ਵੰਸ਼ਵਾਦ ਦੀ ਗ੍ਰਿਫਤ ’ਚ ਹਰਿਆਣਾ ਦੀ ਸਿਆਸਤ

Saturday, Oct 05, 2024 - 09:33 AM (IST)

ਵੰਸ਼ਵਾਦ ਦੀ ਗ੍ਰਿਫਤ ’ਚ ਹਰਿਆਣਾ ਦੀ ਸਿਆਸਤ

ਭਾਰਤੀ ਸਿਆਸਤ ’ਚ ਵੰਸ਼ਵਾਦ ਦੀ ਬਹਿਸ ਨਵੀਂ ਨਹੀਂ ਹੈ। ਹਰ ਚੋਣ ’ਚ ਪਰਿਵਾਰਵਾਦ ਦਾ ਮੁੱਦਾ ਉੱਠਦਾ ਹੈ ਪਰ ਟਿੱਕਦਾ ਨਹੀਂ। ਸ਼ਾਇਦ ਇਸ ਲਈ ਕਿ ਉਸ ਤੋਂ ਪ੍ਰਹੇਜ਼ ਤਾਂ ਕਿਸੇ ਨੂੰ ਨਹੀਂ। ਤਿੰਨ ਲਾਲਾਂ ਦੀ ਸਿਆਸਤ ਲਈ ਹਰਿਆਣਾ ਦੇਸ਼ ਭਰ ’ਚ ਚਰਚਿਤ ਰਿਹਾ। ਬੰਸੀਲਾਲ, ਦੇਵੀਲਾਲ ਅਤੇ ਭਜਨ ਲਾਲ ਨੇ ਦਹਾਕਿਆਂ ਤਕ ਹਰਿਆਣਾ ਦੀ ਸਿਆਸਤ ’ਤੇ ਰਾਜ ਕੀਤਾ। ਤਿੰਨੋਂ ਲਾਲ ਜੀਵਨਕਾਲ ’ਚ ਹੀ ਆਪਣੇ ਲਾਲਾਂ ਨੂੰ ਵੀ ਸਿਆਸਤ ’ਚ ਸਥਾਪਿਤ ਕਰ ਗਏ। ਹੁਣ ਉਨ੍ਹਾਂ ਲਾਲਾਂ ਦੀ ਅਗਲੀ ਪੀੜ੍ਹੀ ਵੀ ਸਿਆਸਤ ’ਚ ਆ ਚੁੱਕੀ ਹੈ। ਚਰਚਾ ਭਾਵੇਂ ਅਕਸਰ 3 ਲਾਲਾਂ ਅਤੇ ਉਨ੍ਹਾਂ ਦੇ ਪਰਿਵਾਰਵਾਦ ਦੀ ਹੁੰਦੀ ਰਹੀ ਹੋਵੇ ਪਰ ਚੰਦ ਅਪਵਾਦਾਂ ਨੂੰ ਛੱਡ ਦੇਈਏ ਤਾਂ ਹਰਿਆਣਾ ਦੀ ਪੂਰੀ ਸਿਆਸਤ ਹੀ ਵੰਸ਼ਵਾਦ ਦੀ ਗ੍ਰਿਫਤ ’ਚ ਹੈ।

