ਨਵੇਂ ਭਾਜਪਾ ਪ੍ਰਧਾਨ ਦੀ ਖੋਜ

Saturday, Oct 19, 2024 - 09:32 PM (IST)

ਨਵੇਂ ਭਾਜਪਾ ਪ੍ਰਧਾਨ ਦੀ ਖੋਜ

ਭਾਜਪਾ ਨੇ ਨਵੇਂ ਪਾਰਟੀ ਪ੍ਰਧਾਨ ਦੀ ਚੋਣ ਲਈ ਸੰਗਠਨਾਤਮਕ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਕੇ. ਲਕਸ਼ਮਣ ਨੂੰ ਰਾਸ਼ਟਰੀ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ (ਐੱਨ. ਈ. ਸੀ.) ਦੇ ਫੈਸਲੇ ਤੋਂ ਬਾਅਦ ਪਾਰਟੀ ਪ੍ਰਧਾਨ ਜੇ. ਪੀ. ਨੱਡਾ ਨੇ ਪਾਰਟੀ ਦੀ ਉਪ ਪ੍ਰਧਾਨ ਰੇਖਾ ਵਰਮਾ ਅਤੇ ਸੰਸਦ ਮੈਂਬਰਾਂ ਸੰਬਿਤ ਪਾਤਰਾ ਅਤੇ ਨਰੇਸ਼ ਬਾਂਸਲ ਨੂੰ ਆਉਣ ਵਾਲੀਆਂ ਦੇਸ਼ਵਿਆਪੀ ਸੰਗਠਨਾਤਮਕ ਚੋਣਾਂ ਲਈ ਲਕਸ਼ਮਣ ਦਾ ਸਮਰਥਨ ਕਰਨ ਲਈ ਸਹਿ-ਚੋਣ ਅਧਿਕਾਰੀ ਨਿਯੁਕਤ ਕੀਤਾ ਹੈ।

ਨੱਡਾ ਜਨਵਰੀ 2020 ਤੋਂ ਪਾਰਟੀ ਦੀ ਅਗਵਾਈ ਕਰ ਰਹੇ ਹਨ ਅਤੇ ਉਨ੍ਹਾਂ ਦੇ ਬਦਲ ਦੀ ਚੋਣ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਉਨ੍ਹਾਂ ਦਾ ਤਿੰਨ ਸਾਲਾਂ ਦਾ ਕਾਰਜਕਾਲ ਵਧਾਇਆ ਗਿਆ ਸੀ। ਪਾਰਟੀ ਸੰਵਿਧਾਨ ਅਨੁਸਾਰ ਕੌਮੀ ਪ੍ਰਧਾਨ ਦਾ ਕਾਰਜਕਾਲ ਸਰਬਸੰਮਤੀ ਨਾਲ ਚੁਣੇ ਜਾਣ ਤੋਂ ਬਾਅਦ 3 ਸਾਲ ਹੁੰਦਾ ਹੈ, ਜਦੋਂ ਕਿ ਭਾਜਪਾ ਦਾ ‘ਥਿੰਕ ਟੈਂਕ’ ਓ. ਬੀ. ਸੀ. ਜਾਂ ਐੱਸ. ਸੀ. ਰਾਸ਼ਟਰੀ ਪ੍ਰਧਾਨ ਲਈ ਉਤਸੁਕ ਹੈ ਕਿਉਂਕਿ ਇਸ ਕਾਰਨ ਉਨ੍ਹਾਂ ਨੂੰ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਵਿਚ ਆਪਣੀ ਤਾਕਤ ਵਧਾਉਣ ਦੀ ਉਮੀਦ ਹੈ। ਭਾਜਪਾ ਦਾ ਜ਼ੋਰ ਹੁਣ ਉੱਤਰ ਪ੍ਰਦੇਸ਼ ’ਤੇ ਹੈ ਜਿੱਥੇ ਭਗਵਾ ਪਾਰਟੀ ਲੋਕ ਸਭਾ ਚੋਣਾਂ ’ਚ ਸਿਰਫ਼ 32 ਸੀਟਾਂ ਹੀ ਹਾਸਲ ਕਰ ਸਕੀ। ਯੂ. ਪੀ. ’ਚ ਇਹ ਹਾਰ ਭਗਵਾ ਪਾਰਟੀ ਲਈ ਇਕ ਵੱਡਾ ਝਟਕਾ ਸੀ, ਜਿਸ ਦੇ ਪ੍ਰਮੁੱਖ ਆਗੂਅਾਂ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਭਰ ਵਿਚ ਦਰਜਨਾਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਪਾਰਟੀ ਪ੍ਰਧਾਨ ਦੇ ਅਹੁਦੇ ਲਈ ਜਿਨ੍ਹਾਂ ਨਾਵਾਂ ਦੀ ਚਰਚਾ ਹੋ ਰਹੀ ਹੈ, ਉਨ੍ਹਾਂ ਵਿਚ ਭੂਪੇਂਦਰ ਯਾਦਵ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਸ਼ਾਮਲ ਹਨ।

