ਬਦਲਾਅ ਦੇ ਰਾਹ ’ਤੇ ਪੰਜਾਬ ਦੀ ਖੇਤੀ
Tuesday, Jun 27, 2023 - 05:50 PM (IST)
ਸਾਡੇ ਮੁਲਕ ਦਾ ਅਤੀਤ ਗਵਾਹ ਰਿਹਾ ਹੈ ਕਿ ਇੱਥੇ ਸਰਕਾਰਾਂ ਦੀ ਕਹਿਣੀ ਤੇ ਕਰਨੀ ’ਚ ਬੜਾ ਫਰਕ ਰਿਹਾ ਹੈ। ਸਰਕਾਰੀ ਦਾਅਵੇ ਵੱਡੇ ਹੁੰਦੇ ਸੀ ਪਰ ਧਰਾਤਲੀ ਪੱਧਰ ’ਤੇ ਲੋਕਾਂ ਦੀ ਹਾਲਤ ਓਹੀ ਚੰਨ ਓਹੀ ਰਾਤਾਂ ਵਾਲੀ ਬਣੀ ਰਹਿੰਦੀ ਸੀ ਅਤੇ ਲੋਕ ਆਪਣੀਆਂ ਮੁਸ਼ਕਿਲਾਂ ਨੂੰ ਆਪਣੇ ਕਰਮਾਂ ਦਾ ਫਲ ਸਮਝ ਗੁਜ਼ਾਰਾ ਕਰਦੇ ਰਹਿੰਦੇ ਸਨ।
ਤੇ ਜਦ ਗੱਲ ਕਿਸਾਨੀ ਦੀ ਹੁੰਦੀ ਤਾਂ ਇਸ ਵਰਗ ਦੀ ਹਾਲਤ ਹੋਰ ਵੀ ਤਰਸਯੋਗ ਹੋ ਨਿਬੜਦੀ। ਕਿਸਾਨਾਂ ਨੂੰ ਵੋਟ ਬੈਂਕ ਤਾਂ ਹਰ ਇਕ ਨੇ ਸਮਝਿਆਂ ਪਰ ਇਸ ਵਰਗ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕਿਸੇ ਨੇ ਵੀ ਸੁਹਿਰਦ ਯਤਨ ਕੀਤੇ ਹੋਣ, ਇਸ ਦੀਆਂ ਉਦਾਹਰਣਾਂ ਘੱਟ ਹੀ ਮਿਲਦੀਆਂ ਹਨ। ਤਾਂਹੀ ਤਾਂ ਪ੍ਰਚਲਿਤ ਸੀ, ਜੱਟਾਂ ਤੇਰੀ ਜੂਨ ਬੁਰੀ, ਹਲ ਛੱਡ ਕੇ ਚਰੀ ਨੂੰ ਜਾਣਾ।
ਪਰ ਸਾਲਾਂਬੱਧੀ ਸੰਤਾਪ ਝੱਲ ਰਹੇ ਸਾਡੇ ਕਿਸਾਨਾਂ ਦੀ ਵੀ ਹੁ ਣ ਸੁਣੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਇਸ ਪੱਖੋਂ ਪਿਛਲੇ ਲਗਭਗ ਸਵਾ ਸਾਲ ਦੀ ਕਾਰਗੁਜਾਰੀ ਕਿਸਾਨਾਂ ਲਈ ਹੌਸਲਾਂ ਬਣਨ ਲੱਗੀ ਹੈ ਅਤੇ ਜੇਕਰ ਸਰਕਾਰ ਦੀ ਇਹ ਸਵੱਲੀ ਨਜ਼ਰ ਬਣੀ ਰਹੀ ਤਾਂ ਮੁੜ ਸਾਡੇ ਮਿਹਨਤੀ ਕਿਸਾਨ ਉੱਤਮ ਖੇਤੀ ਦਾ ਅਖਾਣ ਸੱਚ ਸਾਬਤ ਕਰ ਦੇਣਗੇ।