ਹੁਣ ਜਦਕਿ ਹਰਿਆਣਾ ਦੀ 15ਵੀਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ ਤਾਂ ਅਜਿਹੇ ਉਮੀਦਵਾਰ ਵੱਡੀ ਗਿਣਤੀ ’ਚ ਹਨ ਜੋ ਪਰਿਵਾਰਵਾਦ ਦੀ ਪੂਛ ਫੜ ਕੇ ਹੀ ਸਿਆਸਤ ਕਰ ਰਹੇ ਹਨ। ਇਹ ਹੋਰ ਵੀ ਹੈਰਾਨੀਜਨਕ ਹੈ ਕਿ ਪਰਿਵਾਰਵਾਦ ਨਾਲ ਪਲੀ ਸਿਆਸਤ ਹੁਣ ਪਰਿਵਾਰ ਤੋੜ ਵੀ ਰਹੀ ਹੈ। ਕਦੇ ਕਿਹਾ ਜਾਂਦਾ ਸੀ ਕਿ ਇਕ ਹੀ ਪਰਿਵਾਰ ਦੇ ਮੈਂਬਰ ਵੱਖ-ਵੱਖ ਪਾਰਟੀਆਂ ’ਚ ਇਸ ਲਈ ਰਹਿੰਦੇ ਹਨ ਕਿ ਸੱਤਾ ਕਦੇ ਪਰਿਵਾਰ ਤੋਂ ਬਾਹਰ ਨਾ ਜਾ ਸਕੇ, ਪਰ ਉਹ ਰਣਨੀਤੀ ਵੀ ਹੁਣ ਪਰਿਵਾਰਵਾਦ ’ਚ ਬਦਲਦੀ ਸਾਫ ਨਜ਼ਰ ਆਉਂਦੀ ਹੈ। ਗਿਣਤੀ ਦੇ ਲਿਹਾਜ਼ ਨਾਲ ਚੋਣ ਮੈਦਾਨ ’ਚ ਸਭ ਤੋਂ ਵੱਧ ਮੈਂਬਰ ਚੌਧਰੀ ਦੇਵੀਲਾਲ ਦੇ ਪਰਿਵਾਰ ਦੇ ਹਨ। ਦੇਵੀਲਾਲ ਪਰਿਵਾਰ ਦੋ ਪਾਰਟੀਆਂ ਚਲਾ ਰਿਹਾ ਹੈ। ਇਕ, ਮੂਲ ਪਾਰਟੀ ਇੰਡੀਅਨ ਨੈਸ਼ਨਲ ਲੋਕਦਲ ਭਾਵ ਇਨੈਲੋ, ਜਿਸ ਦੇ ਕਰਤਾ-ਧਰਤਾ ਦੇਵੀਲਾਲ ਦੇ ਸਿਆਸੀ ਉੱਤਰਾਧਿਕਾਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਛੋਟੇ ਬੇਟੇ ਅਭੈ ਸਿੰਘ ਚੌਟਾਲਾ ਹਨ। ਦੂਜੀ, ਪਰਿਵਾਰ ’ਚ ਵੱਖਵਾਦ ਪਿੱਛੋਂ ਬਣੀ ਜਨਨਾਇਕ ਜਨਤਾ ਪਾਰਟੀ ਭਾਵ ਜਜਪਾ, ਜਿਸ ਦੇ ਕਰਤਾ-ਧਰਤਾ ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਬੇਟੇ ਅਜੇ ਸਿੰਘ ਚੌਟਾਲਾ ਅਤੇ ਉਨ੍ਹਾਂ ਦੇ ਦੋਵੇਂ ਬੇਟੇ ਦੁਸ਼ਯੰਤ ਅਤੇ ਦਿਗਵਿਜੇ ਹਨ।

