ਸ਼੍ਰੀ ਕਟਾਸਰਾਜ ਧਾਮ ਦੇ ਵਿਕਾਸ ਨਾਲ ਜੁੜੀਆਂ ਰੁਕਾਵਟਾਂ ਦੂਰ ਹੋਣ

02/21/2020 1:35:19 AM

-ਰਾਜ ਸਦੋਸ਼

ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਬੀਤੇ ਦਹਾਕੇ ’ਚ ਜਦੋਂ ਸ਼੍ਰੀ ਅਮਰਨਾਥ ਗੁਫਾ ਯਾਤਰਾ ਦੌਰਾਨ ਔਖੀਆਂ ਹਾਲਤਾਂ ’ਚ ਲੰਗਰ ਦਾ ਮੁਫਤ ਆਯੋਜਨ ਕਰਨ ਵਾਲੀਆਂ ਕਮੇਟੀਆਂ ਨੂੰ 25-25 ਹਜ਼ਾਰ ਰੁਪਏ ਦੀ ਰਕਮ ਜਮ੍ਹਾ ਕਰਵਾਉਣ ਦਾ ਫਰਮਾਨ ਜਾਰੀ ਕੀਤਾ ਤਾਂ ਅਸੀਂ ਤਤਕਾਲੀਨ ਯੂ. ਪੀ. ਏ. ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਦੇ ਸਾਹਮਣੇ ਇਹ ਸਮੱਸਿਆ ਪੇਸ਼ ਕਰਨ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਤੇ ਛੋਟੇ ਪਰਦੇ ’ਤੇ ਧਰੁਵ ਤਾਰੇ ਵਾਂਗ ਚਮਕਣ ਦੇ ਬਾਅਦ ਸੰਸਦ ਮੈਂਬਰ ਬਣੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ। ਮਕਸਦ ਇਹ ਸੀ ਕਿ ਉਨ੍ਹਾਂ ਦੇ ਰਾਹੀਂ ਇਹ ਮੁੱਦਾ ਲੋਕ ਸਭਾ ’ਚ ਉਠਾਇਆ ਜਾਵੇ। ਹਾਲਾਂਕਿ ਸ਼੍ਰੀ ਅਮਰਨਾਥ ਲੰਗਰ ਸੇਵਾ ਸੰਮਤੀ ਦੇ ਪ੍ਰਧਾਨ ਕੁਝ ਸਮਾਂ ਪਹਿਲਾਂ ਸਿੱਧੂ ਨਾਲ ਮੁਲਾਕਾਤ ਲਈ ਬੇਨਤੀ ਕਰ ਚੁੱਕੇ ਸਨ ਪਰ ਜਦੋਂ ਸਵੇਰੇ-ਸਵੇਰੇ ਪਟਿਆਲਾ ਸਥਿਤ ਉਨ੍ਹਾਂ ਦੇ ਨਿਵਾਸ ’ਤੇ ਪਹੁੰਚੇ ਤਾਂ ਇਕ ਸੇਵਕ ਨੇ ਕਿਹਾ ਕਿ ਮੁਲਾਕਾਤ ਦਾ ਸਮਾਂ ਤਾਂ ਤੈਅ ਨਹੀਂ ਹੋਇਆ ਸੀ। ਫਿਰ ਵੀ ਉਹ ਮੇਰਾ ਪਛਾਣ ਪੱਤਰ ਲੈ ਕੇ ਜਦੋਂ ਸਿੱਧੂ ਜੀ ਕੋਲ ਗਿਆ ਤਾਂ ਉਨ੍ਹਾਂ ਨੇ ਸਿਰਫ ਮੈਨੂੰ ਹੀ ਅੰਦਰ ਆਉਣ ਦੀ ਸਹਿਮਤੀ ਦਿੱਤੀ। ਵੱਡੇ-ਵੱਡੇ ਕੁੱਤਿਆਂ ਦੀ ਬਗਲ ’ਚੋਂ ਲੰਘਦੇ ਹੋਏ ਲੋਹੇ ਦੀ ਪਾਉੜੀ ਪਾਰ ਕਰਕੇ ਪਹਿਲੀ ਮੰਜ਼ਿਲ ’ਤੇ ਪਹੁੰਚਿਆ ਤਾਂ ਕੁਰਤਾ ਪਜ਼ਾਮਾ ਪਹਿਨੀ ਸਿੱਧੂ ਸਨੇਹ ਪੂਰਵਕ ਮਿਲ ਕੇ ਕਹਿਣ ਲੱਗੇ ਓ, ਮੈਂ ਤਾਂ ਖੁਦ ਸ਼ਿਵ ਭਗਤ ਹਾਂ, ਉੱਪਰਲੀ ਮੰਜ਼ਿਲ ’ਤੇ ਚਲੋ, ਪੂਜਾ ਵਾਲੀ ਥਾਂ ਦਿਖਾਉਂਦਾ ਹਾਂ। ਇਸ ਦਰਮਿਆਨ ਸ਼੍ਰੀਮਤੀ ਸਿੱਧੂ ਨੂੰ ਕਿਹਾ ਕਿ ਤੁਸੀਂ 3 ਕੱਪ ਚਾਹ ਤਿਆਰ ਕਰੋ। ਸਾਨੂੰ 15 ਿਮੰਟ ਉਪਰ ਲੱਗਣਗੇ। ਪੂਜਾ ਵਾਲੀ ਥਾਂ ’ਚ ਪ੍ਰਵੇਸ਼ ਕੀਤਾ ਤਾਂ ਬੜਾ ਮਨ ਖੁਸ਼ ਹੋਇਆ। ਗਣਪਤੀ ਦੀ ਮੂਰਤੀ ਦੇ ਇਲਾਵਾ ਸ਼ਿਵਲਿੰਗ ’ਤੇ ਸਮੁੰਦਰ ’ਚੋਂ ਪ੍ਰਾਪਤ ਕੀਤਾ ਸੰਖ ਸੁਸ਼ੋਭਿਤ ਸਨ। ਕਹਿਣ ਲੱਗੇ ਗੁਰਬਾਣੀ ਦੇ ਪਾਠ ਤੋਂ ਬਾਅਦ ਮੈਂ ਇੱਥੇ ਘੱਟੋ-ਘੱਟ ਅੱਧਾ ਘੰਟਾ ਭੋਲੇ ਸ਼ੰਕਰ ਦਾ ਧਿਆਨ ਵੀ ਕਰਦਾ ਹਾਂ। ਮੇਰੀ ਮਾਨਤਾ ਹੈ ਕਿ ਪ੍ਰਭੂ ਇਕ ਹੈ, ਅਸੀਂ ਸਾਰੇ ਉਸਦੀ ਸੰਤਾਨ ਹਾਂ, ਸਾਨੂੰ ਵਿਵਾਦਾਂ ’ਚ ਨਾ ਪੈ ਕੇ ਭਾਈਚਾਰਾ ਮਜ਼ਬੂਤ ਕਰਨਾ ਚਾਹੀਦਾ ਹੈ। ਚਾਹ ਦੇ ਦੌਰ ’ਤੇ ਜਦੋਂ ਸਿੱਧੂ ਨੂੰ ਕਮੇਟੀਆਂ ਦੀਆਂ ਸਮੱਸਿਆਵਾਂ ਦੱਸੀਆਂ ਤਾਂ ਉਨ੍ਹਾਂ ਨੇ ਵਾਅਦਾ ਕੀਤਾ ਕਿ ਸੰਸਦ ਦੇ ਬਾਹਰ ਵੀ ਇਹ ਮੁੱਦਾ ਪੂਰੀ ਭਗਤੀ ਨਾਲ ਉਠਾਵਾਂਗੇ। ਦੋ ਹਫਤਿਆਂ ਬਾਅਦ ਉਹ ਲੋਕ ਸਭਾ ’ਚ ਖੂਬ ਗਰਜੇ। ਬਾਅਦ ’ਚ ਜਦੋਂ ਅਸੀਂ ਸੁਨੀਲ ਜਾਖੜ ਨੂੰ ਨਾਲ ਲੈ ਕੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਤੁਰੰਤ ਜੰਮੂ-ਕਸ਼ਮੀਰ ਦੇ ਰਾਜਪਾਲ ਨੂੰ ਵਿਵਾਦਤ ਹੁਕਮ ’ਤੇ ਮੁੜ-ਵਿਚਾਰ ਕਰਨ ਲਈ ਚਿੱਠੀ ਲਿਖੀ। ਉਸ ਘਟਨਾਕ੍ਰਮ ਦੇ ਹਵਾਲੇ ਨਾਲ ਹੁਣ ਸਿੱਧੂ ਦੀਆਂ ਸੇਵਾਵਾਂ ਸ਼੍ਰੀ ਕਟਾਸਰਾਜ ਧਾਮ ਨਾਲ ਜੁੜੇ ਸਵਾਲਾਂ ਦਾ ਹੱਲ ਕਰਨ ’ਚ ਕਾਰਗਰ ਸਾਬਤ ਹੋ ਸਕਦੀਅਾਂ ਹਨ। ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲਾ ਚੱਕਵਾਲ ਦੀ ਤਹਿਸੀਲ ਚੌਆ ਸੈਦਨ ਸ਼ਾਹ ’ਚ ਸਥਿਤ ਪਾਵਨ ਧਾਮ ਦੇ ਅਮਰ ਕੁੰਡ ਦਾ ਮਾਮਲਾ ਪਾਕਿਸਤਾਨ ਦੀ ਸੁਪਰੀਮ ਕੋਰਟ ’ਚ ਪ੍ਰਮੁੱਖਤਾ ਨਾਲ ਉਠਾਇਆ ਜਾ ਚੁੱਕਾ ਹੈ। ਭੋਲੇ ਸ਼ੰਕਰ ਦੇ ਪ੍ਰਸੰਗ ’ਚ ਹੰਝੂਆਂ ਨਾਲ ਉਦੈ ਹੋਏ ਅਮਰਕੁੰਡ ਦਾ ਮਹੱਤਵ ਵਿਦੇਸ਼ੀ ਇਤਿਹਾਸਕਾਰ ਵੀ ਪ੍ਰਵਾਨ ਕਰ ਚੁੱਕੇ ਹਨ। ਭਾਰਤੀ ਨੇਤਾਵਾਂ ਲਾਲ ਕ੍ਰਿਸ਼ਨ ਅਡਵਾਨੀ, ਬਲਰਾਮ ਜਾਖੜ, ਸੁਸ਼ਮਾ ਸਵਰਾਜ ਅਤੇ ਨਿਤੀਸ਼ ਕੁਮਾਰ ਆਦਿ ਦੀ ਪ੍ਰੇਰਣਾ ਨਾਲ ਪਾਕਿਸਤਾਨ ਸਰਕਾਰ ਨੇ ਵਕਫ ਬੋਰਡ ਰਾਹੀਂ ਕਟਾਸਰਾਜ ਦੇ ਵਿਕਾਸ ’ਤੇ 5 ਕਰੋੜ ਰੁਪਏ ਖਰਚ ਕਰਨ ਦਾ ਪਲਾਨ ਬਣਾਇਆ। ਮਹਾਸ਼ਿਵਰਾਤਰੀ ਤੇ ਸ਼ਰਦ ਪੂਰਨਿਮਾ ਦੇ ਮੌਕੇ ’ਤੇ ਅਕਸਰ ਕਟਾਸਰਾਜ ਯਾਤਰਾ ’ਤੇ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਪਹਿਲਾਂ ਸਰ ਸਈਅਦ ਡਿਗਰੀ ਕਾਲਜ ’ਚ ਠਹਿਰਾਇਆ ਜਾਂਦਾ ਸੀ। ਪਿਛਲੇ ਕੁਝ ਸਾਲਾਂ ਤੋਂ ਪਾਕਿ-ਜਰਮਨ ਸਹਿਯੋਗ ਨਾਲ ਸੰਚਾਲਤ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਇਕ ਹਫਤੇ ਲਈ ਛੁੱਟੀ ’ਤੇ ਭੇਜ ਕੇ ਯਾਤਰੀ ਉੱਥੇ ਠਹਿਰਾਏ ਜਾਂਦੇ ਹਨ। ਸਭ ਤੋਂ ਅਹਿਮ ਮੁੱਦਾ ਹੈ ਪਾਕਿਸਤਾਨ-ਚੀਨ ਆਰਥਿਕ ਗਲਿਆਰਾ ਯੋਜਨਾ ਦੇ ਅਧੀਨ ਕਟਾਸਰਾਜ ਇਲਾਕੇ ਵਿਚ ਸੀਮੈਂਟ ਦਾ ਕਾਰਖਾਨਾ ਸਥਾਪਿਤ ਕਰਨ ਦੇ ਬਾਅਦ ਅਮਰ ਕੁੰਡ ’ਚ ਜਲ ਦੇ ਪੱਧਰ ਦੀ ਕਮੀ। ਗੁਲਾਬ ਦੇ ਫੁੱਲਾਂ ਅਤੇ ਲੁਕਾਠ ਦੀ ਪੈਦਾਵਾਰ ਲਈ ਮੋਹਰੀ ਰਹੇ ਇਸ ਇਲਾਕੇ ’ਚ ਕਾਲਾ ਅਰਥਾਤ ਸੇਂਧਾ ਨਮਕ ਦੀਆਂ ਖਾਨਾਂ ਦਾ ਵੀ ਵਿਸ਼ਾਲ ਭੰਡਾਰ ਹੈ। ਅਮਰ ਕੁੰਡ ’ਚ ਪਾਣੀ ਸੁੱਕਣ ਦੇ ਮਾਮਲੇ ’ਚ ਨੋਟਿਸ ਪਾਕਿਸਤਾਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਖੁਦ ਲਿਆ ਸੀ। ਇਸਦੇ ਸਿੱਟੇ ਵਜੋਂ ਵਕਫ ਬੋਰਡ ਦਾ ਮੁਖੀ ਵੀ ਬਦਲ ਦਿੱਤਾ ਗਿਆ। 