ਹੁਣ ਪਾਕਿਸਤਾਨ ਦਾ ਇਕ ਹੋਰ ਨਵਾਂ ਪੈਂਤੜਾ

Monday, Oct 13, 2025 - 04:20 AM (IST)

ਹੁਣ ਪਾਕਿਸਤਾਨ ਦਾ ਇਕ ਹੋਰ ਨਵਾਂ ਪੈਂਤੜਾ

ਹਾਲ ਹੀ ਦੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਅਮਰੀਕਾ ਨੂੰ ਆਪਣੇ ਪੱਖ ’ਚ ਕਰਨ ਲਈ ਆਪਣੇ ਮਹੱਤਵਪੂਰਨ ਖਣਿਜ ਤਾਂ ਉਸ ਨੂੰ ਦੇ ਹੀ ਦਿੱਤੇ ਹਨ ਅਤੇ ਹੁਣ ਉਸ ਨੇ ਇਕ ਹੋਰ ਨਵਾਂ ਪੈਂਤੜਾ ਚਲਾ ਦਿੱਤਾ ਹੈ।

ਇਸ ਦੇ ਅਨੁਸਾਰ ਪਾਕਿਸਤਾਨ ਨੇ ਅਮਰੀਕਾ ਨੂੰ ਹੁਣ ਗਵਾਦਰ ਦੇ ਨੇੜੇ ਹੀ ‘ਪਾਸਨੀ’ ਨਾਂ ਦੀ ਥਾਂ ’ਤੇ ਇਕ ਬੰਦਰਗਾਹ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਅਜਿਹਾ ਕਰਨ ਨਾਲ ਚੀਨ ਅਤੇ ਈਰਾਨ ਤੋਂ ਸਿਰਫ ਲਗਭਗ 100 ਮੀਲ ਦੂਰ ਹੋਣ ਦੇ ਕਾਰਨ ਪਾਕਿਸਤਾਨ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਬਿਹਤਰ ਸਥਿਤੀ ’ਚ ਆ ਜਾਵੇਗਾ।

ਪਾਕਿਸਤਾਨ ਦੇ ਅਜਿਹਾ ਕਰਨ ਦੇ ਪਿੱਛੇ 2 ਮੁੱਖ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ ਜੇਕਰ ਬਲੋਚਿਸਤਾਨ ’ਚ ਅਮਰੀਕਾ ਦੀ ਸੈਨਾ ਹੋਵੇਗੀ ਤਾਂ ਉਥੇ ਵਿਦਰੋਹ ’ਤੇ ਉਤਰੇ ਹੋਏ ਸੰਗਠਨਾਂ ਦੀ ਹਲਚਲ ’ਤੇ ਰੋਕ ਲਗਾਉਣ ’ਚ ਸਹਾਇਤਾ ਮਿਲੇਗੀ।

ਅਤੇ ਇਸ ਦਾ ਦੂਜਾ ਕਾਰਨ ਇਹ ਹੈ ਕਿ ਕਿਉਂਕਿ ਚੀਨ ਦੇ ਨਾਲ ਪਾਕਿਸਤਾਨ ਦੇ ਰਿਸ਼ਤੇ ਪਹਿਲਾਂ ਹੀ ਜ਼ਿਆਦਾ ਮਜ਼ਬੂਤ ਹੋ ਚੁੱਕੇ ਹਨ, ਇਸ ਲਈ ਸ਼ਹਿਬਾਜ਼ ਸ਼ਰੀਫ ਨੂੰ ਲੱਗਦਾ ਹੈ ਕਿ ਉਹ ਚੀਨ ਅਤੇ ਅਮਰੀਕਾ ਦੋਵਾਂ ਵਿਚਾਲੇ ਸੰਬੰਧਾਂ ਦਾ ਸੰਤੁਲਨ ਬਣਾ ਕੇ ਰੱਖ ਸਕਣਗੇ।

ਹਾਲਾਂਕਿ ਇਸ ਤਰ੍ਹਾਂ ਦੀ ਕੋਈ ਬੰਦਰਗਾਹ ਨੇੜ ਭਵਿੱਖ ’ਚ ਬਣਨ ਵਾਲੀ ਨਹੀਂ ਹੈ ਪਰ ਇਸ ਤਰ੍ਹਾਂ ਦਾ ਬਿਆਨ ਦੇ ਕੇ ਸ਼ਹਿਬਾਜ਼ ਸ਼ਰੀਫ ਨੇ ਡੋਨਾਲਡ ਟਰੰਪ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਇਸ ਤਰ੍ਹਾਂ ਉਸ ਨੇ ਚੀਨ ਨੂੰ ਵੀ ਇਹ ਦਿਲਾਸਾ ਦੇ ਦਿੱਤਾ ਹੈ ਕਿ ਉਹ ਅਮਰੀਕਾ ਨੂੰ ਸਿਰਫ ਪੇਸ਼ਕਸ਼ ਹੀ ਕਰ ਰਹੇ ਹਨ, ਉਥੇ ਕੁਝ ਬਣਨ ਨਹੀਂ ਦੇ ਰਹੇ।

ਜੇਕਰ ਅਮਰੀਕਾ 2-3 ਸਾਲ ਦੇ ਸਮੇਂ ’ਚ ਇਸ ਦਾ ਨਿਰਮਾਣ ਕਰ ਵੀ ਲੈਂਦਾ ਹੈ ਤਾਂ ਬਲੋਚਿਸਤਾਨ ’ਚ ਅੱਤਵਾਦੀ ਗਿਰੋਹਾਂ ਦੀਆਂ ਸਰਗਰਮੀਆਂ ’ਤੇ ਉਥੇ ਮੌਜੂਦ ਅਮਰੀਕੀ ਫੌਜਾਂ ਵਲੋਂ ਰੋਕ ਲੱਗ ਸਕੇਗੀ ਪਰ ਇਹ ਅਤਿਅੰਤ ਕਮਜ਼ੋਰ ਰਣਨੀਤੀ ਹੈ ਕਿਉਂਕਿ ਸ਼ਹਿਬਾਜ਼ ਸ਼ਰੀਫ ਦਾ ਇਹ ਕਦਮ ਕਦੇ ਅਮਰੀਕਾ ਅਤੇ ਕਦੇ ਚੀਨ ਦੇ ਪੱਖ ’ਚ ਝੁਕ ਸਕਦਾ ਹੈ। ਹਾਲਾਂਕਿ ਇਸ ਸਮੇਂ ਇਹ ਪਾਕਿਸਤਾਨ ਵਲੋਂ ਚੱਲੀ ਗਈ ਬੜੀ ਹੀ ਚਲਾਕੀ ਭਰੀ ਚਾਲ ਹੈ ਅਤੇ ਉਸ ਨੂੰ ਇਸ ਦਾ ਲਾਭ ਕਿੰਨਾ ਮਿਲਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।


author

Sandeep Kumar

Content Editor

Related News