ਜਜਪਾ ਸਾਢੇ 4 ਸਾਲ ਹਰਿਆਣਾ ’ਚ ਭਾਜਪਾ ਨਾਲ ਸਰਕਾਰ ’ਚ ਜੂਨੀਅਰ ਪਾਰਟਨਰ ਰਹੀ ਅਤੇ ਦੁਸ਼ਯੰਤ ਡਿਪਟੀ ਸੀ. ਐੱਮ.। ਦੇਵੀਲਾਲ ਦੇ ਹੀ ਇਕ ਬੇਟੇ ਰਣਜੀਤ ਸਿੰਘ ਚੌਟਾਲਾ 2019 ’ਚ ਰਾਣੀਆ ਤੋਂ ਆਜ਼ਾਦ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੂੰ ਭਾਜਪਾ ਨੇ ਨਾ ਸਿਰਫ ਮੰਤਰੀ ਬਣਾਇਆ, ਸਗੋਂ ਇਸੇ ਸਾਲ ਲੋਕ ਸਭਾ ਚੋਣਾਂ ’ਚ ਹਿਸਾਰ ਤੋਂ ਪਾਰਟੀ ਟਿਕਟ ਵੀ ਦਿੱਤੀ ਪਰ ਉਹ ਹਾਰ ਗਏ। ਹੁਣ ਜਦ ਭਾਜਪਾ ਨੇ ਰਾਣੀਆ ਤੋਂ ਵਿਧਾਨ ਸਭਾ ਟਿਕਟ ਲਾਇਕ ਨਹੀਂ ਸਮਝਿਆ ਤਾਂ ਰਣਜੀਤ ਫਿਰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਹਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਚਾਚਾ ਰਣਜੀਤ ਸਿੰਘ ਦੇ ਮੁਕਾਬਲੇ ਅਭੈ ਚੌਟਾਲਾ ਨੇ ਅਾਪਣੇ ਬੇਟੇ ਅਰਜੁਨ ਨੂੰ ਚੋਣ ਮੈਦਾਨ ’ਚ ਉਤਾਰ ਦਿੱਤਾ ਹੈ। ਮੰਡੀ ਡੱਬਵਾਲੀ ਤੋਂ ਭਾਜਪਾ ਟਿਕਟ ਨਾ ਮਿਲਣ ’ਤੇ ਆਪਣੇ ਇਕ ਹੋਰ ਚਾਚੇ ਜਗਦੀਸ਼ ਦੇ ਬੇਟੇ ਆਦਿੱਤਿਆ ਨੂੰ ਅਭੈ ਨੇ ਇਨੈਲੋ ਉਮੀਦਵਾਰ ਬਣਾ ਦਿੱਤਾ ਪਰ ਰਣਜੀਤ ਦੇ ਮਾਮਲੇ ’ਚ ਉਹੋ ਜਿਹੀ ਖੁੱਲ੍ਹਦਿਲੀ ਨਹੀਂ ਦਿਖਾਈ।

ਸ਼ਾਇਦ ਇਸ ਲਈ ਕਿ ਰਣਜੀਤ ਦੇ ਰਿਸ਼ਤੇ ਦੁਸ਼ਯੰਤ ਨਾਲ ਵਧੇਰੇ ਚੰਗੇ ਰਹੇ ਹਨ। ਮੰਡੀ ਡੱਬਵਾਲੀ ਤੋਂ ਜਜਪਾ ਨੇ ਦੁਸ਼ਯੰਤ ਦੇ ਛੋਟੇ ਭਰਾ ਦਿਗਵਿਜੇ ਨੂੰ ਮੈਦਾਨ ’ਚ ਉਤਾਰ ਕੇ ਚੋਣ ਨੂੰ ਸਿਆਸਤ ਦੇ ਨਾਲ-ਨਾਲ ਪਰਿਵਾਰਕ ਮੁਕਾਬਲਾ ਵੀ ਬਣਾ ਦਿੱਤਾ ਹੈ। ਅਭੈ ਦੇ ਇਕ ਹੋਰ ਚਚੇਰੇ ਭਰਾ ਰਵੀ ਦੀ ਪਤਨੀ ਸੁਨੈਨਾ ਚੌਟਾਲਾ ਫਤਿਹਾਬਾਦ ਤੋਂ ਇਨੈਲੋ ਉਮੀਦਵਾਰ ਹਨ। ਦੁਸ਼ਯੰਤ ਦੂਜੀ ਵਾਰ ਉਚਾਣਾ ਤੋਂ ਚੋਣ ਲੜ ਰਹੇ ਹਨ ਜਿਥੇ ਉਨ੍ਹਾਂ ਦਾ ਮੁਕਾਬਲਾ ਆਈ. ਏ. ਐੱਸ. ਦੀ ਨੌਕਰੀ ਛੱਡ ਕੇ ਸਿਆਸਤ ’ਚ ਆਏ ਬਰਜਿੰਦਰ ਸਿੰਘ ਨਾਲ ਹੈ। ਬਰਜਿੰਦਰ ਵੀ ਵੰਸ਼ਵਾਦੀ ਸਿਆਸਤ ’ਚੋਂ ਹਨ। ਉਹ ਉੱਤਰੀ ਭਾਰਤ ਦੇ ਵੱਡੇ ਕਿਸਾਨ ਆਗੂਆਂ ’ਚ ਸ਼ੁਮਾਰ ਰਹੇ ਚੌਧਰੀ ਛੋਟੂ ਰਾਮ ਦੇ ਵੰਸ਼ਜ ਬਰਿੰਦਰ ਸਿੰਘ ਦੇ ਬੇਟੇ ਹਨ। ਬਰਿੰਦਰ ਸਿੰਘ ਕਹਿੰਦੇ ਰਹੇ ਹਨ ਕਿ ਰਾਜੀਵ ਗਾਂਧੀ ਦੀ ਹੱਤਿਆ ਹੋ ਜਾਣ ਕਾਰਨ 1991 ’ਚ ਉਹ ਹਰਿਆਣਾ ਦੇ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ।

