ਜੰਗ ਹੈ ਨਹੀਂ ਤਾਂ ਵੀ ਫੌਜੀ ਨਿੱਤ ਸ਼ਹੀਦ ਕਿਉਂ?

Saturday, Jul 27, 2024 - 02:18 PM (IST)

ਰਾਜੇ ਦਾ ‘ਦੈਵੀ ਸਿਧਾਂਤ’ ਲੋਕਤੰਤਰ ’ਚ ਸਹੀ। ਪ੍ਰਾਚੀਨ ਭਾਰਤ ’ਚ ਛੋਟੇ ਗਣਰਾਜ ਹੁੰਦੇ ਸਨ। ਰਾਜਾ-ਪ੍ਰਜਾ ਮਿਲ ਕੇ ਬੈਠਦੇ ਸਨ। ਦੋਵਾਂ ਦੇ ਦਰਮਿਆਨ ਇਕ ਪਵਿੱਤਰ ਸਮਝੌਤਾ ਹੋਇਆ। ਪ੍ਰਜਾ ਨੇ ਰਾਜੇ ਨੂੰ ਕਿਹਾ ਅੱਜ ਤੋਂ ਤੁਸੀਂ ਸਾਡੇ ਰਾਜਾ ਹੋਏ। ਰਾਜੇ ਨੇ ਕਿਹਾ ‘ਤਥਾਸਤੂ!’ ਪਰ? ਪ੍ਰਜਾ ਨੇ ਕਿਹਾ ਕੋਈ ਕਿੰਤੂ-ਪ੍ਰੰਤੂ ਨਹੀਂ। ਰਾਜੇ ਨੇ ਜਵਾਬ ਦਿੱਤਾ, ‘ਤਥਾਸਤੂ’। ਪ੍ਰਜਾ ਬੋਲੀ ਅਸੀਂ ਤੁਹਾਨੂੰ ਸੂਬਾ ਚਲਾਉਣ ਲਈ ਆਪਣੀ ਆਮਦਨੀ ’ਚੋਂ ਟੈਕਸ ਦੇਵਾਂਗੇ। ਆਪਣੀ ਰੱਖਿਆ ਲਈ ਅਸੀਂ ਤੁਹਾਨੂੰ ਆਪਣੇ ਪੁੱਤਰ ਤੱਕ ਦੇਵਾਂਗੇ।

ਤੁਹਾਨੂੰ ਰਾਜਾ ਹੋ ਕੇ ‘ਪ੍ਰਜਾ ਪਾਲਕ’ ਹੋਣਾ ਹੋਵੇਗਾ। ਸਾਡੀ ਰੱਖਿਆ ਕਰਨੀ ਹੋਵੇਗੀ। ਚੋਰਾਂ-ਉਚੱਕਿਆਂ ਅਤੇ ਅੱਤਵਾਦੀਆਂ ਤੋਂ ਸਾਡੀ ਰੱਖਿਆ ਕਰਨੀ ਹੋਵੇਗੀ। ਰਾਜੇ ਨੇ ਕਿਹਾ ‘ਤਥਾਸਤੂ’। ਇਸ ਸਮਝੌਤੇ ਅਧੀਨ ਸਮਾਜ ਚੱਲ ਪਿਆ। ਰਾਜਾ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਗਿਆ, ਪ੍ਰਜਾ ਆਪਣੇ ਕੰਮ-ਧੰਦੇ ’ਚ ਲੱਗ ਗਈ। ਸਮਾਜ ਵਿਕਸਿਤ ਹੋਣ ਲੱਗਾ। ਰਾਸ਼ਟਰੀ ਸੋਚ ਪੈਦਾ ਹੋਣ ਲੱਗੀ। ਭੂਗੋਲਿਕ ਨਜ਼ਰੀਏ ਤੋਂ ਸੂਬੇ ਬਣਦੇ ਚਲੇ ਗਏ। ਅੱਜ ਵੀ ਸੂਬਿਆਂ ’ਚ ਲੋਕਤੰਤਰ ਦੀ ਸਹੀ ਭਾਵਨਾ ਕੰਮ ਕਰ ਰਹੀ ਹੈ। ਅੱਜ ਪ੍ਰਜਾਤੰਤਰ ’ਚ ਲੋਕ ਰਾਇ ਅਨੁਸਾਰ ਸਰਕਾਰਾਂ ਕੰਮ ਕਰ ਰਹੀਆਂ ਹਨ। ਲੋਕਤੰਤਰ ਵਿਵਸਥਾ ’ਚ ਕੇਂਦਰ ਤੋਂ ਸਥਾਨਕ ਪੱਧਰ ਤੱਕ ਇਹੀ ਲੋਕ-ਭਾਵ ਵਧ-ਫੁੱਲ ਰਿਹਾ ਹੈ। ਰਾਜਾ ਆਪਣਾ ਕੰਮ ਕਰ ਰਿਹਾ ਹੈ, ਪ੍ਰਜਾ ਆਪਣੇ ਕੰਮ ’ਚ ਮਗਨ ਹੈ।

