ਸਿਆਸੀ ਪਾਰਟੀਆਂ ਦੀ ਅੱਧੀ ਸ਼ਕਤੀ ਰੁੱਸਿਆਂ ਨੂੰ ਮਨਾਉਣ ’ਚ ਲੱਗ ਜਾਂਦੀ ਹੈ

Saturday, Sep 14, 2024 - 02:06 PM (IST)

ਸਿਆਸੀ ਪਾਰਟੀਆਂ ਦੀ ਅੱਧੀ ਸ਼ਕਤੀ ਰੁੱਸਿਆਂ ਨੂੰ ਮਨਾਉਣ ’ਚ ਲੱਗ ਜਾਂਦੀ ਹੈ

ਇਸ ਨੂੰ ਬਦਕਿਸਮਤੀ ਹੀ ਕਹਾਂਗੇ ਕਿ ਇਲਾਕਾਈ ਪਾਰਟੀਆਂ ਨੂੰ ਪਰਾਈਆਂ ਪਾਰਟੀਆਂ ਨਾਲ ਲੜਨ ਦੀ ਬਜਾਏ ਆਪਣਿਆਂ ਨੂੰ ਮਨਾਉਣ ’ਚ ਵੱਧ ਸ਼ਕਤੀ ਲਾਉਣੀ ਪੈਂਦੀ ਹੈ। ਹਾਲ ਹੀ ’ਚ ਮੈਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਖਿਲਰਦੇ ਦੇਖਿਆ, ਹਰਿਆਣਾ ’ਚ ਓਮ ਪ੍ਰਕਾਸ਼ ਚੌਟਾਲਾ ਨੂੰ ਚੌਧਰੀ ਦੇਵੀ ਲਾਲ ਦੇ ਪਰਿਵਾਰ ਅਤੇ ਉਸ ਵਲੋਂ ਚਲਾਈ ਜਾ ਰਹੀ ਸਿਆਸੀ ਪਾਰਟੀ ਨੂੰ ਤਾਰ-ਤਾਰ ਹੁੰਦੇ ਦੇਖਿਆ। 

ਜੰਮੂ-ਕਸ਼ਮੀਰ ’ਚ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਪੀ. ਡੀ. ਪੀ. ਪਾਰਟੀ ਨੂੰ ਮਹਿਬੂਬਾ ਨੇ ਆਪਣੀਆਂ ਅੱਖਾਂ ਸਾਹਮਣੇ ਭਿੜਦਿਆਂ ਦੇਖਿਆ, ਤਾਮਿਲਨਾਡੂ ’ਚ ਦ੍ਰਮੁਕ ਦੇ ਕਈ ਹਿੱਸੇ ਹੋ ਗਏ। ‘ਆਪ’ ਆਪਸੀ ਸੰਘਰਸ਼ ’ਚ ਉਲਝੀ ਹੋਈ ਹੈ, ਕਾਂਗਰਸ ਜੋ ਆਲ ਇੰਡੀਆ ਸਿਆਸੀ ਪਾਰਟੀ ਹੈ, ਅੰਦਰੂਨੀ ਉਲਝਣਾਂ ’ਚ ਉਲਝ ਰਹੀ ਹੈ। 1977 ’ਚ ਬਣੀ ਜਨਤਾ ਪਾਰਟੀ ਅੰਦਰੂਨੀ ਵਿਰੋਧਾਂ ਕਾਰਨ 1980 ’ਚ ਹੀ ਟੁੱਟ ਗਈ। ਜਨਤਾ ਪਾਰਟੀ, ਲੋਕਦਲ ਪਤਾ ਨਹੀਂ ਕਿਥੇ ਗੁਆਚ ਗਏ? ਸਾਰੀਆਂ ਸਿਆਸੀ ਪਾਰਟੀਆਂ ਆਪਣਿਆਂ ਨਾਲ ਹੀ ਉਲਝ ਕੇ ਮਰ-ਖੱਪ ਰਹੀਆਂ ਹਨ। ਅੰਦਰੂਨੀ ਕਲੇਸ਼ ਤੋਂ ਕੋਈ ਵੀ ਸਿਆਸੀ ਪਾਰਟੀ ਮੁਕਤ ਨਹੀਂ।