2014 ’ਚ ਕਾਂਗਰਸ ਛੱਡ ਕੇ ਭਾਜਪਾ ’ਚ ਆਏ ਬਰਿੰਦਰ ਸਿੰਘ ਕੇਂਦਰ ’ਚ ਮੰਤਰੀ ਬਣੇ, ਪਤਨੀ ਪ੍ਰੇਮਲਤਾ ਹਰਿਆਣਾ ’ਚ ਵਿਧਾਇਕਾ ਬਣੀ ਅਤੇ ਫਿਰ ਬੇਟਾ ਬਰਜਿੰਦਰ 2019 ’ਚ ਹਿਸਾਰ ਤੋਂ ਸੰਸਦ ਮੈਂਬਰ ਪਰ ਇਸੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੂਰਾ ਪਰਿਵਾਰ ਕਾਂਗਰਸ ’ਚ ਪਰਤ ਆਇਆ। ਬੰਸੀਲਾਲ ਦੇ ਦੋਵੇਂ ਬੇਟੇ ਰਣਬੀਰ ਮਹਿੰਦਰਾ ਅਤੇ ਸੁਰਿੰਦਰ ਸਿੰਘ ਸਿਆਸਤ ’ਚ ਰਹੇ। ਰਣਬੀਰ ਸਿਆਸਤ ਦੇ ਨਾਲ-ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ’ਚ ਵੀ ਸਰਗਰਮ ਰਹੇ ਅਤੇ ਉਸ ਦੇ ਚੇਅਰਮੈਨ ਬਣੇ। ਸੁਰਿੰਦਰ ਸਿੰਘ ਨੂੰ ਬੰਸੀਲਾਲ ਵੱਧ ਪਸੰਦ ਕਰਦੇ ਸਨ। ਇਸ ਲਈ ਆਪਣੀ ਹਰਿਆਣਾ ਵਿਕਾਸ ਪਾਰਟੀ ਬਣਾ ਕੇ ਆਖਰੀ ਵਾਰ ਮੁੱਖ ਮੰਤਰੀ ਬਣੇ ਬੰਸੀਲਾਲ ਜਦ ਕਾਂਗਰਸ ’ਚ ਪਰਤੇ ਤਾਂ ਸੁਰਿੰਦਰ ਸਿੰਘ ਹੀ ਉਨ੍ਹਾਂ ਦੇ ਸਿਆਸੀ ਵਾਰਿਸ ਬਣੇ। ਹੈਲੀਕਾਪਟਰ ਹਾਦਸੇ ’ਚ ਸੁਰਿੰਦਰ ਦੀ ਮੌਤ ਪਿੱਛੋਂ ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦੀ ਪਤਨੀ ਕਿਰਨ ਚੌਧਰੀ ਨੇ ਲਈ, ਜੋ ਪਹਿਲਾਂ ਦਿੱਲੀ ’ਚ ਸਿਆਸਤ ਕਰ ਰਹੀ ਸੀ।