ਨਜ਼ਰਾਂ ਹੁਣ ਮਹਾਰਾਸ਼ਟਰ ਚੋਣਾਂ ’ਤੇ : ਮਹਾਰਾਸ਼ਟਰ ਵਿਚ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ ਅਤੇ 23 ਨਵੰਬਰ ਨੂੰ ਗਿਣਤੀ ਹੋਣੀ ਹੈ। ਮਹਾ ਵਿਕਾਸ ਆਘਾੜੀ ਦੀਆਂ ਸਾਰੀਆਂ ਨਜ਼ਰਾਂ ਫਿਰ ਤੋਂ ਸ਼ਰਦ ਪਵਾਰ ਅਤੇ ਸੂਬੇ ਦੇ ਚੀਨੀ ਦੇ ਕਟੋਰੇ ਵਜੋਂ ਜਾਣੇ ਜਾਂਦੇ ਪੱਛਮੀ ਮਹਾਰਾਸ਼ਟਰ ਦੀਆਂ 70 ਸੀਟਾਂ ’ਤੇ ਹੋਣਗੀਆਂ। ਕਾਂਗਰਸ ਅਤੇ ਐੱਨ. ਸੀ. ਪੀ. ਦਾ ਇਸ ਖੇਤਰ ’ਤੇ ਲੰਮੇ ਸਮੇਂ ਤੋਂ ਦਬਦਬਾ ਰਿਹਾ ਹੈ ਜੋ ਸਹਿਕਾਰੀ ਖੇਤਰ ਨੂੰ ਕੰਟਰੋਲ ਕਰਦੇ ਹਨ, ਭਾਵੇਂ ਉਹ ਸਹਿਕਾਰੀ ਖੰਡ ਮਿੱਲਾਂ, ਕਪਾਹ ਮਿੱਲਾਂ, ਡੇਅਰੀ ਅਤੇ ਖੇਤੀਬਾੜੀ ਉਤਪਾਦ ਹੋਣ, ਕ੍ਰੈਡਿਟ ਸੋਸਾਇਟੀਆਂ ਜਾਂ ਬੈਂਕਾਂ ਹੋਣ।

ਮਹਾਰਾਸ਼ਟਰ ਆਟੋਮੋਬਾਈਲ, ਆਈ. ਟੀ. ਅਤੇ ਖੇਤੀਬਾੜੀ ਉਦਯੋਗ ਦਾ ਕੇਂਦਰ ਵੀ ਹੈ ਜੋ ਪੁਣੇ, ਸਤਾਰਾ, ਸਾਂਗਲੀ, ਕੋਲਹਾਪੁਰ, ਸੋਲਾਪੁਰ ਅਤੇ ਅਹਿਮਦਨਗਰ ਵਿਚ ਫੈਲਿਆ ਹੋਇਆ ਹੈ। 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਨੇ 27 ਸੀਟਾਂ, ਭਾਜਪਾ ਨੇ 20 ਸੀਟਾਂ ਅਤੇ ਕਾਂਗਰਸ ਨੇ 12 ਸੀਟਾਂ ਜਿੱਤੀਆਂ ਜਦ ਕਿ ਬਾਕੀ 5 ਸੀਟਾਂ ਅਣਵੰਡੀ ਸ਼ਿਵ ਸੈਨਾ ਦੇ ਹਿੱਸੇ ਆਈਆਂ।

