ਸਿਆਸੀ ਆਗੂਆਂ ਦੇ ਪ੍ਰੇਮ ਪ੍ਰਸੰਗ

Monday, Dec 09, 2024 - 03:10 PM (IST)

ਹਮੇਸ਼ਾ ਵਾਂਗ ਸਿਆਸੀ ਆਗੂਆਂ ਦੇ ਪ੍ਰੇਮ ਪ੍ਰਸੰਗ ਲਗਾਤਾਰ ਚਰਚਾ ’ਚ ਰਹਿੰਦੇ ਹਨ। ਇਹ ਗੱਲ ਵੱਖਰੀ ਹੈ ਕਿ ਅਜਿਹੇ ਸਾਰੇ ਮਾਮਲਿਆਂ ਨੂੰ ਧੱਕੇ ਨਾਲ ਦਬਾ ਦਿੱਤਾ ਜਾਂਦਾ ਹੈ। ਜਲਦੀ ਹੀ ਅਜਿਹੀਆਂ ਘਟਨਾਵਾਂ ਜਨਤਾ ਦੇ ਮਨ ’ਚੋਂ ਗਾਇਬ ਹੋ ਜਾਂਦੀਆਂ ਹਨ ਪਰ ਦੁਨੀਆ ਭਰ ਦੇ ਸਿਆਸੀ ਆਗੂਆਂ ਦੇ ਚਰਿੱਤਰ ਅਤੇ ਆਚਰਣ ’ਤੇ ਜਨਤਾ ਅਤੇ ਮੀਡੀਆ ਦੀ ਤਿੱਖੀ ਨਜ਼ਰ ਹਮੇਸ਼ਾ ਟਿਕੀ ਰਹਿੰਦੀ ਹੈ। ਜਦ ਤੱਕ ਸਿਆਸੀ ਆਗੂਆਂ ਦੀ ਨਿੱਜੀ ਜ਼ਿੰਦਗੀ ’ਤੇ ਪਰਦਾ ਪਿਆ ਰਹਿੰਦਾ ਹੈ, ਉਦੋਂ ਤੱਕ ਕੁਝ ਨਹੀਂ ਹੁੰਦਾ ਪਰ ਇਕ ਵਾਰ ਸਾਵਧਾਨੀ ਹਟ ਜਾਵੇ ਤਾਂ ਦੁਰਘਟਨਾ ਵਾਪਰ ਜਾਂਦੀ ਹੈ। ਫਿਰ ਤਾਂ ਉਸ ਸਿਆਸੀ ਆਗੂ ਦੀ ਮੀਡੀਆ ’ਚ ਅਜਿਹੀ ਧੁਆਈ ਹੁੰਦੀ ਹੈ ਕਿ ਕੁਰਸੀ ਵੀ ਜਾਂਦੀ ਹੈ ਅਤੇ ਇੱਜ਼ਤ ਵੀ। ਜ਼ਿਆਦਾ ਹੀ ਮਾਮਲਾ ਵਧ ਜਾਵੇ ਤਾਂ ਅਪਰਾਧਿਕ ਮਾਮਲਾ ਤੱਕ ਦਰਜ ਹੋ ਜਾਂਦਾ ਹੈ।

