‘ਵਧ ਰਹੀ ਰਿਸ਼ਵਤਖੋਰੀ’ ਫੜਨ ’ਚ ਤੇਜ਼ੀ ਲਿਆਉਣ ਦੀ ਲੋੜ

Sunday, Apr 13, 2025 - 06:06 AM (IST)

‘ਵਧ ਰਹੀ ਰਿਸ਼ਵਤਖੋਰੀ’ ਫੜਨ ’ਚ ਤੇਜ਼ੀ ਲਿਆਉਣ ਦੀ ਲੋੜ

ਦੇਸ਼ ’ਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੇ ਪੱਧਰ ’ਤੇ ਸੀ. ਬੀ. ਆਈ., ਸੈਂਟਰਲ ਵਿਜੀਲੈਂਸ ਕਮਿਸ਼ਨ, ਇਨਫੋਰਸਮੈਂਟ ਡਾਇਰੈਕਟੋਰੇਟ, ਸੂਬਿਆਂ ਦੇ ਐਂਟੀ ਕੁਰੱਪਸ਼ਨ ਬਿਊਰੋ, ਲੋਕਾਯੁਕਤ ਅਤੇ ਸਟੇਟ ਵਿਜੀਲੈਂਸ ਵਿਭਾਗ ਵਰਗੀਆਂ ਏਜੰਸੀਆਂ ਕੰਮ ਕਰਦੀਆਂ ਹਨ। ਇਸ ਦੇ ਬਾਵਜੂਦ ਦੇਸ਼ ’ਚ ਭ੍ਰਿਸ਼ਟਾਚਾਰ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਪਿਛਲੇ ਸਿਰਫ 9 ਦਿਨਾਂ ’ਚ ਸਾਹਮਣੇ ਆਏ ਰਿਸ਼ਵਤਖੋਰੀ ਦੇ ਮਾਮਲੇ ਹੇਠਾਂ ਦਰਜ ਹਨ :

* 4 ਅਪ੍ਰੈਲ ਨੂੰ ਝਾਰਖੰਡ ਦੇ ‘ਰਾਂਚੀ’ ’ਚ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਨਾਮਕੁਮ ਥਾਣੇ ਦੇ ਥਾਣੇਦਾਰ ‘ਚੰਦ੍ਰਦੀਪ ਪ੍ਰਸਾਦ’ ਨੂੰ 30,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 5 ਅਪ੍ਰੈਲ ਨੂੰ ਹਰਿਆਣਾ ਦੇ ‘ਕੈਥਲ’ ’ਚ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਗੂਹਲਾ ਪੁਲਸ ਥਾਣੇ ਦੇ ਐੱਸ. ਐੱਚ. ਓ. ‘ਰਾਮ ਪਾਲ ਕੁਮਾਰ’ ਨੂੰ ਕੁੱਟਮਾਰ ਦੇ ਇਕ ਮਾਮਲੇ ’ਚ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 6 ਅਪ੍ਰੈਲ ਨੂੰ ਛੱਤੀਸਗੜ੍ਹ ਦੇ ‘ਕੋਰਬਾ’ ਜ਼ਿਲੇ ’ਚ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਡੀਜ਼ਲ ਚੋਰੀ ਦੇ ਦੋਸ਼ ’ਚ ਫੜੇ ਗਏ ਵਿਅਕਤੀ ਤੋਂ 50,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ’ਚ ‘ਮਨੋਜ ਮਿਸ਼ਰਾ’ ਨਾਂ ਦੇ ਪੁਲਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ।

* 6 ਅਪ੍ਰੈਲ ਨੂੰ ਹੀ ‘ਕਰਨਾਲ’ ਦੇ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਇਕ ਪਲਾਟ ਦੀ ਰਜਿਸਟਰੀ ਕਰਵਾਉਣ ਦੇ ਲਈ 1 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਗੋਹਾਨਾ ਤਹਿਸੀਲ ਦਫਤਰ ਦੇ ਸੇਵਾਦਾਰ ‘ਆਸ਼ੀਸ਼’ ਨੂੰ ਗ੍ਰਿਫਤਾਰ ਕੀਤਾ।

