ਮਾਨਸਿਕ ਤਣਾਅ ’ਚ ਹਾਰਦੇ ਲੋਕ

04/09/2021 3:01:59 AM

ਪ੍ਰਿੰ. ਡਾ. ਮੋਹਨ ਲਾਲ ਸ਼ਰਮਾ
ਅਕਸਰ ਇਹ ਸੁਣਨ ਅਤੇ ਦੇਖਣ ਨੂੰ ਮਿਲਦਾ ਹੈ ਕਿ ਸਾਡਾ ਨੌਜਵਾਨ ਵਰਗ ਡਿਪ੍ਰੈਸ਼ਨ ’ਚ ਰਹਿੰਦਾ ਹੈ, ਹਰ ਸਮੇਂ ਤਣਾਅ ’ਚ ਜਿਊਂਦਾ ਅਤੇ ਨਿਰਾਸ਼ਾ ਦਾ ਪੱਲਾ ਫੜ ਲੈਂਦਾ ਹੈ। ਇਹ ਹਕੀਕਤ ਅਜੇ ਮੁੱਠੀ ਭਰ ਭਾਵ ਥੋੜ੍ਹੇ ਜਿਹੇ ਨੌਜਵਾਨਾਂ ਤਕ ਹੀ ਸੀਮਿਤ ਹੈ ਪਰ ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਿਸੇ ਵੀ ਵੱਡੀ ਬੀਮਾਰੀ ਦੀ ਸ਼ੁਰੂਆਤ ਛੋਟੀ ਜਿਹੀ ਲਾਪ੍ਰਵਾਹੀ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਜੇਕਰ ਸਹੀ ਇਲਾਜ ਨਾ ਕਰਵਾਇਆ ਜਾਵੇ ਤਾਂ ਨਤੀਜੇ ਖਤਰਨਾਕ ਵੀ ਹੋ ਸਕਦੇ ਹਨ।

ਆਧੁਨਿਕ ਯੁੱਗ ’ਚ ਜਿਥੇ ਮਨੁੱਖ ਨੇ ਇੰਨੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਉਥੇ ਮਾਨਸਿਕ ਤਣਾਅ ਵਰਗੇ ਰੋਗ ਨੂੰ ਵੀ ਜਨਮ ਦਿੱਤਾ ਹੈ। ਤਣਾਅ ਦਿਮਾਗ ਨਾਲ ਜੁੜਿਆ ਹੋਇਆ ਇਕ ਰੋਗ ਹੈ, ਇਹ ਇਕ ਅਜਿਹੀ ਅਵਸਥਾ ਹੈ ਜਦੋਂ ਵਿਅਕਤੀ ਦਾ ਮਨ ਅਤੇ ਦਿਮਾਗ ਚਿੰਤਾ, ਤਣਾਅ, ਉਦਾਸੀ ਨਾਲ ਘਿਰਿਆ ਰਹਿੰਦਾ ਹੈ। ਇਸ ਸਥਿਤੀ ’ਚ ਮਨੁੱਖ ਦੀ ਸੋਚਣ-ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਅਤੇ ਉਹ ਹੌਲੀ-ਹੌਲੀ ਅੰਦਰੋਂ ਟੁੱਟਣ ਲੱਗਦਾ ਹੈ।

ਇਸ ਮਾਨਸਿਕ ਤਣਾਅ ਦੇ ਕਾਰਣ ਲੋਕ ਸਮੂਹਿਕ ਖੁਦਕੁਸ਼ੀਆਂ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਹਾਲ ਹੀ ’ਚ ਰਾਜਸਥਾਨ ਦੇ ਸੀਕਰ ਅਤੇ ਆਗਰਾ ਦੇ ਗਾਕੁਲਪੁਰਾ ਸਥਿਤ ਬਾਲਕਾ ਬਸਤੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਬੇਟੇ ਦੇ ਗਮ ਅਤੇ ਆਰਥਿਕ ਨੁਕਸਾਨ ਦੇ ਕਾਰਣ ਲੋਕਾਂ ਨੇ ਖੁਦਕੁਸ਼ੀਆਂ ਕਰਨ ਦਾ ਫੈਸਲਾ ਲਿਆ।

ਜਿਹੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਵਿਅਕਤੀ ਖੁਦਕੁਸ਼ੀ ਕਰਦਾ ਹੈ, ਸ਼ਾਸਤਰਾਂ ਅਨੁਸਾਰ ਉਨ੍ਹਾਂ ਸਮੱਸਿਆਵਾਂ ਦਾ ਹੱਲ ਜ਼ਿੰਦਾ ਰਹਿੰਦੇ ਤਾਂ ਮਿਲ ਸਕਦਾ ਹੈ ਪਰ ਖੁਦਕੁਸ਼ੀ ਕਰਕੇ ਅੰਤਹੀਣ ਦੁੱਖਾਂ ਵਾਲੀ ਜ਼ਿੰਦਗੀ ਦੀ ਸ਼ੁਰੂਆਤ ਹੋ ਜਾਂਦੀ ਹੈ। ਉਨ੍ਹਾਂ ਨੂੰ ਵਾਰ-ਵਾਰ ਪਰਮਾਤਮਾ ਦੇ ਬਣਾਏ ਨਿਯਮ ਨੂੰ ਤੋੜਨ ਦੀ ਸਜ਼ਾ ਭੁਗਤਣੀ ਪੈਂਦੀ ਹੈ।

ਜਦੋਂ ਕੋਈ ਵਿਅਕਤੀ ਕਿਸੇ ਸਥਿਤੀ ’ਚ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦਾ ਹੈ ਤਾਂ ਇਸ ਨੂੰ ਚਿੰਤਾ ਜਾਂ ਤਣਾਅ ਦੀ ਸਥਿਤੀ ਕਹਿੰਦੇ ਹਨ। ਇਸ ਸਥਿਤੀ ’ਚ ਵਿਅਕਤੀ ਖੁਦ ਨੂੰ ਬੇ-ਉਮੀਦ ਮਹਿਸੂਸ ਕਰਨ ਲੱਗਦਾ ਹੈ। ਉਸ ਨੂੰ ਆਪਣੀ ਸਾਰੀ ਜ਼ਿੰਦਗੀ ਬੇਕਾਰ, ਉਹ ਧਰਤੀ ’ਤੇ ਕਿਉਂ ਆਇਆ, ਉਸ ਦਾ ਭਵਿੱਖ ਕੀ ਹੋਵੇਗਾ, ਵਰਗੇ ਸਵਾਲ ਘੇਰਨ ਲੱਗਦੇ ਹਨ।

ਅੱਜ ਦਾ ਸਮਾਂ ਕੋਰੋਨਾ ਦਾ ਸਮਾਂ ਹੈ। ਇਸ ਕੋਰੋਨਾ ਮਹਾਮਾਰੀ ਕਾਰਣ ਲੋਕਾਂ ’ਚ ਮਾਨਸਿਕ ਤਣਾਅ ਵੀ ਕਾਫੀ ਵਧ ਗਿਆ ਹੈ ਕਿਉਂਕਿ ਲਾਕਡਾਊਨ ਹੋਣ ਦੇ ਕਾਰਣ ਕਈ ਲੋਕਾਂ ਦੇ ਕੰਮ-ਧੰਦੇ ਬੰਦ ਹੋ ਗਏ, ਰੋਜ਼ਗਾਰ ਚਲੇ ਗਏ, ਆਰਥਿਕ ਹਾਲਤ ਖਸਤਾ ਹੋ ਗਈ, ਗਰੀਬੀ ਦੇ ਕਾਰਣ ਲੋਕਾਂ ਦੇ ਘਰਾਂ ’ਚ ਝਗੜੇ ਵਧ ਗਏ ਅਤੇ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਵੀ ਇਸ ਦਾ ਬੁਰਾ ਅਸਰ ਪਿਆ।

ਜਦੋਂ ਵਿਅਕਤੀ ਆਪਣੇ ਮਕਸਦ ਨੂੰ ਪ੍ਰਾਪਤ ਨਹੀਂ ਕਰ ਸਕਦਾ ਤਾਂ ਉਹ ਤਣਾਅ ’ਚ ਆ ਜਾਂਦਾ ਹੈ ਅਤੇ ਉਸ ਦੇ ਸੋਚਣ-ਸਮਝਣ ਦੀ ਸ਼ਕਤੀ ਵੀ ਖਤਮ ਹੋ ਜਾਂਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉੱਚ ਸਿੱਖਿਆ ਅਤੇ ਆਰਥਿਕ ਤੌਰ ’ਤੇ ਆਤਮਨਿਰਭਰ ਪਰਿਵਾਰਾਂ ’ਚ ਜ਼ਿੰਦਗੀ ਤੋਂ ਮੂੰਹ ਮੋੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮੌਜੂਦਾ ਸਮੇਂ ’ਚ ਜ਼ਿੰਦਗੀ ਨਾਲ ਜੂਝਣ ਦੀ ਸ਼ਕਤੀ ਵੀ ਘੱਟ ਹੋਈ ਹੈ। ਇਸ ਦਾ ਸਭ ਤੋਂ ਵੱਡਾ ਕਾਰਣ ਸਹਿਣਸ਼ੀਲਤਾ ਦੀ ਘਾਟ ਹੈ।

