‘ਸੜਕਾਂ ’ਤੇ ਟੋਏ’ ਵੱਡੀ ਗਿਣਤੀ ’ਚ ਹੋ ਰਹੀਆਂ ਮੌਤਾਂ!
Saturday, Feb 07, 2026 - 05:58 AM (IST)
ਭਾਰਤ ’ਚ ਜਿਥੇ ਇਕ ਪਾਸੇ ਹਾਈਵੇਅ ਅਤੇ ਐਕਸਪ੍ਰੈੱਸ-ਵੇਅ ਬਣਾਉਣ ਦੀ ਰਫਤਾਰ ’ਚ ਤੇਜ਼ੀ ਆਈ ਹੈ, ਉਥੇ ਹੀ ਅੱਜ ਵੀ ਸੜਕਾਂ ’ਤੇ ਪਏ ਟੋਇਆਂ ਕਾਰਨ ਹੋਣ ਵਾਲੇ ਵਾਹਨ ਹਾਦਸੇ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ ਅਤੇ ਇਨ੍ਹਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਵਧੇਰੇ ਸ਼ਿਕਾਰ ਦੋਪਹੀਆਂ ਵਾਹਨ ਚਾਲਕ ਹੋ ਰਹੇ ਹਨ ਜਿਨ੍ਹਾਂ ਦੀਆਂ ਬੀਤੇ 6 ਮਹੀਨਿਆਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 28 ਜੁਲਾਈ, 2025 ਨੂੰ ‘ਮੁੰਬਈ’ (ਮਹਾਰਾਸ਼ਟਰ) ਦੇ ‘ਪਵਈ’ ਵਿਚ ਇਕ ਸਕੂਟਰ ਸਵਾਰ ਸੜਕ ’ਤੇ ਪਏ ਟੋਏ ਨਾਲ ਟਕਰਾਅ ਕੇ ਸੜਕ ’ਤੇ ਡਿੱਗ ਗਿਆ ਅਤੇ ਪਿੱਛਿਓਂ ਆ ਰਿਹਾ ਟਰੱਕ ਉਸ ਨੂੰ ਕੁਚਲਦਾ ਹੋਇਆ ਨਿਕਲ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
* 7 ਅਗਸਤ, 2025 ਨੂੰ ‘ਸਤਗਾਵਾਂ’ (ਬਿਹਾਰ) ਦੇ ‘ਪਹਾੜ ਸਿੰਘ ਖੈਰਾ’ ਕਸਬੇ ’ਚ ਸੜਕ ’ਤੇ ਬਣੇ ਡੂੰਘੇ ਟੋਏ ਕਾਰਨ ਇਕ ਮੋਟਰਸਾਈਕਲ ਦੇ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਜਾਣ ਨਾਲ ਉਸ ’ਤੇ ਸਵਾਰ 2 ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
* 22 ਅਗਸਤ, 2025 ਨੂੰ ‘ਭਿਵੰਡੀ’ (ਮਹਾਰਾਸ਼ਟਰ) ’ਚ ਉੱਬੜ-ਖਾਬੜ ਸੜਕ ਤੋਂ ਲੰਘ ਰਹੀ ਇਕ ਸਕੂਟੀ ਤਿਲਕ ਕੇ ਡਿੱਗ ਪਈ ਜਿਸ ਨਾਲ ਸਕੂਟੀ ਸਵਾਰ ਨੂੰ ਪਿੱਛਿਓਂ ਆ ਰਹੇ ਇਕ ਕੰਟੇਨਰ ਟਰੱਕ ਨੇ ਕੁਚਲ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।
* 2 ਨਵੰਬਰ, 2025 ਨੂੰ ‘ਫਾਲਟਨ’ (ਮਹਾਰਾਸ਼ਟਰ) ’ਚ ਪੁਣੇ-ਬੈਂਗਲੁਰੂ ਹਾਈਵੇਅ ’ਤੇ ਸੜਕ ’ਤੇ ਬਣੇ ਟੋਇਅਾਂ ਕਾਰਨ ਇਕ ਮੋਟਰਸਾਈਕਲ ਪਲਟ ਜਾਣ ਨਾਲ ਉਸ ’ਤੇ ਸਵਾਰ ਇਕ ਮਰਦ ਅਤੇ ਇਕ ਮਹਿਲਾ ਦੀ ਮੌਤ ਹੋ ਗਈ।
