ਭਾਰਤੀ ਸੈਲਾਨੀਆਂ ਦਾ ਖ਼ਰਾਬ ਹੁੰਦਾ ਅਕਸ

Friday, Jun 05, 2026 - 05:34 PM (IST)

ਭਾਰਤੀ ਸੈਲਾਨੀਆਂ ਦਾ ਖ਼ਰਾਬ ਹੁੰਦਾ ਅਕਸ

ਹਾਲ ਦੇ ਦਿਨਾਂ ’ਚ ਸੋਸ਼ਲ ਮੀਡੀਆ ’ਤੇ ਭਾਰਤੀ ਸੈਲਾਨੀਆਂ ਨਾਲ ਜੁੜੀਆਂ ਵਾਇਰਲ ਵੀਡੀਓਜ਼ ਇਕ ਵਾਰ ਫਿਰ ਵਿਵਾਦਾਂ ਦਾ ਕੇਂਦਰ ਬਣ ਗਈਆਂ ਹਨ। ਗੁਜਰਾਤ ਦੇ ਗਰਬਾ ਨਾਚ ਨੂੰ ਵਿਦੇਸ਼ੀ ਏਅਰਪੋਰਟਾਂ, ਚੀਨ ਦੀ ਮਹਾਨ ਕੰਧ ਅਤੇ ਹੋਰ ਗਲੋਬਲ ਸਥਾਨਾਂ ’ਤੇ ਕਰਦੇ ਹੋਏ ਦਿਖਾਏ ਗਏ ਭਾਰਤੀ ਸੈਲਾਨੀ ਨਾ ਸਿਰਫ਼ ਚਰਚਾ ’ਚ ਹਨ, ਸਗੋਂ ਭਾਰਤ ਦੇ ਅਕਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨੁਕਸਾਨ ਪਹੁੰਚਾ ਰਹੇ ਹਨ। ਸਵਾਲ ਹੈ ਕਿ ਕੀ ਭਾਰਤੀ ਸੈਲਾਨੀ ਵਾਕਈ ਬਦਤਮੀਜ਼ ਹਨ ਜਾਂ ਦੁਨੀਆ ਸਾਨੂੰ ਅਣਉਚਿਤ ਤਰੀਕੇ ਨਾਲ ਸਟੀਰੀਓਟਾਈਪ ਕਰ ਰਹੀ ਹੈ? ਇਹ ਮੁੱਦਾ ਵਾਇਰਲ ਹੋਏ ਸਿਰਫ਼ ਕੁਝ ਵੀਡੀਓਜ਼ ਦਾ ਨਹੀਂ, ਸਗੋਂ ਲੱਖਾਂ ਭਾਰਤੀਆਂ ਦੇ ਵਿਦੇਸ਼ ਯਾਤਰਾ ਦੇ ਵਧਦੇ ਰੁਝਾਨ ਅਤੇ ਸੱਭਿਆਚਾਰਕ-ਨਾਗਰਿਕਤਾ ਦੀ ਸਮਝ ਦਾ ਹੈ।

ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸੈਰ-ਸਪਾਟਾ ਸਰੋਤ ਬਾਜ਼ਾਰ ਹੈ। ਕੋਵਿਡ ਮਹਾਮਾਰੀ ਤੋਂ ਬਾਅਦ ਵਿਦੇਸ਼ ਯਾਤਰਾ ’ਤੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ। 2025-26 ’ਚ ਲੱਖਾਂ ਭਾਰਤੀ ਯੂਰਪ, ਅਮਰੀਕਾ, ਏਸ਼ੀਆ ਅਤੇ ਮੱਧ ਪੂਰਬ ਦੇ ਦੇਸ਼ਾਂ ’ਚ ਘੁੰਮ ਰਹੇ ਹਨ ਪਰ ਅਜਿਹੀਆਂ ਕੁਝ ਘਟਨਾਵਾਂ ਪੂਰੇ ਰਾਸ਼ਟਰ ਦਾ ਵੱਕਾਰ ਧੁੰਦਲਾ ਕਰ ਰਹੀਆਂ ਹਨ। ਏਅਰਪੋਰਟ ’ਤੇ ਗਰਬਾ, ਚੀਨ ਦੀ ਮਹਾਨ ਕੰਧ ’ਤੇ ਨੱਚਦੇ, ਕਤਾਰ ਤੋੜਦੇ ਜਾਂ ਸ਼ੋਰ ਮਚਾਉਂਦੇ ਹੋਏ ਦਿਖਾਏ ਗਏ ਸੈਲਾਨੀਆਂ ਦੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਜਾਂਦੇ ਹਨ। ਇਨ੍ਹਾਂ ’ਚੋਂ ਕਈਆਂ ’ਚ ਸੰਦਰਭ ਦੀ ਕਮੀ ਹੋ ਸਕਦੀ ਹੈ, ਪਰ ਵਾਰ-ਵਾਰ ਦੁਹਰਾਈਆਂ ਜਾਣ ਵਾਲੀਆਂ ਘਟਨਾਵਾਂ ਇਕ ਪੈਟਰਨ ਬਣਾਉਂਦੀਆਂ ਦਿਖਾਈ ਦਿੰਦੀਆਂ ਹਨ।

ਸਭ ਤੋਂ ਪਹਿਲਾਂ, ਇਹ ਸਵੀਕਾਰ ਕਰਨਾ ਜ਼ਰੂਰੀ ਹੈ ਕਿ ਹਰ ਰਾਸ਼ਟਰ ਦੇ ਕੁਝ ਸੈਲਾਨੀ ਸਮੱਸਿਆ ਪੈਦਾ ਕਰਦੇ ਹਨ। ਚੀਨੀ ਸੈਲਾਨੀਆਂ ਦੀ ਵੀ ਭੀੜ ਅਤੇ ਸ਼ੋਰ ਲਈ ਆਲੋਚਨਾ ਹੁੰਦੀ ਰਹੀ ਹੈ, ਅਮਰੀਕੀ ਸੈਲਾਨੀ ਅਕਸਰ ਹੰਕਾਰੀ ਮੰਨੇ ਜਾਂਦੇ ਹਨ ਪਰ ਭਾਰਤੀ ਮਾਮਲੇ ’ਚ ਸਮੱਸਿਆ ਦੀ ਡੂੰਘਾਈ ਵੱਖਰੀ ਹੈ। ਭਾਰਤ ’ਚ ਘਰੇਲੂ ਪੱਧਰ ’ਤੇ ਹੀ ਨਾਗਰਿਕ ਭਾਵਨਾ ਦੀ ਕਮੀ ਇਕ ਵੱਡੀ ਚੁਣੌਤੀ ਹੈ। ਸੜਕਾਂ ’ਤੇ ਕੂੜਾ ਸੁੱਟਣਾ, ਕਤਾਰ ’ਚ ਧੱਕਾ-ਮੁੱਕੀ ਕਰਨਾ, ਜਨਤਕ ਥਾਵਾਂ ’ਤੇ ਜ਼ੋਰ-ਜ਼ੋਰ ਨਾਲ ਗੱਲ ਕਰਨਾ, ਦੂਜਿਆਂ ਦੀ ਨਿੱਜਤਾ ਦਾ ਸਤਿਕਾਰ ਨਾ ਕਰਨਾ, ਇਹ ਘਰ ਦੀਆਂ ਉਹ ਆਦਤਾਂ ਹਨ, ਜੋ ਵਿਦੇਸ਼ ਲਿਜਾਈਆਂ ਜਾਂਦੀਆਂ ਹਨ, ਜਿਸ ਨਾਲ ਭਾਰਤ ਅਤੇ ਭਾਰਤੀਆਂ ਦਾ ਨਾਂ ਖ਼ਰਾਬ ਹੁੰਦਾ ਹੈ।

