ਮੈਡੀਕਲ ਕਾਲਜਾਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ’ਚ ਵਧ ਰਹੀ ਰੈਗਿੰਗ ਦੀ ਸ਼ਰਮਨਾਕ ਬੁਰਾਈ
Tuesday, Nov 19, 2024 - 02:44 AM (IST)

ਰੈਗਿੰਗ ਇਨ੍ਹੀਂ ਦਿਨੀਂ ਮੈਡੀਕਲ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਵਿਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਦਾ ਸੀਨੀਅਰ ਵਿਦਿਆਰਥੀਆਂ ਵੱਲੋਂ ਸ਼ੋਸ਼ਣ ਕਰਨ ਦਾ ਜ਼ਰੀਆ ਬਣ ਗਈ ਹੈ। ਇਸ ਵਿਚ ਉਨ੍ਹਾਂ ਨਾਲ ਅਪਮਾਨਜਨਕ ਛੇੜਛਾੜ, ਮਾਰਕੁੱਟ, ਜ਼ਬਰਦਸਤੀ ਨਸ਼ਾ ਕਰਵਾਉਣਾ, ਸੈਕਸ ਸ਼ੋਸ਼ਣ ਅਤੇ ਕੱਪੜੇ ਲੁਹਾਉਣ ਵਰਗੇ ਅਣਮਨੁੱਖੀ ਕਾਰੇ ਸ਼ਾਮਲ ਹਨ।
ਕਈ ਥਾਵਾਂ ’ਤੇ ਰੈਗਿੰਗ ਨੂੰ ‘ਬਰਥਡੇ ਪਾਰਟੀ’ ਦਾ ਨਾਂ ਦਿੱਤਾ ਗਿਆ ਹੈ, ਜਿਥੇ ਸੀਨੀਅਰ ਵਿਦਿਆਰਥੀਆਂ ਵੱਲੋਂ ਜੂਨੀਅਰ ਵਿਦਿਆਰਥੀ-ਵਿਦਿਆਰਥਣਾਂ ਨੂੰ ਬਰਥਡੇ ਪਾਰਟੀ ਦੇ ਨਾਂ ’ਤੇ ਬੁਲਾ ਕੇ ਉਨ੍ਹਾਂ ਦੀ ਤਰ੍ਹਾਂ-ਤਰ੍ਹਾਂ ਨਾਲ ਰੈਗਿੰਗ ਕੀਤੀ ਜਾਂਦੀ ਹੈ। ਸਮਾਜ ਵਿਗਿਆਨ ਅਤੇ ਲਿੰਗਿਕ ਹਿੰਸਾ ਦੇ ਮਾਹਿਰਾਂ ਅਨੁਸਾਰ,‘‘ਇਹ ਰੈਗਿੰਗ ਸੈਸ਼ਨ ਬਲਾਤਕਾਰ ਦੀ ਸੰਸਕ੍ਰਿਤੀ ਨੂੰ ਬੜ੍ਹਾਵਾ ਦੇਣ ਵਿਚ ਵੱਡੀ ਭੂਮਿਕਾ ਨਿਭਾਅ ਰਹੇ ਹਨ।’’
ਇਕ ਮੈਡੀਕਲ ਕਾਲਜ ਦੀ ਵਿਦਿਆਰਥਣ ਨੇ ਇਕ ਪੱਤਰਕਾਰ ਨਾਲ ਇਸ ਵਿਸ਼ੇ ’ਤੇ ਚਰਚਾ ਕਰਦਿਆਂ ਕਿਹਾ,‘‘ਸਾਨੂੰ ਮਰਦ ਡਾਕਟਰਾਂ ਸਾਹਮਣੇ ਖੜ੍ਹਾ ਕਰ ਕੇ ਆਪਣੇ ਕੱਪੜੇ ਉਤਾਰਨ ਨੂੰ ਕਿਹਾ ਗਿਆ ਅਤੇ ਸਾਨੂੰ ਦਿਖਾਇਆ ਗਿਆ ਕਿ ਛਾਤੀ ਦੀ ਜਾਂਚ ਕਿਸ ਤਰ੍ਹਾਂ ਕੀਤੀ ਜਾਣੀ ਹੈ।’’ ਔਰਤਾਂ ਨੂੰ ਉਨ੍ਹਾਂ ਦੀ ਸਹਿਮਤੀ ਦੇ ਬਿਨਾਂ ਗੈਰ-ਜ਼ਰੂਰੀ ਤੌਰ ’ਤੇ ਛੂਹਿਆ ਗਿਆ।