* 23 ਨਵੰਬਰ, 2025 ਨੂੰ ‘ਪਾਲਘਰ’ (ਮਹਾਰਾਸ਼ਟਰ) ’ਚ ‘ਮਹੇਸ਼ ਦੇਸਾਈ’ ਨਾਂ ਦੇ ਇਕ ਵਿਅਕਤੀ ਦੀ ਸਕੂਟੀ ਨੂੰ ਸੜਕ ’ਤੇ ਪਏ ਟੋਏ ਨਾਲ ਝਟਕਾ ਲੱਗਣ ਕਾਰਨ ਉਹ ਸੜਕ ’ਤੇ ਅਾ ਡਿੱਗਿਅਾ ਜਿਸ ਨੂੰ ਪਿੱਛਿਓਂ ਆ ਰਹੇ ਇਕ ਟਰੱਕ ਨੇ ਕੁਚਲ ਦਿੱਤਾ।
* 29 ਦਸੰਬਰ, 2025 ਨੂੰ ‘ਵਿਲਿਆਪੱਲੀ’ (ਕੇਰਲ) ’ਚ ‘ਵਧਾਕਾਰਾ’ ਵਿਚ ਇਕ ਸੜਕ ’ਤੇ ਪੁੱਟੇ ਗਏ ਟੋਏ ’ਚ ਡਿੱਗ ਕੇ ‘ਮੂਸਾ’ ਨਾਂ ਦਾ ਵਿਅਕਤੀ ਮਾਰਿਆ ਗਿਆ।
* 16 ਜਨਵਰੀ, 2026 ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ’ਚ ਇਕ ਨਿਰਮਾਣ ਅਧੀਨ ਸੜਕ ’ਤੇ ਪਾਣੀ ਨਾਲ ਭਰੇ ਟੋਏ ’ਚ ਕਾਰ ਪਲਟ ਜਾਣ ਕਾਰਨ ਉਸ ’ਚ ਸਵਾਰ ਸਾਫਟਵੇਅਰ ਇੰਜੀਨੀਅਰ ‘ਯੁਵਰਾਜ ਮੇਹਤਾ’ ਦੀ ਪਾਣੀ ’ਚ ਡੁੱਬ ਕੇ ਮੌਤ ਹੋ ਗਈ।
* 4 ਫਰਵਰੀ, 2026 ਨੂੰ ‘ਗ੍ਰੇਟਰ ਨੋਇਡਾ’ (ਉੱਤਰ ਪ੍ਰਦੇਸ਼) ’ਚ ‘ਸਮਸਪੁਰ’ ਪਿੰਡ ਦੇ ਨੇੜੇ ਸੜਕ ’ਤੇ ਬਣੇ ਟੋਏ ਕਾਰਨ ਉਥੋਂ ਲੰਘ ਰਹੀ ਟ੍ਰੈਕਟਰ-ਟਰਾਲੀ ਬੇਕਾਬੂ ਹੋ ਜਾਣ ਨਾਲ ਉਸ ’ਤੇ ਸਵਾਰ ਇਕ ਮਜ਼ਦੂਰ ਦੀ ਹੇਠਾਂ ਡਿੱਗ ਕੇ ਮੌਤ ਹੋ ਗਈ।
* 5 ਫਰਵਰੀ, 2026 ਨੂੰ ‘ਦਿੱਲੀ’ ਦੇ ਜਨਕਪੁਰੀ ਇਲਾਕੇ ’ਚ ਰਾਤ ਦੇ ਸਮੇਂ ਅਾਪਣੇ ਦਫਤਰ ਤੋਂ ਘਰ ਪਰਤ ਰਹੇ ਇਕ ਨੌਜਵਾਨ ਦਾ ਮੋਟਰਸਾਈਕਲ ਦਿੱਲੀ ਜਲ ਬੋਰਡ ਵਲੋਂ ਸੜਕ ’ਤੇ ਪੁੱਟੇ ਗਏ ਇਕ ਡੂੰਘੇ ਟੋਏ ’ਚ ਜਾ ਡਿੱਗਿਅਾ। ਗੰਭੀਰ ਰੂਪ ’ਚ ਜ਼ਖਮੀ ਨੌਜਵਾਨ ਪੂਰੀ ਰਾਤ ਉਸੇ ਟੋਏ ’ਚ ਫਸਿਆ ਰਿਹਾ ਅਤੇ ਕੋਈ ਸਹਾਇਤਾ ਨਾ ਮਿਲ ਸਕਣ ਕਾਰਨ ਉਸ ਦੀ ਤੜਫ-ਤੜਫ ਕੇ ਮੌਤ ਹੋ ਗਈ।
* 6 ਫਰਵਰੀ, 2026 ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ ਸੰਘਣੀ ਧੁੰਦ ਕਾਰਨ ਸੜਕ ’ਤੇ ਪਿਆ ਟੋਇਆ ਨਾ ਦਿਸਣ ਕਾਰਨ ਇਕ ਕਾਰ ਉਸ ’ਚ ਪਲਟ ਜਾਣ ਦੇ ਨਤੀਜੇ ਵਜੋਂ ਉਸ ’ਚ ਸਵਾਰ ਇਕ ਵਿਅਕਤੀ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।
