ਆਕਸਫੋਰਡ ਦੇ ਛੇਵੇਂ ਰੋਡਜ਼ ਸਕਾਲਰਸ਼ਿਪ ਦਾ ਐਲਾਨ ਇਕ ਚੰਗਾ ਕਦਮ

Friday, Oct 04, 2024 - 05:54 PM (IST)

ਆਕਸਫੋਰਡ ਦੇ ਛੇਵੇਂ ਰੋਡਜ਼ ਸਕਾਲਰਸ਼ਿਪ ਦਾ ਐਲਾਨ ਇਕ ਚੰਗਾ ਕਦਮ

ਭਾਰਤੀ ਪੁਲਸ ਸੇਵਾ ਦੇ 1953 ਬੈਚ, ਜਿਸ ਨਾਲ ਮੈਂ ਸਬੰਧਤ ਹਾਂ, ਨੂੰ ਇਹ ਐਲਾਨ ਕਰਦਿਆਂ ਮਾਣ ਹੋ ਰਿਹਾ ਹੈ ਕਿ ਜਿਸ ਅਧਿਕਾਰੀ ਨੇ ਜੁਆਇਨਿੰਗ ਦੇ ਸਮੇਂ ਬੈਚ ’ਚ ਸਿਖਰਲਾ ਸਥਾਨ ਪ੍ਰਾਪਤ ਕੀਤਾ, ਉਸ ਦਾ ਨਾਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਣਨ ਦੇ ਨਾਲ ਹੀ ਆਕਸਫੋਰਡ ਯੂਨੀਵਰਸਿਟੀ ਦੇ ਰੋਡਜ਼ ਸਕਾਲਰਸ਼ਿਪ ਟਰੱਸਟ ਦੇ ਰਿਕਾਰਡ ’ਚ ਦਰਜ ਕੀਤਾ ਜਾਵੇਗਾ।

ਸਾਡੇ ਸਾਬਕਾ ਰਾਸ਼ਟਰਪਤੀ ਦੀ ਪੋਤੀ ਸੌਮਿਆ ਅਤੇ ਮੇਰੇ ਬੈਚਮੇਟ ਗੋਵਿੰਦਰਾਜਨ ਦੇ ਬੇਟੇ ਮੁਕੰਦ ਨੇ ਮਿਲ ਕੇ ਭਾਰਤੀ ਵਿਦਿਆਰਥੀਆਂ ਲਈ ਛੇਵੇਂ ਰੋਡਜ਼ ਸਕਾਲਰਸ਼ਿਪ ਦੀ ਸਥਾਪਨਾ ਲਈ ਆਕਸਫੋਰਡ ਯੂਨੀਵਰਸਿਟੀ ਨੂੰ ਇਕ ਚੰਗੀ ਖਾਸੀ ਰਕਮ ਦਾ ਯੋਗਦਾਨ ਦਿੱਤਾ ਹੈ।

ਭਾਰਤੀ ਵਿਦਿਆਰਥੀਆਂ ਨੂੰ ਹਰ ਸਾਲ 5 ਰੋਡਜ਼ ਸਕਾਲਰਸ਼ਿਪ ਮਿਲਦੇ ਸਨ। ਮੁਕੰਦ ਅਤੇ ਉਨ੍ਹਾਂ ਦੀ ਪਤਨੀ ਸੌਮਿਆ ਵਲੋਂ ਦਿੱਤਾ ਜਾਣ ਵਾਲਾ ਸਕਾਲਰਸ਼ਿਪ ਛੇਵਾਂ ਹੋਵੇਗਾ। ਸਕਾਲਰ ਦੀ ਚੋਣ 2025 ’ਚ ਕਿਸੇ ਸਮੇਂ ਕੀਤੀ ਜਾਵੇਗੀ ਅਤੇ ਉਹ 2026 ’ਚ ਆਕਸਫੋਰਡ ’ਚ ਸ਼ਾਮਲ ਹੋ ਜਾਵੇਗਾ।

