ਕੈਂਸਰ - ਤੱਥ ਅਤੇ ਮਿਥਕ

Wednesday, Feb 04, 2026 - 07:04 PM (IST)

ਕੈਂਸਰ - ਤੱਥ ਅਤੇ ਮਿਥਕ

ਕੈਂਸਰ ਸਰੀਰ ਦੀ ਕਿਸੇ ਕੋਸ਼ਿਕਾ ਜਾਂ ਕੋਸ਼ਿਕਾਵਾਂ ਦੇ ਸਮੂਹ ਦਾ ਅਸਾਧਾਰਨ ਵਾਧਾ ਹੈ। ਇਸ ਨੂੰ ਨਸ਼ਟ ਨਾ ਕਰਨ ਜਾਂ ਨਾ ਹਟਾਉਣ ’ਤੇ ਕੈਂਸਰ ਬੜੀ ਤੇਜ਼ੀ ਨਾਲ ਫੈਲ ਕੇ ਮੌਤ ਦਾ ਕਾਰਨ ਬਣ ਸਕਦਾ ਹੈ। ਮਨੁੱਖੀ ਸਰੀਰ ’ਚ ਮੌਜੂਦ ਅਰਬਾਂ ਕੋਸ਼ਿਕਾਵਾਂ ਆਮ ਤੌਰ ’ਤੇ ਇਕ ਕੰਟਰੋਲਡ ਪੈਟਰਨ ’ਚ ਵਧਦੀਆਂ ਹਨ, ਜਿਨ੍ਹਾਂ ’ਚ ਕਦੇ-ਕਦੇ ਹੋਣ ਵਾਲੇ ਬਦਲਾਅ ਉਨ੍ਹਾਂ ਨੂੰ ਕੈਂਸਰ ਵਾਲੀਆਂ ਕੋਸ਼ਿਕਾਵਾਂ ’ਚ ਬਦਲ ਦਿੰਦੇ ਹਨ।

ਕੈਂਸਰ ਦੁਨੀਆ ਭਰ ’ਚ ਇਕ ਵੱਡੀ ਜਨਤਕ ਸਿਹਤ ਚੁਣੌਤੀ ਬਣਿਆ ਹੋਇਆ ਹੈ। GLOBOCAN 2022 ਦੇ ਅਨੁਸਾਰ, ਉਸ ਸਾਲ ਦੁਨੀਆ ਭਰ ’ਚ ਲੱਗਭਗ 19.96 ਮਿਲੀਅਨ ਨਵੇਂ ਕੈਂਸਰ ਦੇ ਮਾਮਲੇ ਸਾਹਮਣੇ ਆਏ ਅਤੇ ਕੈਂਸਰ ਨਾਲ ਸਬੰਧਤ ਲੱਗਭਗ 9.74 ਮਿਲੀਅਨ ਮੌਤਾਂ ਦਰਜ ਕੀਤੀਆਂ ਗਈਆਂ। ਦੁਨੀਆ ਭਰ ’ਚ ਕੈਂਸਰ ਹੋਣ ਦਾ ਜ਼ਿੰਦਗੀ ਭਰ ਦਾ ਜੋਖਮ ਹਰ 5 ’ਚੋਂ 1 ਵਿਅਕਤੀ ’ਚ ਹੋਣ ਦਾ ਅੰਦਾਜ਼ਾ ਹੈ।