‘ਪਾਰਟੀ ਵਿਦ-ਏ-ਡਿਫਰੈਂਸ’ ਭਾਵ ਅਨੁਸ਼ਾਸਿਤ ਪਾਰਟੀ ਭਾਰਤੀ ਜਨਤਾ ਪਾਰਟੀ ਵੀ ਇਸ ਅੰਦਰੂਨੀ ਕਲੇਸ਼ ਤੋਂ ਅਛੋਹ ਨਹੀਂ ਹੈ। ਇਹ ਗੱਲ ਹਰਿਆਣਾ ਅਤੇ ਜੰਮੂ-ਕਸ਼ਮੀਰ ’ਚ ਹੋ ਰਹੀਆਂ ਚੋਣਾਂ ਨੇ ਸਿੱਧ ਕਰ ਦਿਖਾਈ ਹੈ। ਟਿਕਟ ਵੰਡ ਲਿਸਟਾਂ ਨੂੰ ਬਦਲਣਾ ਪਿਆ। ਸਾਰੀਆਂ ਪਾਰਟੀਆਂ ’ਚ ਇਕ ਅਰਾਜਕਤਾ ਜਿਹੀ ਫੈਲੀ ਹੋਈ ਹੈ। ਇਹ ਅੰਦਰੂਨੀ ਕਲੇਸ਼ ਕਿਸੇ ਸਿਧਾਂਤ ਲਈ ਨਹੀਂ ਸਗੋਂ ਆਪਣੀਆਂ ਨਿੱਜੀ ਖਾਹਿਸ਼ਾਂ ਕਾਰਨ ਹੈ। ਹਰ ਆਗੂ ਸੱਤਾ ਲਈ ਲੜ ਰਿਹਾ ਹੈ। ਤਿਆਗ ਦੀ ਭਾਵਨਾ ਤਾਂ ਕਿਸੇ ਸਿਆਸੀ ਪਾਰਟੀ ’ਚ ਦਿਖਾਈ ਨਹੀਂ ਦਿੰਦੀ। ਸੱਤਾ, ਨਿੱਜੀ ਮਹੱਤਵ ਸਭ ਸਿਆਸੀ ਆਗੂਆਂ ’ਤੇ ਭਾਰੀ ਹੈ। ਕੁਝ ਵੀ ਸਿਆਸਤ ’ਚ ਸਥਿਰ ਨਹੀਂ।

ਭੱਜ-ਦੌੜ ਮਚੀ ਹੋਈ ਹੈ। ਚਲੋ ਅੱਜ ਸਿਰਫ ਭਾਜਪਾ ’ਤੇ ਹੀ ਇਕ ਵਾਰ ਗੱਲ ਕਰਦੇ ਹਾਂ। ਹਰਿਆਣਾ ਅਤੇ ਜੰਮੂ-ਕਸ਼ਮੀਰ ’ਚ ਭਾਜਪਾ ਧੜਿਆਂ ’ਚ ਵੰਡੀ ਦਿਸੀ। ਇਸ ਦੇ ਕਈ ਆਗੂ ਟਿਕਟ ਖੋਹੇ ਜਾਣ ਤੋਂ ਮਾਯੂਸ ਅਤੇ ਸੋਸ਼ਲ ਮੀਡੀਆ ’ਤੇ ਰੋਂਦੇ ਦਿਖਾਈ ਦਿੱਤੇ। ਕਈ ਥਾਵਾਂ ’ਤੇ ਮੋਦੀ ਨੇ ਅੰਦਰੂਨੀ ਕਲੇਸ਼ ਨੂੰ ਦਬਾ ਦਿੱਤਾ ਤੇ ਕਿਤੇ ਚਾਣੱਕਿਆ ਨੀਤੀ ਦੀ ਲਲਕਾਰ ਤੋਂ ਅਜਿਹੇ ਆਗੂ ਡਰ ਗਏ। ਕਈ ਭਾਜਪਾ ਆਗੂ ਤਾਕਤਵਰ ਸਨ, ਉਨ੍ਹਾਂ ਨੇ ਦੂਜੀਆਂ ਪਾਰਟੀਆਂ ਨੂੰ ਅਪਣਾ ਲਿਆ। ਲੋਕਤੰਤਰ ’ਚ ਧੜੇਬੰਦੀ ਅਤੇ ਅੰਦਰੂਨੀ ਕਲੇਸ਼ ਸਿਆਸੀ ਪਾਰਟੀਆਂ ਦੇ ਪ੍ਰਭਾਵ ਨੂੰ ਘੱਟ ਕਰਦਾ ਜਾ ਰਿਹਾ ਹੈ। ਫਿਰ ਭਾਰਤੀ ਜਨਤਾ ਪਾਰਟੀ ਇਸ ਧੜੇਬੰਦੀ ਤੋਂ ਅਛੋਹ ਕਿਵੇਂ ਰਹਿ ਸਕਦੀ ਹੈ।