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾ. ਮੇਨਕਾ ਗੁਰੂਸਵਾਮੀ, ਜੋ ਲੋਕਾਂ ਦੇ ਮੁੱਦਿਆਂ ਲਈ ਲੜਨ ਲਈ ਜਾਣੇ ਜਾਂਦੇ ਹਨ, ਆਕਸਫੋਰਡ ਦੇ ਰੋਡਜ਼ ਸਕਾਲਰਸ਼ਿਪ ਟਰੱਸਟ ਦੇ ਭਾਰਤੀ ਚੈਪਟਰ ਦੀ ਚੇਅਰਪਰਸਨ ਹਨ। ਮੁਕੰਦ ਖੁਦ ਵੀ ਰੋਡਜ਼ ਸਕਾਲਰ ਸਨ। ਉਹ ਉਸੇ ਸਮੇਂ ਆਕਸਫੋਰਡ ’ਚ ਨਾਮਜ਼ਦ ਹੋਏ ਸਨ, ਜਦੋਂ ਸੌਮਿਆ ਇਕ ਹੋਰ ਸਕਾਲਰਸ਼ਿਪ ’ਤੇ ਉੱਥੇ ਪੜ੍ਹ ਰਹੀ ਸੀ। ਉਨ੍ਹਾਂ ਦੀ ਮੁਲਾਕਾਤ ਆਕਸਫੋਰਡ ਦੇ ਕੈਂਪਸ ’ਚ ਹੋਈ ਅਤੇ ਬਾਅਦ ’ਚ ਉਨ੍ਹਾਂ ਨੇ ਵਿਆਹ ਕਰ ਲਿਆ।

ਮੁਕੰਦ ਟਾਟਾ ਪ੍ਰਸ਼ਾਸਨਿਕ ਸੇਵਾ ’ਚ ਸ਼ਾਮਿਲ ਹੋ ਗਏ ਅਤੇ ਛੇਤੀ ਹੀ ਆਪਣੀ ਪਛਾਣ ਬਣਾ ਲਈ। ਰਤਨ ਟਾਟਾ ਨੇ ਉਨ੍ਹਾਂ ਨੂੰ ਚੇਅਰਮੈਨ ਦੇ ਦਫਤਰ ’ਚ ਆਪਣੇ ਪ੍ਰਮੁੱਖ ਸਹਿਯੋਗੀ ਵਜੋਂ ਚੁਣਿਆ। ਰਤਨ ਦੇ ਸੇਵਾਮੁਕਤ ਹੋਣ ਪਿੱਛੋਂ ਕੁਝ ਸਾਲ ਬਾਅਦ ਮੁਕੰਦ ਨੇ ਟਾਟਾ ਗਰੁੱਪ ਛੱਡ ਦਿੱਤਾ ਅਤੇ ਆਪਣੀ ਖੁਦ ਦੀ ਕੰਸਲਟੈਂਸੀ ਫਰਮ ਈ ਕਿਊਬ ਇਨਵੈਸਟਮੈਂਟ ਅੈਡਵਾਈਜ਼ਰਜ਼ ਸ਼ੁਰੂ ਕੀਤੀ।

ਜਦੋਂ ਮੁਕੰਦ ਰਤਨ ਟਾਟਾ ਦੇ ਪ੍ਰਮੁੱਖ ਸਹਿਯੋਗੀ ਸਨ, ਤਦ ਮੈਂ ਉਨ੍ਹਾਂ ਨਾਲ ਸੰਪਰਕ ਕੀਤਾ। ਬਾਅਦ ’ਚ ਅਸੀਂ ਅਕਸਰ ਮਿਲਦੇ ਰਹੇ। ਜਦੋਂ ਮੈਂ ਸੌਮਿਆ ਨੂੰ ਮਿਲਿਆ, ਤਾਂ ਉਹ ਇਕ ਵਿਦੇਸ਼ੀ ਬੈਂਕ ’ਚ ਕੰਮ ਕਰਦੇ ਸਨ।