ਹਾਲਾਂਕਿ ਇਸ ਚੋਣ ਵਿਚ ਐੱਨ. ਸੀ. ਪੀ. ’ਚ ਸ਼ਰਦ ਪਵਾਰ ਅਤੇ ਅਜੀਤ ਪਵਾਰ ਵਿਚਕਾਰ ਵੰਡ ਦੇ ਨਾਲ ਇਕ ਹੋਰ ਗੁੰਝਲਦਾਰ ਤਸਵੀਰ ਉੱਭਰ ਕੇ ਸਾਹਮਣੇ ਆਈ ਹੈ, ਦੋਵੇਂ ਹੀ ਖੇਤਰ ਵਿਚ ਸ਼ਕਤੀ ਨੂੰ ਮਜ਼ਬੂਤ ​​ਕਰਨ ਅਤੇ ਪ੍ਰਭਾਵ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਐੱਨ. ਸੀ. ਪੀ. (ਸਪਾ) ਵਲੋਂ ਮੈਦਾਨ ’ਚ ਉਤਾਰੇ ਜਾਣ ਦੀ ਸਥਿਤੀ ’ਚ ਅਜੀਤ ਪਵਾਰ ਅਤੇ ਉਨ੍ਹਾਂ ਦੇ ਭਤੀਜੇ ਯੁਗੇਂਦਰ ਪਵਾਰ ਦਰਮਿਆਨ ਬਾਰਾਮਤੀ ਵਿਧਾਨ ਸਭਾ ਹਲਕੇ ਵਿਚ ਰੋਮਾਂਚਕ ਮੁਕਾਬਲਾ ਹੋਣ ਦੀ ਸੰਭਾਵਨਾ ਹੈ।

ਇਸ ਸਾਲ ਦੇ ਸ਼ੁਰੂ ਵਿਚ, ਅਜੀਤ ਦੀ ਪਤਨੀ ਸੁਨੇਤਰਾ ਪਵਾਰ ਲੋਕ ਸਭਾ ਚੋਣਾਂ ਵਿਚ ਬਾਰਾਮਤੀ ਵਿਚ ਸੁਪ੍ਰਿਆ ਸੁਲੇ ਤੋਂ ਹਾਰ ਗਈ ਸੀ। ਵਿਧਾਨ ਸਭਾ ਚੋਣਾਂ ਵਿਚ ਮਰਾਠਾ ਰਾਖਵਾਂਕਰਨ ਮੁੱਦਾ, ਖੇਤੀ ਸੰਕਟ ਅਤੇ ਉਪ-ਰਾਸ਼ਟਰਵਾਦ ਦਾ ਬੋਲਬਾਲਾ ਹੋਵੇਗਾ ਅਤੇ ਇਹ ਪੱਛਮੀ ਮਹਾਰਾਸ਼ਟਰ ਵਿਚ ਸ਼ਰਦ ਪਵਾਰ ਅਤੇ ਅਜੀਤ ਪਵਾਰ ਲਈ ਅਸਲ ਪ੍ਰੀਖਿਆ ਹੋਵੇਗੀ।

ਉੱਤਰ ਪ੍ਰਦੇਸ਼ ਦੀਆਂ 9 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ : ਚੋਣ ਕਮਿਸ਼ਨ ਨੇ 13 ਨਵੰਬਰ ਨੂੰ ਉੱਤਰ ਪ੍ਰਦੇਸ਼ ਦੀਆਂ 9 ਵਿਧਾਨ ਸਭਾ ਸੀਟਾਂ ’ਤੇ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਪਰ ‘ਇੰਡੀਆ’ ਗੱਠਜੋੜ ਦੀ ਸਹਿਯੋਗੀ ਕਾਂਗਰਸ ਅਤੇ ਸਪਾ ਵਿਚਾਲੇ ਅਜੇ ਤੱਕ ਸੀਟਾਂ ਦੀ ਵੰਡ ’ਤੇ ਕੋਈ ਸਮਝੌਤਾ ਨਹੀਂ ਹੋਇਆ ਹੈ। ਸੋਮਵਾਰ ਨੂੰ ਦੋਵਾਂ ਪਾਰਟੀਆਂ ਦੀ ਚੋਟੀ ਦੀ ਲੀਡਰਸ਼ਿਪ ਵਿਚਾਲੇ ਮੀਟਿੰਗ ਹੋਈ, ਜਿਸ ’ਚ ਕਾਂਗਰਸ ਹੁਣ 3 ਸੀਟਾਂ ਦੀ ਮੰਗ ਕਰ ਰਹੀ ਹੈ ਪਰ ਸਪਾ ਰਿਸ਼ਤੇ ਬਚਾਉਣ ਲਈ ਗਾਜ਼ੀਆਬਾਦ ਤੇ ਖੈਰ ਵਰਗੀਆਂ 2 ਤੋਂ ਵੱਧ ਸੀਟਾਂ ਦੇਣ ਨੂੰ ਤਿਆਰ ਨਹੀਂ ਹੈ।

