ਈਰਾਨ-ਪਾਕਿਸਤਾਨ ‘ਝਗੜਾ’ ਇੰਨੀ ਜਲਦੀ ਸੁਲਝਣ ਦੇ ਪਿੱਛੇ ਰੂਸ ਦਾ ਹੱਥ?
Monday, Jan 22, 2024 - 03:37 AM (IST)
1979 ਦੀ ਕ੍ਰਾਂਤੀ ਨੇ ਈਰਾਨ ਨੂੰ ਇਕ ਸ਼ੀਆ ਮੁਸਲਿਮ ਧਾਰਮਿਕ ਸ਼ਾਸਨ ਪ੍ਰਣਾਲੀ ’ਤੇ ਆਧਾਰਿਤ (ਧਰਮ ਤੰਤਰ) ਦੇਸ਼ ਬਣਾ ਦਿੱਤਾ ਜੋ ਹੁਣ ਪੂਰੀ ਦੁਨੀਆ ’ਚ ਅਲੱਗ-ਥਲੱਗ ਪੈ ਜਾਣ ਕਾਰਨ ਖੁਦ ਨੂੰ ਘਿਰਿਆ ਹੋਇਆ ਮਹਿਸੂਸ ਕਰ ਰਿਹਾ ਹੈ।
ਈਰਾਨ ਫਾਰਸ ਦੀ ਖਾੜੀ ’ਚ ਖੁਦ ਨੂੰ ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ ਵਜੋਂ ਦੇਖਦਾ ਹੈ, ਜਿੱਥੇ ਉਸ ਦਾ ਮੁੱਖ ਵਿਰੋਧੀ ਅਮਰੀਕਾ ਦਾ ਸਹਿਯੋਗੀ ਅਤੇ ਮੁੱਖ ਸੁੰਨੀ ਬਹੁ-ਗਿਣਤੀ ਮੁਸਲਿਮ ਦੇਸ਼ ਸਾਊਦੀ ਅਰਬ ਹੈ। ਈਰਾਨ ਦੇ ਹਾਕਮ ਅਮਰੀਕਾ ਅਤੇ ਇਜ਼ਰਾਈਲ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਹਨ।
ਕਈ ਦਹਾਕਿਆਂ ਤੋਂ ਈਰਾਨ ਆਪਣੇ ਦੁਸ਼ਮਣਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ’ਚ ਲੱਗਾ ਹੈ, ਜਿਸ ਲਈ ਉਹ ਪੱਛਮੀ ਏਸ਼ੀਆ ’ਚ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਦੀ ਫੌਜ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦਾ ਹੈ।
ਈਰਾਨ ਕਿਸੇ ਵੀ ਧੜੇ ਲਈ ਹਥਿਆਰ ਨਹੀਂ ਉਠਾਉਂਦਾ ਪਰ ਉਨ੍ਹਾਂ ਨੂੰ ਆਰਥਿਕ ਮਦਦ ਦਿੰਦਾ ਹੈ। ਇਸੇ ਲੜੀ ’ਚ ਉਹ ਲਿਬਨਾਨ, ਇਰਾਕ ਅਤੇ ਯਮਨ ’ਚ ਸ਼ੀਆ ਸਮੂਹਾਂ ਅਤੇ ਫਿਲਸਤੀਨ ਦੀ ਗਾਜ਼ਾ ਪੱਟੀ ’ਚ ਇਜ਼ਰਾਈਲ ਵਿਰੋਧੀ ਸੁੰਨੀ ਹਮਾਸ ਅਤੇ ਹਿਜ਼ਬੁੱਲਾ ਨੂੰ ਸਹਾਇਤਾ ਦਿੰਦਾ ਹੈ। ਉਸ ਨੇ ਦੁਸ਼ਮਣਾਂ ਨਾਲ ਲੜਨ ਲਈ ਹਥਿਆਰਾਂ ਦੀ ਮਦਦ ਅਤੇ ਟ੍ਰੇਨਿੰਗ ਤੇ ਭਰਪੂਰ ਆਰਥਿਕ ਸਹਾਇਤਾ ਦਿੱਤੀ ਹੈ। ਇਸੇ ਕਾਰਨ ਅੱਜ ਹਰ ਥਾਂ ਇਸ ਦਾ ਕੋਈ ਨਾ ਕੋਈ ‘ਲਿੰਕ’ ਨਿਕਲ ਆਉਂਦਾ ਹੈ।