ਇਸ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਮੈਡੀਕਲ ਕਾਲਜਾਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਵਿਚ ਰੈਗਿੰਗ ਦੀਆਂ ਸਿਰਫ 2 ਮਹੀਨਿਆਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 11 ਸਤੰਬਰ ਨੂੰ ਸੋਲਨ (ਹਿਮਾਚਲ ਪ੍ਰਦੇਸ਼) ਵਿਚ ਕੰਡਾਘਾਟ ਸਥਿਤ ਇਕ ਨਿੱਜੀ ਯੂਨੀਵਰਸਿਟੀ ਦਾ ਇਕ ਵੀਡੀਓ ਵਾਇਰਲ ਹੋਇਆ, ਜਿਸ ਵਿਚ ਇਕ ਜੂਨੀਅਰ ਵਿਦਿਆਰਥੀ ਨੂੰ ਘੇਰ ਕੇ ਖੜ੍ਹੇ ਸੀਨੀਅਰ ਵਿਦਿਆਰਥੀ ਸ਼ਰਾਬ ਪੀਣ ਤੋਂ ਇਨਕਾਰ ਕਰਨ ’ਤੇ ਉਸ ਦੀ ਵਾਰ-ਵਾਰ ਬੈਲਟ ਨਾਲ ਕੁੱਟਮਾਰ ਕਰਦੇ ਨਜ਼ਰ ਆਏ। ਵਿਦਿਆਰਥੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਉਕਤ ਵਿਦਿਆਰਥੀ ਉਸ ਨੂੰ ਕਈ ਦਿਨਾਂ ਤੋਂ ਇਸੇ ਤਰ੍ਹਾਂ ਤੰਗ ਕਰਦੇ ਆ ਰਹੇ ਸਨ, ਜਿਸ ਨਾਲ ਉਸਦੇ ਸਰੀਰ ’ਤੇ ਕਈ ਥਾਂ ਸੱਟਾਂ ਲੱਗੀਆਂ।
* 17 ਅਕਤੂਬਰ ਨੂੰ ਕਾਨਪੁਰ (ਉੱਤਰ ਪ੍ਰਦੇਸ਼) ਸਥਿਤ ‘ਹਾਰਕੋਟ ਬਟਲਰ ਟੈਕਨੀਕਲ ਯੂਨੀਵਰਸਿਟੀ’ ਦੇ 8 ਵਿਦਿਆਰਥੀਆਂ ਨੇ ਕੁਝ ਜੂਨੀਅਰ ਵਿਦਿਆਰਥੀਆਂ ਨੂੰ ਕੱਪੜੇ ਉਤਾਰਨ ਲਈ ਕਿਹਾ ਅਤੇ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਕੁੱਟ-ਕੁੱਟ ਕੇ ਅੱਧਮਰੇ ਕਰ ਦਿੱਤਾ।
* 18 ਅਕਤੂਬਰ ਨੂੰ ‘ਗ੍ਰਾਂਟ ਗਵਰਨਮੈਂਟ ਮੈਡੀਕਲ ਕਾਲਜ’ ਮੁੰਬਈ ਸੈਂਟਰਲ ਦੀ ਰੈਗਿੰਗ ਵਿਰੋਧੀ ਕਮੇਟੀ ਨੇ ਪਹਿਲੇ ਸਾਲ ਦੇ ਇਕ ਵਿਦਿਆਰਥੀ ਨੂੰ ਕਾਲਜ ਦੇ ਕੈਂਪਸ ਵਿਚ ਨੱਚਣ ਲਈ ਮਜਬੂਰ ਕਰਨ ਦੇ ਦੋਸ਼ ’ਚ ਦੂਜੇ ਸਾਲ ਦੇ 2 ਐੱਮ.ਬੀ.ਬੀ.ਐੱਸ. ਦੇ ਵਿਦਿਆਰਥੀਆਂ ਨੂੰ ਸਸਪੈਂਡ ਕਰਨ ਦੀ ਸਿਫਾਰਸ਼ ਕੀਤੀ।