ਸੂਬਾ ਪ੍ਰਧਾਨ ਅਜੈ ਰਾਏ ਅਤੇ ਹੋਰ ਕਾਂਗਰਸੀ ਨੇਤਾਵਾਂ ਨੇ ਉਪ ਚੋਣਾਂ ਲਈ ਟਿਕਟਾਂ ਦੀ ਵੰਡ ’ਤੇ ਚਿੰਤਾਵਾਂ ਨੂੰ ਘੱਟ ਕਰਦੇ ਹੋਏ ਸਪਾ ਨਾਲ ਗੱਠਜੋੜ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਦੋਵੇਂ ਪਾਰਟੀਆਂ ਮੁਸਲਿਮ ਅਤੇ ਦਲਿਤ ਵੋਟਰਾਂ ਨੂੰ ਆਪਣੇ ਹੱਕ ’ਚ ਕਰਨ ਦੀ ਦੌੜ ’ਚ ਹਨ, ਖਾਸ ਕਰ ਕੇ ਫੂਲਪੁਰ, ਮੀਰਾਪੁਰ ਅਤੇ ਮਝਵਾਂ ਵਰਗੀਆਂ ਸੀਟਾਂ ’ਤੇ।

ਇਨ੍ਹਾਂ ਉਪ-ਚੋਣਾਂ ਦੇ ਨਤੀਜੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਦ੍ਰਿਸ਼ ਨੂੰ ਰੂਪ ਦੇ ਸਕਦੇ ਹਨ। ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਜਾਂ ਪ੍ਰਿਅੰਕਾ ਗਾਂਧੀ ਵਲੋਂ ਸੀਟ ਵੰਡ ਦੇ ਮੁੱਦੇ ’ਤੇ ਅੰਤਿਮ ਫੈਸਲਾ ਲੈਣ ਤੋਂ ਬਾਅਦ ਅੰਤਿਮ ਫੈਸਲਾ ਹੋਣ ਦੀ ਉਮੀਦ ਹੈ।

ਝਾਰਖੰਡ ’ਚ ਐੱਨ. ਡੀ. ਏ. ਅਤੇ ‘ਇੰਡੀਆ’ ਬਲਾਕ ’ਚ ਸਿੱਧਾ ਮੁਕਾਬਲਾ : ਝਾਰਖੰਡ ਵਿਧਾਨ ਸਭਾ ਚੋਣਾਂ ’ਚ ਜੇ. ਐੱਮ. ਐੱਮ. ਦੀ ਅਗਵਾਈ ਵਾਲੇ ‘ਇੰਡੀਆ’ ਬਲਾਕ ਅਤੇ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਵਿਚਕਾਰ ਸਿੱਧਾ ਮੁਕਾਬਲਾ ਹੈ। ਹਾਲਾਂਕਿ ਦੋਵਾਂ ਗੱਠਜੋੜਾਂ ਨੇ ਅਜੇ ਤੱਕ ਸੀਟ ਵੰਡ ਵਿਵਸਥਾ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ। ਜੇ. ਐੱਮ. ਐੱਮ. ਨੇ ਮਈਆ ਸਨਮਾਨ ਯੋਜਨਾ ਨੂੰ ਆਪਣੀ ਮੁਹਿੰਮ ਦਾ ਕੇਂਦਰ ਅਤੇ ਆਕਰਸ਼ਣ ਬਣਾਇਆ ਹੈ ਅਤੇ ਇਸ ਦੀ ਅਗਵਾਈ ਗਾਂਡੇਅ ਦੀ ਵਿਧਾਇਕਾ ਅਤੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਕਰ ਰਹੀ ਹੈ।