ਕਈ ਭਾਰਤੀ ਸੈਲਾਨੀ ਪਹਿਲੀ ਵਾਰ ਵਿਦੇਸ਼ ਜਾਂਦੇ ਹਨ। ਉਹ ਉਤਸ਼ਾਹ ’ਚ ਸੰਸਕ੍ਰਿਤੀ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਪਰ ਸਥਾਨਕ ਨਿਯਮਾਂ ਅਤੇ ਮਾਹੌਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਗਰਬਾ ਇਕ ਜੀਵੰਤ ਤਿਉਹਾਰ ਦਾ ਨਾਚ ਹੈ ਪਰ ਏਅਰਪੋਰਟ ਵਰਗੀ ਸੰਵੇਦਨਸ਼ੀਲ ਥਾਂ ’ਤੇ ਇਸ ਨੂੰ ਕਰਨਾ ਸੁਰੱਖਿਆ ਅਤੇ ਅਨੁਸ਼ਾਸਨ ਦੀ ਉਲੰਘਣਾ ਲੱਗਦਾ ਹੈ। ਇਸੇ ਤਰ੍ਹਾਂ, ਇਤਿਹਾਸਕ ਸਮਾਰਕਾਂ ’ਤੇ ਚੜ੍ਹਨਾ, ਕੂੜਾ ਸੁੱਟਣਾ ਜਾਂ ਸਥਾਨਕ ਲੋਕਾਂ ਲਈ ਅਸੁਵਿਧਾ ਪੈਦਾ ਕਰਨਾ ਸੱਭਿਆਚਾਰਕ ਅਸੰਵੇਦਨਸ਼ੀਲਤਾ ਦਰਸਾਉਂਦਾ ਹੈ। ਸੋਸ਼ਲ ਮੀਡੀਆ ਦਾ ਪ੍ਰਭਾਵ ਵੀ ਘੱਟ ਨਹੀਂ। ਇਕ ਵੀਡੀਓ ਵਾਇਰਲ ਹੋਣ ’ਤੇ ਪੂਰਾ ਫਿਰਕਾ ਟਾਰਗੈੱਟ ਹੋ ਜਾਂਦਾ ਹੈ। ਕੁਝ ਮਾਮਲਿਆਂ ’ਚ ਨਸਲਵਾਦ ਜਾਂ ਪੱਖਪਾਤ ਵੀ ਕੰਮ ਕਰਦਾ ਹੈ ਪਰ ਇਸ ਨੂੰ ਬਹਾਨਾ ਬਣਾ ਕੇ ਆਪਣੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਤੋਂ ਵਿਦੇਸ਼ ਯਾਤਰਾ ਕਰਨ ਵਾਲਿਆਂ ਦੀ ਗਿਣਤੀ 2019 ਦੇ ਮੁਕਾਬਲੇ ਦੁੱਗਣੀ ਹੋ ਗਈ ਹੈ ਪਰ ਯਾਤਰਾ ਏਜੰਸੀਆਂ ਅਤੇ ਸਰਕਾਰਾਂ ਸੈਲਾਨੀਆਂ ਨੂੰ ਪੂਰਵ-ਸਿਖਲਾਈ ਦੇਣ ’ਚ ਪੱਛੜ ਰਹੀਆਂ ਹਨ। ਗਰੁੱਪ ਟੂਰ ’ਚ ਕਈ ਸੈਲਾਨੀ ਇਕ-ਦੂਜੇ ਨੂੰ ਉਤਸ਼ਾਹਿਤ ਕਰਦੇ ਹੋਏ ਹੱਦ ਲੰਘ ਜਾਂਦੇ ਹਨ। ਨਤੀਜਾ, ਵਿਦੇਸ਼ੀ ਹੋਟਲ, ਏਅਰਲਾਈਨਜ਼ ਤੇ ਟੂਰ ਆਪ੍ਰੇਟਰ ਭਾਰਤੀਆਂ ਨੂੰ ‘ਸਮੱਸਿਆ ਸਮੂਹ’ ਦੇ ਰੂਪ ’ਚ ਦੇਖਣ ਲੱਗੇ ਹਨ। ਕੁਝ ਦੇਸ਼ਾਂ ’ਚ ਭਾਰਤੀ ਸੈਲਾਨੀਆਂ ਲਈ ਅਣਅਧਿਕਾਰਤ ਤੌਰ ’ਤੇ ਵਾਧੂ ਚੌਕਸੀ ਵਰਤੀ ਜਾਂਦੀ ਹੈ। ਇਹ ਭਾਰਤ ਲਈ ਸ਼ਰਮਨਾਕ ਹੈ, ਕਿਉਂਕਿ ਅਸੀਂ ਇਕ ਪ੍ਰਾਚੀਨ ਸੱਭਿਅਤਾ ਵਾਲੇ ਹਾਂ, ਜਿੱਥੇ ‘ਅਤਿਥੀ ਦੇਵੋ ਭਵ’ ਦੀ ਪਰੰਪਰਾ ਹੈ।

