ਕੋਰੋਨਾ ਤੋਂ ਬਚਾਅ ਲਈ ਕਨਿਕਾ ਵਰਗਿਆਂ ’ਤੇ ਲੱਗੇ ਰਾਸੁਕਾ

03/22/2020 2:03:38 AM

ਵਿਰਾਗ ਗੁਪਤਾ

ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਜਨਤਾ ਕਰਫਿਊ ਦੀ ਅਪੀਲ ਦਾ ਪੂਰੇ ਦੇਸ਼ ’ਚ ਪਾਲਣ ਹੋ ਰਿਹਾ ਹੈ। ਕੋਰੋਨਾ ਬਾਰੇ ਸੱਚ ਤੋਂ ਵੱਧ ਅਫਵਾਹ ਅਤੇ ਵਿਵਾਦ ਹਨ ਪਰ ਇਸ ਗੱਲ ’ਤੇ ਸਾਰੇ ਇਕਮਤ ਹਨ ਕਿ ਮਹਾਮਾਰੀ ਦਾ ਇਹ ਵਾਇਰਸ ਵਿਦੇਸ਼ਾਂ ਤੋਂ ਭਾਰਤ ’ਚ ਆ ਰਿਹਾ ਹੈ। ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀ ਕਰਤੂਤ ਨਾਲ ਦੇਸ਼ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ’ਚ ਅਨੇਕ ਮੰਤਰੀਆਂ ਦੇ ਨਾਲ ਦੂਸਰੇ ਸੂਬਿਆਂ ਦੇ ਸੰਸਦ ਮੈਂਬਰ ਵੀ ਹੁਣ ਸ਼ੱਕ ਦੇ ਘੇਰੇ ’ਚ ਆ ਗਏ ਹਨ। ਉੱਤਰ ਪ੍ਰਦੇਸ਼ ’ਚ ਪੁਲਸ ਅਤੇ ਸੀ. ਐੱਮ. ਓ. ਵਲੋਂ ਕਨਿਕਾ ਕਪੂਰ ਦੇ ਵਿਰੁੱਧ ਆਈ. ਪੀ. ਸੀ. ਦੀ ਧਾਰਾ 188, 269 ਅਤੇ 270 ਦੇ ਤਹਿਤ ਚਾਰ ਐੱਫ. ਆਈ. ਆਰਜ਼ ਦਰਜ ਕਰਾਈਆਂ ਗਈਆਂ ਹਨ। ਹਲਕੀਆਂ ਧਾਰਾਵਾਂ ’ਚ ਦਰਜ ਅਜਿਹੇ ਮਾਮਲਿਆਂ ’ਚ ਤੁਰੰਤ ਜ਼ਮਾਨਤ ਿਮਲਣ ਦੇ ਨਾਲ ਵੱਧ ਤੋਂ ਵੱਧ ਦੋ ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਕਨਿਕਾ ਕਪੂਰ ਵਰਗੀ ਗੈਰ-ਜ਼ਿੰਮੇਵਾਰ ਸੈਲੀਬ੍ਰਿਟੀ ਦੀ ਮਨਮੌਜੀ ਫ੍ਰੀਡਮ ਲਈ ਕਰੋੜਾਂ ਲੋਕਾਂ ਦੇ ਮੌਲਿਕ ਅਧਿਕਾਰ ਦਾ ਘਾਣ ਨਹੀਂ ਕੀਤਾ ਜਾ ਸਕਦਾ। ਯੂ. ਪੀ. ਦੇ ਮੁੱਖ ਮੰਤਰੀ ਆਪਣੀ ਪ੍ਰਸ਼ਾਸਨਿਕ ਸ਼ਕਤੀ ਲਈ ਮਸ਼ਹੂਰ ਹਨ। ਕਨਿਕਾ ਕਪੂਰ ਵਿਰੁੱਧ ਜੇਕਰ ਸਖਤੀ ਨਾ ਹੋਈ ਤਾਂ ਉਹ ਬਿੱਗ ਬੌਸ ’ਚ ਹਿੱਸਾ ਲੈਣ ਵਾਲਿਆਂ ਵਾਂਗ ਇਸ ਵਿਵਾਦ ਦਾ ਫਾਇਦਾ ਉਠਾ ਕੇ ਬਹੁਤ ਜ਼ਿਆਦਾ ਚਰਚਿਤ ਅਤੇ ਸਫਲ ਹੋ ਜਾਵੇਗੀ। ਕਨਿਕਾ ਕਪੂਰ ਵਰਗੇ ਕਈ ਹੋਰ ਵੀ ਹਨ। ਕਨਿਕਾ ਦੇ ਨਾਲ ਪਾਰਟੀ ਕਰਨ ਵਾਲੇ ਸਾਬਕਾ ਸੰਸਦ ਮੈਂਬਰ ਅਕਬਰ ਅਹਿਮਦ ਡੰਪੀ ਅਜੇ ਵੀ ਸ਼ਰੇਆਮ ਘੁੰਮ ਰਹੇ ਹਨ। ਸੈਲੀਬ੍ਰਿਟੀਜ਼ ਦੀ ਪਾਰਟੀ ’ਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਸਰਬ ਧਰਮ ਸਮਭਾਵ ਨਾਲ ਸ਼ਾਮਲ ਹੋ ਕੇ ਲੋਕਾਂ ਦੀ ਸੇਵਾ ਦੀ ਨਵੀਂ ਮਿਸਾਲ ਪੇਸ਼ ਕਰਦੇ ਹਨ। ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਸਮੇਤ ਕਈ ਲੋਕਾਂ ਦਾ ਕੋਰੋਨਾ ਟੈਸਟ ਅਜੇ ਬੇਸ਼ੱਕ ਨੈਗੇਟਿਵ ਆਇਆ ਹੈ ਪਰ ਇਸ ਵਾਇਰਸ ਦਾ ਅਸਰ ਕਈ ਵਾਰ ਦੋ ਹਫਤਿਆਂ ਬਾਅਦ ਹੀ ਦਿਸਦਾ ਹੈ। ਕਨਿਕਾ ਕਪੂਰ ਦੀ ਪਾਰਟੀ ’ਚ ਗਏ ਭਾਜਪਾ ਦੇ ਸੰਸਦ ਮੈਂਬਰ ਦੁਸ਼ਯੰਤ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਹੁਣ ਇਕਾਂਤਵਾਸ ’ਚ ਚਲੇ ਗਏ ਹਨ ਪਰ ਉਨ੍ਹਾਂ ਦੀ ਲਾਪਰਵਾਹੀ ਨਾਲ ਅਨੇਕ ਸੰਸਦ ਮੈਂਬਰ ਅਤੇ ਰਾਸ਼ਟਰਪਤੀ ਇਨਫੈਕਸ਼ਨ ਦੇ ਘੇਰੇ ’ਚ ਆ ਗਏ ਹਨ। ਟੀ. ਆਰ. ਐੱਸ. ਦੇ ਵਿਧਾਇਕ ਅਤੇ ਕਈ ਹੋਰ ਸਿਆਸੀ ਆਗੂਆਂ ਨੇ ਵੀ ਲੋਕ ਵਿਰੋਧੀ ਆਚਰਣ ਕੀਤਾ ਹੈ, ਜਿਸ ਨੂੰ ਦੇਖ ਕੇ ਕੋਈ ਦੂਜੇ ਲੋਕ ਹਸਪਤਾਲਾਂ ਅਤੇ ਏਅਰਪੋਰਟ ਤੋਂ ਭੱਜ ਰਹੇ ਹਨ। ਮੱਧ ਪ੍ਰਦੇਸ਼ ਵਿਚ ਸੱਤਾ ਦੀ ਮਲਾਈ ਲਈ ਵਿਆਕੁਲ ਨੇਤਾਵਾਂ ਨੇ ਤਾਂ ਭੀੜ ਦੇ ਨਾਲ ਸ਼ਕਤੀ ਪ੍ਰਦਰਸ਼ਨ ਕਰਨ ਤੋਂ ਬਾਅਦ ਰਾਤ ਨੂੰ ਵਿਧਾਇਕਾਂ ਨਾਲ ਸਮੂਹਿਕ ਡਿਨਰ ਵੀ ਕਰ ਲਿਆ। ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਸੰਕਲਪ ਅਤੇ ਠਰ੍ਹੰਮੇ ਦੀ ਗੱਲਬਾਤ ਕਰ ਰਹੇ ਹੋਣ, ਉਸ ਸਮੇਂ ਸਿਆਸੀ ਆਗੂਆਂ ਅਤੇ ਸੈਲੀਬ੍ਰਿਟੀਜ਼ ਦਾ ਅਜਿਹਾ ਵਤੀਰਾ ਦੇਸ਼ ਵਿਰੋਧੀ ਹੀ ਮੰਨਿਆ ਜਾ ਸਕਦਾ ਹੈ। ਅਜਿਹੇ ਲੋਕਾਂ ਲਈ ਰਾਜੇਸ਼ ਕਵੀ ਨੇ ਖੂਬ ਲਿਖਿਆ ਹੈ, ‘‘ਦੇਸ਼ ਕੀ ਅੱਛੀ ਹਿਫਾਜ਼ਤ ਕਰ ਰਹੇ ਹੋ, ਖੇਤ ਵਿਧਵਾ ਕਾ ਸਮਝਕਰ ਚਰ ਰਹੇ ਹੋ।’’

ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ’ਚ ਜਨਤਕ ਥਾਵਾਂ ’ਤੇ ਰੋਸ ਵਿਖਾਵਾ ਅਤੇ ਭੰਨ-ਤੋੜ ਕਰਨ ਵਾਲਿਆਂ ਵਿਰੁੱਧ ਯੋਗੀ ਸਰਕਾਰ ਨੇ ਉਨ੍ਹਾਂ ਦੇ ਪੋਸਟਰ ਲਗਵਾ ਕੇ ਭਾਰੀ ਜੁਰਮਾਨਾ ਵਸੂਲਣ ਦੀ ਕਾਰਵਾਈ ਸ਼ੁਰੂ ਕੀਤੀ ਸੀ। ਜਨਤਕ ਭੰਨ-ਤੋੜ ’ਚ ਸਿਰਫ ਜਾਇਦਾਦ ਦਾ ਹੀ ਨੁਕਸਾਨ ਹੁੰਦਾ ਹੈ, ਜਿਸ ਦੀ ਪੂਰਤੀ ਆਸਾਨ ਹੈ ਪਰ ਅਪਰਾਧਿਕ ਲਾਪਰਵਾਹੀ ਨਾਲ ਕੋਰੋਨਾ ਵਾਇਰਸ ਦੇ ਵਿਸਤਾਰ ਨਾਲ ਸਮਾਜ ਅਤੇ ਦੇਸ਼ ਦੋਵਾਂ ਦੀ ਸੁਰੱਖਿਆ ਦੇ ਨਾਲ ਖਿਲਵਾੜ ਮੰਨਿਆ ਜਾਣਾ ਚਾਹੀਦਾ ਹੈ। ਕੋਰੋਨਾ ਦੇ ਇਨਫੈਕਟਿਡ ਵਾਇਰਸ ਨੂੰ ਜਾਣੇ-ਅਣਜਾਣੇ ਵਧਾਉਣ ਵਾਲੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਸਮਝਣ, ਇਸ ਲਈ ਜ਼ਰੂਰੀ ਹੈ ਕਿ ਕਨਿਕਾ ਕਪੂਰ ਵਰਗੇ ਲੋਕਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਵੇ। ਉੱਤਰ ਪ੍ਰਦੇਸ਼ ਸਰਕਾਰ ਨੇ ਅਨੇਕ ਦੰਗਾਕਾਰੀਆਂ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ ਅਤੇ ਰਾਸੁਕਾ ਗੈਂਗਸਟਰ ਐਕਟ ਲਾਇਆ। ਉਸੇ ਤਰਜ਼ ’ਤੇ ਕਨਿਕਾ ਕਪੂਰ ਵਿਰੁੱਧ ਵੀ ਜੇਕਰ ਕਾਰਵਾਈ ਹੋਵੇ ਤਾਂ ਅਮੀਰਜ਼ਾਦਿਆਂ ਦੀ ਬੇਸ਼ਰਮੀ ਦਾ ਮੁਖੌਟਾ ਬੇਨਕਾਬ ਹੋ ਜਾਵੇਗਾ। ਵਿਦੇਸ਼ਾਂ ਤੋਂ ਦਰਾਮਦ ਇਹ ਸੰਕਟ ਅੱਗੇ ਚੱਲ ਕੇ ਹੋਰ ਡੂੰਘਾ ਹੋਣਾ ਹੀ ਹੈ। ਕੇਂਦਰ ਸਰਕਾਰ ਨੇ ਆਉਣ ਵਾਲੀਆਂ ਕੌਮਾਂਤਰੀ ਉਡਾਣਾਂ ’ਤੇ ਥੋੜ੍ਹੇ ਸਮੇਂ ਦੀ ਰੋਕ ਲਾ ਦਿੱਤੀ ਹੈ, ਇਸ ਦੇ ਬਾਵਜੂਦ ਵਿਦੇਸ਼ਾਂ ਤੋਂ ਆ ਚੁੱਕੇ ਲੋਕ ਭਾਰਤ ਵਿਚ ਮਹਾਮਾਰੀ ਦਾ ਵਿਸਤਾਰ ਕਰ ਰਹੇ ਹਨ। ਕਨਿਕਾ ਕਪੂਰ ਵਰਗੀਆਂ ਅਮੀਰਜ਼ਾਦੀਆਂ ਵਲੋਂ ਵਿਦੇਸ਼ਾਂ ਤੋਂ ਲਿਆਂਦੀ ਗਈ ਬੀਮਾਰੀ ਦਾ ਬੋਝ ਦੇਸ਼ ਦੇ ਕਰੋੜਾਂ ਗਰੀਬ ਲੋਕ ਕਿਉਂ ਚੁੱਕਣ? ਜੋ ਬੀਮਾਰੀ ਦੇ ਵਾਹਕ ਹਨ, ਉਨ੍ਹਾਂ ਨੂੰ ਜਾਂ ਤਾਂ ਵਿਦੇਸ਼ਾਂ ਤੋਂ ਆਉਣ ਨਾ ਦਿੱਤਾ ਜਾਵੇ ਜਾਂ ਫਿਰ ਉਨ੍ਹਾਂ ਨੂੰ ਭਾਰਤ ਵਿਚ ਹੀ ਦੂਰ-ਦੁਰਾਡੀਆਂ ਥਾਵਾਂ ’ਤੇ ਅਲੱਗ-ਥਲੱਗ ਰੱਖਿਆ ਜਾਵੇ। ਇਸ ਬੀਮਾਰੀ ਦਾ ਵਿਗਿਆਨੀ ਅਤੇ ਡਾਕਟਰ ਜਲਦ ਹੀ ਇਲਾਜ ਲੱਭ ਲੈਣਗੇ ਪਰ ਉਦੋਂ ਤਕ ਇਸ ਦੇ ਡਰ ਤੋਂ ਪੈਦਾ ਹੋ ਰਹੇ ਸੰਕਟ ਨਾਲ ਵੱਡੀ ਆਬਾਦੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਮਾਜ ਅਤੇ ਸਰਕਾਰ ਦੋਵਾਂ ਦੀ ਹੈ। ਇਹ ਸੰਕਟ ਜੇਕਰ ਲੰਬਾ ਚੱਲਿਆ ਤਾਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਕਰੋੜਾਂ ਕਿਸਾਨ ਅਤੇ ਅਸੰਗਠਿਤ ਖੇਤਰ ਦੇ ਕਾਮੇ, ਬੀਮਾਰੀ ਦੀ ਬਜਾਏ ਆਰਥਿਕ ਸੰਕਟ ਨਾਲ ਤਬਾਹ ਹੋ ਸਕਦੇ ਹਨ। ਕੇਰਲ ਸਰਕਾਰ ਨੇ ਇਸ ਬੀਮਾਰੀ ਨਾਲ ਨਜਿੱਠਣ ਲਈ 20 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਯੋਗੀ ਸਰਕਾਰ ਨੇ ਦਿਹਾੜੀ ਮਜ਼ਦੂਰਾਂ ਅਤੇ ਅਸੰਗਠਿਤ ਖੇਤਰ ਦੇ 35 ਲੱਖ ਲੋਕਾਂ ਨੂੰ ਰਾਹਤ ਦੇਣ ਲਈ 1 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ, 35 ਸੌ ਕਰੋੜ ਰਪਏ ਦੀ ਇਹ ਰਕਮ ਅਸੰਗਠਿਤ ਖੇਤਰ ਦੇ ਲੱਖਾਂ ਲੋਕਾਂ ਲਈ ਕਾਫੀ ਨਹੀਂ, ਜੋ ਨੋਟਬੰਦੀ ਤੋਂ ਬਾਅਦ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ। ਕਨਿਕਾ ਨੇ ਜਿਸ ਤਾਜ ਹੋਟਲ ਵਿਚ ਪਾਰਟੀ ਕੀਤੀ ਸੀ, ਉਸ ਨੂੰ ਸਰਕਾਰ ਨੇ ਬੰਦ ਕਰਵਾ ਦਿੱਤਾ ਹੈ। ਕਾਨਪੁਰ ਅਤੇ ਲਖਨਊ ’ਚ ਕਨਿਕਾ ਕਪੂਰ ਜਿਹੜੀਆਂ ਥਾਵਾਂ ’ਤੇ ਗਈ, ਉੱਥੇ ਵੱਡੇ ਪੈਮਾਨੇ ’ਤੇ ਜਨਤਾ ਦੇ ਪੈਸੇ ਨਾਲ ਲਾਕਡਾਊਨ ਹੋ ਰਿਹਾ ਹੈ। ਲੋੜ ਇਸ ਗੱਲ ਦੀ ਹੈ ਕਿ ਰਾਸ਼ਟਰੀ ਸੰਕਟ ਦੀ ਘੜੀ ’ਚ ਸੂਬਿਆਂ ਦੇ ਨਾਲ ਕੇਂਦਰ ਇਕ ਤਾਲਮੇਲ ਦੀ ਨੀਤੀ ਅਪਣਾਵੇ। ਸੂਬਾ ਅਤੇ ਕੇਂਦਰ ਸਰਕਾਰ ਕੋਲ ਸ੍ਰੋਤਾਂ ਦੀਆਂ ਆਰਥਿਕ ਹੱਦਾਂ ਹਨ। ਬੀਮਾਰੀ ਵਧਾਉਣ ਵਾਲੇ ਅਮੀਰਜ਼ਾਦਿਆਂ ’ਤੇ ਸਖਤ ਅਪਰਾਧਿਕ ਕਾਰਵਾਈ ਦੇ ਨਾਲ ਭਾਰੀ ਜੁਰਮਾਨੇ ਦੀ ਵਸੂਲੀ ਹੋਵੇ ਤਾਂ ਉਸ ਨਾਲ ਆਮ ਜਨਤਾ ਦੀ ਨਰੇਗਾ ਅਤੇ ਮਿਡ-ਡੇ ਮੀਲ ਦੀ ਤਰਜ਼ ’ਤੇ ਕੋਰੋਨਾ ਰਾਹਤ ਯੋਜਨਾਵਾਂ ਸ਼ੁਰੂ ਹੋ ਸਕਦੀਅਾਂ ਹਨ। ਕੋਰੋਨਾ ਨਾਲ ਨਜਿੱਠਣ ਲਈ ਜਨਤਾ ਕਰਫਿਊ ਵਰਗੇ ਕਈ ਉਪਾਵਾਂ ’ਤੇ ਅਮਲ ਲਈ ਸਥਾਨਕ ਪ੍ਰਸ਼ਾਸਨ ਅਤੇ ਸੂਬਿਆਂ ਅਤੇ ਕੇਂਦਰ ਵਲੋਂ ਅਨੇਕ ਹੁਕਮ ਪਾਸ ਕੀਤੇ ਜਾ ਰਹੇ ਹਨ। ਇਨ੍ਹਾਂ ’ਚੋਂ ਕਈ ਹੁਕਮ ਸੀ. ਆਰ. ਪੀ. ਸੀ. ਦੀ ਧਾਰਾ 144 ਦੇ ਤਹਿਤ ਪੁਲਸ ਜਾਂ ਮੈਜਿਸਟਰੇਟ ਵਲੋਂ ਜਾਰੀ ਹੋ ਰਹੇ ਹਨ, ਜਿਸ ਦੇ ਤਹਿਤ ਭੀੜ ਨੂੰ ਰੋਕਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ 123 ਸਾਲ ਪੁਰਾਣੇ ਐਪੀਡੈਮਿਕ ਡਿਜ਼ੀਜ਼ ਐਕਟ 1897 ਦੀਆਂ ਧਾਰਾਵਾਂ ਤਹਿਤ ਸਰਕਾਰਾਂ ਨੇ ਅਨੇਕ ਨੋਟੀਫਿਕੇਸ਼ਨ ਜਾਰੀ ਕੀਤੇ ਹਨ। ਅੰਗਰੇਜ਼ੀ ਸਾਮਰਾਜ ਦੇ ਸਮੇਂ ਦੇ ਇਸ ਕਾਨੂੰਨ ਨਾਲ ਸਵਾਈਨ ਫਲੂ, ਹੈਜ਼ਾ, ਮਲੇਰੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਦੀ ਰੋਕਥਾਮ ਦੇ ਯਤਨ ਕੁਝ ਸੂਬਿਆਂ ’ਚ ਹੋ ਚੁੱਕੇ ਹਨ ਪਰ ਕੋਰੋਨਾ ਵਰਗੀ ਕੌਮਾਂਤਰੀ ਇਨਫੈਕਸ਼ਨ ਦੀ ਮਹਾਮਾਰੀ ਨਾਲ ਪੂਰੇ ਭਾਰਤ ’ਚ ਨਜਿੱਠਣ ਲਈ 2 ਸਦੀਆਂ ਪੁਰਾਣਾ ਕਾਨੂੰਨ ਨਾਕਾਫੀ ਦਿਸਦਾ ਹੈ। ਇਸ ਦੇ ਲਈ ਹੁਣ ਨਵੀਂ ਐਮਰਜੈਂਸੀ ਵਿਵਸਥਾ ਬਣਾਉਣ ਦੀ ਲੋੜ ਹੈ, ਜਿਸ ਨਾਲ ਦੇਸ਼, ਸਮਾਜ ਅਤੇ ਅਰਥਵਿਵਸਥਾ ਨੂੰ ਹੋਰ ਿਡਗਣ ਤੋਂ ਬਚਾਇਆ ਜਾ ਸਕਦਾ ਹੈ।

ਕੋਰੋਨਾ ਸੰਕਟ ਵਿਸ਼ਵ ਜੰਗ ਦੇ ਸੰਕਟ ਤੋਂ ਵੀ ਵੱਡਾ ਹੈ ਕਿਉਂਕਿ ਗਲੋਬਲ ਵਿਲੇਜ ਦੇ ਨੈੱਟਵਰਕ ’ਚ ਪੂਰੀ ਮਾਨਵਤਾ ਹੀ ਇਸ ਸੰਕਟ ਦੇ ਕੇਂਦਰ ਵਿਚ ਆ ਗਈ ਹੈ। ਕੋਰੋਨਾ ਬੀਮਾਰੀ ਨੂੰ ਜੇਕਰ ਗਲੋਬਲ ਵਿਲੇਜ ’ਚ ਸ਼ਤਰੰਜ ਦੀ ਖੇਡ ਮੰਨੀ ਜਾਵੇ ਤਾਂ ਇਸ ਦੇ ਰਾਜਾ ਅਤੇ ਵਜ਼ੀਰ ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਵਿਚ ਬੈਠੇ ਹਨ। ਭਾਰਤ ਵਰਗੇ ਦੇਸ਼ ਦੀ ਵੱਡੀ ਆਬਾਦੀ ਮਹਾਮਾਰੀ ਦੀ ਇਸ ਖੇਡ ’ਚ ਸਿਰਫ ਪਿਆਦਾ ਬਣ ਕੇ ਸਿਮਟ ਰਹੀ ਹੈ। ਭਾਰਤ ਦੀ ਆਮ ਜਨਤਾ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਕਰੋੜਾਂ ਲੋਕ ਛੱਪੜ ਦਾ ਪਾਣੀ ਪੀ ਕੇ ਵੀ ਤੰਦਰੁਸਤ ਰਹਿੰਦੇ ਹਨ ਪਰ ਕੋਰੋਨਾ ਦਾ ਅਗਿਆਤ ਡਰ ਅਤੇ ਸੋਸ਼ਲ ਮੀਡੀਆ ਨਾਲ ਫੈਲ ਰਹੀਆਂ ਅਫਵਾਹਾਂ ਲੋਕਾਂ ਨੂੰ ਬੀਮਾਰੀ ਤੋਂ ਪਹਿਲਾਂ ਹੀ ਮਾਰ ਰਹੀਅਾਂ ਹਨ। ਇਸ ਬੀਮਾਰੀ ਦਾ ਜਿੰਨਾ ਜ਼ਿਆਦਾ ਭੜਥੂ ਪਿਆ ਹੈ, ਡਰ ਕਾਰਣ ਦਿੱਲੀ ਵਿਚ ਇਕ ਸ਼ੱਕੀ ਮਰੀਜ਼ ਨੇ ਹਸਪਤਾਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਭਾਰਤ ਵਿਚ ਸਰਕਾਰੀ ਦਫਤਰਾਂ ਅਤੇ ਅਦਾਲਤਾਂ ’ਚ ਸਿਰਫ ਸੁਪਰ ਐਮਰਜੈਂਸੀ ਦੇ ਕੰਮ ਹੋ ਰਹੇ ਹਨ ਤਾਂ ਹੁਣ ਆਮ ਜਨਤਾ ਦੀ ਸੁਰੱਖਿਆ ਲਈ ਸਮਾਜ ਅਤੇ ਸਰਕਾਰ ਦੋਵਾਂ ਨੂੰ ਵਿਸ਼ੇਸ਼ ਤੌਰ ’ਤੇ ਸੁਚੇਤ ਰਹਿਣਾ ਹੋਵੇਗਾ। ਕਾਨੂੰਨੀ ਨੁਕਤਾਚੀਨੀ ਅਤੇ ਅਫਵਾਹਾਂ ਤੋਂ ਪਰ੍ਹੇ ਜਾ ਕੇ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਕੋਰੋਨਾ ਦੀ ਮਹਾਮਾਰੀ ਅਤੇ ਇਸ ਦੀ ਦਹਿਸ਼ਤ ਤੋਂ ਲੋਕਾਂ ਨੂੰ ਹਰ ਤਰ੍ਹਾਂ ਬਚਾਇਆ ਜਾਵੇ ਕਿਉਂਕਿ ਜਾਨ ਹੈ ਤਾਂ ਜਹਾਨ ਹੈ।


Bharat Thapa

Content Editor

Related News