‘ਅੱਗ ਦਾ ਗੋਲਾ ਬਣ ਰਹੀਆਂ ਸਲੀਪਰ ਬੱਸਾਂ’ ਤੁਰੰਤ ਲਾਗੂ ਹੋਣ ਨਵੇਂ ਸੁਰੱਖਿਆ ਨਿਯਮ!
Saturday, Jan 10, 2026 - 03:39 AM (IST)
ਹੁਣ ਤੱਕ ਤਾਂ ਰੇਲਗੱਡੀਆਂ ’ਚ ਹੀ ਅੱਗ ਲੱਗਣ ਦੀਆਂ ਘਟਨਾਵਾਂ ਸੁਣਨ ’ਚ ਆਉਂਦੀਆਂ ਸਨ, ਪਰ ਪਿਛਲੇ ਕੁਝ ਸਮੇਂ ਤੋਂ ਯਾਤਰੀ ਬੱਸਾਂ ’ਚ ਵੀ ਅੱਗ ਲੱਗਣ ਦੀਆਂ ਘਟਨਾਵਾਂ ’ਚ ਕਾਫੀ ਵਾਧਾ ਹੋਇਆ ਹੈ, ਜਿਸ ਨਾਲ ਯਾਤਰੀਆਂ ਦੀਆਂ ਜਾਨਾਂ ਜੋਖਮ ’ਚ ਪੈ ਰਹੀਆਂ ਹਨ।
ਸਥਿਤੀ ਦੀ ਗੰਭੀਰਤਾ ਦਾ ਇਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਿਛਲੇ 6 ਮਹੀਨਿਆਂ ’ਚ ਸਲੀਪਰ ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਚ 145 ਯਾਤਰੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਪਿਛਲੇ ਇਕ ਮਹੀਨੇ ’ਚ ਹੋਈਆਂ ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 9 ਦਸੰਬਰ, 2025 ਨੂੰ ‘ਜੈਪੁਰ’ (ਰਾਜਸਥਾਨ) ਦੇ ‘ਨਹਾਰਗੜ੍ਹ’ ਬਾਇਓਲੋਜੀਕਲ ਪਾਰਕ ’ਚ ‘ਸਫਾਰੀ’ (ਜੰਗਲ ਦੀ ਸੈਰ) ਦੌਰਾਨ ਇਕ ਸਲੀਪਰ ਬੱਸ ’ਚ ਅਚਾਨਕ ਅੱਗ ਲੱਗ ਗਈ।
* 16 ਦਸੰਬਰ, 2025 ਨੂੰ ‘ਮਥੁਰਾ’ (ਉੱਤਰ ਪ੍ਰਦੇਸ਼) ’ਚ ‘ਆਗਰਾ ਐਕਸਪ੍ਰੈੱਸ-ਵੇਅ’ ’ਤੇ ਟਕਰਾਏ ਕਈ ਵਾਹਨਾਂ ’ਚ ਸ਼ਾਮਲ ਸਲੀਪਰ ਬੱਸਾਂ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈਆਂ ਅਤੇ 18 ਯਾਤਰੀਆਂ ਦੀ ਮੌਤ ਹੋ ਗਈ।
* 18 ਦਸੰਬਰ, 2025 ਨੂੰ ‘ਦੇਹਰਾਦੂਨ’ (ਉੱਤਰਾਖੰਡ) ’ਚ ਤਾਮਿਲਨਾਡੂ ਦੇ 40 ਵਿਦਿਆਰਥੀਆਂ ਨੂੰ ਲੈ ਕੇ ਆਈ ਇਕ ਸਲੀਪਰ ਬੱਸ ’ਚ ਅੱਗ ਲੱਗ ਗਈ।
* 22 ਦਸੰਬਰ, 2025 ਨੂੰ ‘ਆਗਰਾ’ ਐਕਸਪ੍ਰੈੱਸ-ਵੇਅ ’ਤੇ ਨੇਪਾਲ ਜਾ ਰਹੀ ਇਕ ਸਲੀਪਰ ਬੱਸ ਅੱਗ ਲੱਗ ਜਾਣ ਦੇ ਸਿੱਟੇ ਵਜੋਂ ਸੜ ਕੇ ਸੁਆਹ ਹੋ ਗਈ।
* 25 ਦਸੰਬਰ, 2025 ਨੂੰ ‘ਚਿਤਰਦੁਰਗ’ (ਕਰਨਾਟਕ) ’ਚ ‘ਬੈਂਗਲੁਰੂ’ ਤੋਂ ‘ਗੋਕਰਣ’ ਜਾ ਰਹੀ ਇਕ ਲਗਜ਼ਰੀ ਸਲੀਪਰ ਬੱਸ ਅਤੇ ਕੰਟੇਨਰ ਟਰੱਕ ਦੀ ਟੱਕਰ ਨਾਲ ਬੱਸ ’ਚ ਭਿਆਨਕ ਅੱਗ ਲੱਗ ਜਾਣ ਨਾਲ 7 ਯਾਤਰੀਆਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖ਼ਮੀ ਹੋ ਗਏ।
* 31 ਦਸੰਬਰ, 2025 ਨੂੰ ‘ਕਨੌਜ’ (ਉੱਤਰ ਪ੍ਰਦੇਸ਼) ਜ਼ਿਲੇ ’ਚ ‘ਤਿਰਵਾ’ ਕੋਤਵਾਲੀ ਖੇਤਰ ਅਧੀਨ ਆਗਰਾ-ਲਖਨਊ ਐਕਸਪ੍ਰੈੱਸ-ਵੇ ’ਤੇ ਚੱਲਦੀ ਸਲੀਪਰ ਬੱਸ ’ਚ ਭਿਆਨਕ ਅੱਗ ਲੱਗ ਗਈ। ਬੱਸ ’ਚ ਧੂੰਆਂ ਭਰਦੇ ਹੀ ਯਾਤਰੀਆਂ ’ਚ ਅਫੜਾ-ਦਫੜੀ ਮਚ ਗਈ, ਪਰ ਸਮੇਂ ਸਿਰ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
* 7 ਜਨਵਰੀ, 2026 ਨੂੰ ‘ਬੁਲਢਾਣਾ’ (ਮਹਾਰਾਸ਼ਟਰ) ’ਚ ‘ਸਮਰਿੱਧੀ ਐਕਸਪ੍ਰੈੱਸ-ਵੇ’ ’ਤੇ ‘ਨਾਗਪੁਰ’ ਤੋਂ ਮੁੰਬਈ ਜਾ ਰਹੀ ਸਲੀਪਰ ਬੱਸ ’ਚ ‘ਸ਼ਿਵਨੀ ਪਿਸਾ’ ਪਿੰਡ ਕੋਲ ਅੱਗ ਲੱਗ ਗਈ। ਡਰਾਈਵਰ ਅਤੇ ਕੰਡਕਟਰ ਦੀ ਸੂਝਬੂਝ ਨਾਲ ਬੱਸ ’ਚ ਸਵਾਰ ਸਾਰੇ 36 ਯਾਤਰੀਆਂ ਨੇ ਸਮੇਂ ਸਿਰ ਬਾਹਰ ਛਾਲਾਂ ਮਾਰ ਦਿੱਤੀਆਂ, ਜਿਸ ਨਾਲ ਇਕ ਵੱਡੀ ਤ੍ਰਾਸਦੀ ਟਲ ਗਈ।
* 7 ਜਨਵਰੀ, 2026 ਨੂੰ ਹੀ ‘ਖੰਮਮ’ (ਤੇਲੰਗਾਨਾ) ਤੋਂ ‘ਵਿਸ਼ਾਖਾਪਟਨਮ’ ਜਾ ਰਹੀ ਸਲੀਪਰ ਬੱਸ ’ਚ ‘ਕੋਮਰੂ’ ਦੇ ਫਲਾਈਓਵਰ ਤੋਂ ਲੰਘਦੇ ਹੋਏ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਚਾਲਕ ਨੇ ਤੁਰੰਤ ਬੱਸ ਨੂੰ ਰੋਕਿਆ ਅਤੇ ਯਾਤਰੀਆਂ ਨੂੰ ਉਤਾਰ ਕੇ ਮੰਦਭਾਗੀ ਘਟਨਾ ਹੋਣ ਤੋਂ ਬਚਾਅ ਲਈ ਅਤੇ ਕੁਝ ਹੀ ਮਿੰਟਾਂ ’ਚ ਪੂਰੀ ਬੱਸ ਸੜ ਕੇ ਸੁਆਹ ਹੋ ਗਈ।