ਅਜੇ ਤੱਕ ਈਰਾਨ ਦੀ ਪਾਕਿਸਤਾਨ ਨਾਲ ਚੰਗੀ ਦੋਸਤੀ ਸੀ ਅਤੇ ਹਾਲ ਹੀ ’ਚ ਈਰਾਨ ਵੱਲੋਂ ਪਾਕਿਸਤਾਨ ’ਤੇ ਹਮਲੇ ਅਤੇ ਪਾਕਿਸਤਾਨ ਦੇ ਜਵਾਬੀ ਹਮਲੇ ਪਿੱਛੋਂ ਇਨ੍ਹਾਂ ਦੋਵਾਂ ਵੱਲੋਂ ਝਟਪਟ ਆਪਣਾ ਵਿਵਾਦ ਸੁਲਝਾ ਲੈਣ ’ਤੇ ਸਾਰੇ ਹੈਰਾਨ ਹਨ। ਇਸ ਦਾ ਕਾਰਨ ਇਹ ਹੈ ਕਿ ਈਰਾਨ ਸਰਕਾਰ ਨੂੰ ਸਾਲ 2024 ’ਚ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਸਰਕਾਰ ਵਿਰੁੱਧ ਪੈਦਾ ਹੋਣ ਵਾਲੀ ਬੇਚੈਨੀ ਨਾਲ ਦੇਸ਼ਵਾਸੀਆਂ ਦਾ ਧਿਆਨ ਬਾਹਰ ਦੇ ਦੁਸ਼ਮਣਾਂ ਵੱਲ ਭਟਕਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਸਵਾਲ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਈਰਾਨ ਨੇ ਪਾਕਿਸਤਾਨ ’ਤੇ ਹਮਲਾ ਕਿਉਂ ਕੀਤਾ ਜੋ ਇਕ ਮਿੱਤਰ ਦੇਸ਼ ਹੈ। ਹਾਲਾਂਕਿ ਹੁਣ ਈਰਾਨ ਅਤੇ ਪਾਕਿਸਤਾਨ ਇਕ ਦੂਜੇ ’ਤੇ ਬਲੋਚਿਸਤਾਨ ਦੇ ਅੱਤਵਾਦੀਆਂ ਵਿਰੁੱਧ ਢੁੱਕਵਾਂ ਕਦਮ ਨਾ ਉਠਾਉਣ ਦਾ ਦੋਸ਼ ਲਾਉਂਦੇ ਰਹੇ ਹਨ, ਜਦਕਿ ਬਲੋਚਿਸਤਾਨ 3 ਦੇਸ਼ਾਂ ਈਰਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ’ਚ ਵੰਡਿਆ ਹੋਇਆ ਹੈ, ਜਦਕਿ 1947 ’ਚ ਉਹ ਭਾਰਤ ’ਚ ਰਲੇਵਾਂ ਚਾਹੁੰਦਾ ਸੀ। ਬਲੋਚ ਅੱਤਵਾਦੀ ਅੱਧੇ ਪਾਕਿਸਤਾਨ ਅਤੇ ਅੱਧੇ ਈਰਾਨ ’ਚ ਹਨ ਤੇ ਇਨ੍ਹਾਂ ਨੂੰ ਟ੍ਰੇਨਿੰਗ ਦੇਣ ਦੇ ਈਰਾਨ ਅਤੇ ਪਾਕਿਸਤਾਨ ਦੋਵੇਂ ਇਕ ਦੂਜੇ ’ਤੇ ਦੋਸ਼ ਲਾ ਰਹੇ ਹਨ।
ਚਰਚਾ ਹੈ ਕਿ ਈਰਾਨ ਦਾ ਪਾਕਿਸਤਾਨ ਨਾਲ ਇਹ ‘ਫ੍ਰੰਟ’ ਕੀ ਰੂਸ ਕਾਰਨ ਬਣਿਆ ਹੈ, ਜਿਸ ਦੇ ਈਰਾਨ ਨਾਲ ਬੇਹੱਦ ਗੂੜ੍ਹੇ ਸਬੰਧ ਹੋਣ ਕਾਰਨ ਈਰਾਨ ਅਤੇ ਪਾਕਿਸਤਾਨ ’ਚ ਇੰਨੀ ਜਲਦੀ ਸੁਲ੍ਹਾ ਹੋ ਗਈ ਹੈ? ਜਾਂ ਫਿਰ ਚੀਨ ਵੀ ਇਸ ’ਚ ਸ਼ਾਮਲ ਹੈ ਕਿਉਂਕਿ ਉਹ ਦੋਵਾਂ ਨਾਲ ਚੰਗੇ ਰਿਸ਼ਤੇ ਰੱਖਦਾ ਹੈ ਅਤੇ ਚੀਨ ਨਹੀਂ ਚਾਹੁੰਦਾ ਹੈ ਕਿ ਦੁਨੀਆ ਦਾ ਧਿਆਨ ਇਜ਼ਰਾਈਲ ਅਤੇ ਫਿਲਸਤੀਨ ਤੋਂ ਹਟੇ ਅਤੇ ਦੇਖਣਾ ਹੈ ਕਿ ਜੇ ਲਾਲ ਸਾਗਰ ਦੇ ਖੇਤਰ ’ਚ ਟਕਰਾਅ ਵਧਦਾ ਹੈ ਤਾਂ ਕੀ ਰੂਸ ਵੀ ਇਸ ’ਚ ਈਰਾਨ ਦੇ ਪੱਖ ’ਚ ਛਾਲ ਮਾਰੇਗਾ? ਕੀ ਇਹ ਵਿਵਾਦ ਹੋਰ ਭੜਕੇਗਾ ਜਾਂ ਸੁਲਝ ਜਾਵੇਗਾ? ਇਸ ਦਾ ਜਵਾਬ ਤਾਂ ਸਮਾਂ ਹੀ ਦੇਵੇਗਾ!
-ਵਿਜੇ ਕੁਮਾਰ