ਰਾਜਾਸ਼ਾਹੀ ਦੇ ਦੌਰ ’ਚ ਕਿਸਾਨ ਹੀ ਸਭ ਤੋਂ ਵੱਡਾ ਕਰਦਾਤਾ ਹੁੰਦਾ ਸੀ ਅਤੇ ਉਸ ਵੱਲੋਂ ਦਿੱਤੇ ਲਗਾਨ ਨਾਲ ਹੀ ਰਾਜ ਚਲਦੇ ਸੀ। ਫਿਰ ਉਦਯੋਗਿਕ ਕ੍ਰਾਂਤੀ ਆਈ ਅਤੇ ਉਦਯੋਗਾਂ ਦਾ ਮਹੱਤਵ ਵਧਣ ਲੱਗ ਪਿਆ। ਮੁਲਕ ਆਜ਼ਾਦ ਹੋ ਕੇ ਦੇਸ਼ ’ਚ ਲੋਕਤੰਤਰ ਆ ਗਿਆ। ਜਦ ਮੁਲਕ ਆਜ਼ਾਦ ਹੋਇਆ ਤਾਂ ਵੀ ਦੇਸ਼ ਦੇ ਅਰਥਚਾਰੇ ’ਚ ਕਿਸਾਨੀ ਦਾ ਵੱਡਾ ਯੋਗਦਾਨ ਸੀ ਪਰ ਪਹਿਲਾਂ ਉਦਯੋਗਿਕ ਸੈਕਟਰ ਅਤੇ ਹੁਣ ਨਵੇਂ ਪਨਪੇ ਸਰਵਿਸ ਸੈਕਟਰ ਕਾਰਨ ਕਿਸਾਨੀ ਦਾ ਦੇਸ਼ ਦੀ ਜੀ ਡੀ ਪੀ ’ਚ ਯੋਗਦਾਨ ਘਟਦਾ ਗਿਆ ਅਤੇ ਕਿਸਾਨ ਵਿਸਰਦਾ ਗਿਆ।
ਕਿਸਾਨ ਦੇਸ਼ ਲਈ ਅਨਾਜ ਉਤਪਾਦਨ ਵਾਲੀ ਇਕ ਮਸ਼ੀਨ ਬਣ ਕੇ ਰਹਿ ਗਿਆ ਅਤੇ ਕਿਸੇ ਨੇ ਪ੍ਰਵਾਹ ਨਾ ਕੀਤੀ ਕਿ ਉਸਦੀ ਸਮਾਜਿਕ ਆਰਥਿਕ ਦਸ਼ਾ ਕੀ ਹੈ ਅਤੇ ਜਿਸ ਭੋਂਏ ’ਤੇ ਉਹ ਅਨਾਜ ਪੈਦਾ ਕਰ ਰਿਹਾ ਹੈ ਜਾਂ ਜਿਸ ਪਾਣੀ ਨਾਲ ਉਹ ਅੰਨ ਉਗਾ ਰਿਹਾ ਹੈ ਉਸਦਾ ਕਿਸ ਕਦਰ ਦੋਹਨ ਹੋ ਰਿਹਾ ਹੈ। ਇਸੇ ਗੁੰਝਲਦਾਰ ਜਾਲ ’ਚ ਫਸਿਆ ਕਿਸਾਨ ਵੀ ਸਾਡੀਆਂ ਰਵਾਇਤੀ ਫਸਲਾਂ ਨਰਮਾ - ਕਪਾਹ , ਦਾਲਾਂ ਤੇਲ ਬੀਜ ਦੀ ਖੇਤੀ ਭੁੱਲ ਸਿਰਫ ਕਣਕ ਝੋਨੇ ਦੇ ਫਸਲ ਚੱਕਰ ਦੇ ਚੱਕਰਵਿਊ ’ਚ ਫਸ ਕੇ ਰਹਿ ਗਿਆ। ਫਿਰ ਕਦੇ ਕੁਦਰਤੀ ਮਾਰਾਂ ਦਾ ਅਸਰ, ਕਦੇ ਮਾੜੀਆਂ ਦਵਾਈਆਂ ਕਰਕੇ ਅਮਰੀਕਨ ਸੁੰਡੀ ਤੇ ਕਦੇ ਚਿੱਟਾ ਮੱਛਰ, ਉਸ ਨੂੰ ਹੋਰ ਮਜਬੂਰ ਕਰਦੇ ਰਹੇ ਕਿ ਉਹ ਕਣਕ ਝੋਨੇ ਤੋਂ ਬਾਹਰ ਨਾ ਨਿਕਲੇ।