ਵਿਰੋਧੀ ਪਾਰਟੀਆਂ ਵੀ ਇਸੇ ਤਾਕ ’ਚ ਲੱਗੀਆਂ ਰਹਿੰਦੀਆਂ ਹਨ ਅਤੇ ਇਕ-ਦੂਜੇ ਦੇ ਵਿਰੁੱਧ ਸਬੂਤ ਇਕੱਠੇ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਉਦੋਂ ਤੱਕ ਲੁਕਾ ਕੇ ਰੱਖਦੀਆਂ ਹਨ ਜਦੋਂ ਤੱਕ ਉਨ੍ਹਾਂ ਤੋਂ ਉਨ੍ਹਾਂ ਨੂੰ ਸਿਆਸੀ ਲਾਭ ਮਿਲਣ ਦੀਆਂ ਹਾਲਤਾਂ ਪੈਦਾ ਨਾ ਹੋ ਜਾਣ। ਭਾਵ ਚੋਣਾਂ ਤੋਂ ਪਹਿਲਾਂ ਇਕ-ਦੂਜੇ ’ਤੇ ਚਿੱਕੜ ਸੁੱਟਣ ਦਾ ਕੰਮ ਖੁੱਲ੍ਹ ਕੇ ਹੁੰਦਾ ਹੈ ਪਰ ਇਹ ਭਾਰਤ ’ਚ ਹੀ ਹੁੰਦਾ ਹੋਵੇ, ਅਜਿਹਾ ਨਹੀਂ ਹੈ। ਖੁੱਲ੍ਹੀ ਜ਼ਿੰਦਗੀ ਅਤੇ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਨੂੰ ਮਾਨਤਾ ਦੇਣ ਵਾਲੇ ਅਮਰੀਕੀ ਸਮਾਜ ’ਚ ਵੀ ਜਦੋਂ ਉਨ੍ਹਾਂ ਦੇ ਰਾਸ਼ਟਰਪਤੀ ਬਿਲ ਕਲਿੰਟਨ ਦਾ ਆਪਣੀ ਸੈਕ੍ਰੇਟਰੀ ਮੋਨਿਕਾ ਲਵਿੰਕਸੀ ਨਾਲ ਪ੍ਰੇਮ ਸੰਬੰਧ ਉਜਾਗਰ ਹੋਇਆ ਤਾਂ ਅਮਰੀਕਾ ’ਚ ਭਾਰੀ ਭੜਥੂ ਪਿਆ ਸੀ। ਇਟਲੀ, ਫਰਾਂਸ ਤੇ ਇੰਗਲੈਂਡ ਵਰਗੇ ਦੇਸ਼ਾਂ ’ਚ ਅਜਿਹੇ ਸੰਬੰਧਾਂ ਨੂੰ ਲੈ ਕੇ ਕਈ ਵਾਰ ਵੱਡੇ ਸਿਆਸੀ ਆਗੂਆਂ ਨੂੰ ਅਹੁਦੇ ਛੱਡਣੇ ਪਏ ਹਨ।

