ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨਾਲ ਭਾਰਤ ਦੀ ਸਿੱਖਿਆ ਵਿਵਸਥਾ ’ਚ ਕ੍ਰਾਂਤੀਕਾਰੀ ਬਦਲਾਅ
Monday, Nov 11, 2024 - 03:37 PM (IST)

ਰਾਸ਼ਟਰੀ ਸਿੱਖਿਆ ਨੀਤੀ 2020 ਨਾਲ ਭਾਰਤ ਦੀ ਸਿੱਖਿਆ ’ਚ ਕਈ ਅਹਿਮ ਬਦਲਾਅ ਹੋਣੇ ਨਿਸ਼ਚਿਤ ਹਨ। ਮੁੱਖ ਬਦਲਾਅ ਦੀ ਗੱਲ ਕਰੀਏ ਤਾਂ ਨੀਤੀ ’ਚ ਸਿੱਖਿਆ ਦੀ ਪਹੁੰਚ ਅਤੇ ਬਰਾਬਰੀ ’ਤੇ ਜ਼ੋਰ ਦਿੱਤਾ ਗਿਆ ਹੈ ਅਤੇ ਸਿੱਖਿਆ ਦੀ ਗੁਣਵੱਤਾ ’ਚ ਸੁਧਾਰ ਦੀ ਦਿਸ਼ਾ ’ਚ ਕਦਮ ਚੁੱਕਦੇ ਹੋਏ ਕਾਰੋਬਾਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕਈ ਵਿਵਸਥਾਵਾਂ ਕੀਤੀਆਂ ਗਈਆਂ ਹਨ ਜੋ ਸਿੱਖਿਆ ਨੂੰ ਰੋਜ਼ਗਾਰ ਵਾਲੀ ਬਣਾਉਣ ਦੀ ਦਿਸ਼ਾ ’ਚ ਕਾਰਗਰ ਸਿੱਧ ਹੋਣਗੀਆਂ।
ਡਿਜੀਟਲ ਆਧੁਨਿਕੀਕਰਨ ਦੀ ਦੁਨੀਆ ’ਚ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਇਕ ਮਹੱਤਵਪੂਰਨ ਕੜੀ ਹੈ, ਜਿਸ ਲਈ ਕਈ ਵਿਵਸਥਾਵਾਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਸਾਰਿਆਂ ’ਚ ਸਭ ਤੋਂ ਖਾਸ, ਅਧਿਆਪਕਾਂ ਦੀ ਸਮਰੱਥਾ ਨਿਰਮਾਣ ਬੜੀ ਜ਼ਰੂਰੀ ਹੈ ਜਿਸ ’ਤੇ ਨੀਤੀ ’ਚ ਜ਼ੋਰ ਦਿੱਤਾ ਗਿਆ ਹੈ। ਨਵੀਂ ਸਿੱਖਿਆ ਨੀਤੀ ’ਚ ਅੰਗਰੇਜ਼ਾਂ ਦੀ ਥੋਪੀ ਸਿੱਖਿਆ ਵਿਵਸਥਾ ਦੀ ਥਾਂ ’ਤੇ ਭਾਰਤੀਅਤਾ ਦੇ ਤੱਤਾਂ ਵਾਲੀ ਸਿੱਖਿਆ ਵਿਵਸਥਾ ਸਾਨੂੰ ਪ੍ਰਾਪਤ ਹੋਵੇਗੀ, ਜਿਸ ’ਚ 5-3-3-4 ਸਿੱਖਿਆ ਢਾਂਚਾ ਭਾਵ ਕਿ ਪ੍ਰਾਇਮਰੀ ਸਿੱਖਿਆ ਲਈ 5 ਸਾਲ, ਮਿਡਲ ਸਿੱਖਿਆ ਲਈ 3 ਸਾਲ, ਉੱਚ ਮੱਧ ਸਿੱਖਿਆ ਲਈ 3 ਸਾਲ ਅਤੇ ਉੱਚ ਸਿੱਖਿਆ ਲਈ 4 ਸਾਲ ਹਨ।
ਵੱਧ ਸਮਝ ਵਿਕਸਤ ਕਰਨ ਦੇ ਟੀਚੇ ਨਾਲ ਪ੍ਰਾਇਮਰੀ ਸਿੱਖਿਆ ’ਚ ਮਾਤਭਾਸ਼ਾ ’ਚ ਸਿੱਖਿਆ ਦੇਣ ਦੀ ਵਿਵਸਥਾ ਇਸ ਨੂੰ ਬੜਾ ਵਿਸ਼ੇਸ਼ ਬਣਾ ਕੇ ਬੱਚਿਆਂ ਨੂੰ ਜੜ੍ਹਾਂ ਨਾਲ ਜੋੜਦੀ ਹੈ। ਹੁਨਰਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹੋਏ ਮਿਡਲ ਸਿੱਖਿਆ ’ਚ ਕਾਰੋਬਾਰੀ ਸਿੱਖਿਆ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਯਤਨਾਂ ਦੇ ਸਹੀ ਢੰਗ ਨਾਲ ਲਾਗੂਕਰਨ ਦੇ ਬਾਅਦ ਇਸ ਦੇ ਲਾਭ ਸਾਨੂੰ ਦੇਖਣ ਨੂੰ ਮਿਲਣਗੇ, ਇਹ ਤੈਅ ਹੈ। ਨਵੀਂ ਸਿੱਖਿਆ ਨੀਤੀ 2020 ਨਾਲ ਬੇਸ਼ੱਕ ਹੀ ਭਾਰਤ ਦੀ ਸਿੱਖਿਆ ਵਿਵਸਥਾ ’ਚ ਨਵੇਂ ਕ੍ਰਾਂਤੀਕਾਰੀ ਬਦਲਾਅ ਹੋਣਗੇ ਪਰ ਚੁਣੌਤੀਆਂ ਵੀ ਘੱਟ ਨਹੀਂ ਹਨ। ਸਿੱਖਿਆ ਦੀ ਗੁਣਵੱਤਾ ’ਚ ਸੁਧਾਰ ਲਈ ਵੱਧ ਪੈਸਿਆਂ ਦੀ ਲੋੜ ਵੀ ਹੈ। ਅਧਿਆਪਕਾਂ ਦੀ ਸਮਰੱਥਾ ਦੇ ਨਿਰਮਾਣ ਲਈ ਵੱਧ ਟ੍ਰੇਨਿੰਗ ਦੀ ਲੋੜ ਹੈ।
ਆਨਲਾਈਨ ਸਿੱਖਿਆ ਲਈ ਵੱਧ ਇਨਫ੍ਰਾਸਟਰੱਕਚਰ ਦੀ ਲੋੜ ਹੈ ਤਾਂ ਹੀ ਕਾਰੋਬਾਰੀ ਸਿੱਖਿਆ ਨੂੰ ਵੱਧ ਉਤਸ਼ਾਹਿਤ ਕਰਨ ਲਈ ਤਕਨੀਕ ਖੇਤਰ ਦੀ ਉਪਲੱਬਧਤਾ ਯਕੀਨੀ ਕੀਤੀ ਜਾ ਸਕੇਗੀ। ਭਾਰਤ ’ਚ ਹਰੇਕ ਸਾਲ 11 ਨਵੰਬਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਜਾਂਦਾ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨੇ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਵਜੋਂ ਮੌਲਾਨਾ ਅਬੁਲ ਕਲਾਮ ਆਜ਼ਾਦ ਦੀਆਂ ਪ੍ਰਾਪਤੀਆਂ ਨੂੰ ਯਾਦ ਰੱਖਣ ਲਈ 2008 ਤੋਂ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਉਹ 1947 ਤੋਂ 1958 ਤਕ ਇਸ ਅਹੁਦੇ ’ਤੇ ਰਹੇ।
ਸਿੱਖਿਆ ਸਫਲਤਾ ਦੀ ਰੀੜ੍ਹ ਹੈ, ਇਸ ਲਈ ਸਿੱਖਿਆ ਦਿਵਸ ਮਨਾਉਣ ਦਾ ਮੰਤਵ ਸਾਰਿਆਂ ਨੂੰ ਸਿੱਖਿਆ ਮੁਹੱਈਆ ਕਰਨਾ, ਦੇਸ਼ ’ਚ ਵਿਦਿਆਰਥੀਆਂ ਲਈ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣਾ ਅਤੇ ਸੁਧਾਰ ਕਰਨਾ ਹੈ। ਆਜ਼ਾਦ ਦੇ ਯਤਨਾਂ ਤੋਂ ਭਾਰਤ ਨੂੰ ਸਿੱਖਿਆ ਦੇ ਮਹੱਤਵ ਦਾ ਅਹਿਸਾਸ ਹੋਇਆ ਕਿ ਇਹ ਹਰ ਨਾਗਰਿਕ ਦਾ ਮੂਲ ਅਧਿਕਾਰ ਕਿਉਂ ਹੈ। ਭਾਰਤ ਦੀ ਸਿੱਖਿਆ ਵਿਵਸਥਾ ’ਚ ਭਾਰਤੀ ਮੂਲ ਤੱਤ ਦੀ ਉਪਲੱਬਧਤਾ ਦੇਸ਼ ਦੇ ਨੌਜਵਾਨਾਂ ਨੂੰ ਯਕੀਨੀ ਤੌਰ ’ਤੇ ਰਾਸ਼ਟਰ ਪ੍ਰੇਮ ਦੀ ਸਿੱਖਿਆ ਮੁਹੱਈਆ ਕਰੇਗੀ।