* 12 ਨਵੰਬਰ ਨੂੰ ਖੰਮਮ (ਤੇਲੰਗਾਨਾ) ਸਥਿਤ ਸਰਕਾਰੀ ਮੈਡੀਕਲ ਕਾਲਜ ਦੇ ਇਕ ਅਸਿਸਟੈਂਟ ਪ੍ਰੋਫੈਸਰ ਨੇ ਵਿਵੇਕ ਨਾਂ ਦੇ ਪਹਿਲੇ ਸਾਲ ਦੇ ਵਿਦਿਆਰਥੀ ਨੂੰ ਨਾਈ ਕੋਲ ਲਿਜਾ ਕੇ ਉਸ ਦੇ ਸਿਰ ਦੇ ਵਾਲ ਉਸਤਰੇ ਨਾਲ ਇਹ ਕਹਿੰਦਿਆਂ ਸਾਫ ਕਰਵਾ ਦਿੱਤੇ ਕਿ ਉਸ ਦਾ ਹੇਅਰ ਸਟਾਈਲ ਸਹੀ ਨਹੀਂ ਹੈ।
* 12 ਨਵੰਬਰ ਨੂੰ ਹੀ ਬਾੜਮੇਰ (ਰਾਜਸਥਾਨ) ਸਥਿਤ ਮੈਡੀਕਲ ਕਾਲਜ ਦੇ ਸੀਨੀਅਰ ਵਿਦਿਆਰਥੀਆਂ ਨੇ ਕੁਝ ਸੀਨੀਅਰ ਵਿਦਿਆਰਥਣਾਂ ਨਾਲ ਮਿਲ ਕੇ ਜੂਨੀਅਰ ਵਿਦਿਆਰਥਣਾਂ ਦੀ ਰੈਗਿੰਗ ਕਰ ਦਿੱਤੀ। ਇਸ ਸਿਲਸਿਲੇ ਵਿਚ ਕਾਲਜ ਪ੍ਰਬੰਧਨ ਨੇ 2 ਵਿਦਿਆਰਥੀਆਂ ਨੂੰ 2 ਮਹੀਨੇ ਅਤੇ 6 ਵਿਦਿਆਰਥੀਆਂ ਨੂੰ 15 ਦਿਨਾਂ ਲਈ ਸਸਪੈਂਡ ਕਰ ਦਿੱਤਾ, ਜਦਕਿ ਰੈਗਿੰਗ ਵਿਚ ਸ਼ਾਮਲ ਵਿਦਿਆਰਥਣਾਂ ਨੂੰ ਵਾਰਨਿੰਗ ਲੈਟਰ ਦਿੱਤਾ ਗਿਆ ਹੈ।
* 13 ਨਵੰਬਰ ਨੂੰ ਨੋਇਡਾ (ਉੱਤਰ ਪ੍ਰਦੇਸ਼) ਸਥਿਤ ਇਕ ਪ੍ਰਾਈਵੇਟ ਯੂਨੀਵਰਸਿਟੀ ਵਿਚ ਰੈਗਿੰਗ ਦਾ ਵਿਰੋਧ ਕਰਨ ’ਤੇ ਕੁਝ ਸੀਨੀਅਰ ਵਿਦਿਆਰਥੀਆਂ ਨੇ ਜੂਨੀਅਰ ਵਿਦਿਆਰਥੀਆਂ ਨੂੰ ਕੁੱਟ ਦਿੱਤਾ।
* 15 ਨਵੰਬਰ ਨੂੰ ਰਾਏਪੁਰ (ਛੱਤੀਸਗੜ੍ਹ) ਦੇ ‘ਪੰਡਿਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ’ ਵਿਚ ਸੀਨੀਅਰ ਵਿਦਿਆਰਥੀਆਂ ਨੇ ਕੁਝ ਜੂਨੀਅਰ ਵਿਦਿਆਰਥੀਆਂ ਦੇ ਕੱਪੜੇ ਉਤਰਵਾ ਕੇ ਉਨ੍ਹਾਂ ਨੂੰ ਬੋਤਲਾਂ ’ਤੇ ਬੈਠਣ ਨੂੰ ਮਜਬੂਰ ਕੀਤਾ ਅਤੇ ਉਨ੍ਹਾਂ ਦੇ ਸਿਰ ਦੇ ਵਾਲ ਮੁੰਨਵਾ ਦਿੱਤੇ। ਸੀਨੀਅਰਾਂ ਨੇ ਜੂਨੀਅਰਾਂ ਕੋਲੋਂ ਉਨ੍ਹਾਂ ਦੀਆਂ ‘ਬੈਚਮੇਟ’ ਲੜਕੀਆਂ ਦੀਆਂ ਫੋਟੋ ਵੀ ਮੰਗੀਆਂ।
* ਅਤੇ ਹੁਣ 17 ਨਵੰਬਰ ਨੂੰ ਨਾਲਗੋਂਡਾ (ਤੇਲੰਗਾਨਾ) ਦੇ ਸਰਕਾਰੀ ਮੈਡੀਕਲ ਕਾਲਜ ਵਿਚ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀਨੀਅਰ ਵਿਦਿਆਰਥੀਆਂ ਨੇ ਕੇਰਲ ਦੇ ਵਿਦਿਆਰਥੀਆਂ ਦਾ ਸਰੀਰਕ ਸ਼ੋਸ਼ਣ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਗੰਦੇ ਕੰਮ ਕਰਨ ਲਈ ਮਜਬੂਰ ਕੀਤਾ।