ਫੇਫੜਿਆਂ ਦਾ ਕੈਂਸਰ ਦੁਨੀਆ ਭਰ ’ਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਕੈਂਸਰ ਬਣ ਕੇ ਉੱਭਰਿਆ, ਜੋ ਸਾਰੇ ਨਵੇਂ ਮਾਮਲਿਆਂ ਦਾ ਲੱਗਭਗ 12.4 ਫੀਸਦੀ ਸੀ, ਇਸ ਤੋਂ ਬਾਅਦ ਔਰਤਾਂ ’ਚ ਛਾਤੀ ਦਾ ਕੈਂਸਰ ਅਤੇ ਕੋਲੋਰੈਕਟਲ ਕੈਂਸਰ ਸਨ। ਫੇਫੜਿਆਂ ਦਾ ਕੈਂਸਰ, ਕੈਂਸਰ ਨਾਲ ਸਬੰਧਤ ਮੌਤ ਦਰ ਦਾ ਮੁੱਖ ਕਾਰਨ ਬਣਿਆ ਰਿਹਾ, ਜੋ ਇਸ ਦੀ ਹਮਲਾਵਰ ਕਿਸਮ ਅਤੇ ਕਈ ਖੇਤਰਾਂ ’ਚ ਜਾਂਚ ਦੇ ਸਮੇਂ ਦੇਰੀ ਨਾਲ ਪਤਾ ਲੱਗਣ ਨੂੰ ਦਰਸਾਉਂਦਾ ਹੈ।

ਭਾਰਤ ’ਚ 2022 ’ਚ ਕੈਂਸਰ ਦੇ 14,13,316 ਨਵੇਂ ਮਾਮਲੇ ਸਾਹਮਣੇ ਆਏ ਅਤੇ ਕੈਂਸਰ ਨਾਲ ਸਬੰਧਤ 9,16,827 ਮੌਤਾਂ ਦਰਜ ਕੀਤੀਆਂ ਗਈਆਂ। ਭਾਰਤ ਆਪਣੀ ਆਬਾਦੀ ਦੇ ਆਕਾਰ ਦੇ ਕਾਰਨ ਮੁਕੰਮਲ ਕੈਂਸਰ ਦੀਆਂ ਘਟਨਾਵਾਂ ਦੇ ਮਾਮਲੇ ’ਚ ਦੁਨੀਆ ਭਰ ਦੇ ਚੋਟੀ ਦੇ 3 ਦੇਸ਼ਾਂ ’ਚ ਸ਼ਾਮਲ ਸੀ। ਭਾਰਤ ’ਚ ਮਰਦਾਂ ’ਚ ਬੁੱਲ੍ਹ ਅਤੇ ਮੂੰਹ, ਫੇਫੜੇ ਅਤੇ ਈਸੋਫੇਗਸ ਦੇ ਕੈਂਸਰ ਸਭ ਤੋਂ ਆਮ ਸਨ। ਔਰਤਾਂ ’ਚ ਛਾਤੀ ਦਾ ਕੈਂਸਰ ਸਭ ਤੋਂ ਆਮ ਡਾਇਗਨੋਸ ਹੋਣ ਵਾਲਾ ਕੈਂਸਰ ਸੀ। ਇਸ ਤੋਂ ਬਾਅਦ ਸਰਵਾਈਕਲ ਕੈਂਸਰ ਅਤੇ ਓਵੇਰੀਅਨ ਕੈਂਸਰ ਸਨ।

2022 ’ਚ ਜੰਮੂ-ਕਸ਼ਮੀਰ ’ਚ ਕੈਂਸਰ ਦੇ ਲੱਗਭਗ 13,395 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚ ਹਾਲ ਹੀ ਦੇ ਸਾਲਾਂ ’ਚ ਲਗਾਤਾਰ ਵਾਧਾ ਵੇਖਿਆ ਗਿਆ ਹੈ। ਇਲਾਕੇ ’ਚ ਕੈਂਸਰ ਦੀਆਂ ਘਟਨਾਵਾਂ ’ਚ ਉੱਪਰ ਵੱਲ ਰੁਝਾਨ ਦਿਸਿਆ ਹੈ, ਜੋ 2020 ’ਚ ਲੱਗਭਗ 12,726 ਮਾਮਲਿਆਂ ਤੋਂ ਵਧ ਕੇ 2023 ’ਚ 13,744 ਮਾਮਲੇ ਹੋ ਗਏ ਹਨ।

ਸਟੇਟ ਕੈਂਸਰ ਇੰਸਟੀਚਿਊਟ, ਜੰਮੂ ਦਾ ਉਦਘਾਟਨ ਵਿਸ਼ਵ ਕੈਂਸਰ ਦਿਵਸ 2022 ਭਾਵ 4 ਫਰਵਰੀ ਨੂੰ ਕੀਤਾ ਗਿਆ ਸੀ। ਹੁਣ ਤੱਕ ਇੱਥੇ 18,000 ਤੋਂ ਵੱਧ ਕੈਂਸਰ ਮਰੀਜ਼ਾਂ ਨੂੰ ਰਜਿਸਟਰ ਕੀਤਾ ਗਿਆ ਹੈ ਅਤੇ ਮੈਡੀਕਲ ਓਨਕੋਲੋਜੀ ਵਿਭਾਗ ’ਚ PMJAY ਯੋਜਨਾ ਦੇ ਤਹਿਤ ਲੱਗਭਗ 16,000 ਕੈਂਸਰ ਮਰੀਜ਼ਾਂ ਨੂੰ ਮੁਫ਼ਤ ਕੀਮੋਥੈਰੇਪੀ ਅਾਧਾਰਤ ਇਲਾਜ ਮਿਲਿਆ ਹੈ।

ਜੰਮੂ ’ਚ 2015 ਅਤੇ 2024 ਦੇ ਵਿਚਕਾਰ 19,549 ਕੈਂਸਰ ਮਰੀਜ਼ ਰਜਿਸਟਰ ਕੀਤੇ ਗਏ, ਜਿਨ੍ਹਾਂ ’ਚ 56.6 ਫੀਸਦੀ ਮਰਦ ਅਤੇ 43.4 ਫੀਸਦੀ ਔਰਤਾਂ ਸਨ। ਇੱਥੇ ਵੀ ਫੇਫੜਿਆਂ ਦਾ ਕੈਂਸਰ ਸਭ ਤੋਂ ਜ਼ਿਆਦਾ ਆਮ ਹੈ, ਜੋ ਕੁੱਲ ਮਾਮਲਿਆਂ ਦਾ 14.72 ਫੀਸਦੀ ਹੈ। ਇਸ ਤੋਂ ਬਾਅਦ ਸਿਰ ਅਤੇ ਗਰਦਨ ਦੇ ਕੈਂਸਰ ਹਨ, ਜਿਨ੍ਹਾਂ ਨਾਲ 10.90 ਫੀਸਦੀ ਮਰੀਜ਼ ਪ੍ਰਭਾਵਿਤ ਹੋਏ। ਛਾਤੀ ਦਾ ਕੈਂਸਰ ਤੀਜੇ ਸਥਾਨ ’ਤੇ ਹੈ, ਜਿਸ ਦਾ ਯੋਗਦਾਨ 7.94 ਫੀਸਦੀ ਹੈ।

ਓਰਲ ਕੈਂਸਰ ਕੁੱਲ ਮਾਮਲਿਆਂ ਦਾ 4.67 ਫੀਸਦੀ ਸੀ, ਜੋ ਕੈਂਸਰ ਦੀਆਂ ਕਿਸਮਾਂ ਦੇ ਵੱਖ-ਵੱਖ ਬੋਝ ਨੂੰ ਦਿਖਾਉਂਦਾ ਹੈ। ਜਿਸ ’ਚ ਫੇਫੜਿਅਾਂ, ਸਿਰ ਅਤੇ ਗਰਦਨ ਦੇ ਕੈਂਸਰ ਦੀ ਬਹੁਤਾਤ ਹੈ।

ਵਿਸ਼ਵ ਕੈਂਸਰ ਦਿਵਸ ਦੇ ਮੌਕੇ ’ਤੇ, ਮੈਂ ਕੈਂਸਰ ’ਤੇ ਕੁਝ ਰੋਸ਼ਨੀ ਪਾਉਣਾ ਚਾਹੁੰਦਾ ਹਾਂ ਅਤੇ ਆਮ ਲੋਕਾਂ ਵਿਚਕਾਰ ਫੈਲੀਆਂ ਕੁਝ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਚਾਹੁੰਦਾ ਹਾਂ, ਕਿਉਂਕਿ ਜਲਦੀ ਪਤਾ ਲੱਗਣ ’ਤੇ ਇਲਾਜ ਸੰਭਵ ਹੈ। ਕੈਂਸਰ ਬਾਰੇ ਭਰਮ ਬੇਵਜ੍ਹਾ ਦੀ ਚਿੰਤਾ ਪੈਦਾ ਕਰ ਕੇ ਇਸ ਤੋਂ ਬਚਾਅ ਅਤੇ ਇਲਾਜ ’ਚ ਵੀ ਰੁਕਾਵਟ ਪਾ ਸਕਦਾ ਹੈ।

ਕੈਂਸਰ ਦੇ ਜ਼ਿੰਦਗੀ ਭਰ ਦੇ ਜੋਖਮ ਦਾ ਮਤਲਬ ਹੈ ਕਿ ਕਿਸੇ ਵਿਅਕਤੀ ਨੂੰ ਆਪਣੇ ਜੀਵਨ ਕਾਲ ’ਚ ਕਦੇ ਵੀ ਕੈਂਸਰ ਹੋਣ ਜਾਂ ਉਸ ਨਾਲ ਮਰਨ ਦੀ ਸੰਭਾਵਨਾ ਕਿੰਨੀ ਹੈ। ਭਾਰਤ ’ਚ, ਕੈਂਸਰ ਹੋਣ ਦਾ ਜ਼ਿੰਦਗੀ ਭਰ ਦਾ ਜੋਖਮ ਲੱਗਭਗ 12 ਮਰਦਾਂ ’ਚੋਂ ਇਕ ਅਤੇ 13 ਔਰਤਾਂ ’ਚੋਂ ਇਕ ਹੈ। ਕੈਂਸਰ ਸਾਰੀਆਂ ਉਮਰਾਂ, ਲਿੰਗ ਅਤੇ ਪਿਛੋਕੜ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵਧਦੀ ਉਮਰ ਅਤੇ ਜੀਵਨਸ਼ੈਲੀ ਦੇ ਨਾਲ-ਨਾਲ ਵਾਤਾਵਰਣਿਕ ਜੋਖਮਾਂ ਨਾਲ ਖਤਰਾ ਵਧ ਜਾਂਦਾ ਹੈ।

ਆਮ ਲੱਛਣ

ਕੈਂਸਰ ਦੇ ਲੱਛਣ ਅਕਸਰ ਗੈਰ-ਵਿਸ਼ੇਸ਼ ਹੁੰਦੇ ਹਨ ਅਤੇ ਸਾਧਾਰਨ ਬੀਮਾਰੀਆਂ ਜਿਵੇਂ ਤਪੇਦਿਕ, ਟਾਈਫਾਈਡ ਬੁਖਾਰ, ਵਾਰ-ਵਾਰ ਮੂੰਹ ਦੇ ਛਾਲੇ, ਬਦਹਜ਼ਮੀ, ਜਾਂ ਪੁਰਾਣੇ ਇਨਫੈਕਸ਼ਨ ਵਰਗੇ ਹੋ ਸਕਦੇ ਹਨ। ਲੰਬੇ ਸਮੇਂ ਤੱਕ ਲੱਛਣਾਂ ਦਾ ਬਣੇ ਰਹਿਣਾ, ਖਾਸ ਕਰ ਕੇ ਉਚਿਤ ਇਲਾਜ ਦੇ ਬਾਵਜੂਦ, ਖਦਸ਼ਾ ਪੈਦਾ ਕਰਦਾ ਹੈ। ਅਤੇ ਇਸ ਹਾਲਤ ’ਚ ਹੋਰ ਅੱਗੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਵਿਸ਼ਵ ਸਿਹਤ ਸੰਗਠਨ ਨੇ ਕੈਂਸਰ ਦੇ ਹੇਠ ਲਿਖੇ ਚਿਤਾਵਨੀ ਸੰਕੇਤਾਂ ਦੀ ਪਛਾਣ ਕੀਤੀ ਹੈ :