ਮੱਧ ਯੁੱਗ ਫਰਾਂਸ ਦੇ ਸਮਲਿੰਗੀ ਰੁਚੀ ਵਾਲੇ ਰਾਜਾ ਨੂੰ ਤਾਂ ਆਪਣੀਆਂ ਦਾਅਵਤਾਂ ਦਾ ਅੱਡਾ ਪੈਰਿਸ ਤੋਂ ਹਟਾ ਕੇ ਸ਼ਹਿਰੋਂ ਬਾਹਰ ਲਿਜਾਣਾ ਪਿਆ ਕਿਉਂਕਿ ਆਏ ਦਿਨ ਹੋਣ ਵਾਲੀਆਂ ਇਨ੍ਹਾਂ ਦਾਅਵਤਾਂ ’ਚ ਪੈਰਿਸ ਦੇ ਮਸ਼ਹੂਰ ਸਮਲਿੰਗੀ ਮਰਦ ਸ਼ਮੂਲੀਅਤ ਕਰਦੇ ਸਨ ਅਤੇ ਜਨਤਾ ’ਚ ਉਸ ਦੀ ਚਰਚਾ ਹੋਣ ਲੱਗੀ ਸੀ। ਆਜ਼ਾਦ ਭਾਰਤ ਦੇ ਇਤਿਹਾਸ ’ਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਮੰਤਰੀਆਂ, ਮੁੱਖ ਮੰਤਰੀਆਂ, ਰਾਜਪਾਲਾਂ ਆਦਿ ਦੇ ਪ੍ਰੇਮ ਪ੍ਰਸੰਗਾਂ ’ਚ ਭੜਥੂ ਪੈਂਦੇ ਰਹੇ ਹਨ। ਓਡਿਸ਼ਾ ਦੇ ਮੁੱਖ ਮੰਤਰੀ ਜੀ. ਬੀ. ਪਟਨਾਇਕ ’ਤੇ ਸਮਲਿੰਗਤਾ ਦਾ ਦੋਸ਼ ਲੱਗਾ ਸੀ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਐੱਨ. ਡੀ. ਤਿਵਾੜੀ ਦੀ ਤਿੰਨ ਮਹਿਲਾ ਦੋਸਤਾਂ ਨਾਲ ਬੈੱਡਰੂਮ ਦੀ ਤਸਵੀਰ ਟੀ. ਵੀ. ਚੈਨਲਾਂ ’ਤੇ ਦਿਖਾਈ ਗਈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਸੰਬੰਧਾਂ ਨੂੰ ਲੈ ਕੇ ਪਾਰਟੀ ’ਚ ਕਾਫੀ ਵਿਰੋਧ ਹੋਇਆ ਸੀ। ਅਜਿਹੇ ਕਈ ਮਾਮਲੇ ਹਨ ਪਰ ਇੱਥੇ ਕਈ ਸਵਾਲ ਉੱਠਦੇ ਹਨ।

ਮੌਜੂਦਾ ਸਮੇਂ ’ਚ ਵੀ ਜਿੰਨੇ ਵੀ ਧਰਮਾਂ ਦੇ ਨੇਤਾ ਹਨ, ਉਹ ਗਾਰੰਟੀ ਨਾਲ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਦਾ ਸਮੂਹ ਸਰੀਰਕ ਵਾਸਨਾ ਦੀ ਪਕੜ ਤੋਂ ਮੁਕਤ ਹੈ। ਅਜਿਹੇ ’ਚ ਸਿਆਸੀ ਆਗੂਆਂ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਭਗਵਾਨ ਰਾਮ ਵਾਂਗ ਇਕ ਪਤਨੀ ਵਰਤਧਾਰੀ ਰਹਿਣਗੇ? ਖਾਸ ਕਰ ਕੇ ਉਦੋਂ ਜਦੋਂ ਸੱਤਾ ਸੁੰਦਰੀਆਂ ਨੂੰ ਉਨ੍ਹਾਂ ਨੂੰ ਅਰਪਿਤ ਕਰਨ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਅਜਿਹੇ ’ਚ ਮਨ ਨੂੰ ਰੋਕ ਸਕਣਾ ਬੜਾ ਔਖਾ ਕੰਮ ਹੈ। ਸਵਾਲ ਇਹ ਉੱਠਦਾ ਹੈ ਕਿ ਇਹ ਸਬੰਧ ਕੀ ਆਪਸੀ ਸਹਿਮਤੀ ਨਾਲ ਬਣਿਆ ਹੈ ਜਾਂ ਸਾਹਮਣੇ ਵਾਲੇ ਦਾ ਸ਼ੋਸ਼ਣ ਕਰਨ ਦੀ ਭਾਵਨਾ ਨਾਲ? ਜੇਕਰ ਸਹਿਮਤੀ ਨਾਲ ਬਣਿਆ ਹੈ ਜਾਂ ਸਾਹਮਣੇ ਵਾਲਾ ਕਿਸੇ ਲਾਭ ਦੀ ਆਸ ਨਾਲ ਖੁਦ ਨੂੰ ਅਰਪਿਤ ਕਰ ਰਿਹਾ ਹੈ ਤਾਂ ਸਿਆਸੀ ਆਗੂ ਦਾ ਬਹੁਤਾ ਦੋਸ਼ ਨਹੀਂ ਮੰਨਿਆ ਜਾ ਸਕਦਾ। ਸਿਵਾਏ ਇਸ ਦੇ ਕਿ ਆਗੂ ਤੋਂ ਮਿਸਾਲੀ ਆਚਰਣ ਦੀ ਆਸ ਕੀਤੀ ਜਾਂਦੀ ਹੈ। ਪਰ ਜੇਕਰ ਇਸ ਸੰਬੰਧ ਦਾ ਆਧਾਰ ਕਿਸੇ ਦੀ ਮਜਬੂਰੀ ਦਾ ਲਾਭ ਉਠਾਉਣਾ ਹੈ ਤਾਂ ਉਹ ਸਿੱਧੇ-ਸਿੱਧੇ ਦੁਰਾਚਾਰ ਦੀ ਸ਼੍ਰੇਣੀ ’ਚ ਆਉਂਦਾ ਹੈ। ਲੋਕਤੰਤਰ ’ਚ ਉਸ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਹ ਤਾਂ ਰਾਜਤੰਤਰ ਵਰਗੀ ਗੱਲ ਹੋਈ ਕਿ ਰਾਜਾ ਨੇ ਜਿਸ ਨੂੰ ਚਾਹਿਆ ਚੁਕਵਾ ਲਿਆ। ਅਜਿਹੇ ਸੰਬੰਧ ਅਕਸਰ ਉਦੋਂ ਤਕ ਉਜਾਗਰ ਨਹੀਂ ਹੁੰਦੇ, ਜਦੋਂ ਤਕ ਕਿ ਸਬੰਧਤ ਵਿਅਕਤੀ ਭਾਵੇਂ ਮਰਦ ਹੋਵੇ ਜਾਂ ਇਸਤਰੀ, ਇਸ ਸੰਬੰਧ ਦਾ ਅਣਉਚਿਤ ਲਾਭ ਉਠਾਉਣ ਦਾ ਕੰਮ ਨਹੀਂ ਕਰਦਾ। ਜਦੋਂ ਉਹ ਇੰਝ ਕਰਦਾ ਹੈ ਤਾਂ ਉਸ ਦਾ ਵਧਦਾ ਪ੍ਰਭਾਵ, ਵਿਰੋਧੀਆਂ ’ਚ ਹੀ ਨਹੀਂ, ਆਪਣੀ ਪਾਰਟੀ ’ਚ ਵੀ ਵਿਰੋਧ ਦੇ ਸੁਰ ਤਿੱਖੇ ਕਰ ਦਿੰਦਾ ਹੈ। ਉਂਝ ਹਾਕਮਾਂ ਤੋਂ ਜਨਤਾ ਦੀ ਆਸ ਹੁੰਦੀ ਹੈ ਕਿ ਉਹ ਆਦਰਸ਼ ਜੀਵਨ ਦੀ ਮਿਸਾਲ ਪੇਸ਼ ਕਰਨਗੇ ਪਰ ਹੁਣ ਹਾਲਾਤ ਇੰਨੇ ਬਦਲ ਚੁੱਕੇ ਹਨ ਕਿ ਸਿਆਸੀ ਆਗੂਆਂ ਨੂੰ ਆਪਣੇ ਅਜਿਹੇ ਸੰਬੰਧਾਂ ਦਾ ਖੁਲਾਸਾ ਕਰਨ ’ਚ ਸੰਕੋਚ ਨਹੀਂ ਹੁੰਦਾ।