ਪਿੰਡ ਪੱਧਰ ’ਤੇ ਸਰਪੰਚ ਰਾਜਾ ਹੈ ਤੇ ਕੇਂਦਰ ਸਰਕਾਰ ’ਚ ਪ੍ਰਧਾਨ ਮੰਤਰੀ ਚੁਣਿਆ ਗਿਆ ਰਾਜਾ ਹੈ। ਰਾਜਾ ਲੋਕਤੰਤਰ ’ਚ ਵੀ ਰੱਬੀ ਸ਼ਕਤੀ ਮੰਨਿਆ ਗਿਆ ਹੈ। ਪ੍ਰਜਾ ਨੂੰ ਰਾਜ-ਆਗਿਆ ਮੰਨਣੀ ਹੀ ਪੈਂਦੀ ਹੈ। ਇਸ ਲਈ ਸਮਾਜ ਖੁਸ਼ ਹੈ। ਦੇਸ਼ ਦੇ ਲੋਕਾਂ ਦਾ ਰਾਜੇ ’ਚ ਯਕੀਨ ਬਣਿਆ ਹੋਇਆ ਹੈ। ਨਰਿੰਦਰ ਮੋਦੀ ਦੀਆਂ ਕਈ ਗਾਰੰਟੀਆਂ ਵਧ-ਫੁੱਲ ਰਹੀਆਂ ਹਨ। ਮੋਦੀ ’ਚ ਵਿਸ਼ਵ ਦੇ ਸਿਆਸੀ ਆਗੂਆਂ ਨੇ ਆਪਣਾ ਭਰੋਸਾ ਪ੍ਰਗਟਾਇਆ ਹੈ ਪਰ ਕੁਝ ਗਾਰੰਟੀਆਂ ’ਤੇ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਖੜ੍ਹੀ ਨਹੀਂ ਦਿਸ ਰਹੀ। ਜਨਤਾ ਵਿਚਾਰ ਰਹੀ ਹੈ ਕਿ ਮੋਦੀ ਅਤੇ ਅਮਿਤ ਸ਼ਾਹ ਦੇ ਰਾਜ ’ਚ ਬਿਨਾਂ ਜੰਗ ਫੌਜ, ਪੁਲਸ ਅਤੇ ਨੀਮ ਫੌਜੀ ਬਲਾਂ ਦੇ ਜਵਾਨ ਕਿਉਂ ਮਰ ਰਹੇ ਹਨ?

ਜੰਮੂ-ਕਸ਼ਮੀਰ ’ਚ ਤਾਂ ਬਿਨਾਂ ਜੰਗ ਦੇ ਸਾਡੇ ਫੌਜੀ ਜਵਾਨ 1980 ਤੋਂ 2024 ਤੱਕ ਮਰਦੇ ਹੀ ਚਲੇ ਆ ਰਹੇ ਹਨ? ਅੱਤਵਾਦੀ ਤਾਂ ਆਉਂਦੇ ਹੀ ਮਰਨ ਲਈ ਹਨ ਪਰ ਸਾਡੇ ਜਵਾਨ ਕਿਉਂ ਮਰਨ? ਅੱਤਵਾਦੀ ਤਾਂ ਜੰਮੂ-ਕਸ਼ਮੀਰ ’ਚ ਆਪਣੀ ਖੂਨੀ ਖੇਡ ਖੇਡਣ ’ਚ ਕਾਮਯਾਬ ਹੁੰਦੇ ਆ ਰਹੇ ਹਨ। 1980 ਤੋਂ 2024 ਤੱਕ ਕੋਈ ਥੋੜ੍ਹਾ ਸਮਾਂ ਨਹੀਂ। ਅਸੀਂ ਇਸ ਸਮੇਂ ਕਿੰਨੇ ਜਵਾਨ ਗੁਆਏ, ਹਿਸਾਬ ਨਹੀਂ। ਕਿੰਨੀ ਜਾਇਦਾਦ ਤਬਾਹ ਹੋਈ, ਕਿੰਨੀਆਂ ਮਾਸੂਮ ਜਾਨਾਂ ਗਈਆਂ? ਇਸ ਦਾ ਹਿਸਾਬ ਤਾਂ ਪ੍ਰਜਾ ਨੂੰ ਦੇਣਾ ਹੋਵੇਗਾ। ਸਿਰਫ ਇੰਨਾ ਕਹਿ ਦੇਣ ਨਾਲ ਹਿਸਾਬ ਅਦਾ ਨਹੀਂ ਹੁੰਦਾ ਕਿ ਇਸ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ।

ਪਾਕਿਸਤਾਨ ਇਕ ਛੋਟਾ ਜਿਹਾ ਦੇਸ਼ ਹੈ ਅਤੇ ਉਸ ਨੇ ਦੁਨੀਆ ਦੀ ਪੰਜਵੀਂ ਵੱਡੀ ਸ਼ਕਤੀ ਨੂੰ ਅੱਗੇ ਲਾ ਰੱਖਿਆ ਹੈ। ਪਾਕਿਸਤਾਨ ਇਕ ਛੋਟੇ ਜਿਹੇ ਦੇਸ਼ ਅਫਗਾਨਿਸਤਾਨ ਨੂੰ ਤਬਾਹ ਕਰ ਰਿਹਾ ਹੈ। ਇਕ ਛੋਟਾ ਜਿਹਾ ਪਾਕਿਸਤਾਨ ‘ਬੰਗਲਾਦੇਸ਼’ ’ਚ ਹਿੰਸਾ ਵਧਾ ਰਿਹਾ ਹੈ, ਰਾਖਵੇਂਕਰਨ ਦੇ ਨਾਂ ’ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ’ਚ ਅੱਗ ਭੜਕਾਉਣ ਦਾ ਕੰਮ ਕਰ ਰਿਹਾ ਹੈ, ਤਾਂ ਭਾਰਤ ਦੀ ਰਾਜਗੱਦੀ ’ਤੇ ਬਿਰਾਜਮਾਨ ਰਾਜਾ ਕੀ ਕਰ ਰਿਹਾ ਹੈ? ਕਸ਼ਮੀਰ ਵਾਦੀ ’ਚ ਇਕ ਫਿਰਕੇ ਦੇ ਲੋਕਾਂ ਨੇ ਅੱਤਵਾਦੀਆਂ ਦੇ ਡਰੋਂ ਆਪਣੇ ਘਰ-ਬਾਰ ਛੱਡ ਦਿੱਤੇ ਤਾਂ ਰਾਜਾ ਪ੍ਰਜਾ ਦੀ ਰਖਵਾਲੀ ’ਚ ਕੀ ਕਰ ਰਿਹਾ ਹੈ? ਰਾਜੇ ਨੇ ਪ੍ਰਜਾ ਨਾਲ ਜੋ ‘ਪਵਿੱਤਰ ਸਮਝੌਤਾ’ ਕੀਤਾ ਸੀ ਉਸ ਸਮਝੌਤੇ ਤੋਂ ਪਿੱਠ ਕਿਉਂ ਘੁਮਾ ਰਿਹਾ ਹੈ? 1980 ਤੋਂ ਅਸੀਂ ਇਹ ਸੁਣ ਰਹੇ ਹਾਂ ਕਿ ਵਾਦੀ ’ਚ ਅੱਤਵਾਦ ਪਾਕਿਸਤਾਨ ਫੈਲਾਅ ਰਿਹਾ ਹੈ ਅਤੇ ਪਾਕਿਸਤਾਨ ਨੇ ਭਾਰਤ ਦੇ ਵਿਰੁੱਧ ਇਕ ‘ਅਸਿੱਧੀ ਜੰਗ’ ਛੇੜ ਰੱਖੀ ਹੈ।