ਮਲ ਤਿਆਗ ਜਾਂ ਪਿਸ਼ਾਬ ਦੀਆਂ ਆਦਤਾਂ ’ਚ ਬਦਲਾਅ, ਜ਼ਖ਼ਮ ਦਾ ਠੀਕ ਨਾ ਹੋਣਾ, ਅਸਾਧਾਰਨ ਖੂਨ ਵਗਣਾ, ਛਾਤੀ ਜਾਂ ਕਿਤੇ ਹੋਰ ਗਾੜ੍ਹਾਪਣ ਜਾਂ ਗੰਢ, ਬਦਹਜ਼ਮੀ ਜਾਂ ਨਿਗਲਣ ’ਚ ਮੁਸ਼ਕਲ, ਮੁਹਾਸੇ ਜਾਂ ਤਿਲ ’ਚ ਸਪੱਸ਼ਟ ਬਦਲਾਅ, ਲਗਾਤਾਰ ਖੰਘ ਜਾਂ ਆਵਾਜ਼ ’ਚ ਭਾਰੀਪਨ ਆਦਿ।

ਦੁਨੀਆ ਭਰ ’ਚ ਕੈਂਸਰ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ, ਸੁਸਤ ਜੀਵਨਸ਼ੈਲੀ, ਅਸਿਹਤਮੰਦ ਖੁਰਾਕ (ਪ੍ਰੋਸੈਸਡ ਅਤੇ ਜੰਕ ਫੂਡ), ਮੋਟਾਪਾ, ਵਾਤਾਵਰਣ ਪ੍ਰਦੂਸ਼ਣ, ਜੀਵਨ ਦੀ ਉਮੀਦ ’ਚ ਵਾਧਾ ਆਦਿ ਹੈ ਅਤੇ ਇਸੇ ਲਈ ਆਧੁਨਿਕ ਸਮੇਂ ’ਚ ਕੈਂਸਰ ਨੂੰ ਅਕਸਰ ਜੀਵਨਸ਼ੈਲੀ ਨਾਲ ਸਬੰਧਤ ਬੀਮਾਰੀ ਮੰਨਿਆ ਜਾਂਦਾ ਹੈ।

ਕੈਂਸਰ ਛੂਤਕਾਰੀ ਨਹੀਂ ਹੈ ਅਤੇ ਸੰਪਰਕ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਨਹੀਂ ਫੈਲਦਾ, ਪਰੰਤੂ ਕੁਝ ਇਨਫੈਕਸ਼ਨ ਕੈਂਸਰ ਦਾ ਖਤਰਾ ਵਧਾਉਂਦੇ ਹਨ। ਕੈਂਸਰ ਦਾ ਪਾਰਿਵਾਰਿਕ ਇਤਿਹਾਸ ਹੋਣ ਨਾਲ ਜੋਖਮ ਵਧ ਜਾਂਦਾ ਹੈ ਪਰ ਇਹ ਗਾਰੰਟੀ ਨਹੀਂ ਦਿੰਦਾ ਕਿ ਕਿਸੇ ਵਿਅਕਤੀ ਨੂੰ ਕੈਂਸਰ ਹੋਵੇਗਾ। ਸਿਰਫ਼ 5-10 ਫੀਸਦੀ ਕੈਂਸਰ ਹੀ ਖ਼ਾਨਦਾਨੀ ਹੁੰਦੇ ਹਨ।

