ਰੂਸ ’ਚ ਪੁਤਿਨ ਦੀ ਮੁਸੀਬਤ
Thursday, Feb 04, 2021 - 02:24 AM (IST)

ਡਾ. ਵੇਦਪ੍ਰਤਾਪ ਵੈਦਿਕ
ਕੀ ਕਦੀ ਕੋਈ ਕਲਪਨਾ ਕਰ ਸਕਦਾ ਸੀ ਕਿ ਮਾਸਕੋ ਤੋਂ ਵਲਾਦਿਵਸਤੋਕ ਤਕ ਦਰਜਨਾਂ ਸ਼ਹਿਰਾਂ ’ਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਉਣਗੇ ਅਤੇ ‘ਪੁਤਿਨ ਤੁਸੀਂ ਹਤਿਆਰੇ ਹੋ’ ਅਜਿਹੇ ਨਾਅਰੇ ਲਗਾਉਣਗੇ? ਪਰ ਅੱਜਕਲ ਪੂਰਾ ਰੂਸ ਲੋਕਾਂ ਦੇ ਰੋਸ ਵਿਖਾਵਿਆਂ ਨਾਲ ਗੂੰਜ ਰਿਹਾ ਹੈ। ਨਰ-ਨਾਰੀ, ਬੱਚੇ-ਬੁੱਢੇ ਭਿਆਨਕ ਠੰਡ ਦੀ ਪ੍ਰਵਾਹ ਕੀਤੇ ਬਿਨਾਂ ਰੂਸ ਦੀਆਂ ਸੜਕਾਂ ’ਤੇ ਡੰਡੇ ਖਾ ਰਹੇ ਹਨ ਅਤੇ ਗ੍ਰਿਫਤਾਰੀਆਂ ਦੇ ਰਹੇ ਹਨ। ਵਲਾਦੀਮੀਰ ਪੁਤਿਨ ਦੇ ਏਕਾਧਿਕਾਰ ਵਾਲੇ ਰਾਜ ’ਚ ਇਹ ਸਭ ਕਿਉਂ ਹੋ ਰਿਹਾ ਹੈ?
ਇਹ ਹੋ ਰਿਹਾ, ਏਲੇਕਸੇਈ ਨਵਾਲਨੀ ਦੀ ਅਗਵਾਈ ’ਚ। ਨਵਾਲਨੀ ਕੌਣ ਹੈ? ਇਹ 46 ਸਾਲ ਦਾ ਨੌਜਵਾਨ ਹੈ, ਜਿਸ ਨੇ ਸਰਕਾਰੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਅਤੇ ਜਿਸ ਨੂੰ ਅਗਸਤ 2020 ’ਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਨਵਾਲਨੀ ਉਂਝ ਤਾਂ 2008 ਤੋਂ ਹੀ ਕਈ ਸਰਕਾਰੀ ਕੰਪਨੀਆਂ ਅਤੇ ਨੇਤਾਵਾਂ ਦੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਰੂਸ ’ਚ ਪ੍ਰਸਿੱਧ ਹੋ ਗਏ ਸਨ ਪਰ ਪਿਛਲੇ ਦਿਨੀਂ ਜਦੋਂ ਇਕ ਹਵਾਈ ਯਾਤਰਾ ਦੌਰਾਨ ਉਹ ਅਚਾਨਕ ਬੇਹੋਸ਼ ਹੋ ਗਏ ਤਾਂ ਉਨ੍ਹਾਂ ਨੂੰ ਜਰਮਨੀ ਲਿਜਾਇਆ ਗਿਆ। ਜਰਮਨ ਡਾਕਟਰਾਂ ਨੇ ਸਿੱਧ ਕੀਤਾ ਕਿ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਦਾ ‘ਨੋਵਿਚੇਕ’ ਨਾਂ ਦਾ ਜ਼ਹਿਰ ਰੂਸੀ ਜਾਸੂਸ ਸਰਗੇਈ ਸਕਿਰਪਾਲ ਨੂੰ ਵੀ ਦੇ ਕੇ ਮਾਰਿਆ ਗਿਆ ਸੀ।
