ਵਿਸ਼ਵ ਵਾਤਾਵਰਣ ਦਿਵਸ- ਸਾਨੂੰ ਸਮਝਣਾ ਹੋਵੇਗਾ ਵਾਤਾਵਰਣ ਦਾ ਮਹੱਤਵ
Friday, Jun 05, 2026 - 05:24 PM (IST)
ਇਸ ਦੌਰ ’ਚ ਸਾਡਾ ਗਿਆਨ ਲਗਾਤਾਰ ਵਧ ਰਿਹਾ ਹੈ ਪਰ ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵਾਤਾਵਰਣ ਦੇ ਮਾਮਲੇ ’ਚ ਕੀ ਸਾਡੀ ਸਮਝ ਵਧੀ ਹੈ? ਵਾਤਾਵਰਣ ਦੀ ਮੌਜੂਦਾ ਸਥਿਤੀ ਨੂੰ ਦੇਖ ਕੇ ਤਾਂ ਅਜਿਹਾ ਨਹੀਂ ਲੱਗਦਾ। ਵਾਤਾਵਰਣ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ’ਚ ਹੋਏ ਇਕ ਅਧਿਐਨ ’ਚ ਦੱਸਿਆ ਗਿਆ ਸੀ ਕਿ ਲੂ ਨਾਲ ਜੁੜੀਆਂ ਮੌਤਾਂ ਗਰਮੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਦਾ ਲਗਭਗ ਇਕ-ਤਿਹਾਈ ਅਤੇ ਵਿਸ਼ਵ ਭਰ ’ਚ ਹੋਈਆਂ ਕੁੱਲ ਮੌਤਾਂ ਦਾ ਇਕ ਫੀਸਦੀ ਹਨ। ਪਿਛਲੇ 30 ਸਾਲਾਂ ਦੇ ਅੰਕੜਿਆਂ ਦੇ ਅਾਧਾਰ ’ਤੇ ਇਹ ਦੱਸਿਆ ਗਿਆ ਹੈ ਕਿ ਹਰ ਸਾਲ ਗਰਮੀ ’ਚ 1.53 ਲੱਖ ਵਾਧੂ ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਜਿਨ੍ਹਾਂ ’ਚੋਂ ਲਗਭਗ ਅੱਧੀਆਂ ਮੌਤਾਂ ਏਸ਼ੀਆ ’ਚ ਅਤੇ 30 ਫੀਸਦੀ ਤੋਂ ਜ਼ਿਆਦਾ ਯੂਰਪ ’ਚ ਹੁੰਦੀਆਂ ਹਨ। ਭਾਰਤ ’ਚ ਹਰ ਸਾਲ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਲੂ ਦੇ ਕਾਰਨ ਮੌਤ ਹੋ ਜਾਂਦੀ ਹੈ।
