਮੇਰੀ ਮਾਤਾ ਸ਼ਾਂਤੀ ਦੇਵੀ ਜੀ ਨੇ ਮੈਨੂੰ ਗੋਦ ’ਚ ਚੁੱਕਿਆ ਅਤੇ ਘਰ ’ਚ 3 ਛੋਟੇ ਬੱਚਿਆਂ ਨੂੰ ਛੱਡ ਕੇ ਸੱਤਿਆਗ੍ਰਹਿ ’ਚ ਚਲੀ ਗਈ। ਉਦੋਂ ਮੇਰੀ ਉਮਰ 2 ਮਹੀਨਿਆਂ ਦੀ ਸੀ ਅਤੇ ਅਸੀਂ ਦੋਵੇਂ 8 ਮਹੀਨੇ ਜੇਲ੍ਹ ’ਚ ਹੀ ਰਹੇ।
ਪਿਤਾ ਜੀ 1941 ’ਚ ‘ਸੱਤਿਆਗ੍ਰਹਿ ਅੰਦੋਲਨ’ ਦੇ ਦੌਰਾਨ ਡੇਢ ਸਾਲ ਜੇਲ੍ਹ ’ਚ ਰਹੇ ਅਤੇ ਇਸ ਦੇ ਇਲਾਵਾ ਆਜ਼ਾਦੀ ਸੰਗ੍ਰਾਮ ਦੇ ਦੌਰਾਨ ਵੱਖ-ਵੱਖ ਅੰਦੋਲਨਾਂ ’ਚ ਕੁੱਲ 9 ਸਾਲ ਜੇਲ੍ਹ ’ਚ ਰਹੇ। ਉਹ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਲਾਹੌਰ ਕਾਂਗਰਸ ਦੇ ਪ੍ਰਧਾਨ ਸਨ ਪਰ ਅਖੀਰ ਦੇਸ਼ ਦੀ ਵੰਡ ਤੋਂ ਬਾਅਦ ਸਾਡਾ ਪਰਿਵਾਰ ਵੀ ਲਾਹੌਰ (ਪਾਕਿ) ਛੱਡ ਕੇ ਜਲੰਧਰ ਆ ਗਿਆ।
ਜਲੰਧਰ (ਭਾਰਤ) ਆ ਕੇ ਪਿਤਾ ਜੀ ਨੇ 4 ਮਈ, 1948 ਨੂੰ ‘ਹਿੰਦ ਸਮਾਚਾਰ’ (ਉਰਦੂ), 13 ਜੂਨ, 1965 ਨੂੰ ‘ਪੰਜਾਬ ਕੇਸਰੀ’ ਅਤੇ 21 ਜੁਲਾਈ, 1978 ਨੂੰ ‘ਜਗ ਬਾਣੀ’ (ਪੰਜਾਬੀ) ਦਾ ਪ੍ਰਕਾਸ਼ਨ ਆਰੰਭ ਕੀਤਾ।
ਪੂਜਨੀਕ ਪਿਤਾ ਜੀ 1952 ’ਚ ਪੰਜਾਬ ’ਚ ਚੋਣਾਂ ਤੋਂ ਬਾਅਦ ਸੂਬੇ ਦੇ ਸਿੱਖਿਆ, ਸਿਹਤ ਅਤੇ ਟਰਾਂਸਪੋਰਟ ਮੰਤਰੀ ਬਣਾਏ ਗਏ ਜਿਸ ਤੋਂ ਉਨ੍ਹਾਂ ਨੇ ਬਾਅਦ ’ਚ ਅਸਤੀਫਾ ਦੇ ਦਿੱਤਾ ਅਤੇ ਕਾਂਗਰਸ ਛੱਡ ਕੇ ਰਾਜ ਸਭਾ ਦੇ ਆਜ਼ਾਦ ਉਮੀਦਵਾਰ ਚੁਣੇ ਗਏ।
ਅੱਤਵਾਦ ਦੇ ਵਿਰੁੱਧ ਸੰਘਰਸ਼ਸ਼ੀਲ ਰਹੇ ਪਿਤਾ ਜੀ 9 ਸਤੰਬਰ, 1981 ਦੇ ਦਿਨ ਵੀ ਪਟਿਆਲਾ ’ਚ ਅੱਖਾਂ ਦੇ ਕੈਂਪ ਦਾ ਉਦਘਾਟਨ ਕਰ ਕੇ ਜਲੰਧਰ ਆ ਰਹੇ ਸਨ ਜਦੋਂ ਅੱਤਵਾਦੀਆਂ ਨੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਲਾਡੂਵਾਲ ਦੇ ਨੇੜੇ ਉਨ੍ਹਾਂ ਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ।