ਤਾਂ ਫਿਰ ਰਾਜਾ ਆਪਣੇ ਫਰਜ਼ ਤੋਂ ਕਿਉਂ ਬੇਮੁੱਖ ਹੈ? ਜੇਕਰ ਪਾਕਿਸਤਾਨ ਇਕ ਛੋਟਾ ਜਿਹਾ ਦੇਸ਼ ਇਹ ਸਭ ਕਰ ਸਕਦਾ ਹੈ ਤਾਂ ਭਾਰਤ ਵਰਗਾ ਵੱਡਾ ਵਿਸ਼ਾਲ ਦੇਸ਼ ਆਪਣੇ ਬਹਾਦਰ ਫੌਜੀਆਂ ਦੀ ਆਹੂਤੀ ਕਿਉਂ ਦੇ ਰਿਹਾ ਹੈ? ਵੱਡੇ ਦੇਸ਼ ਨੂੰ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਮਾਸੂਮ ਲੋਕਾਂ ਦੀਆਂ ਮੌਤਾਂ ’ਤੇ ਨਰਿੰਦਰ ਮੋਦੀ ਦੀ ਗਾਰੰਟੀ ਕਿਉਂ ਨਹੀਂ? ਮੋਦੀ ਸਾਹਿਬ ਬੁਰਾ ਨਾ ਮੰਨਣਾ, ਮੇਰੇ ਛੋਟੇ ਭਰਾ ਹੋ। ਭਾਰਤ ਦੇ ਲੋਕਾਂ ਦਾ ਮੋਦੀ ’ਤੇ ਯਕੀਨ ਹੈ। ਜਨਤਾ ਦਾ ਉਹ ਯਕੀਨ ਮੋਦੀ ਕਿਉਂ ਤੋੜਨ? ਕਿਉਂ ਨਹੀਂ ਪਾਕਿਸਤਾਨ ’ਚ ਇਕ ਨਵਾਂ ਦੇਸ਼ ‘ਪਖਤੂਨਿਸਤਾਨ’ ਬਣਾ ਦਿੰਦੇ? 2024 ਦੀਆਂ ਚੋਣਾਂ ’ਚ ਤਾਂ ਅਮਿਤ ਸ਼ਾਹ ਇਹੀ ਕਹਿ ਕੇ ਲੋਕਾਂ ਕੋਲੋਂ ਵੋਟਾਂ ਮੰਗਦੇ ਰਹੇ।