ਭਾਰਤੀ ਜਨਤਾ ਪਾਰਟੀ ਨੇ ਖੁਦ ਬੋਲੀ ਲਾਈ ਹੋਈ ਹੈ। ਆਪਣੀ ਪਾਰਟੀ ਛੱਡੋ ਇਸ ਦੇ ਇਵਜ਼ ’ਚ ਟਿਕਟ ਲੈ ਲਓ। ਭਾਜਪਾ ਦਾ ਵਰਤਮਾਨ ’ਚ ਇਕ ਹੀ ਟੀਚਾ ਹੈ, ਉਮੀਦਵਾਰ ਦੀ ‘ਵਿਨਏਬਿਲਟੀ’, ਉਸ ਦੇ ਲਈ 20 ਹੋਰ ਯੋਗ, ਵਫਾਦਾਰ, ਭਰੋਸੇਯੋਗ ਪੁਰਾਣੇ ਵਰਕਰ ਦੀ ਬਲੀ ਵੀ ਦੇਣੀ ਪਵੇ ਤਾਂ ਵੀ ਭਾਜਪਾ ਨੂੰ ਚਿੰਤਾ ਨਹੀਂ। ਅਜਿਹੇ ’ਚ ਪਾਰਟੀ ਅੰਦਰ ਅੰਦਰੂਨੀ ਕਲੇਸ਼ ਤਾਂ ਰਹੇਗਾ ਹੀ ਨਾ? ਭਾਵੇਂ ਥੋੜ੍ਹੇ ਸਮੇਂ ਲਈ ਇਹ ਅੰਦਰੂਨੀ ਕਲੇਸ਼ ਦੱਬ ਜਾਵੇ ਪਰ ਕਦੇ ਤਾਂ ਇਹ ਲਾਵਾ ਫੁੱਟੇਗਾ ਹੀ?

ਅੱਜ ਤਾਂ ਮੋਦੀ ਅਤੇ ਅਮਿਤ ਸ਼ਾਹ ਦਾ ਸਿੱਕਾ ਚੱਲ ਰਿਹਾ ਹੈ। ਕੱਲ੍ਹ ਦੀ ਰਾਮ ਜਾਣੇ। ਹਾਂ, ਇਹ ਸੱਚ ਹੈ ਕਿ ਟਿਕਟ ਵੰਡ ਪਿੱਛੋਂ ਅੰਦਰੂਨੀ ਕਲੇਸ਼ ਉਭਰਦਾ ਤਾਂ ਜ਼ਰੂਰ ਹੈ। ਮੋਦੀ-ਅਮਿਤ ਸ਼ਾਹ ਜੋੜੀ ਦੀ ਚੋਣ ਸੰਰਚਨਾ ਹੀ ਅਜਿਹੀ ਹੈ ਕਿ ਅਸੀਂ ਚੋਣ ਜਿੱਤਣੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੂਜੀਆਂ ਪਾਰਟੀਆਂ ਤੋਂ ਵੱਖਰੀ ਹੈ। ਸਿਆਸਤ ’ਚ ਖਾਸ ਰੁਚੀ ਰੱਖਣ ਵਾਲੇ ਚੰਗੀ ਤਰ੍ਹਾਂ ਜਾਣਦੇ ਹਨ ਕਿ 1950-51 ’ਚ ਜਦ ਜਨਸੰਘ ਦਾ ਜਨਮ ਹੋਇਆ ਅਤੇ ਫਿਰ 1977 ’ਚ ਜਨਸੰਘ ਦਾ ‘ਦੀਪਕ’ ਬੁਝਾ ਕੇ ਜਨਤਾ ਪਾਰਟੀ ’ਚ ਰਲੇਵਾਂ ਕਰ ਦਿੱਤਾ ਸੀ ਅਤੇ ਫਿਰ ਇਕ ਵਾਰ ਨਵੀਂ ਸਿਆਸੀ ਪਾਰਟੀ ਦਾ ਗਠਨ 1980 ’ਚ ਕਰ ਲਿਆ, ਤਦ ਤੋਂ ਹੁਣ ਤਕ ਭਾਰਤੀ ਜਨਤਾ ਪਾਰਟੀ ’ਚ 4 ਹੀ ਆਗੂ ਸਾਨੂੰ ਦਿਖਾਈ ਦਿੱਤੇ।