ਕੁਝ ਲੋਕ ਤਰਕ ਦਿੰਦੇ ਹਨ ਕਿ ਵਾਇਰਲ ਵੀਡੀਓਜ਼ ਸੰਦਰਭਹੀਣ ਹਨ ਅਤੇ ਭਾਰਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਅੰਸ਼ਿਕ ਰੂਪ ’ਚ ਸਹੀ ਵੀ ਹੋ ਸਕਦਾ ਹੈ ਪਰ ਜਦੋਂ ਭਾਰਤੀ ਹੀ ਕੁਮੈਂਟ ਕਰਦੇ ਹਨ ਕਿ ‘ਸਾਡੇ ਇੱਥੇ ਨਾਗਰਿਕ ਭਾਵਨਾ ਜ਼ੀਰੋ ਹੈ,’ ਤਾਂ ਸਮੱਸਿਆ ਨਕਾਰਨ ਯੋਗ ਨਹੀਂ ਰਹਿ ਜਾਂਦੀ। ਘਰ ’ਚ ਸਵੱਛਤਾ ਮੁਹਿੰਮ, ਸਮਾਰਟ ਸਿਟੀ, ਸਵੱਛ ਭਾਰਤ ਮਿਸ਼ਨ ਆਦਿ ਚੱਲ ਰਹੇ ਹਨ, ਫਿਰ ਵੀ ਵਿਵਹਾਰ ’ਚ ਬਦਲਾਅ ਹੌਲੀ ਹੈ। ਸਿੱਖਿਆ ਪ੍ਰਣਾਲੀ ’ਚ ਨਾਗਰਿਕਤਾ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਜ਼ੋਰ ਘੱਟ ਹੈ। ਵਿਦੇਸ਼ ’ਚ ਭਾਰਤੀ ਭਾਈਚਾਰਾ ਅਕਸਰ ਸਫ਼ਲ, ਮਿਹਨਤੀ ਅਤੇ ਵਿਭਿੰਨਤਾਪੂਰਨ ਦੇ ਰੂਪ ’ਚ ਜਾਣਿਆ ਜਾਂਦਾ ਹੈ ਪਰ ਟੂਰਿਜ਼ਮ ’ਚ ਆਉਣ ਵਾਲੇ ਹੇਠਲੇ ਅਤੇ ਮੱਧ ਵਰਗ ਦੇ ਕੁਝ ਹਿੱਸੇ ਇਸ ਅਕਸ ਨੂੰ ਖ਼ਰਾਬ ਕਰ ਦਿੰਦੇ ਹਨ। ਉਤਸ਼ਾਹ ਚੰਗਾ ਹੈ ਪਰ ਇਸਦੇ ਨਾਲ-ਨਾਲ ਜਾਗਰੂਕਤਾ ਵੀ ਜ਼ਰੂਰੀ ਹੈ।