ਹੁਣ ਕੀ ਹੋਇਆ? ਅੱਤਵਾਦੀ ਤਾਂ ਘਾਟੀ ’ਚੋਂ ਡੋਡਾ, ਕਿਸ਼ਤਵਾੜ, ਰਿਆਸੀ, ਸਾਂਬਾ, ਰਾਜੌਰੀ, ਰਾਮਬਨ ਤੇ ਜੰਮੂ ਤੱਕ ਦਹਾੜਣ ਲੱਗੇ ਹਨ। ਨਿੱਤ ਸਾਡੇ ਜਵਾਨਾਂ ਨੂੰ ਸ਼ਹੀਦ ਕਰ ਰਹੇ ਹਨ। ਅੱਤਵਾਦੀ ਤਾਂ ਆਉਂਦੇ ਹੀ ਮਰਨ ਲਈ ਹਨ। ਉਨ੍ਹਾਂ ਨੂੰ ਤਾਂ ਟ੍ਰੇਨਿੰਗ ਹੀ ਅਜਿਹੀ ਦਿੱਤੀ ਗਈ ਹੈ ਕਿ ਅੱਜ ਤੂੰ ਨਹੀਂ ਜਾਂ ਮੈਂ ਨਹੀਂ। ਮਰਨਾ ਤਾਂ ਅੱਤਵਾਦੀ ਆਪਣੇ ਮੱਥੇ ’ਤੇ ਲਿਖਵਾ ਕੇ ਲਿਆਉਂਦੇ ਹਨ ਪਰ ਸਾਡੇ ਲੋਕ ਕਿਉਂ ਮਰਨ? ਸਾਡੇ ਫੌਜੀ ਕਿਉਂ ਸ਼ਹੀਦ ਹੋਣ? ਸਥਾਨਕ ਲੋਕ ਅੱਤਵਾਦੀਆਂ ਦਾ ਬਿਨਾਂ ਸ਼ੱਕ ਸਾਥ ਦੇ ਰਹੇ ਹਨ?

ਆਪਣੀ ਹੀ ਪੁਲਸ ਦੇ ਡੀ. ਐੱਸ. ਪੀ. ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰ ਰਹੇ ਹਨ। ਪ੍ਰਸ਼ਾਸਨ ’ਚ ਬੈਠੇ ਵੱਡੇ-ਵੱਡੇ ਅਧਿਕਾਰੀ ਅਤੇ ਨੇਤਾ ਅੱਤਵਾਦੀਆਂ ਨੂੰ ਰਾਹ ਦੱਸ ਰਹੇ ਹਨ? ਕੀ ਰਾਜੇ ਨੂੰ ਪਤਾ ਨਹੀਂ? ਕੀ ਭਾਰਤ ਦੇ ਗ੍ਰਹਿ ਮੰਤਰੀ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਵਾਕਿਫ ਨਹੀਂ ਹਨ? ਰਾਜਾ ਆਰ-ਪਾਰ ਦੀ ਨੀਤੀ ਅਪਣਾਵੇ। ਐਵੇਂ ਨਿਰਦੋਸ਼ ਆਪਣੀ ਪ੍ਰਜਾ ਅਤੇ ਫੌਜ ਨੂੰ ਨਾ ਮਰਵਾਏ। ਖੁਦ ਆਪਣੀ ਜ਼ਿੰਮੇਵਾਰੀ ਸਮਝੇ। ਅਮਰੀਕਾ ਅਤੇ ਰੂਸ ਭਲਾ ਸਾਡਾ ਸਾਥ ਕਿਉਂ ਦੇਣਗੇ? ਮੋਦੀ ਸਾਹਿਬ ਬੁਰਾ ਨਾ ਮੰਨੋ, ਆਪਣੇ ਮਨ ਦੀ ਗੱਲ ਸੁਣੋ। ਜੰਮੂ-ਕਸ਼ਮੀਰ ’ਚ ਸਾਡਾ ਸਭ ਕੁਝ ਹੈ। ਸਾਡੇ ਗ੍ਰੰਥਾਂ ਦੀ ਜਨਨੀ ਹੈ ਕਸ਼ਮੀਰ। ਕਲਹਣ ਦੀ ਇਤਿਹਾਸਕ ਰਚਨਾ ‘ਰਾਜਤਰੰਗਨੀ’ ਦੀ ਭੂਮੀ ਹੈ ਉਹ।