ਅਟਲ-ਅਡਵਾਨੀ, ਮੋਦੀ-ਅਮਿਤ ਸ਼ਾਹ ਜਾਂ ਜ਼ਿਆਦਾ ਹੋਇਆ ਤਾਂ 5ਵੇਂ ਆਗੂ ਮੁਰਲੀ ਮਨੋਹਰ ਜੋਸ਼ੀ ਹੀ ਦਿਖਾਈ ਦਿੱਤੇ। 6ਵਾਂ ਮਾਈ ਦਾ ਲਾਲ ਕੋਈ ਧਿਆਨ ’ਚ ਹੀ ਨਹੀਂ ਆਉਂਦਾ। ਭਾਜਪਾ ਵਿਅਕਤੀ ਵਿਸ਼ੇਸ਼ ਲਈ ਸਿਆਸਤ ਨਹੀਂ ਕਰਦੀ ਪਰ ‘ਕੁਲੈਕਟਿਵ ਲੀਡਰਸ਼ਿਪ’ ਵਿਚ ਭਰੋਸਾ ਕਰਦੀ ਹੈ। ਸਿਰਫ ਨਰਿੰਦਰ ਮੋਦੀ ਹੀ ਇਕ ਅਪਵਾਦ ਹੈ।
ਸੰਘ ਪਿੱਛੇ ਹਟਿਆ ਤਾਂ ਅਡਵਾਨੀ ਜੀ ਸਿਆਸੀ ਬਨਵਾਸ ’ਚ ਚਲੇ ਗਏ। ਮੁਰਲੀ ਮਨੋਹਰ ਜੋਸ਼ੀ ਇਕ ਪ੍ਰਸਿੱਧ ਪ੍ਰੋਫੈਸਰ ਸਨ, ਇਸ ਲਈ ਵਿਵਾਦ ਤੋਂ ਬਚੇ ਰਹੇ ਪਰ ਉਨ੍ਹਾਂ ਨੂੰ 75 ਸਾਲ ਦਾ ਡੰਗ ਲੱਗ ਗਿਆ। ਅਖੀਰ, ਆਰਾਮ ਨਾਲ ਬੈਠ ਗਏ। ਅੱਜ ਸਿਰਫ ਪਾਰਟੀ ’ਚ ਕਰਤਾ-ਧਰਤਾ ਜਾਂ ਮੋਦੀ ਹਨ ਜਾਂ ਅਮਿਤ ਸ਼ਾਹ।