ਫਿਰ ਵੀ ਜਦੋਂ ਕਦੇ ਕੋਈ ਅਸਹਿਜ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਮਾਮਲਾ ਵਿਗੜ ਜਾਂਦਾ ਹੈ। ਫਿਰ ਸ਼ੁਰੂ ਹੁੰਦੀ ਹੈ ਬਲੈਕਮੇਲ ਦੀ ਖੇਡ ਜਿਸ ਦੀ ਨਤੀਜਾ ਪੈਸਾ ਜਾਂ ਕਤਲ ਦੋਵੇਂ ਹੋ ਸਕਦੇ ਹਨ। ਜੋ ਸਿਆਸੀ ਆਗੂ ਪੈਸਾ ਦੇ ਕੇ ਆਪਣੀ ਜਾਨ ਬਚਾ ਲੈਂਦੇ ਹਨ, ਉਹ ਉਨ੍ਹਾਂ ਤੋਂ ਬਿਹਤਰ ਸਥਿਤੀ ’ਚ ਹੁੰਦੇ ਹਨ ਜੋ ਪੈਸਾ ਵੀ ਨਹੀਂ ਦਿੰਦੇ ਅਤੇ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਦਾ ਕਤਲ ਕਰਵਾ ਕੇ ਲਾਸ਼ ਗਾਇਬ ਕਰਵਾ ਦਿੰਦੇ ਹਨ। ਇਸ ਤਰ੍ਹਾਂ ਉਹ ਆਪਣੀ ਬਰਬਾਦੀ ਦਾ ਖੁਦ ਇੰਤਜ਼ਾਮ ਕਰ ਲੈਂਦੇ ਹਨ। ਮਨੁੱਖ ਦੀ ਇਸ ਪ੍ਰਵਿਰਤੀ ’ਤੇ ਕੋਈ ਕਾਨੂੰਨ ਰੋਕ ਨਹੀਂ ਲਗਾ ਸਕਦਾ। ਤੁਸੀਂ ਕਾਨੂੰਨ ਬਣਾ ਕੇ ਲੋਕਾਂ ਦੇ ਆਚਰਣ ਨੂੰ ਕੰਟਰੋਲ ਨਹੀਂ ਕਰ ਸਕਦੇ। ਇਹ ਤਾਂ ਹਰ ਵਿਅਕਤੀ ਦੀ ਆਪਣੀ ਸਮਝ ਅਤੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਨਾਲ ਹੀ ਨਿਰਧਾਰਤ ਹੁੰਦਾ ਹੈ। ਜੇਕਰ ਇਹ ਮੰਨਿਆ ਜਾਵੇ ਕਿ ਮੱਧ ਯੁੱਗ ਦੇ ਰਾਜਿਆਂ ਵਾਂਗ ਸਿਆਸਤ ’ਚ ਲਗਾਤਾਰ ਜੂਝਣ ਵਾਲੇ ਸਿਆਸੀ ਆਗੂਆਂ ਨੂੰ ਬਹੁ-ਪਤਨੀ ਜਾਂ ਬਹੁ-ਪਤੀ ਵਰਗੇ ਸੰਬੰਧਾਂ ਦੀ ਛੋਟ ਹੋਣੀ ਚਾਹੀਦੀ ਹੈ ਤਾਂ ਇਸ ਵਿਸ਼ੇ ’ਚ ਬਾਕਾਇਦਾ ਕੋਈ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜੋ ਬਿਨਾਂ ਕਿਸੇ ਬਾਹਰੀ ਦਬਾਅ ਦੇ, ਸਵੈ-ਇੱਛਾ ਨਾਲ, ਅਜਿਹੀ ਆਜ਼ਾਦ ਜ਼ਿੰਦਗੀ ਜਿਊਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਿਊਣ ਦਾ ਹੱਕ ਮਿਲੇ। ਪਰ ਇਹ ਸਵਾਲ ਇੰਨਾ ਵਿਵਾਦਿਤ ਹੈ ਕਿ ਇਸ ’ਤੇ ਦੋ ਵਿਅਕਤੀਆਂ ਦੀ ਇਕ ਰਾਇ ਹੋਣੀ ਸੌਖੀ ਨਹੀਂ। ਇਸ ਲਈ ਦੇਸ਼, ਕਾਲ ਅਤੇ ਵਾਤਾਵਰਣ ਅਨੁਸਾਰ ਵਿਅਕਤੀ ਨੂੰ ਵਿਵਹਾਰ ਕਰਨਾ ਚਾਹੀਦਾ ਹੈ, ਤਾਂ ਕਿ ਉਹ ਵੀ ਨਾ ਡੁੱਬੇ ਅਤੇ ਸਮਾਜ ਵੀ ਪ੍ਰੇਸ਼ਾਨ ਨਾ ਹੋਵੇ।

ਵਿਨੀਤ ਨਾਰਾਇਣ 


DIsha

Content Editor

Related News