ਆਦਿ ਸ਼ੰਕਰਾਚਾਰੀਆ ਅਤੇ ਮਾਤਾ ਖੀਰ ਭਵਾਨੀ ਦਾ ਪਵਿੱਤਰ ਤੀਰਥ ਸਥਾਨ ਹੈ ਕਸ਼ਮੀਰ। ਵੈਦਿਕ ਸਾਹਿਤ ਦੀ ਵੇਦਭੂਮੀ ਹੈ ਕਸ਼ਮੀਰ। ਜੰਮੂ ਤਾਂ ਸਾਡੇ ਵੀਰ ਸਪੂਤ ਡੋਗਰਾਂ ਦੀ ਕਰਮਭੂਮੀ ਹੈ। ਮਾਂ ਭਗਵਤੀ ਵੈਸ਼ਣੋ ਦੇਵੀ ਦਾ ਤਪ ਅਸਥਾਨ ਹੈ ਕਟੜਾ। ਜੇਕਰ ਉੱਥੇ ਘਾਤ ਲਾ ਕੇ ਅੱਤਵਾਦੀ ਹਮਲਾ ਕਰ ਸਕਦੇ ਹਨ ਤਾਂ ਕਿਹੜੀ ਥਾਂ ਜੰਮੂ-ਕਸ਼ਮੀਰ ਸੂਬੇ ’ਚ ਸੁਰੱਖਿਅਤ ਹੈ? ਜੇਕਰ ਨਰਿੰਦਰ ਮੋਦੀ ਦੀ ਹਰ ਗਾਰੰਟੀ ਸਫਲ ਹੈ ਤਾਂ ਫਿਰ ਤਿੰਨ ਮਹੱਤਵਪੂਰਨ ਬਿੰਦੂ ਜੰਮੂ-ਕਸ਼ਮੀਰ, ਛੱਤੀਸਗੜ੍ਹ ਤੇ ਮਣੀਪੁਰ ਵਰਗੀਆਂ ਮਹੱਤਵਪੂਰਨ ਗਾਰੰਟੀਆਂ ਕਿਉਂ ਛੁੱਟ ਰਹੀਆਂ ਹਨ। ਇਹ ਸਹੀ ਹੈ ਕਿ ਭਾਰਤ ਦੀ ਹਰੇਕ ਸਮੱਸਿਆ ਦਾ ਹੱਲ ਰਾਜਾ ਨਰਿੰਦਰ ਮੋਦੀ ਨੂੰ ਕਰਨਾ ਹੈ। ਦੇਸ਼ ਮੋਦੀ ਦਾ ਹੈ।

ਦੇਸ਼ ਅਮਿਤ ਸ਼ਾਹ ਵੱਲ ਵੀ ਇਸ਼ਾਰਾ ਕਰ ਰਿਹਾ ਹੈ। ਦੋ ਹੀ ਤਾਂ ਨੇਤਾ ਹਨ, ਤੀਜਾ ਕੋਈ ਇਨ੍ਹਾਂ ਦੇ ਸਾਹਮਣੇ ਖੰਘ ਵੀ ਨਹੀਂ ਸਕਦਾ। ਇਸ ਲਈ ਭਖਦੀਆਂ ਸਮੱਸਿਆਵਾਂ ਦਾ ਹੱਲ ਵੀ ਇਨ੍ਹਾਂ ਹੀ ਦੋਵਾਂ ਦੇ ਹੱਥ ’ਚ ਹੈ। ਦੋਵੇਂ ਮਿਲ ਕੇ ਰਾਜਾ ਅਤੇ ਪ੍ਰਜਾ ਦੇ ਦਰਮਿਆਨ ਦੇ ਪਵਿੱਤਰ ਸਮਝੌਤੇ ’ਤੇ ਅਮਲ ਕਰਨ। ਮੈਨੂੰ ਪੱਕਾ ਯਕੀਨ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਪੂਰਾ ਨਿਆਂ ਦੇਸ਼ ਦੇ ਨਾਲ ਕਰਨਗੇ। ਮੇਰੇ ਕਹੇ ਦਾ ਬੁਰਾ ਵੀ ਨਹੀਂ ਮੰਨਣਗੇ ਕਿਉਂਕਿ ਦੋਵੇਂ ਮੇਰੇ ਨਾਲੋਂ ਛੋਟੇ ਹਨ।

ਮਾਸਟਰ ਮੋਹਨ ਲਾਲ, ਸਾਬਕਾ ਟ੍ਰਾਂਸਪੋਰਟ ਮੰਤਰੀ, ਪੰਜਾਬ


Tanu

Content Editor

Related News