ਬਾਅਦ ’ਚ, ਉਨ੍ਹਾਂ ਨੇ ਆਪਣੀ ਖੁਦ ਦੀ ਕੰਸਲਟੈਂਸੀ ਫਰਮ ਵੇਕਫੀਲਡ ਐਡਵਾਈਜ਼ਰਜ਼ ਦੀ ਸਥਾਪਨਾ ਕੀਤੀ, ਜੋ ਨਾ ਸਿਰਫ ਇਕ ਵੱਡੀ ਸਫਲਤਾ ਹੈ, ਸਗੋਂ ਸਮਾਜਿਕ ਅਤੇ ਧਰਮਾਰਥ ਕਾਰਜਾਂ ’ਚ ਵੀ ਮਦਦ ਕਰਦੀ ਹੈ। 2021 ਦੀ ਫੋਰਬਸ ਇੰਡੀਆ ਦੀ ਸਭ ਤੋਂ ਸ਼ਕਤੀਸ਼ਾਲੀ ਅੌਰਤਾਂ ਦੀ ਸੂਚੀ ’ਚ ਉਨ੍ਹਾਂ ਦਾ ਨਾਂ ਸ਼ਾਮਲ ਹੈ।

ਮੁਕੰਦ ਦੇ ਪਿਤਾ ਗੋਵਿੰਦਰਾਜਨ ਆਈ. ਪੀ. ਐੱਸ. ਦੇ ਮੇਰੇ ਬੈਚ ਦੇ ਟਾਪਰ ਸਨ ਪਰ ਉਨ੍ਹਾਂ ਨੇ 1953 ’ਚ ਆਈ. ਪੀ. ਐੱਸ. ’ਚ ਸ਼ਾਮਲ ਹੋਣ ਤੋਂ ਪਰਹੇਜ਼ ਕੀਤਾ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਉਹ ਅਗਲੇ ਸਾਲ ਦੀ ਆਈ. ਏ. ਐੱਸ. ਪ੍ਰੀਖਿਆ ’ਚ ਟਾਪਰ ਹੁੰਦੇ ਅਤੇ 1954 ਦੇ ਆਈ. ਏ. ਐੱਸ. ਬੈਚ ਦੇ ਟਾਪਰ ਵਜੋਂ ਸ਼ਾਮਲ ਹੁੰਦੇ।

ਗੋਵਿੰਦਰਾਜਨ ਸੰਯੁਕਤ ਜੁਆਇੰਟ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਵਜੋਂ ਸੇਵਾਮੁਕਤ ਹੋਏ, ਇਕ ਅਜਿਹਾ ਅਹੁਦਾ ਜਿਸ ਨੂੰ ਐੱਨ. ਐੱਸ. ਏ. (ਰਾਸ਼ਟਰੀ ਸੁਰੱਖਿਆ ਸਲਾਹਕਾਰ) ਦੇ ਦਫਤਰ ’ਚ ਸ਼ਾਮਲ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਆਪਣੀ ਸੇਵਾ ਦੇ ਸਿਰਫ ਪਹਿਲੇ 2 ਸਾਲਾਂ ਲਈ ਹੀ ਪੁਲਸ ਦੀ ਵਰਦੀ ਪਾਈ ਸੀ, ਜਿਸ ’ਚੋਂ ਇਕ ਸਾਲ ਉਨ੍ਹਾਂ ਨੇ 36 ਹੋਰ ਪ੍ਰੋਬੇਸ਼ਨਰਜ਼ ਨਾਲ ਮਾਊਂਟ ਆਬੂ ’ਚ ਟ੍ਰੇਨਿੰਗ ਤਹਿਤ ਬਿਤਾਇਆ ਸੀ। ਉਨ੍ਹਾਂ ਦੇ ਵੱਡੇ ਬੇਟੇ ਰਘੂਰਾਮ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਬਣੇ।

ਭਾਰਤੀ ਵਿਦਿਆਰਥੀਆਂ ਲਈ ਛੇਵੇਂ ਰੋਡਜ਼ ਸਕਾਲਰਸ਼ਿਪ ਰਾਧਾਕ੍ਰਿਸ਼ਣਨ ਅਤੇ ਰਾਜਨ ਪਰਿਵਾਰਾਂ ਵਲੋਂ ਦਿੱਤੇ ਜਾਣੇ ਹਨ। ਇਨ੍ਹਾਂ ਨੂੰ ਰੋਡਜ਼ ਟਰੱਸਟ ਦੇ ਭਾਰਤੀ ਚੈਪਟਰ ਵਲੋਂ ਪ੍ਰਸ਼ਾਸਿਤ ਕੀਤਾ ਜਾਵੇਗਾ। ਸਥਾਨਕਤਾ ਯਕੀਨੀ ਬਣਾਉਣ ਲਈ ਲੋੜੀਂਦੀ ਕੁਝ ਵਾਧੂ ਧਨਰਾਸ਼ੀ ਇਕ ਅਮਰੀਕੀ ਰੋਡਜ਼ ਵਿਦਵਾਨ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ-ਨਾਲ ਆਕਸਫੋਰਡ ਯੂਨੀਵਰਸਿਟੀ ਵਲੋਂ ਵੀ ਪ੍ਰਦਾਨ ਕੀਤੀ ਗਈ ਸੀ।