ਕਈ ਖੋਜਾਂ ’ਚ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਦਾ ਚੱਕਰ ਵੀ ਬੇਨਿਯਮਾ ਹੋ ਗਿਆ ਹੈ। ਕੁਝ ਸਮਾਂ ਪਹਿਲਾਂ ‘ਅਸੈਸਮੈਂਟ ਆਫ ਕਲਾਈਮੇਟ ਚੇਂਜ ਓਵਰ ਦਿ ਇੰਡੀਅਨ ਰੀਜਨ’ ਨਾਂ ਦੀ ਰਿਪੋਰਟ ’ਚ ਵੀ ਦੱਸਿਆ ਗਿਆ ਸੀ ਕਿ ਜੇਕਰ ਜਲਵਾਯੂ ਪਰਿਵਰਤਨ ਨੂੰ ਰੋਕਣ ਲਈ ਵੱਡੇ ਕਦਮ ਨਾ ਉਠਾਏ ਗਏ, ਤਾਂ ਲੂ ਦੇ ਥਪੇੜਿਆਂ ’ਚ 3 ਤੋਂ 3.5 ਗੁਣਾ ਵਾਧਾ ਦਿਖਾਈ ਦੇਵੇਗਾ ਅਤੇ ਸਮੁੰਦਰ ਦਾ ਜਲ ਪੱਧਰ 30 ਸੈਂਟੀਮੀਟਰ ਤੱਕ ਉੱਠ ਸਕਦਾ ਹੈ। ਇਸ ਰਿਪੋਰਟ ਅਨੁਸਾਰ ਪਿਛਲੇ ਦਹਾਕਿਆਂ ’ਚ ਦੇਸ਼ ਨੇ ਤਾਪਮਾਨ ’ਚ ਵਾਧਾ ਅਤੇ ਮਾਨਸੂਨ ’ਚ ਕਮੀ ਦਾ ਸਾਹਮਣਾ ਕੀਤਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਇਸ ਬਦਲਾਅ ਨੂੰ ਮਨੁੱਖੀ ਗਤੀਵਿਧੀਆਂ ਨੇ ਪ੍ਰਭਾਵਿਤ ਕੀਤਾ ਹੈ। ਪਿਛਲੇ ਦਿਨੀਂ ਅਸੀਂ ਸਭ ਨੇ ਇਹ ਮਹਿਸੂਸ ਕੀਤਾ ਕਿ ਲਾਕਡਾਊਨ ਦੌਰਾਨ ਹਵਾ ਅਤੇ ਜਲ ਪ੍ਰਦੂਸ਼ਣ ਘੱਟ ਹੋਇਆ। ਇਸ ਦੌਰ ’ਚ ਸਾਨੂੰ ਇਹ ਸਮਝਣਾ ਹੋਵੇਗਾ ਕਿ ਵਾਤਾਵਰਣ ਨੂੰ ਸਨਮਾਨ ਦੇ ਕੇ ਹੀ ਅਸੀਂ ਪਿਥਵੀ ਦੀ ਰੱਖਿਆ ਕਰ ਪਾਵਾਂਗੇ।
ਪਿਛਲੇ ਦਿਨੀਂ ਇੰਟਰਨੈਸ਼ਨਲ ਯੂਨੀਅਨ ਫਾਰ ਦਿ ਕੰਜ਼ਰਵੇਸ਼ਨ ਆਫ ਨੇਚਰ (ਆਈ. ਯੂ. ਸੀ. ਐੱਨ.) ਵਲੋਂ ਜਾਰੀ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਗਰੀਬ ਦੇਸ਼ਾਂ ’ਚ ਜਲਵਾਯੂ ਪਰਿਵਰਤਨ ਨੂੰ ਰੋਕਣ ’ਚ ਸਰਕਾਰਾਂ ਅਸਫ਼ਲ ਹੋ ਰਹੀਆਂ ਹਨ। ਇਸ ਦੇ ਕਾਰਨ ਸਰੋਤ ਬਰਬਾਦ ਹੋ ਰਹੇ ਹਨ। ਇਸ ਦਾ ਅਸਰ ਵਧਦੀ ਹੋਈ ਲਿੰਗਕ ਅਸਮਾਨਤਾ ਦੇ ਰੂਪ ’ਚ ਦਿਖਾਈ ਦੇ ਰਿਹਾ ਹੈ। ਜਲਵਾਯੂ ਪਰਿਵਰਤਨ ਨਾਲ ਜੂਝ ਰਹੇ ਇਲਾਕਿਆਂ ’ਚ ਸਰੋਤਾਂ ’ਤੇ ਕਾਬਜ਼ ਹੋਣ ਲਈ ਵਰਗ ਸੰਘਰਸ਼ ਜਾਰੀ ਹੈ। ਇਹ ਮੰਦਭਾਗਾ ਹੀ ਹੈ ਕਿ ਇਸ ਦੌਰ ’ਚ ਕਈ ਤੌਰ-ਤਰੀਕਿਆਂ ਨਾਲ ਸਮਾਜ ’ਤੇ ਜਲਵਾਯੂ ਤਬਦੀਲੀ ਦਾ ਅਸਰ ਪੈ ਰਿਹਾ ਹੈ। ਮੌਸਮ ਦਾ ਸਮੁੱਚਾ ਚੱਕਰ ਬੇਨਿਯਮਾ ਹੋ ਗਿਆ ਹੈ। ਸੰਪੰਨ ਲੋਕ ਏ. ਸੀ. ’ਚ ਬੈਠ ਕੇ ਵਾਤਾਵਰਣ ’ਤੇ ਭਾਸ਼ਣ ਦੇ ਰਹੇ ਹਨ। ਕੁਦਰਤ ਅਤੇ ਵਾਤਾਵਰਣ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਹੋ ਰਹੀਆਂ ਹਨ ਪਰ ਵਾਤਾਵਰਣ ਬਚਾਉਣ ਲਈ ਜ਼ਮੀਨ ’ਤੇ ਕੰਮ ਨਹੀਂ ਹੋ ਰਿਹਾ। ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਅਸੀਂ ਅਜੇ ਤੱਕ ਵੀ ਕੁਦਰਤ ਦਾ ਮਹੱਤਵ ਨਹੀਂ ਸਮਝ ਪਾਏ ਹਾਂ।
ਧਰਤੀ ਨੂੰ ਸੁੰਦਰਤਾ ਪ੍ਰਦਾਨ ਕਰਨ ’ਚ ਕੁਦਰਤ ਨੇ ਬੇਮਿਸਾਲ ਯੋਗਦਾਨ ਦਿੱਤਾ ਹੈ। ਪੇੜ-ਪੌਦੇ, ਫੁੱਲ-ਪੱਤੀਆਂ, ਝਰਨੇ ਅਤੇ ਪਹਾੜ ਧਰਤੀ ਦੇ ਗਹਿਣੇ ਹੀ ਹਨ। ਕਲਪਨਾ ਕਰੋ ਕਿ ਇਨ੍ਹਾਂ ਗਹਿਣਿਆਂ ਤੋਂ ਰਹਿਤ ਧਰਤੀ ਸਾਨੂੰ ਕਿਹੋ ਜਿਹੀ ਦਿਖਾਈ ਦੇਵੇਗੀ। ਇਹ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਧਰਤੀ ਦੇ ਇਨ੍ਹਾਂ ਗਹਿਣਿਆਂ ਦੀ ਚਮਕ ਫਿੱਕੀ ਨਾ ਪੈਣ ਦੇਈਏ। ਜਦੋਂ ਧਰਤੀ ਦੇ ਇਨ੍ਹਾਂ ਗਹਿਣਿਆਂ ਦੀ ਚਮਕ ਫਿੱਕੀ ਪੈਂਦੀ ਹੈ ਤਾਂ ਧਰਤੀ ਦਾ ਤਾਪ ਵਧਣ ਲੱਗਦਾ ਹੈ। ਧਰਤੀ ਸੁੰਦਰ ਰਹੇਗੀ ਤਾਂ ਸਾਡਾ ਜੀਵਨ ਵੀ ਸੁੰਦਰ ਰਹੇਗਾ। ਕਦੇ ਅਸੀਂ ਕੁਦਰਤ ਦੇ ਵੱਖ-ਵੱਖ ਅੰਗਾਂ ਦਾ ਖੋਰਾ ਕਰਕੇ ਪ੍ਰਦੂਸ਼ਣ ਵਧਾਉਂਦੇ ਹਾਂ ਤਾਂ ਕਦੇ ਜਲਵਾਯੂ ਪਰਿਵਰਤਨ ਲਈ ਖੁਦ ਜ਼ਿੰਮੇਵਾਰ ਹੁੰਦੇ ਹੋਏ ਵੀ ਕੁਦਰਤ ਨੂੰ ਕੋਸਦੇ ਹਾਂ। ਇਹ ਦੁਖਦਾਈ ਹੀ ਹੈ ਕਿ ਕਦੇ ਧਰਤੀ ਦਾ ਵਧਦਾ ਹੋਇਆ ਤਾਪਮਾਨ ਵਾਤਾਵਰਣ ਨੂੰ ਜ਼ਖਮ ਦੇ ਰਿਹਾ ਹੈ, ਤਾਂ ਕਦੇ ਸਾਡਾ ਵਿਵਹਾਰ ਵਾਤਾਵਰਣ ਦੇ ਜ਼ਖਮਾਂ ਨੂੰ ਕੁਰੇਦਦਾ ਹੈ। ਕੁੱਲ ਮਿਲਾ ਕੇ ਅਸੀਂ ਉਸੇ ਕੁਦਰਤ ਨਾਲ ਬੇਵਫ਼ਾਈ ਕਰ ਰਹੇ ਹਾਂ, ਜੋ ਸਾਨੂੰ ਹਮੇਸ਼ਾ ਵਫ਼ਾ ਦੀ ਸਿੱਖਿਆ ਦਿੰਦੀ ਹੈ। ਵੱਖ-ਵੱਖ ਅਧਿਐਨਾਂ ਦੇ ਮਾਧਿਅਮ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪ੍ਰਦੂਸ਼ਣ ਅਤੇ ਧਰਤੀ ਦਾ ਤਾਪਮਾਨ ਵਧਣ ਦੇ ਕਾਰਨ ਸੰਪੂਰਨ ਵਿਸ਼ਵ ਨੂੰ ਅਨੇਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ’ਚ ਸੋਕਾ, ਹੜ੍ਹ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰ ਦਾ ਪੱਧਰ ਵਧਣਾ, ਅਨੇਕ ਜੀਵ-ਜੰਤੂਆਂ ਅਤੇ ਪੇੜ-ਪੌਦਿਆਂ ਦਾ ਅਲੋਪ ਹੋਣਾ ਆਦਿ ਸ਼ਾਮਲ ਹਨ।
ਕੁਦਰਤ ਮਾਨਸਿਕ ਤਣਾਅ ਦੂਰ ਕਰਨ ’ਚ ਵੀ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਕਈ ਵਾਰ ਡਾਕਟਰ ਵੀ ਮਾਨਸਿਕ ਤਣਾਅ ਦੂਰ ਕਰਨ ਲਈ ਸਾਨੂੰ ਕੁਦਰਤ ਦੇ ਵਿਚਾਲੇ ਰਹਿਣ ਦੀ ਸਲਾਹ ਦਿੰਦੇ ਹਨ। ਇਹ ਦੁਖਦਾਈ ਹੀ ਹੈ ਕਿ ਕੁਦਰਤ ਜੋ ਸ਼ਾਂਤੀ ਸਾਨੂੰ ਪ੍ਰਦਾਨ ਕਰਨਾ ਚਾਹੁੰਦੀ ਹੈ, ਅਸੀਂ ਆਪਣੇ ਵਿਵਹਾਰ ਨਾਲ ਉਸ ਸ਼ਾਂਤੀ ਨੂੰ ਭੰਗ ਕਰ ਦੇਣਾ ਚਾਹੁੰਦੇ ਹਾਂ। ਮਾਨਸਿਕ ਤਣਾਅ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਇਸ ਦੌਰ ’ਚ ਅਸੀਂ ਲਗਾਤਾਰ ਪ੍ਰਕਿਰਤੀ ਤੋਂ ਦੂਰ ਹੋ ਕੇ ਮਸ਼ੀਨੀ ਹੁੰਦੇ ਜਾ ਰਹੇ ਹਾਂ। ਪ੍ਰਕਿਰਤੀ ਤੋਂ ਦੂਰ ਹੋਣਾ ਸਾਨੂੰ ਭਾਵਨਾਤਮਕ ਪੱਧਰ ’ਤੇ ਵੀ ਕਮਜ਼ੋਰ ਕਰ ਰਿਹਾ ਹੈ। ਮਹਾਨਗਰਾਂ ’ਚ ਨਿਵਾਸ ਕਰਨ ਵਾਲੇ ਲੋਕ ਤਾਂ ਕਈ-ਕਈ ਦਿਨਾਂ ਤੱਕ ਪ੍ਰਕਿਰਤੀ ਦੇ ਦਰਸ਼ਨ ਹੀ ਨਹੀਂ ਕਰ ਪਾਉਂਦੇ। ਅਜਿਹੀ ਸਥਿਤੀ ’ਚ ਸਰੀਰ ਦੇ ਅੰਦਰ ਪਹੁੰਚੀ ਪ੍ਰਦੂਸ਼ਿਤ ਹਵਾ ਜੀਵਨ ਦੀ ਲੈਅ ਵਿਗਾੜ ਦਿੰਦੀ ਹੈ। ਜੀਵਨ ਦੀ ਇਸ ਲੈਅ ਨੂੰ ਸੁਧਾਰਨ ਲਈ ਅਸੀਂ ਪ੍ਰਕਿਰਤੀ ਦੀ ਨੇੜਤਾ ’ਚ ਸਮਾਂ ਬਿਤਾਉਣਾ ਚਾਹੁੰਦੇ ਹਾਂ। ਜਦੋਂ ਅਸੀਂ ਚਾਰੋਂ ਤਰਫ਼ ਤੋਂ ਹਾਰ ਮੰਨ ਲੈਂਦੇ ਹਾਂ ਤਾਂ ਪ੍ਰਕਿਰਤੀ ਹੀ ਸਾਨੂੰ ਆਸ ਦੀ ਕਿਰਨ ਦਿਖਾ ਕੇ ਇਕ ਨਵੀਂ ਊਰਜਾ ਦਿੰਦੀ ਹੈ। ਪ੍ਰਕਿਰਤੀ ਦਾ ਸਨੇਹ ਭਰਿਆ ਅਤੇ ਸੀਤਲ ਸਪਰਸ਼ ਸਾਨੂੰ ਡਿਪ੍ਰੈਸ਼ਨ ਦੇ ਡੂੰਘੇ ਅੰਧਕਾਰ ’ਚੋਂ ਬਾਹਰ ਕੱਢਣ ’ਚ ਸਹਾਇਤਾ ਪ੍ਰਦਾਨ ਕਰਦਾ ਹੈ।
ਦਰਅਸਲ ਅਸੀਂ ਅੱਜ ਤੱਕ ਵਾਤਾਵਰਣ ਦਾ ਧਿਆਨ ਇਸ ਲਈ ਨਹੀਂ ਰੱਖਿਆ ਕਿਉਂਕਿ ਅਸੀਂ ਪ੍ਰਕਿਰਤੀ ਨਾਲ ਪਿਆਰ ਦਾ ਰਿਸ਼ਤਾ ਨਹੀਂ ਜੋੜ ਪਾਏ। ਅੱਜ ਵਾਤਾਵਰਣ ਨੂੰ ਬਚਾਉਣ ਲਈ ਵੱਖ-ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ ਪਰ ਪ੍ਰਕਿਰਤੀ ਦੇ ਜ਼ਖਮ ਵਧਦੇ ਹੀ ਜਾ ਰਹੇ ਹਨ। ਇਹ ਪ੍ਰੋਗਰਾਮ ਸਿਰਫ ਕੁਝ ਲੋਕਾਂ ਦੀ ਜੇਬ ਭਰ ਰਹੇ ਹਨ। ਇਹੀ ਕਾਰਨ ਹੈ ਕਿ ਅੱਜ ਪ੍ਰਕਿਰਤੀ ਨੂੰ ਬਚਾਉਣ ਲਈ ਰੌਲਾ ਤਾਂ ਪੈ ਰਿਹਾ ਹੈ ਪਰ ਉਸ ਨਾਲ ਪਿਆਰ ਦਾ ਰਿਸ਼ਤਾ ਕਾਇਮ ਨਹੀਂ ਹੋ ਪਾ ਰਿਹਾ। ਇਸ ਦੌਰ ’ਚ ਸਾਨੂੰ ਵਾਤਾਵਰਣ ਦਾ ਮਹੱਤਵ ਸਮਝਣਾ ਹੋਵੇਗਾ, ਉਦੋਂ ਹੀ ਅਸੀਂ ਇਸ ਧਰਤੀ ਦੇ ਤਾਪ ਨੂੰ ਘੱਟ ਕਰ ਸਕਦੇ ਹਾਂ।
-ਰੋਹਿਤ ਕੌਸ਼ਿਕ