ਹੁਣ ਸਵਾਲ ਇਹ ਹੈ ਕਿ ਆਖਿਰ ਅਜਿਹਾ ਕੀ ਹੁੰਦਾ ਹੈ ਜੋ ਉਨ੍ਹਾਂ ਦੀ ਸੋਚ ’ਚ ਪਰਿਵਰਤਨ ਆ ਜਾਂਦਾ ਹੈ। ਇਸ ਵਿਸ਼ੇ ’ਚ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਕਿਸਮ ਦੇ ਲੋਕਾਂ ਦੇ ਨਾਲ ਸਾਨੂੰ ਭਾਵਨਾਤਮਕ ਰੂਪ ਨਾਲ ਜੁੜਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਮਨ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਸਭ ਸਿਰਫ ਸੱਚਾ ਅਤੇ ਚੰਗਾ ਮਿੱਤਰ ਹੀ ਕਰ ਸਕਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਖੁਸ਼ੀਆਂ ਵੰਡਣ ਨਾਲ ਵਧਦੀਆਂ ਹਨ ਅਤੇ ਦੁੱਖ ਵੰਡਣ ਨਾਲ ਘੱਟ ਹੁੰਦੇ ਹਨ। ਇਹ ਵੀ ਜ਼ਰੂਰੀ ਨਹੀਂ ਕਿ ਮਾਨਸਿਕ ਤਣਾਅ ਸਿਰਫ ਭਾਵਨਾਤਮਕ ਕਾਰਣਾਂ ਤੋਂ ਹੋਵੇ। ਕਈ ਵਾਰ ਹੋਰ ਕਾਰਣ ਵੀ ਹੋ ਸਕਦੇ ਹਨ ਜਿਵੇਂ ਕੁਪੋਸ਼ਣ, ਮੌਸਮ, ਤਣਾਅ ਜਾਂ ਬੀਮਾਰੀ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਲੰਬੇ ਸਮੇਂ ਤਕ ਚੱਲਣ ਵਾਲੀ ਬੀਮਾਰੀ ਵੀ ਵਿਅਕਤੀ ਨੂੰ ਮਾਨਸਿਕ ਤਣਾਅ ਦੇ ਦਿੰਦੀ ਹੈ।

ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਯੋਗ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। ਲੋੜ ਹੈ ਇਕ ਹੁਨਰਮੰਦ ਸਲਾਹਕਾਰ ਦੀ, ਇਕ ਹੁਨਰਮੰਦ ਮਾਰਗਦਰਸ਼ਕ ਦੀ ਕਿਉਂਕਿ ਇਸ ਦੁਨੀਆ ’ਚ ਅਸੰਭਵ ਕੁਝ ਵੀ ਨਹੀਂ ਹੈ। ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਕੁਝ ਨਾ ਕੁਝ ਅਜਿਹਾ ਕਰਦੇ ਰਹਿਣਾ ਚਾਹੀਦਾ ਹੈ ਜਿਸ ’ਚ ਰੁੱਝ ਕੇ ਉਹ ਦੁੱਖ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਰਹਿਣ। ਇਸ ਦੇ ਨਾਲ ਹੀ ਅਜਿਹੇ ਵਿਅਕਤੀ ਨੂੰ ਆਪਣੇ ਉੱਪਰ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਜੋ ਕਰ ਰਿਹਾ ਹੈ, ਉਹ ਬਿਲਕੁਲ ਸਹੀ ਹੈ।

ਇਸ ਗੱਲ ਦਾ ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਵਿਅਕਤੀ ਨੂੰ ਸਮੇਂ ਸਿਰ ਸੌਣਾ ਅਤੇ ਸਮੇਂ ਸਿਰ ਉੱਠਣਾ ਜ਼ਰੂਰੀ ਹੈ। ਸੰਤੁਲਿਤ ਅਤੇ ਪੌਸ਼ਟਿਕ ਆਹਾਰ ਲਓ, ਰੋਜ਼ਾਨਾ ਕਸਰਤ ਕਰੋ, ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਬਚੋ। ਜ਼ਿੰਦਗੀ ’ਚ ਸਹਿਣਸ਼ੀਲਤਾ ਨੂੰ ਅਪਣਾਓ। ਜਿਸ ਤਰ੍ਹਾਂ ਸਰੀਰ ਪੰਜ ਤੱਤਾਂ ਨਾਲ ਬਣਿਆ ਮੰਨਿਆ ਜਾਂਦਾ ਹੈ ਉਸੇ ਤਰ੍ਹਾਂ ਜ਼ਿੰਦਗੀ ਦੇ ਕਈ ਮੂਲਮੰਤਰ ਹਨ ਜਿਸ ਨਾਲ ਜ਼ਿੰਦਗੀ ਨੂੰ ਸੁਖਮਈ ਬਣਾਇਆ ਜਾ ਸਕਦਾ ਹੈ। ਦ੍ਰਿੜ੍ਹ ਸੰਕਲਪ, ਆਤਮਵਿਸ਼ਵਾਸ, ਸੰਜਮ, ਬੁੱਧੀ ਅਤੇ ਵਿਵੇਕ ਆਦਿ ਗੁਣਾਂ ਨੂੰ ਅਪਣਾ ਕੇ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਅਖੀਰ ’ਚ ਮੈਨੂੰ ਲੱਗਦਾ ਹੈ ਕਿ ਵੱਡਿਆਂ ਦਾ ਸਿਰ ’ਤੇ ਹੱਥ ਰੱਖਣਾ ਹੀ ਇਸ ਬੀਮਾਰੀ ਲਈ ਕਾਫੀ ਹੈ।

drmlsharmaz@gmail.com


Bharat Thapa

Content Editor

Related News