* 7 ਅਪ੍ਰੈਲ ਨੂੰ ‘ਜੈਪੁਰ’ ’ਚ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਡਰੱਗ ਕੰਟਰੋਲ ਆਫਿਸ ਦੇ ਅਸਿਸਟੈਂਟ ਅਕਾਊਂਟ ਆਫਿਸਰ ‘ਦਿਨੇਸ਼ ਕੁਮਾਰ ਸਿੰਧੀ’ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 8 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ‘ਗਾਜੀਪੁਰ’ ਸਥਿਤ ‘ਰੇਵਤੀਪੁਰ’ ਥਾਣੇ ’ਚ ਤਾਇਨਾਤ ਇਕ ਥਾਣੇਦਾਰ ਨੂੰ ਐਂਟੀ ਕੁਰੱਪਸ਼ਨ ਦੀ ਟੀਮ ਨੇ ਕੁੱਟਮਾਰ ਦੇ ਇਕ ਮਾਮਲੇ ’ਚ ਚਾਰਜਸ਼ੀਟ ਲਗਾਉਣ ਲਈ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 8 ਅਪ੍ਰੈਲ ਨੂੰ ਹੀ ਬਿਹਾਰ ਦੇ ਸਰਵੀਲੈਂਸ ਇਨਵੈਸਟੀਗੇਸ਼ਨ ਬਿਊਰੋ ਵਿਭਾਗ ਨੇ ‘ਪਟਨਾ’ ’ਚ ਜ਼ਿਲਾ ਸਿੱਖਿਆ ਅਧਿਕਾਰੀ ਦੇ ਦਫਤਰ ਦੇ ਕਲਰਕ ‘ਪੁੰਜਿਆ ਕੁਨਾਲ’ ਨੂੰ 15,000 ਰੁਪਏ ਦੀ ਰਿਸ਼ਵਤ ਦੇ ਨਾਲ ਗ੍ਰਿਫਤਾਰ ਕੀਤਾ।

* 9 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ‘ਟੀਕਮਗੜ੍ਹ’ ’ਚ ਲੋਕਾਯੁਕਤ ਦੀ ਟੀਮ ਨੇ ਫੂਡ ਇੰਸਪੈਕਟਰ ‘ਪੰਕਜ ਕਰੋਰਿਆ’ ਨੂੰ 10,000 ਰੁਪਏ ਦੀ ਰਿਸ਼ਵਤ ਦੇ ਨਾਲ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 9 ਅਪ੍ਰੈਲ ਨੂੰ ਹੀ ਇੰਦੌਰ ਲੋਕਾਯੁਕਤ ਦੀ ਟੀਮ ਨੇ ਵਣ ਰੇਂਜਰ ‘ਵੈਭਵ ਉਪਾਧਿਆਏ’ ਨੂੰ ਇਕ ਠੇਕੇਦਾਰ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 10 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ‘ਬਾਗਪਤ’ ’ਚ ਸੀ. ਬੀ. ਆਈ. ਦੀ ਟੀਮ ਨੇ ਸੀ. ਜੀ. ਐੱਸ. ਟੀ. ਇੰਸਪੈਕਟਰ ‘ਵਿਵੇਕ ਕੁਮਾਰ ਿਸੰਘ’ ਨੂੰ ਜੀ. ਐੱਸ. ਟੀ. ਨੰਬਰ ਜਾਰੀ ਕਰਨ ਦੇ ਬਦਲੇ ’ਚ 6,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ।

* 11 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ‘ਮੰਡਲਾ’ ’ਚ ‘ਜਬਲਪੁਰ’ ਲੋਕਾਯੁਕਤ ਦੀ ਟੀਮ ਨੇ ਗ੍ਰਾਮ ਪੰਚਾਇਤ ਸਕੱਤਰ ‘ਸੰਤੋਸ਼ ਕੁਮਾਰ ਝਾਰੀਆ’ ਨੂੰ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਦੀ ਕਿਸ਼ਤ ਦੇ ਭੁਗਤਾਨ ਦੇ ਇਵਜ਼ ’ਚ 4,000 ਰੁਪਏ ਰਿਸ਼ਵਤ ਦੇ ਨਾਲ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 11 ਅਪ੍ਰੈਲ ਨੂੰ ਹੀ ਉੱਤਰ ਪ੍ਰਦੇਸ਼ ਦੇ ‘ਸ਼ਾਮਲੀ’ ’ਚ ਪੁਲਸ ਦੇ ਥਾਣੇਦਾਰ ‘ਵਰਿੰਦਰ ਸਿੰਘ’ ਦਾ 20,000 ਰੁਪਏ ਦੀ ਰਿਸ਼ਵਤ ਮੰਗਣ ਦਾ ਆਡੀਓ ਵਾਇਰਲ ਹੋਣ ਦੇ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ।