* 17 ਨਵੰਬਰ ਨੂੰ ਹੀ ਪਾਟਨ (ਗੁਜਰਾਤ) ਦੇ ‘ਧਾਰਪੁਰ’ ਸਥਿਤ ‘ਜੀ. ਆਰ. ਈ. ਐੱਮ. ਐੱਸ. ਮੈਡੀਕਲ ਕਾਲਜ’ ਵਿਚ ਸੀਨੀਅਰ ਵਿਦਿਆਰਥੀਆਂ ਵੱਲੋਂ ਐੱਮ. ਬੀ. ਬੀ. ਐੱਸ. ਪਹਿਲੇ ਸਾਲ ਦਾ 18 ਸਾਲਾ ਵਿਦਿਆਰਥੀ ‘ਅਨਿਲ ਮੇਥਾਨੀਆ’ 3 ਘੰਟੇ ਤਕ ਲਗਾਤਾਰ ਖੜ੍ਹਾ ਰੱਖਣ ਕਾਰਨ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਬਾਅਦ ਵਿਚ ਉਸਦੀ ਮੌਤ ਹੋ ਗਈ।
* 17 ਨਵੰਬਰ ਨੂੰ ਹੀ ਰਾਂਚੀ (ਝਾਰਖੰਡ) ਵਿਚ ‘ਮੇਸਰਾ’ ਸਥਿਤ ‘ਯੂਨੀਵਰਸਿਟੀ ਪਾਲੀਟੈਕਨਿਕ’ ਵਿਚ ‘ਰਾਜਾ ਪਾਸਵਾਨ’ ਨਾਂ ਦੇ ਇਕ ਜੂਨੀਅਰ ਵਿਦਿਆਰਥੀ ਵੱਲੋਂ ਰੈਗਿੰਗ ਦਾ ਵਿਰੋਧ ਕਰਨ ’ਤੇ 15 ਸੀਨੀਅਰ ਵਿਦਿਆਰਥੀਆਂ ਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਧੌਣ ਦੀ ਹੱਡੀ ਟੁੱਟ ਜਾਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।
ਹਾਲਾਂਕਿ ਕਾਲਜਾਂ ਵਿਚ ਐਂਟੀ-ਰੈਗਿੰਗ ਕਮੇਟੀਆਂ ਵੀ ਬਣੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਰੈਗਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲਾਂਕਿ ਸਾਰੇ ਵਿਦਿਆਰਥੀ ਅਜਿਹੇ ਨਹੀਂ ਹਨ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਯਕੀਨਨ ਦੁਖਦਾਈ ਹਨ ਅਤੇ ਇਨ੍ਹਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਿੱਖਿਆਦਾਇਕ ਸਜ਼ਾ ਮਿਲਣੀ ਹੀ ਚਾਹੀਦੀ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।
-ਵਿਜੇ ਕੁਮਾਰ