ਜਨਸੰਘ ਨੇ ਜਿਸ ਜਨਤਾ ਪਾਰਟੀ ਲਈ ਆਪਣਾ ਦੀਵਾ ਗੁੱਲ ਕੀਤਾ ਉਸੇ ਜਨਤਾ ਪਾਰਟੀ ਨੇ ਇਕ ਪ੍ਰਸਤਾਵ ਪਾਸ ਕੀਤਾ ਕਿ ਜਨਤਾ ਪਾਰਟੀ ਦਾ ਕੋਈ ਵੀ ਸੰਸਦ ਮੈਂਬਰ, ਕੋਈ ਵੀ ਅਹੁਦੇਦਾਰ ਜਾਂ ਵਿਧਾਇਕ ਰਾਸ਼ਟਰੀ ਸਵੈਮਸੇਵਕ ਸੰਘ ਦੀਆਂ ਸਰਗਰਮੀਆਂ ’ਚ ਹਿੱਸਾ ਨਹੀਂ ਲੈ ਸਕਦਾ। ਅਖੀਰ 1980 ’ਚ ਜਨਸੰਘ ਜਨਤਾ ਪਾਰਟੀ ਤੋਂ ਵੱਖ ਹੋ ਗਿਆ। 5 ਅਪ੍ਰੈਲ 1980 ’ਚ ਜਨਸੰਘ ਨੇ ਦਿੱਲੀ ’ਚ ਇਕ ਨਵੀਂ ਪਾਰਟੀ ਦੇ ਗਠਨ ’ਤੇ ਵਿਚਾਰ ਕੀਤਾ। ਨਵੀਂ ਬਣੀ ਭਾਰਤੀ ਜਨਤਾ ਪਾਰਟੀ ’ਚ ਗੈਰ-ਜਨਸੰਘ ਦੇ ਆਗੂ ਵੀ ਸ਼ਾਮਲ ਹੋ ਗਏ। ਜਿਵੇਂ ਸਿਕੰਦਰ ਬਖਤ, ਸ਼ਾਂਤੀ ਭੂਸ਼ਣ, ਰਾਮ ਜੇਠਮਲਾਨੀ ਵਰਗੇ ਚੰਗੇ ਆਗੂ। 6 ਅਪ੍ਰੈਲ 1980 ’ਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ ਦਾ ਇਕ ਸ਼ਾਨਦਾਰ ਅਤੇ ਸਫਲ ਸੰਮੇਲਨ ਬੰਬਈ ਦੇ ਬਾਂਦ੍ਰਾ ’ਚ ਹੋਇਆ। ਇਸ ਸੰਮੇਲਨ ’ਚ ਸਾਬਕਾ ਸਿੱਖਿਆ ਮੰਤਰੀ ਮੁਹੰਮਦ ਕਰੀਮ ਛਾਗਲਾ ਖਾਸ ਤੌਰ ’ਤੇ ਪਧਾਰੇ ਅਤੇ ਇਸੇ ਸੈਸ਼ਨ ’ਚ ਉਨ੍ਹਾਂ ਨੇ ਵਾਜਪਾਈ ਜੀ ਨੂੰ ਆਉਣ ਵਾਲਾ ਪ੍ਰਧਾਨ ਮੰਤਰੀ ਐਲਾਨ ਦਿੱਤਾ।

ਭਾਜਪਾ ਆਪਣੇ ਜਨਮ ਤੋਂ ਲੈ ਕੇ 2014 ਤੱਕ ਹਮੇਸ਼ਾ ‘ਕਿੰਗ ਮੇਕਰ’ ਦੀ ਭੂਮਿਕਾ ’ਚ ਰਹੀ। 16 ਮਈ 1996 ਨੂੰ ਪਹਿਲੀ ਵਾਰ ਭਾਜਪਾ ਸਰਕਾਰ ਬਣੀ ਪਰ ਮੰਤਰੀ ਅਹੁਦੇ ਪ੍ਰਾਪਤ ਕਰਨ ਲਈ ਧੜੇਬੰਦੀ ਬਣੀ ਰਹੀ। ਅਗਸਤ 1996 ’ਚ ਧੜੇਬੰਦੀ ਕਾਰਨ ਗੁਜਰਾਤ ’ਚ ਪਾਰਟੀ ਦੋ-ਫਾੜ ਹੋ ਗਈ। ਇਸ ਧੜੇਬੰਦੀ ਕਾਰਨ ਯੂ. ਪੀ. ’ਚ ਕਲਿਆਣ ਸਿੰਘ ਦੀ ਥਾਂ ’ਤੇ ਰਾਮ ਪ੍ਰਕਾਸ਼ ਗੁਪਤਾ ਨੂੰ ਮੁੱਖ ਮੰਤਰੀ ਬਣਾਉਣਾ ਪਿਆ। ਅਜਿਹੇ ’ਚ ਸੋਚੋ ਭਾਜਪਾ ਧੜੇਬੰਦੀ ਤੋਂ ਅਛੋਹ ਕਿਵੇਂ ਰਹਿ ਸਕਦੀ ਹੈ।

-ਮਾਸਟਰ ਮੋਹਨ ਲਾਲ


author

Tanu

Content Editor

Related News