ਅਗਸਤ ਵਿਚ ਸ਼ੁਰੂ ਕੀਤੀ ਕਲਿਆਣ ਯੋਜਨਾ ਦੇ ਤਹਿਤ, 18 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਮਿਲਣਗੇ। (14 ਅਕਤੂਬਰ ਨੂੰ, ਕੈਬਨਿਟ ਨੇ ਰਾਸ਼ੀ ਵਿਚ 1000 ਰੁਪਏ ਦਾ ਵਾਧਾ ਕੀਤਾ)। ਇਹ ਯਕੀਨੀ ਬਣਾਉਣ ਲਈ ਕਿ ਲੋਕ ਸਕੀਮ ਤੋਂ ਜਾਣੂ ਹਨ ਅਤੇ ਜ਼ਮੀਨੀ ਪੱਧਰ ਤੋਂ ਫੀਡਬੈਕ ਪ੍ਰਾਪਤ ਕਰਨ ਲਈ, ਸੋਰੇਨ ਸਰਕਾਰ ਨੇ 2 ਅਕਤੂਬਰ ਨੂੰ ਸਮਾਪਤ ਹੋਈ ਭਾਜਪਾ ਦੀ ਪਰਿਵਰਤਨ ਯਾਤਰਾ ਦਾ ਮੁਕਾਬਲਾ ਕਰਨ ਲਈ 23 ਸਤੰਬਰ ਨੂੰ ਮਈਆ ਸਨਮਾਨ ਯਾਤਰਾ ਸ਼ੁਰੂ ਕੀਤੀ।

ਹੁਣ ਐੱਨ. ਚੰਦਰਬਾਬੂ ਨਾਇਡੂ ਨੇ ਵੀ ਜਾਤੀ ਮਰਦਮਸ਼ੁਮਾਰੀ ਦੀ ਹਮਾਇਤ ਕੀਤੀ : ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਲਗਭਗ 90 ਫੀਸਦੀ ਆਬਾਦੀ ਦੇ ਸਿਸਟਮ ਤੋਂ ਬਾਹਰ ਰਹਿ ਜਾਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਦੇਸ਼ਵਿਆਪੀ ਮਰਦਮਸ਼ੁਮਾਰੀ ਲਈ ਗੰਭੀਰ ਵਕਾਲਤ ਕਰ ਰਹੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਇਹ ਮਰਦਮਸ਼ੁਮਾਰੀ ਪ੍ਰਭਾਵਸ਼ਾਲੀ ਨੀਤੀ ਬਣਾਉਣ ਲਈ ਜ਼ਰੂਰੀ ਹੈ, ਕਿਉਂਕਿ ਇਸ ਨਾਲ ਦਲਿਤਾਂ, ਓ. ਬੀ. ਸੀ. ਅਤੇ ਆਦਿਵਾਸੀਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਦੀ ਪਛਾਣ ਕਰਨ ਵਿਚ ਮਦਦ ਮਿਲੇਗੀ।

ਉਹ ਕੇਂਦਰ ’ਤੇ ਦੇਸ਼ਵਿਆਪੀ ਜਾਤੀ ਸਰਵੇਖਣ ਕਰਵਾਉਣ ਲਈ ਦਬਾਅ ਪਾ ਰਹੇ ਹਨ। ਹੁਣ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ, ਜੋ ਭਾਜਪਾ ਦੇ ਮੁੱਖ ਸਹਿਯੋਗੀ ਰਹੇ ਹਨ, ਨੇ ਵੀ ਜਾਤੀ ਮਰਦਮਸ਼ੁਮਾਰੀ ਦੀ ਹਮਾਇਤ ਕਰਦੇ ਹੋਏ ਕਿਹਾ ਹੈ ਕਿ ਇਹ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ।

ਭਾਜਪਾ ਦੇ ਸਹਿਯੋਗੀ ਅਜੀਤ ਪਵਾਰ, ਚਿਰਾਗ ਪਾਸਵਾਨ ਅਤੇ ਅਨੂਪ੍ਰਿਆ ਪਟੇਲ ਨੇ ਵੀ ਦੇਸ਼ਵਿਆਪੀ ਜਾਤੀ ਮਰਦਮਸ਼ੁਮਾਰੀ ਦੀ ਵਕਾਲਤ ਕੀਤੀ ਹੈ। ਇਸ ਦੌਰਾਨ ਬਿਹਾਰ ਦੇ ਵਿਰੋਧੀ ਧਿਰ ਦੇ ਆਗੂ (ਐੱਲ. ਓ. ਪੀ.) ਤੇਜਸਵੀ ਯਾਦਵ ਨੇ ਬਿਹਾਰ ਲਈ ਵਿਸ਼ੇਸ਼ ਦਰਜੇ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਆਲੋਚਨਾ ਕੀਤੀ।

ਰਾਹਿਲ ਨੋਰਾ ਚੋਪੜਾ


author

Rakesh

Content Editor

Related News