ਪਰ ਦੌਰ ਬਦਲਿਆ ਅਤੇ ਨਵੇਂ ਬਦਲਾਅ ਦਾ ਵਾਅਦਾ ਕਰ ਕੇ ਆਏ ਸਤੌਸ਼ ਵਾਲੇ ਭਗਵੰਤ ਮਾਨ ਨੇ ਇਸ ਰਵਾਇਤ ਨੂੰ ਬਦਲਣ ਦਾ ਹੀਲਾ ਕੀਤਾ। ਇਹ ਹੀਲਾ ਕਿਸਾਨ ਦੀ ਤਰੱਕੀ ਦੇ ਵੀ ਰਾਹ ਖੋਲ੍ਹਣ ਵਾਲਾ ਹੈ ਅਤੇ ਸਾਡੇ ਕੁਦਰਤੀ ਸੋਮਿਆਂ ਮਿੱਟੀ ਅਤੇ ਪਾਣੀ ਦੀ ਵੀ ਰਾਖੀ ਕਰਨ ਵਾਲਾ ਹੈ।
ਸਰਕਾਰ ਨੇ ਕਿਸਾਨ ਮਿਲਣੀ ’ਚ ਮਿਲੇ ਸੁਝਾਵਾਂ ਅਨੁਸਾਰ ਇਸ ਸਾਲ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਸਮੇਂ ਸਿਰ ਪਾਣੀ ਦਿੱਤਾ, ਪਹਿਲੀ ਵਾਰ ਹੋਇਆ ਕਿ ਨਹਿਰਾਂ ਦੀਆਂ ਟੇਲਾਂ ’ਤੇ ਵੀ 12 ਤੋਂ 15 ਹਿੱਸੇ ਪਾਣੀ ਪਹੁੰਚਿਆ, ਜਿੱਥੇ ਕਦੇ ਮਸੀਂ 3-4 ਹਿੱਸੇ ਪਾਣੀ ਵੀ ਨਹੀਂ ਸੀ ਪਹੁੰਚਦਾ। ਇਸ ਸਾਲ ਸਮੇਂ ਸਿਰ ਨਰਮੇ ਦੀ ਬਿਜਾਈ ਹੋਈ ਅਤੇ ਮਾਲਵੇ ਦੇ ਖੇਤਾਂ ’ਚ ਗੋਡੇ-ਗੋਡੇ ਨਰਮਾ ਸਰਕਾਰ ਦੇ ਉਪਰਾਲੇ ਦੀ ਗਵਾਹੀ ਭਰਦਾ ਦਿਸਦਾ ਹੈ। ਇਸੇ ਤਰ੍ਹਾਂ ਨਰਮੇ ਦੇ ਬੀਜ ’ਤੇ 33 ਫੀਸਦੀ ਸਬਸਿਡੀ ਨੇ ਕਿਸਾਨਾਂ ਦੀ ਜ਼ੇਬ ਨੂੰ ਸਹਾਰਾ ਦਿੱਤਾ ਤਾਂ ਕਿਸਾਨ ਮਿੱਤਰਾਂ ਨੇ ਕਿਸਾਨ ਨੂੰ ਨਵੀਆਂ ਖੇਤੀ ਤਕਨੀਕਾਂ ਦੀ ਜਾਣਕਾਰੀ ਖੇਤੀ ਮਹਿਕਮੇ ਤੋਂ ਲੈ ਕੇ ਪਿੰਡ ਦੀਆਂ ਸੱਥਾਂ ਤੇ ਖੇਤਾਂ ਦੀਆਂ ਵੱਟਾਂ ’ਤੇ ਆ ਕੇ ਦੇਣੀ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ ਨੇ ਬੰਦ ਪਏ ਖਾਲੇ ਸ਼ੁਰੂ ਕਰਵਾਉਣ, ਜਿਨ੍ਹਾਂ ਨਹਿਰਾਂ ’ਚ ਕਦੇ ਪਾਣੀ ਨਹੀਂ ਸੀ ਆਇਆ. ’ਚ ਮੁੜ ਪਾਣੀ ਚਲਾਉਣ ਦੇ ਉਪਰਾਲਿਆਂ ਅਤੇ ਸਿੱਧੀ ਬਿਜਾਈ ਲਈ 1500 ਰੁਪਏ ਦੀ ਸਬਸਿਡੀ ਦੇਣ ਦੇ ਫੈਸਲੇ ਨੇ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋ ਰਹੇ ਪੱਤਣਾਂ ਨੂੰ ਬਰੇਕ ਲਗਾਈ ਹੈ। ਇਸ ਸਾਲ ਤਾਂ ਕਈ ਦਹਾਕਿਆਂ ਬਾਅਦ ਕਿਸਾਨਾਂ ਨੇ ਨਹਿਰੀ ਪਾਣੀ ਨਾਲ ਝੋਨੇ ਦੀਆਂ ਪਨੀਰੀਆਂ ਬੀਜੀਆਂ ਹਨ।
ਝੋਨੇ ਲਗਾਉਣ ਲਈ ਰਾਜ ਨੂੰ ਵੱਖ-ਵੱਖ ਜ਼ੋਨਾਂ ’ਚ ਵੰਡਣ ਦਾ ਫੈਸਲਾ ਵੀ ਸਫਲ ਸਿੱਧ ਹੋਇਆ ਹੈ। ਪਿਛਲੇ ਸਾਲ ਇਸ ਫੈਸਲੇ ’ਤੇ ਕਿੰਤੂ ਕਰਨ ਵਾਲੇ ਵੀ ਇਸ ਸਾਲ ਇਸ ਫੈਸਲੇ ਦਾ ਖਿੜੇ ਮੱਥੇ ਸਵਾਗਤ ਕਰ ਰਹੇ ਹਨ। ਝੋਨੇ ਲਈ ਬਿਜਲੀ ਦੀ ਨਿਰਵਿਘਣ ਸਪਲਾਈ ਨੇ ਕਿਸਾਨਾਂ ਦਾ ਜੀਵਨ ਸੁਖਾਲਾ ਕੀਤਾ ਹੈ।
ਫਾਜ਼ਿਲਕਾ ਜ਼ਿਲੇ ਦੇ ਪਿੰਡ ਬਕੈਣ ਵਾਲਾ ਜੋ ਕਿ ਨਹਿਰ ਦੀਆਂ ਟੇਲਾਂ ’ਤੇ ਪੰਜਾਬ ਦਾ ਰਾਜਸਥਾਨ ਅਤੇ ਪਾਕਿਸਤਾਨ ਨਾਲ ਲੱਗਦਾ ਆਖਰੀ ਪਿੰਡ ਹੈ, ਦਾ ਸਰਪੰਚ ਹਰਜਿੰਦਰ ਸਿੰਘ ਦੱਸਦਾ ਹੈ ਕਿ 17 ਹਿੱਸੇ ਤੱਕ ਟੇਲਾਂ ’ਤੇ ਪਾਣੀ ਚੱਲਿਆ ਹੈ ਜਦ ਕਿ ਇਹ ਪਿੰਡ ਦੇ ਲੋਕਾਂ ਲਈ ਇੰਨਾ ਨਹਿਰੀ ਪਾਣੀ ਪਿਛਲੇ ਕਈ ਦਹਾਕਿਆਂ ਤੋਂ ਸੁਪਨਾ ਹੀ ਬਣਿਆ ਪਿਆ ਸੀ। ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਸਿੱਖ ਵਾਲਾ ਦੇ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਬਿਜਲੀ ਦੀ ਨਿਰਵਿਘਣ ਸਪਲਾਈ ਨੇ ਮੁੱਖ ਮੰਤਰੀ ਦੇ ਬੋਲ ਪੁਗਾ ਦਿੱਤੇ ਹਨ। ਨਹਿਰੀ ਪਾਣੀ ਦੀ ਸਪਲਾਈ ਕਾਰਨ ਬਿਜਲੀ ਦੀ ਵਰਤੋਂ ਵੀ ਘੱਟ ਕਰਨੀ ਪੈ ਰਹੀ ਹੈ।