* 11 ਅਪ੍ਰੈਲ ਨੂੰ ਹੀ ‘ਹਰਿਆਣਾ’ ਦੇ ‘ਗੁਰੂਗ੍ਰਾਮ’ ’ਚ ਇਕ ਸਟ੍ਰੀਟ ਵੈਂਡਰ ਕੋਲੋਂ ਹਰ ਹਫਤੇ 15,000 ਤੋਂ 20,000 ਰੁਪਏ ਦੀ ਵਸੂਲੀ ਕਰਨ ਵਾਲੇ 4 ਪੁਲਸ ਮੁਲਾਜ਼ਮਾਂ ਨੂੰ ਮੁਅਤੱਲ ਕਰ ਕੇ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ’ਚ ਇਕ ਏ. ਐੱਸ. ਆਈ., ਇਕ ਮੁੱਖ ਸਿਪਾਹੀ, ਇਕ ਸਿਪਾਹੀ ਅਤੇ ਇਕ ਐੱਸ. ਪੀ. ਓ. ਸ਼ਾਮਲ ਹਨ।

* 11 ਅਪ੍ਰੈਲ ਨੂੰ ਹੀ ‘ਕਰਨਾਟਕ’ ਦੀ ‘ਸ਼ਿਵ ਗੰਗਾ’ ਨਗਰਪਾਲਿਕਾ ਦੇ ਬਿੱਲ ਕੁਲੈਕਟਰ ‘ਬਾਲਾ ਮੁਰੂਗਨ’ ਨੂੰ ਇਕ ਬਿਨੈਕਾਰ ਨੂੰ ਹਾਊਸ ਟੈਕਸ ਦੀ ਰਸੀਦ ’ਤੇ ਨਾਂ ਬਦਲਣ ਦੇ ਇਵਜ਼ ’ਚ 9,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਨਾ ਰੁਕਣ ਦਾ ਇਕ ਕਾਰਨ ਇਨ੍ਹਾਂ ’ਚ ਸਜ਼ਾ ਦਾ ਘੱਟ ਹੋਣਾ ਵੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਜਾਂਚ ਏਜੰਸੀਆਂ ਵਲੋਂ ਸਮੇਂ ਸਿਰ ਚਲਾਨ ਪੇਸ਼ ਨਾ ਕਰਨਾ ਅਤੇ ਗਵਾਹਾਂ ਦਾ ਅਦਾਲਤ ’ਚ ਮੁੱਕਰ ਜਾਣਾ ਵੀ ਹੈ।

ਰਿਸ਼ਵਤ ਦਾ ਇਹ ਰੋਗ ਸਾਰੇ ਸੂਬਿਆਂ ’ਚ ਤੇਜ਼ੀ ਨਾਲ ਫੈਲ ਗਿਆ ਹੈ। ਜੇਕਰ ਪੁਲਸ ਅਤੇ ਜਾਂਚ ਏਜੰਸੀਆਂ ਜਾਂਚ ਪ੍ਰਕਿਰਿਆ ’ਚ ਤੇਜ਼ੀ ਅਤੇ ਸਖਤੀ ਲਿਆਉਣ ਤਾਂ ਜ਼ਿਆਦਾ ਦੋਸ਼ੀ ਫੜੇ ਜਾ ਸਕਦੇ ਹਨ ਜਿਸ ਨਾਲ ਭ੍ਰਿਸ਼ਟਾਚਾਰ ’ਤੇ ਕੁਝ ਹੱਦ ਤੱਕ ਲਗਾਮ ਲੱਗ ਸਕਦੀ ਹੈ।

-ਵਿਜੇ ਕੁਮਾਰ
 


author

Sandeep Kumar

Content Editor

Related News