ਜ਼ਿਆਦਾਤਰ ਕੈਂਸਰ ਜੀਵਨ ਦੌਰਾਨ ਹੋਣ ਵਾਲੇ ਜੈਨੇਟਿਕ ਮਿਊਟੇਸ਼ਨ, ਤੰਬਾਕੂ ਦੀ ਵਰਤੋਂ, ਅਲਟਰਾਵਾਇਲਟ ਰੇਡੀਏਸ਼ਨ, ਵਾਤਾਵਰਣ ਅਤੇ ਕੰਮ ਨਾਲ ਜੁੜੇ ਜੋਖਮਾਂ ਆਦਿ ਦੇ ਕਾਰਨ ਹੁੰਦੇ ਹਨ ਅਤੇ ਲੱਗਭਗ 40 ਫੀਸਦੀ ਕੈਂਸਰ ਤੋਂ ਸਿਹਤਮੰਦ ਖੁਰਾਕ, ਨਿਯਮਿਤ ਸਰੀਰਕ ਗਤੀਵਿਧੀ, ਸਿਹਤਮੰਦ ਭਾਰ ਬਣਾਈ ਰੱਖਣ, ਸ਼ਰਾਬ ਦੀ ਵਰਤੋਂ ਸੀਮਤ ਕਰਨ ਅਤੇ ਤੰਬਾਕੂ ਤੋਂ ਦੂਰ ਰਹਿ ਕੇ ਬਚਿਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਖ਼ਾਨਦਾਨੀ ਕੈਂਸਰ ਸਿੰਡਰੋਮ ਦਾ ਪਤਾ ਹੈ, ਉਨ੍ਹਾਂ ਨੂੰ ਕੈਂਸਰ ਦਾ ਖਤਰਾ ਘਟਾਉਣ ਲਈ ਨਿਵਾਰਕ (ਪ੍ਰੋਫਾਈਲੈਕਟਿਕ) ਸਰਜਰੀ ਜਾਂ ਦਵਾਈਆਂ ਲੈਣ ਦੀ ਸਲਾਹ ਦਿੱਤੀ ਜਾ ਸਕਦੀ ਹੈ।

ਹਾਲਾਂਕਿ ਕੈਂਸਰ ਕੋਸ਼ਿਕਾਵਾਂ ਸਾਧਾਰਨ ਕੋਸ਼ਿਕਾਵਾਂ ਦੀ ਤੁਲਨਾ ’ਚ ਵਧੇਰੇ ਗਲੂਕੋਜ਼ ਦੀ ਵਰਤੋਂ ਕਰਦੀਆਂ ਹਨ ਪਰ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਖੰਡ ਖਾਣ ਨਾਲ ਕੈਂਸਰ ਖਰਾਬ ਹੁੰਦਾ ਹੈ ਜਾਂ ਖੰਡ ਛੱਡਣ ਨਾਲ ਕੈਂਸਰ ਸੁੰਗੜਦਾ ਹੈ ਜਾਂ ਗਾਇਬ ਹੋ ਜਾਂਦਾ ਹੈ। ਕੈਂਸਰ ਦੇ ਇਲਾਜ ਦੌਰਾਨ ਤਾਕਤ ਅਤੇ ਸਮੁੱਚੀ ਸਿਹਤ ਬਣਾਈ ਰੱਖਣ ਲਈ ਸੰਤੁਲਿਤ ਖੁਰਾਕ ਜ਼ਰੂਰੀ ਹੈ।

ਆਰਟੀਫੀਸ਼ੀਅਲ ਸਵੀਟਨਰ ਜਿਵੇਂ : ਸੈਕਰਿਨ, ਐਸਪਾਰਟੇਮ, ਸੁਕਰਾਲੋਜ਼, ਐਸੇਸਲਫੇਮ, ਪੋਟਾਸ਼ੀਅਮ, ਨਿਓਟੇਮ ਆਦਿ ’ਤੇ ਕੀਤੇ ਗਏ ਵਿਆਪਕ ਅਧਿਐਨਾਂ ’ਚ ਮਨੁੱਖਾਂ ’ਚ ਕੈਂਸਰ ਦੇ ਵਧਦੇ ਜੋਖਮ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਕੈਂਸਰ ਹਮੇਸ਼ਾ ਦਰਦਨਾਕ ਨਹੀਂ ਹੁੰਦਾ ਅਤੇ ਦਰਦ ਆਮ ਤੌਰ ’ਤੇ ਉਦੋਂ ਹੁੰਦਾ ਹੈ ਜਦੋਂ ਕੈਂਸਰ ਹੱਡੀਆਂ ’ਚ ਫੈਲ ਕੇ ਨਸਾਂ ਨੂੰ ਦਬਾਉਂਦਾ ਹੈ ਜਾਂ ਉਨ੍ਹਾਂ ’ਚ ਵੜ ਜਾਂਦਾ ਹੈ।

ਕੈਂਸਰ ਮੌਤ ਦੀ ਸਜ਼ਾ ਬਿਲਕੁਲ ਨਹੀਂ ਹੈ। ਸ਼ੁਰੂਆਤੀ ਪਛਾਣ, ਜਾਂਚ ਅਤੇ ਇਲਾਜ ’ਚ ਤਰੱਕੀ ਨੇ ਜੀਵਤ ਰਹਿਣ ਦੀ ਦਰ ’ਚ ਕਾਫੀ ਸੁਧਾਰ ਕੀਤਾ ਹੈ। 60 ਫੀਸਦੀ ਤੋਂ ਵੱਧ ਕੈਂਸਰ ਰੋਗੀ ਜਾਂਚ ਦੇ 5 ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਜ਼ਿੰਦਾ ਰਹਿੰਦੇ ਹਨ ਅਤੇ ਕਈ ਠੀਕ ਹੋ ਜਾਂਦੇ ਹਨ।

ਕੀ ਹਰਬਲ ਉਤਪਾਦ ਕੈਂਸਰ ਦਾ ਇਲਾਜ ਨਹੀਂ ਕਰ ਸਕਦੇ। ਕਿਸੇ ਵੀ ਹਰਬਲ ਜਾਂ ਬਦਲਵੇਂ ਇਲਾਜ ਨੂੰ ਕੈਂਸਰ ਦਾ ਇਲਾਜ ਕਰਨ ਲਈ ਸਿੱਧ ਨਹੀਂ ਕੀਤਾ ਗਿਆ ਹੈ ਅਤੇ ਕੁਝ ਹਰਬਲ ਉਤਪਾਦ ਕੀਮੋਥੈਰੇਪੀ ਜਾਂ ਰੇਡੀਏਸ਼ਨ ’ਚ ਦਖ਼ਲ ਦੇ ਸਕਦੇ ਹਨ ਅਤੇ ਨੁਕਸਾਨਦੇਹ ਹੋ ਸਕਦੇ ਹਨ। ਉਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਹਮੇਸ਼ਾ ਸਿਹਤ ਸੰਭਾਲ ਪੇਸ਼ੇਵਰ ਤੋਂ ਸਲਾਹ ਲਓ।

ICC ਦੀ ਇਕ ਪਹਿਲ ਅਤੇ 2026 ਦੀ ਥੀਮ ‘ਯੂਨਾਈਟਿਡ ਬਾਈ ਯੂਨੀਕ’ ਸਾਨੂੰ ਯਾਦ ਦਿਵਾਉਂਦੀ ਹੈ ਕਿ ਵਿਭਿੰਨਤਾ ਕੈਂਸਰ ਦੇ ਪ੍ਰਤੀ ਸਾਡੇ ਗਲੋਬਲ ਰਿਸਪਾਂਸ ਨੂੰ ਮਜ਼ਬੂਤ ਕਰਦੀ ਹੈ। ਨਿੱਜੀ ਮਤਭੇਦਾਂ ਦਾ ਸਨਮਾਨ ਕਰਦੇ ਹੋਏ ਇਕਜੁੱਟ ਹੋ ਕੇ, ਅਸੀਂ ਅਸਮਾਨਤਾਵਾਂ ਨੂੰ ਘੱਟ ਕਰ ਸਕਦੇ ਹਾਂ, ਨਤੀਜਿਆਂ ’ਚ ਸੁਧਾਰ ਕਰ ਸਕਦੇ ਹਾਂ ਅਤੇ ਇਕ ਅਜਿਹਾ ਭਵਿੱਖ ਬਣਾ ਸਕਦੇ ਹਾਂ ਜਿੱਥੇ ਹਰ ਕਿਸੇ ਨੂੰ—ਚਾਹੇ ਉਹ ਕੋਈ ਵੀ ਹੋਣ ਜਾਂ ਕਿਤੇ ਵੀ ਰਹਿੰਦੇ ਹੋਣ—ਚੰਗੀ ਕੁਆਲਿਟੀ ਦੀ ਕੈਂਸਰ ਦੇਖਭਾਲ ਮਿਲ ਸਕੇ।

- ਡਾ. ਰਾਜੀਵ ਗੁਪਤਾ


author

Anmol Tagra

Content Editor

Related News