1 ਅਕਤੂਬਰ 2019 ਨੂੰ ਸਰਵਉੱਚ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਵਾਤਾਵਰਨ ਰਖਵਾਲੀ ਏਜੰਸੀ (ਈ. ਪੀ. ਏ.) ਨੂੰ ਹੁਕਮ ਦਿੱਤਾ ਕਿ ਸੀਮੈਂਟ ਫੈਕਟਰੀਆਂ ਨੂੰ ਅਤੀਤ ’ਚ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ’ਤੇ ਵਿਸਥਾਰਤ ਰਿਪੋਰਟ ਪੇਸ਼ ਕੀਤੀ ਜਾਵੇ। ਜਸਟਿਸ ਉਮਰ ਅਤਾ ਬੰਡਿਆਲ, ਇਜਾਜ ਉਲਹਸਨ ਅਤੇ ਮੁਨੀਸ਼ ਅਰਬਤਾ ਦੀ ਬੈਂਚ ਨੇ ਡੇਰਾ ਗਾਜ਼ੀਖਾਨ ਸੀਮੈਂਟ ਫੈਕਟਰੀ ਮਾਲਕਾਂ ਨੂੰ ਕਿਹਾ ਕਿ ਉਹ ਵਾਯੂ ਕੂਲਿੰਗ ਪਲਾਂਟ ਦੀ ਅਸਲ ਕੀਮਤ ਬਾਰੇ ਰਿਪੋਰਟ ਪੇਸ਼ ਕਰਨ। ਹਿੰਦ ਕੌਂਸਲ (ਪਾਕਿਸਤਾਨ) ਦੇ ਪ੍ਰਧਾਨ ਤੇ ਸੰਸਦ ਮੈਂਬਰ ਡਾ. ਰਮੇਸ਼ ਕੁਮਾਰ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਬੈਸਟ ਵੇ ਸੀਮੈਂਟ ਕੰਪਨੀ ਨੇ ਕੂਲਿੰਗ ਪਲਾਂਟ ਸਥਾਪਤ ਕਰ ਦਿੱਤਾ ਸੀ ਪਰ ਡੇਰਾ ਗਾਜ਼ੀਖਾਨ ਫੈਕਟਰੀ ਨੇ ਅਜਿਹਾ ਨਹੀਂ ਕੀਤਾ। ਚੱਕਵਾਲ ਦੇ ਸਹਾਇਕ ਕਮਿਸ਼ਨਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਅਦਾਲਤ ਨੇ ਕਿਹਾ ਕਿ ਇਸ ਫੈਕਟਰੀ ਨੂੰ ਮਈ 2018 ’ਚ ਕਿਹਾ ਗਿਆ ਸੀ ਕਿ ਬਦਲਵੇਂ ਸ੍ਰੋਤਾਂ ਨਾਲ ਪਾਣੀ ਦਾ ਪ੍ਰਬੰਧ 6 ਮਹੀਨਿਆਂ ’ਚ ਕਰੇ। 10 ਕਰੋੜ ਰੁਪਏ ਜੁਰਮਾਨਾ ਅਦਾ ਕਰਨ ਲਈ ਬੈਂਕ ਗਾਰੰਟੀ ਦੇ ਨਵੀਨੀਕਰਨ ਦੇ ਲਈ ਵੀ ਫੈਕਟਰੀ ਮਾਲਕਾਂ ਨੂੰ ਕਿਹਾ ਗਿਆ ਤਦ ਫੈਕਟਰੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਜ਼ਮੀਨ ਹੇਠਲਾ ਪਾਣੀ (ਜੋ ਅਮਰਕੁੰਡ ਨੂੰ ਪ੍ਰਭਾਵਿਤ ਕਰਦਾ ਸੀ) ਦੀ ਇਕ ਬੂੰਦ ਦੀ ਵੀ ਵਰਤੋਂ ਨਹੀਂ ਕੀਤੀ ਜਾ ਰਹੀ। ਇਸ ਤੋਂ ਪਹਿਲਾਂ ਪ੍ਰਸ਼ਾਸਨ ਮੰਨ ਚੁੱਕਾ ਸੀ ਕਿ ਫੈਕਟਰੀਆਂ ਦੁਆਰਾ ਵੱਡੇ-ਵੱਡੇ ਪੰਪ ਲਗਾ ਕੇ ਪਾਣੀ ਖਿੱਚਣ ਨਾਲ ਪਾਣੀ ਸੁੱਕ ਗਿਆ, ਖੇਤੀਬਾੜੀ ਵੀ ਪ੍ਰਭਾਵਿਤ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਨਿਵਾਸ ਵਾਲੇ ਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤਕ ਡੇਰਾ ਬਾਬਾ ਨਾਨਕ ਤੋਂ ਇਕ ਵੀਜ਼ਾ ਰਹਿਤ ਲਾਂਘਾ ਮੁਹੱਈਆ ਕਰਾਉਣ ਦੇ ਸਬੰਧ ’ਚ ਹੋਏ ਸਮਾਗਮਾਂ ’ਚ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਨਿਆ ਸੀ ਕਿ ਨਵਜੋਤ ਸਿੰਘ ਸਿੱਧੂ ਵਲੋਂ ਇਹ ਮਾਮਲਾ ਉਠਾਏ ਜਾਣ ਤੋਂ ਪਹਿਲਾਂ ਇਸ ਸਥਾਨ ਦੇ ਮਹੱਤਵ ਦੀ ਜਾਣਕਾਰੀ ਨਹੀਂ ਸੀ। ਸੰਭਵ ਹੈ ਕਿ ਭਾਰਤ ਦੇ ਚੋਟੀ ਦੇ ਨੇਤਾਵਾਂ ਵਲੋਂ ਸ਼੍ਰੀ ਕਟਾਸਰਾਜ ਧਾਮ ਦੀ ਯਾਤਰਾ ਦੇ ਬਾਵਜੂਦ ਖਾਨ ਸਾਹਿਬ ਨੂੰ ਇਸਦੇ ਇਤਿਹਾਸ ਦਾ ਗਿਆਨ ਵੀ ਨਾ ਹੋਵੇ। ਪਾਕਿਸਤਾਨ ਸਰਕਾਰ ਕਈ ਵਾਰ ਕਹਿ ਚੁੱਕੀ ਹੈ ਕਿ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਕਟਾਸਰਾਜ ਇਲਾਕੇ ਦਾ ਬਹੁਮੁੱਖੀ ਵਿਕਾਸ ਜ਼ਰੂਰੀ ਹੈ। ਬੇਸ਼ੱਕ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦਾ ਸਿਹਰਾ ਦਿੱਤੇ ਜਾਣ ’ਤੇ ਅਨੇਕਾਂ ਭਾਰਤੀ ਸਿਆਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾ ਕੇ ਆਪਣੀਆਂ ਅਸਫਲਤਾਵਾਂ ਨੂੰ ਢਕਣ ਦਾ ਅਸਫਲ ਯਤਨ ਕੀਤਾ ਪਰ ਆਵਾਜ਼-ਏ-ਖਲਕ, ਆਵਾਜ਼-ਏ-ਖੁਦਾ ਦੀ ਕਹਾਵਤ ਅਟੱਲ ਹੈ। ਹੁਣ ਜੇਕਰ ਸਿੱਧੂ ਆਪਣੇ ਮਿੱਤਰ ਇਮਰਾਨ ਖਾਨ ਦੇ ਨਾਲ ਸ਼੍ਰੀ ਕਟਾਸਰਾਜ ਧਾਮ ਦੇ ਵਿਕਾਸ ਨਾਲ ਜੁੜੀਆਂ ਰੁਕਾਵਟਾਂ ਦੂਰ ਕਰਨ ਦਾ ਯਤਨ ਕਰਨ ਤਾਂ ਲੱਖਾਂ ਸ਼ਿਵ ਭਗਤਾਂ ਦੀਆਂ ਦੁਆਵਾਂ ਦੇ ਸੁਪਾਤਰ ਬਣਨਗੇ ਅਤੇ ਦੋਪੱਖੀ ਸਬੰਧਾਂ ’ਚ ਇਕ ਹੋਰ ਸੁਨਹਿਰੀ ਅਧਿਆਏ ਜੁੜ ਜਾਵੇਗਾ।


Bharat Thapa

Content Editor

Related News