ਬਿਲ ਕਲਿੰਟਨ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਰੋਡਜ਼ ਵਿਦਵਾਨ ਸਨ। ਹਾਲ ਹੀ ’ਚ ਦਿੱਲੀ ਦੀ ਮੁੱਖ ਮੰਤਰੀ ਬਣੀ ਅਤਿਥੀ ਰੋਡਜ਼ ਵਿਦਵਾਨ ਸੀ। ਮੇਰੇ ਆਪਣੇ ਗੋਆ ਇਸਾਈ ਭਾਈਚਾਰੇ ਨਾਲ ਸਬੰਧਤ ਪੀਟਰ ਲਿਨ ਸਿਨਾਈ ਰੋਡਜ਼ ਵਿਦਵਾਨ ਸਨ।

ਮਾਊਂਟ ਆਬੂ ਦੇ ਕੇਂਦਰੀ ਪੁਲਸ ਟ੍ਰੇਨਿੰਗ ਕਾਲਜ ’ਚ ਪ੍ਰੋਬੇਸ਼ਨਰ ਵਜੋਂ, ਅੰਗਰੇਜ਼ੀ ਭਾਸ਼ਾ ਦੇ ਇਕ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਕਵੀ 11ਵੇਂ ਰੈਗੂਲਰ ਭਰਤੀ ਬੈਚ ’ਚ ਸ਼ਾਮਲ ਹੋਏ। ਉਹ ਕੇਕੀ ਦਾਰੂਵਾਲਾ ਸਨ, ਜੋ ਛੋਟੇ, ਪਰ ਵਰਨਣਯੋਗ, ਪਾਰਸੀ ਭਾਈਚਾਰੇ ਤੋਂ ਸਨ। ਕੇਕੀ ਦਾ ਪਰਿਵਾਰ ਲਾਹੌਰ ਤੋਂ ਭਾਰਤ ਆਇਆ ਸੀ।

ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਕਾਡਰ ਅਲਾਟ ਕੀਤਾ ਗਿਆ ਸੀ ਪਰ ਗੋਵਿੰਦਰਾਜਨ ਵਾਂਗ, ਉਨ੍ਹਾਂ ਨੂੰ ਈਅਰਮਾਰਕਿੰਗ ਸਕੀਮ ਤਹਿਤ ਦੇਸ਼ ਦੇ ਇੰਟੈਲੀਜੈਂਸ ਬਿਊਰੋ (ਆਈ. ਬੀ.) ’ਚ ਭੇਜ ਦਿੱਤਾ ਗਿਆ ਸੀ।

1962 ’ਚ ਖੁਫੀਆ ਏਜੰਸੀ ਦੇ ਰਿਸਰਚ ਐਂਡ ਐਨੇਲਿਸਿਸ ਵਿੰਗ (ਰਾਅ) ਨੂੰ ਆਈ. ਬੀ. ਤੋਂ ਵੱਖ ਕਰ ਦਿੱਤਾ ਗਿਆ ਅਤੇ ਸਿਰਫ ਬਾਹਰੀ ਖੁਫੀਆ ਜਾਣਕਾਰੀ ਦਾ ਕੰਮ ਸੌਂਪਿਆ ਗਿਆ। ਗੋਵਿੰਦਰਾਜਨ ਅਤੇ ਕੇਕੀ ਦਾਰੂਵਾਲਾ ਦੋਵਾਂ ਨੂੰ ਰਾਅ ’ਚ ਡਿਊਟੀ ਦਿੱਤੀ ਗਈ ਸੀ, ਜਦੋਂ ਇਸ ਦਾ ਗਠਨ ਹੋਇਆ ਸੀ।