* 7 ਜਨਵਰੀ, 2026 ਨੂੰ ਹੀ ‘ਪੂਰਬੀ ਗੋਦਾਵਰੀ’ (ਆਂਧਰਾ ਪ੍ਰਦੇਸ਼) ’ਚ ‘ਵਿਸ਼ਾਖਾਪਟਨਮ’ ਜਾ ਰਹੀ ਇਕ ਸਲੀਪਰ ਬੱਸ ਦੇ ‘ਡਾਇਨੈਮੋ’ ’ਚ ਖਰਾਬੀ ਆ ਜਾਣ ਦੇ ਕਾਰਨ ਅੱਗ ਲੱਗ ਗਈ ਪਰ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਿਗਆ।
ਭਾਰਤ ’ਚ ਸਲੀਪਰ ਬੱਸਾਂ ’ਚ ਅੱਗ ਲੱਗਣ ਦੀਆਂ ਵਧਦੀਆਂ ਘਟਨਾਵਾਂ ਨੇ ਯਾਤਰੀਆਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਲਈ ਯਾਤਰੀਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਬੱਸ ਆਪ੍ਰੇਟਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।
ਇਸ ਤਰ੍ਹਾਂ ਦੇ ਹਾਲਾਤ ਨੂੰ ਦੇਖਦੇ ਹੋਏ ਹੁਣ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਭਵਿੱਖ ’ਚ ਸਲੀਪਰ ਬੱਸਾਂ ਦਾ ਨਿਰਮਾਣ ਸਿਰਫ ਆਟੋਮੋਬਾਈਲ ਕੰਪਨੀਆਂ ਜਾਂ ਸਰਕਾਰ ਵਲੋਂ ਮਾਨਤਾ ਪ੍ਰਾਪਤ ਸੰਸਥਾਵਾਂ ਹੀ ਕਰ ਸਕਣਗੀਆਂ।
ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸਪੱਸ਼ਟ ਕੀਤਾ ਹੈ ਕਿ ਅਨੇਕ ਸਲੀਪਰ ਬੱਸਾਂ ਦੀ ਜਾਂਚ ਦੌਰਾਨ ਉਨ੍ਹਾਂ ’ਚ ਅਨੇਕਾਂ ਗੰਭੀਰ ਖਾਮੀਆਂ ਸਾਹਮਣੇ ਆਈਆਂ ਹਨ, ਇਸ ਲਈ ਸੜਕਾਂ ’ਤੇ ਚੱਲ ਰਹੀਆਂ ਮੌਜੂਦਾ ਸਲੀਪਰ ਬੱਸਾਂ ਨੂੰ ਨਵੇਂ ਸੁਰੱਖਿਆ ਨਿਯਮਾਂ ਅਨੁਸਾਰ ਕਰਨਾ ਹੋਵੇਗਾ।
ਇਸ ਦੇ ਅਧੀਨ ਬੱਸ ’ਚ ਫਾਇਰ ਡਿਟੈਕਸ਼ਨ ਸਿਸਟਮ, ਹੰਗਾਮੀ ਨਿਕਾਸ, ਐਮਰਜੈਂਸੀ ਲਾਈਟਿੰਗ ਅਤੇ ਹੈਮਰ (ਹਥੌੜਾ), ‘ਡਰਾਈਵਰ ਡ੍ਰਾਊਜੀਨੈੱਸ ਇੰਡੀਕੇਟਰ’ ਲਗਾਉਣੇ ਹੋਣਗੇ। ਜਿੰਨੀ ਜਲਦੀ ਉਕਤ ਹੁਕਮ ਲਾਗੂ ਕੀਤੇ ਜਾਣਗੇ, ਓਨਾ ਹੀ ਚੰਗਾ ਹੋਵੇਗਾ। ਅਜਿਹਾ ਕਰਨ ਨਾਲ ਬੱਸਾਂ ਬਚਣਗੀਆਂ, ਯਾਤਰੀ ਬਚਣਗੇ ਅਤੇ ਚਾਲਕਾਂ ਸਮੇਤ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਬਚਣਗੀਆਂ।
–ਵਿਜੇ ਕੁਮਾਰ