ਜਦੋਂ ਮੈਂ ਆਪਣੇ ਅਤੀਤ ’ਤੇ ਝਾਤੀ ਮਾਰਦਾ ਹਾਂ ਤਾਂ ਮੈਨੂੰ ਮਾਣ ਹੁੰਦਾ ਹੈ ਕਿ ਮੇਰੇ ਪੂਜਨੀਕ ਪਿਤਾ ਜੀ ਅਤੇ ਪੂਜਨੀਕ ਮਾਤਾ ਜੀ ਨੇ ਦੇਸ਼ ਦੀ ਆਜ਼ਾਦੀ ’ਚ ਆਪਣਾ ਭਰਪੂਰ ਯੋਗਦਾਨ ਪਾਇਆ। ਪੂਜਨੀਕ ਪਿਤਾ ਜੀ ਦੇ ਬਲੀਦਾਨ ਦੇ ਕੁਝ ਸਮੇਂ ਬਾਅਦ ਆਪਣੇ ਅਖਬਾਰਾਂ ’ਚ ਅੱਤਵਾਦ ਦੇ ਵਿਰੁੱਧ ਲਿਖਣ ਦੇ ਕਾਰਨ ਹੀ ਅੱਤਵਾਦੀਆਂ ਨੇ 12 ਮਈ, 1984 ਨੂੰ ਮੇਰੇ ਵੱਡੇ ਭਰਾ ਰਮੇਸ਼ ਚੰਦਰ ਜੀ ਦੀ ਵੀ ਹੱਤਿਆ ਕਰ ਦਿੱਤੀ।
ਉਸ ਸਮੇਂ ਪੂਜਨੀਕ ਪਿਤਾ ਜੀ ਦੇ ਪੋਤੇ ਪੜ੍ਹਾਈ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਆਖਰੀ ਸਾਲਾਂ ’ਚ ਦਫਤਰ ਦੇ ਕੰਮ ’ਚ ਵੀ ਸਹਿਯੋਗ ਦੇਣਾ ਸ਼ੁਰੂ ਕਰ ਕੇ ਤਿੰਨਾਂ ਅਖਬਾਰਾਂ ਦਾ ਕੰਮਕਾਜ ਸੰਭਾਲਣਾ ਪਿਆ।
2011 ’ਚ ‘ਪੰਜਾਬ ਕੇਸਰੀ’ ਅਤੇ ‘ਜਗ ਬਾਣੀ’ ਦੇ ਡਿਜੀਟਲ ਪਲੇਟਫਾਰਮਾਂ, ਫੇਸਬੁੱਕ ਐਪ, ਟਵਿਟਰ, ਯੂ-ਟਿਊਬ ਆਦਿ ਵੀ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ ’ਤੇ ਰੋਜ਼ਾਨਾ 2 ਕਰੋੜ ਵੀਡੀਓ ਵਿਊ ਆਉਂਦੇ ਹਨ ਅਤੇ ‘ਪੰਜਾਬ ਕੇਸਰੀ’ ਅਤੇ ‘ਜਗ ਬਾਣੀ’ ਦੀ ਵੈੱਬਸਾਈਟ ਅਤੇ ਐਪਲੀਕੇਸ਼ਨ ’ਤੇ ਹਰ ਮਹੀਨੇ 1 ਕਰੋੜ ਯੂਜ਼ਰਜ਼ ਵਿਜ਼ਿਟ ਕਰਦੇ ਹਨ।
ਬਾਅਦ ’ਚ 6 ਅਗਸਤ, 2013 ਨੂੰ ਨਵੀਂ ਦਿੱਲੀ ਤੋਂ ‘ਪੰਜਾਬ ਕੇਸਰੀ ਪਰਿਵਾਰ’ ਦੇ ਨਵੇਂ ਅਖਬਾਰ ‘ਨਵੋਦਿਆ ਟਾਈਮਸ’ ਅਤੇ ਇਸਦੇ ਡਿਜੀਟਲ ਐਡੀਸ਼ਨ ਦਾ ਵੀ ਪ੍ਰਕਾਸ਼ਨ ਸ਼ੁਰੂ ਕਰ ਦਿੱਤਾ ਗਿਆ।