ਮੇਰੇ 37 ਅਧਿਕਾਰੀਆਂ ਦੇ ਬੈਚ ’ਚੋਂ 4 ਦੀ ਚੋਣ ਈਅਰਮਾਰਕਿੰਗ ਸਕੀਮ ’ਚ ਹੋਈ। ਬੈਚ ਦੇ 2 ਟਾਪਰ ਗੋਵਿੰਦਰਾਜਨ ਅਤੇ ਆਨੰਦ ਵਰਮਾ ਨੂੰ ਪਹਿਲਾਂ ਆਈ. ਬੀ. ਅਤੇ ਬਾਅਦ ’ਚ ਰਾਅ ’ਚ ਭੇਜਿਆ ਗਿਆ।

ਕੇਕੀ ਦਾਰੂਵਾਲਾ ਦਾ ਪਿਛਲੇ ਹਫਤੇ ਦਿੱਲੀ ’ਚ ਦਿਹਾਂਤ ਹੋ ਗਿਆ। ਕਵੀਆਂ ਦੀ ਜਮਾਤ ਨੇ ਉਨ੍ਹਾਂ ਦੇ ਦਿਹਾਂਤ ’ਤੇ ਵੱਡੇ ਪੱਧਰ ’ਤੇ ਸੋਗ ਦਾ ਪ੍ਰਗਟਾਵਾ ਕੀਤਾ, ਖਾਸ ਕਰ ਕੇ ਉਨ੍ਹਾਂ ਲੋਕਾਂ ਨੇ ਜੋ ਅੰਗਰੇਜ਼ੀ ਭਾਸ਼ਾ ਨੂੰ ਆਪਣੇ ਸੰਚਾਰ ਮਾਧਿਅਮ ਦੇ ਤੌਰ ’ਤੇ ਵਰਤਦੇ ਸਨ।

ਪ੍ਰਿੰਟ ਮੀਡੀਆ ’ਚ ਪ੍ਰਕਾਸ਼ਿਤ ਦੋ ਸ਼ਰਧਾਂਜਲੀਆਂ ਨੇ ਮੈਨੂੰ ਸੱਚਮੁੱਚ ਜਜ਼ਬਾਤੀ ਕਰ ਦਿੱਤਾ। ਉਹ ਰਚਨਾਵਾਂ ਆਈ. ਪੀ. ਐੱਸ. ’ਚ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਨਹੀਂ ਸਗੋਂ ਸੱਭਿਆਚਾਰ ਅਤੇ ਸਾਹਿਤ ਦੇ ਖੇਤਰ ’ਚ ਕੰਮ ਕਰਦੇ ਮੰਨੇ-ਪ੍ਰਮੰਨੇ ਵਿਅਕਤੀਆਂ ਵਲੋਂ ਲਿਖੀਆਂ ਗਈਆਂ ਸਨ। ਆਈ. ਪੀ. ਐੱਸ. ਬਰਾਦਰੀ ਵੀ ਉਨ੍ਹਾਂ ਦੇ ਦਿਹਾਂਤ ’ਤੇ ਅਫਸੋਸ ਦਾ ਪ੍ਰਗਟਾਵਾ ਕਰਦੀ ਹੈ। ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਨਾਲ ਸਰਵਿਸ ਦਾ ਮਾਣ ਵਧਾਇਆ।

ਮੈਨੂੰ ਇਸ ਗੱਲ ਨੇ ਬਹੁਤ ਪ੍ਰਭਾਵਿਤ ਕੀਤਾ ਕਿ ਇਕ ਆਈ. ਪੀ. ਐੱਸ. ਅਧਿਕਾਰੀ, ਜੋ ਗੁੰਮਨਾਮ ਹੈਸੀਅਤ ਨਾਲ ਦੇਸ਼ ਦੀ ਸੇਵਾ ਕਰ ਰਿਹਾ ਸੀ, ਦੂਜੇ ਖੇਤਰ ’ਚ ਉੱਤਮਤਾ ਕਾਰਨ ਲੋਕਾਂ ਦੀ ਨਜ਼ਰ ’ਚ ਆਇਆ।

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)


author

Rakesh

Content Editor

Related News