ਕਿਰਨ ਹਰਿਆਣਾ ’ਚ ਮੰਤਰੀ ਬਣੀ ਅਤੇ ਉਨ੍ਹਾਂ ਦੀ ਬੇਟੀ ਸ਼ਰੁਤੀ ਲੋਕ ਸਭਾ ਸੰਸਦ ਮੈਂਬਰ ਪਰ ਭੁਪਿੰਦਰ ਸਿੰਘ ਹੁੱਡਾ ਨਾਲ ਲਗਾਤਾਰ ਟਕਰਾਅ ਕਾਰਨ ਦੋਵੇਂ ਇਸੇ ਸਾਲ ਭਾਜਪਾ ’ਚ ਚਲੀਆਂ ਗਈਆਂ। ਕਿਰਨ ਨੂੰ ਰਾਜ ਸਭਾ ਮੈਂਬਰ ਬਣਾਉਣ ਤੋਂ ਬਾਅਦ ਭਾਜਪਾ ਨੇ ਸ਼ਰੁਤੀ ਨੂੰ ਉਨ੍ਹਾਂ ਦੀ ਵਿਧਾਨ ਸਭਾ ਸੀਟ ਤੋਸ਼ਾਮ ਤੋਂ ਟਿਕਟ ਦੇ ਦਿੱਤੀ ਹੈ, ਜਿਥੇ ਉਨ੍ਹਾਂ ਦਾ ਮੁਕਾਬਲਾ ਆਪਣੇ ਹੀ ਤਾਊ ਰਣਬੀਰ ਮਹਿੰਦਰਾ ਦੇ ਬੇਟੇ ਅਨਿਰੁੱਧ ਚੌਧਰੀ ਨਾਲ ਹੈ, ਜੋ ਕਾਂਗਰਸ ਦੇ ਉਮੀਦਵਾਰ ਹਨ। ਸਭ ਤੋਂ ਲੰਬੇ ਸਮੇਂ ਤਕ ਲਗਾਤਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਭੁਪਿੰਦਰ ਸਿੰਘ ਹੁੱਡਾ ਵੀ ਸਿਆਸੀ ਪਰਿਵਾਰ ’ਚੋਂ ਹਨ। ਉਨ੍ਹਾਂ ਦੇ ਦਾਦਾ ਮਾਤੂਰਾਮ ਸਮਾਜ ਸੁਧਾਰਕ ਅਤੇ ਆਜ਼ਾਦੀ ਘੁਲਾਟੀਏ ਰਹੇ ਤਾਂ ਪਿਤਾ ਚੌਧਰੀ ਰਣਬੀਰ ਸਿੰਘ ਸੰਵਿਧਾਨ ਸਭਾ ਦੇ ਮੈਂਬਰ ਅਤੇ ਪੰਜਾਬ ਤੇ ਹਰਿਆਣਾ ’ਚ ਮੰਤਰੀ ਵੀ ਰਹੇ। 2005 ’ਚ ਭੁਪਿੰਦਰ ਹੁੱਡਾ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਬੇਟੇ ਦੀਪੇਂਦਰ ਵੀ ਅਮਰੀਕੀ ਨੌਕਰੀ ਛੱਡ ਕੇ ਸਿਆਸਤ ’ਚ ਆ ਗਏ ਜੋ ਰੋਹਤਕ ਤੋਂ ਚੌਥੀ ਵਾਰ ਲੋਕ ਸਭਾ ਲਈ ਚੁਣੇ ਗਏ ਹਨ। ਹੁੱਡਾ ਦੇ ਗਲਬੇ ਨੂੰ ਚੁਣੌਤੀ ਦੇਣ ਵਾਲੀ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਦੇ ਪਿਤਾ ਦਲਬੀਰ ਸਿੰਘ ਕਾਂਗਰਸ ਦੇ ਵੱਡੇ ਦਲਿਤ ਆਗੂ ਰਹੇ। ਦੂਸਰੇ ਹੁੱਡਾ ਵਿਰੋਧੀ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਵੀ ਕਾਂਗਰਸ ਦੇ ਵੱਡੇ ਆਗੂ ਰਹੇ। ਹੁਣ ਰਣਦੀਪ ਦੇ ਬੇਟੇ ਆਦਿੱਤਿਆ ਵੀ ਕੈਥਲ ਤੋਂ ਵਿਧਾਨ ਸਭਾ ਚੋਣ ਲੜ ਰਹੇ ਹਨ। 

ਹਿਸਾਰ ਤੋਂ ਕਾਂਗਰਸ ਸੰਸਦ ਮੈਂਬਰ ਜੈ ਪ੍ਰਕਾਸ਼ ਨੇ ਕਲਾਯਤ ਤੋਂ ਬੇਟੇ ਵਿਕਾਸ ਸਹਾਰਣ ਨੂੰ ਟਿਕਟ ਦਿਵਾਈ ਹੈ ਤਾਂ ਰੇਵਾੜੀ ਤੋਂ ਦੂਜੀ ਵਾਰ ਲੜ ਰਹੇ ਚਿਰੰਜੀਵ ਰਾਓ ਵੀ ਸਾਬਕਾ ਮੰਤਰੀ ਕੈਪਟਨ ਅਜੇ ਯਾਦਵ ਦੇ ਬੇਟੇ ਹਨ। ਭਜਨ ਲਾਲ ਜੀਵਨਕਾਲ ’ਚ ਹੀ ਬੇਟਿਆਂ ਨੂੰ ਸਿਆਸਤ ’ਚ ਸਥਾਪਿਤ ਕਰ ਗਏ ਸਨ। 2005 ’ਚ ਪ੍ਰਚੰਡ ਬਹੁਮਤ ਦੇ ਬਾਵਜੂਦ ਭਜਨ ਲਾਲ ਨੂੰ ਮੁੱਖ ਮੰਤਰੀ ਨਾ ਬਣਾਏ ਜਾਣ ’ਤੇ ਬਣਾਈ ਹਰਿਆਣਾ ਜਨਹਿੱਤ ਕਾਂਗਰਸ ਸਮੇਤ ਕਾਂਗਰਸ ’ਚ ਪਰਤੇ ਕੁਲਦੀਪ ਹੁਣ ਆਪਣੇ ਪਰਿਵਾਰ ਸਮੇਤ ਭਾਜਪਾ ’ਚ ਹਨ ਅਤੇ ਚੰਦਰਮੋਹਨ ਕਾਂਗਰਸ ’ਚ ਹੀ ਰਹੇ। ਹਰਿਆਣਾ ’ਚ ਵੰਸ਼ਵਾਦ ਦੀ ਫਹਿਰਿਸਤ (ਸੂਚੀ) ਬਹੁਤ ਲੰਬੀ ਬਣ ਸਕਦੀ ਹੈ। ਸਾਰੀਆਂ ਪਾਰਟੀਆਂ ’ਚ ਅਜਿਹੇ ਉਮੀਦਵਾਰਾਂ ਦੀ ਗਿਣਤੀ ਸ਼ਾਇਦ ਘੱਟ ਹੋਵੇਗੀ ਜੋ ਵੰਸ਼ਵਾਦੀ ਸਿਆਸਤ ਦੀ ਦੇਣ ਨਹੀਂ ਹਨ।

-ਰਾਜ ਕੁਮਾਰ ਸਿੰਘ


author

Tanu

Content Editor

Related News