ਭਾਰਤ ਦਾ ਨਾਂ ਖ਼ਰਾਬ ਨਾ ਹੋਵੇ, ਇਸਦੇ ਲਈ ਬਹੁ-ਪੱਖੀ ਰਣਨੀਤੀ ਅਪਣਾਉਣੀ ਪਵੇਗੀ। ਸਰਕਾਰ ਵਿਦੇਸ਼ ਜਾਣ ਵਾਲੇ ਸੈਲਾਨੀਆਂ ਲਈ ਲਾਜ਼ਮੀ ਆਨਲਾਈਨ/ਆਫਲਾਈਨ ਵਰਕਸ਼ਾਪ ਸ਼ੁਰੂ ਕਰੇ। ਯਾਤਰਾ ਏਜੰਸੀਆਂ ਸਥਾਨਕ ਰੀਤੀ-ਰਿਵਾਜ, ਕਾਨੂੰਨ ਅਤੇ ਨਿਯਮ ਸਿਖਾਉਣ। ਵੀਜ਼ਾ ਅਰਜ਼ੀ ਦੇ ਨਾਲ ਛੋਟਾ ਕੋਰਸ ਵੀ ਲਾਜ਼ਮੀ ਕੀਤਾ ਜਾਵੇ। ਵਿਦੇਸ਼ ਮੰਤਰਾਲਾ ਅਤੇ ਸੈਰ-ਸਪਾਟਾ ਮੰਤਰਾਲਾ ਮਿਲ ਕੇ ‘ਜ਼ਿੰਮੇਵਾਰ ਭਾਰਤੀ ਯਾਤਰੀ’ ਮੁਹਿੰਮ ਚਲਾਉਣ। ਸੋਸ਼ਲ ਮੀਡੀਆ, ਯੂਟਿਊਬ ਅਤੇ ਏਅਰਪੋਰਟ ਸਕ੍ਰੀਨਾਂ ’ਤੇ ਜਾਗਰੂਕਤਾ ਦੇ ਵੀਡੀਓ ਪ੍ਰਸਾਰਿਤ ਕਰਨ। ਭਾਰਤੀ ਦੂਤਾਵਾਸਾਂ ਨੂੰ ਸਥਾਨਕ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰਨ ਦਾ ਅਧਿਕਾਰ ਦੇਣ। ਸਕੂਲਾਂ ’ਚ ਸੈਰ-ਸਪਾਟਾ ਨੈਤਿਕਤਾ ਸਮਝਾਈ ਜਾਵੇ। ਨੌਜਵਾਨ ਪੀੜ੍ਹੀ ਨੂੰ ਗਲੋਬਲ ਨਾਗਰਿਕ ਬਣਾਉਣ ਦੀ ਲੋੜ ਹੈ। ਅਜਿਹੇ ’ਚ ਚੰਗੇ ਵਿਵਹਾਰ ਕਰਨ ਵਾਲੇ ਸੈਲਾਨੀਆਂ ਨੂੰ ਪੁਰਸਕਾਰਿਤ ਕਰਨ ਅਤੇ ਗੰਭੀਰ ਉਲੰਘਣਾ ਕਰਨ ਵਾਲਿਆਂ ’ਤੇ ਬਲੈਕਲਿਸਟਿੰਗ ਜਾਂ ਪਾਸਪੋਰਟ ਪਾਬੰਦੀ ਵਰਗੇ ਸਖਤ ਕਦਮ ਉਠਾਉਣ। ਇਸਦੇ ਨਾਲ ਹੀ ਸਭ ਤੋਂ ਅਹਿਮ ਭੂਮਿਕਾ ਗਰੁੱਪ ਟੂਰ ਲੀਡਰਾਂ ਦੀ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇ ਕਿ ਉਹ ਸੈਲਾਨੀਆਂ ਨੂੰ ਕੰਟਰੋਲ ’ਚ ਰੱਖਣ ਅਤੇ ਵਿਦੇਸ਼ੀ ਸ਼ਹਿਰਾਂ ਪ੍ਰਤੀ ਸੰਵੇਦਨਸ਼ੀਲ ਰਹਿਣ। ਵਿਅਕਤੀਗਤ ਉਤਸ਼ਾਹ ਨੂੰ ਅਨੁਸ਼ਾਸਿਤ ਤਰੀਕੇ ਨਾਲ ਪ੍ਰਗਟ ਕਰਨਾ ਸਿਖਾਉਣ। ਉੱਥੇ ਹੀ ਸੈਲੀਬ੍ਰਿਟੀਜ਼ ਅਤੇ ਇਨਫਲੂਐਂਸਰਜ਼ ਵਾਇਰਲ ਹੋਣ ਵਾਲੀਆਂ ਚੰਗੀਆਂ ਕਹਾਣੀਆਂ, ਜਿਵੇਂ ਭਾਰਤੀਆਂ ਦੁਆਰਾ ਵਾਤਾਵਰਣ ਸੰਭਾਲ ਜਾਂ ਸਥਾਨਕ ਮਦਦ ਆਦਿ ਨੂੰ ਪ੍ਰਚਾਰਿਤ ਕਰਨ। ਜੇਕਰ ਅਸੀਂ ਅੱਜ ਬਦਲਾਅ ਲਿਆਵਾਂਗੇ, ਤਾਂ ਕੱਲ ਭਾਰਤ ਨੂੰ ‘ਖ਼ਰਾਬ ਨਾਂ’ ਦੀ ਬਜਾਏ ‘ਸਤਿਕਾਰਯੋਗ ਸੈਲਾਨੀ’ ਦੇ ਰੂਪ ’ਚ ਜਾਣਿਆ ਜਾਵੇਗਾ।

—ਰਜਨੀਸ਼ ਕਪੂਰ


author

Anmol Tagra

Content Editor

Related News