ਪੂਜਨੀਕ ਪਿਤਾ ਜੀ ਦੀ ਯਾਦ ’ਚ ਉਨ੍ਹਾਂ ਦੇ ਪੜਪੋਤਿਆਂ ਨੇ ਲੋੜਵੰਦਾਂ ਨੂੰ ਮੁਹੱਈਆ ਕਰਵਾਉਣ ਲਈ ਖੂਨ ਇਕੱਠਾ ਕਰਨ ਦੇ ਮੰਤਵ ਨਾਲ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ, ਮੱਧ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ, ਜੰਮੂ, ਚੰਡੀਗੜ੍ਹ ਅਤੇ ਰਾਜਸਥਾਨ ’ਚ ਖੂਨਦਾਨ ਕੈਂਪ ਲਗਾਏ ਅਤੇ ਬੀਤੇ ਸਾਲ 13512 ਯੂਨਿਟ ਖੂਨ ਇਕੱਠਾ ਕੀਤਾ ਗਿਆ ਸੀ।
ਇਹ ਸਭ ਦੇਖ ਕੇ ਮੈਨੂੰ ਚੰਗਾ ਲੱਗ ਰਿਹਾ ਹੈ ਕਿ ਮੇਰੇ ਮਹਾਨ ਮਾਤਾ-ਪਿਤਾ ਨੇ ਜੋ ਕੁਝ ਦੇਸ਼ ਦੇ ਲਈ ਕੀਤਾ, ਉਹੀ ਅੱਜ ਉਨ੍ਹਾਂ ਦੀਆਂ ਔਲਾਦਾਂ ਆਪਣੇ ਦੇਸ਼ ਅਤੇ ਸਮਾਜ ਲਈ ਕਰ ਰਹੀਆਂ ਹਨ।
ਹਮੇਸ਼ਾ ਪਰਉਪਕਾਰ ਦੀ ਭਾਵਨਾ ਨਾਲ ਓਤਪੋਤ ਪੂਜਨੀਕ ਪਿਤਾ ਜੀ ਨੇ ਵੱਖ-ਵੱਖ ਆਫਤ ਪੀੜਤਾਂ ਲਈ ਕਈ ਰਾਹਤ ਫੰਡ ਸ਼ੁਰੂ ਕੀਤੇ ਅਤੇ 1966 ਬਿਹਾਰ, ਬੰਗਲਾਦੇਸ਼ ਅਤੇ ਆਂਧਰਾ ਪ੍ਰਦੇਸ਼ ਰਾਹਤ ਫੰਡਾਂ ’ਚ ਲੱਖਾਂ ਰੁਪਏ ਇਕੱਠੇ ਕਰ ਕੇ ਦਿੱਤੇ।
ਪੂਜਨੀਕ ਪਿਤਾ ਜੀ ਵਲੋਂ ਸ਼ੁਰੂ ਕੀਤੇ ਗਏ ਰਾਹਤ ਫੰਡਾਂ ਦਾ ਉਹ ਸਿਲਸਿਲਾ ਅਜੇ ਵੀ ਜਾਰੀ ਹੈ ਅਤੇ ਉਨ੍ਹਾਂ ਦੇ ਬਲੀਦਾਨ ਦਿਵਸ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅਸੀਂ ਇਹ ਸੰਕਲਪ ਲੈਂਦੇ ਹਾਂ ਕਿ ਜਿਹੜੇ ਆਦਰਸ਼ਾਂ ਅਤੇ ਸਿਧਾਂਤਾਂ ਦੇ ਲਈ ਪੂਜਨੀਕ ਪਿਤਾ ਜੀ ਜ਼ਿੰਦਗੀ ਭਰ ਕਾਇਮ ਰਹੇ, ਅਸੀਂ ਵੀ ਉਨ੍ਹਾਂ ਦੇ ਹੀ ਆਦਰਸ਼ਾਂ ਅਤੇ ਸਿਧਾਂਤਾਂ ’ਤੇ ਸਮਰਪਿਤ ਰਹਿ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਦੇ ਰਹਾਂਗੇ।
–ਵਿਜੇ ਕੁਮਾਰ