ਸੜਕ ਟਰਾਂਸਪੋਰਟ ਮੰਤਰਾਲਾ ਅਨੁਸਾਰ ਸਾਲ 2020 ’ਚ ਸੜਕਾਂ ’ਤੇ ਬਣੇ ਟੋਇਅਾਂ ਕਾਰਨ ਹੋਏ ਵਾਹਨ ਹਾਦਸਿਅਾਂ ’ਚ 3564 ਲੋਕਾਂ, 2021 ’ਚ 3625 ਲੋਕਾਂ ਅਤੇ 2022 ’ਚ 4446 ਲੋਕਾਂ ਦੀ ਮੌਤ ਹੋਈ ਜੋ ਸੰਬੰਧਤ ਸੂਬਿਅਾਂ ਦੀਅਾਂ ਸਰਕਾਰਾਂ, ਪ੍ਰਸ਼ਾਸਨ ਅਤੇ ਸਥਾਨਕ ਵਿਭਾਗਾਂ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ।
ਸੜਕਾਂ ’ਤੇ ਟੋਇਅਾਂ ਨਾਲ ਮੌਤਾਂ ਸੰਬੰਧੀ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਅਕਤਬੂਰ, 2025 ’ਚ ਬਾਂਬੇ ਹਾਈਕੋਰਟ ਨੇ ਸਪੱਸ਼ਟ ਹੁਕਮ ਦਿੰਦੇ ਹੋਏ ਕਿਹਾ ਸੀ ਕਿ ‘‘ਸੜਕਾਂ ’ਤੇ ਟੋਇਅਾਂ ਜਾਂ ਖੁੱਲ੍ਹੇ ਮੈਨਹੋਲ ਦੇ ਕਾਰਨ ਹੋਣ ਵਾਲੀਅਾਂ ਮੌਤਾਂ ਦੇ ਮਾਮਲੇ ’ਚ ਪੀੜਤਾਂ ਨੂੰ ਘੱਟ ਤੋਂ ਘੱਟ 6 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।’’
ਇਸ ਤੋਂ ਪਹਿਲਾਂ 20 ਜੁਲਾਈ, 2018 ਨੂੰ ਵੀ ਸੁਪਰੀਮ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਸੀ ਕਿ, ‘‘ਸੜਕਾਂ ’ਤੇ ਟੋਇਅਾਂ ਨਾਲ ਹੋਣ ਵਾਲੇ ਹਾਦਸਿਅਾਂ ਨਾਲ ਮੌਤਾਂ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਲਈ ਜ਼ਿੰਮੇਵਾਰ ਅਧਿਕਾਰੀ ਅਾਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਅ ਰਹੇ ਹਨ।’’
ਇਹ ਘਟਨਾਵਾਂ ਸਿਰਫ ਪੀੜਤ ਪਰਿਵਾਰਾਂ ਦਾ ਦੁੱਖ ਨਹੀਂ ਹੈ ਸਗੋਂ ਅਵਿਵਸਥਾ ਦੀ ਭਖਦੀ ਤਸਵੀਰ ਪੇਸ਼ ਕਰਦੀਆਂ ਹਨ। ਸੜਕਾਂ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਸਿਵਿਕ ਬਾਡੀ ਅਧੀਨ ਆਉਂਦੀ ਹੈ ਅਤੇ ਟੋਇਆਂ ਕਾਰਨ ਹੋਣ ਵਾਲੀਆਂ ਮੌਤਾਂ ਲਈ ਵੀ ਉਹੀ ਜ਼ਿੰਮੇਵਾਰ ਹੈ। ਇਸ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
–ਵਿਜੇ ਕੁਮਾਰ