ਯੂਰਪੀ ਸੰਘ ਨੇ ਨਵਾਲਨੀ ਦੇ ਮਾਮਲੇ ’ਚ ਕਈ ਰੂਸੀ ਸੰਸਥਾਵਾਂ ’ਤੇ ਪਾਬੰਦੀਆਂ ਵੀ ਲਗਾ ਦਿੱਤੀਆਂ ਹਨ। ਉਂਝ ਨਵਾਲਨੀ ਨੂੰ ਕੋਈ ਪ੍ਰਭਾਵਸ਼ਾਲੀ ਨੇਤਾ ਨਹੀਂ ਮੰਨਿਆ ਜਾਂਦਾ ਸੀ ਪਰ ਉਸ ਦੇ ਭੜਕਾਊ ਰਾਸ਼ਟਰਵਾਦੀ ਤੇਵਰਾਂ ਅਤੇ ਭ੍ਰਿਸ਼ਟਾਚਾਰ-ਵਿਰੋਧ ਦੇ ਕਾਰਨ ਰੂਸੀ ਨੌਜਵਾਨ ਉਸ ਵੱਲ ਆਕਰਸ਼ਿਤ ਹੋਣ ਲੱਗੇ ਸਨ। 2011 ਦੀਆਂ ਚੋਣਾਂ ’ਚ ਉਸ ਦਾ ਅਸਰ ਦਿਖਾਈ ਦੇਣ ਲੱਗਾ ਸੀ।
ਪੁਤਿਨ ਦੀ ‘ਯੂਨਾਈਟਿਡ ਰਸ਼ੀਆ’ ਪਾਰਟੀ ਨੂੰ ਉਹ ‘ਗੁੰਡਿਆਂ ਅਤੇ ਚੋਰਾਂ ਦਾ ਅੱਡਾ’ ਆਖਣ ਲੱਗਾ। ਉਸ ਨੂੰ 2-3 ਵਾਰ ਜੇਲ ਵੀ ਹੋਈ ਪਰ ਉਹ ਡਰਿਆ ਨਹੀਂ। ਹੁਣ ਉਸ ਨੇ ਪੁਤਿਨ ਦੇ ਭ੍ਰਿਸ਼ਟਾਚਾਰ ’ਤੇ ਸਿੱਧਾ ਹਮਲਾ ਸ਼ੁਰੂ ਕਰ ਦਿੱਤਾ ਹੈ। ਹੁਣ ਪੁਤਿਨ ਵਾਂਗ ਉਸ ਨੂੰ ਵੀ ਸਾਰੀ ਦੁਨੀਆ ਜਾਣਨ ਲੱਗੀ ਹੈ। ਜਰਮਨੀ ਤੋਂ ਇਲਾਜ ਕਰਵਾ ਕੇ ਪਰਤਣ ’ਤੇ ਉਸ ਨੂੰ ਦੁਬਾਰਾ ਜੇਲ ’ਚ ਸੁੱਟ ਦਿੱਤਾ ਗਿਆ ਹੈ। ਨਵਾਲਨੀ ਦੀ ਰਿਹਾਈ ਲਈ ਹਜ਼ਾਰਾਂ ਵਿਖਾਵਾਕਾਰੀ ਗ੍ਰਿਫਤਾਰੀਆਂ ਦੇ ਰਹੇ ਹਨ।
‘ਬਲੈਕ ਸੀ’ ਉੱਤੇ ਅਰਬਾਂ ਰੁਪਇਆਂ ਨਾਲ ਬਣੇ ਮਹੱਲ ਨੂੰ ਪੁਤਿਨ ਦਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੋਸ਼ਾਂ ਨੂੰ ਪੁਤਿਨ ਰੱਦ ਕਰਦੇ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਰੂਸ ’ਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਪੱਛਮੀ ਰਾਸ਼ਟਰ ਰੂਸ ਦੀ ਇਸ ਮੁਸੀਬਤ ਦਾ ਮਜ਼ਾ ਲੈ ਰਹੇ ਹਨ।