ਜੰਮੂ-ਕਸ਼ਮੀਰ ’ਚ ਸਥਾਈ ਸ਼ਾਂਤੀ ਦੇ ਲਈ ਮੁਹਿੰਮ ਤੇਜ਼ ਰੱਖਣ ਦੀ ਲੋੜ!
Friday, Aug 15, 2025 - 03:45 AM (IST)

ਪਾਕਿਸਤਾਨੀ ਅੱਤਵਾਦੀਆਂ ਵਲੋਂ ਜੰਮੂ-ਕਸ਼ਮੀਰ ਦੇ ‘ਪਹਿਲਗਾਮ’ ’ਚ 22 ਅਪ੍ਰੈਲ, 2025 ਨੂੰ ਘੁੰਮਣ ਆਏ 26 ਹਿੰਦੂ ਸੈਲਾਨੀਆਂ ਦੀ ਹੱਤਿਆ ਨੂੰ ਲੈ ਕੇ ਦੇਸ਼ ਪੱਧਰੀ ਗੁੱਸੇ ’ਚ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਸ਼ਟ ਕਰਨ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਫੜਨ ਲਈ ਕਾਰਵਾਈ ਲਗਾਤਾਰ ਜਾਰੀ ਹੈ, ਜਿਸ ਦੀਆਂ ਪਿਛਲੇ 2 ਮਹੀਨਿਆਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ:
* 10 ਜੂਨ ਨੂੰ ‘ਰਾਜੌਰੀ’ ਜ਼ਿਲੇ ਦੇ ‘ਬਾਰਾਚਾਰਾ’ ਪਿੰਡ ’ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦਾ ਇਕ ਟਿਕਾਣਾ ਤਬਾਹ ਕਰ ਕੇ ਉਥੋਂ 10 ਯੂ. ਬੀ. ਜੀ. ਐੱਲ. ਗ੍ਰੇਨੇਡ, ਇਕ ਪੈਕੇਟ ਫੋਟੋ ਫਿਲਮ ਨੈਗੇਟਿਵ, ਬੈਟਰੀ, 10 ਵੱਡੇ ਟਾਰਚ ਸੈੱਲ, ਕੰਬਲ, ਚਮਚ, ਦਵਾਈਆਂ ਅਤੇ ਰੋਜ਼ਾਨਾ ਵਰਤੋਂ ਦੀਆਂ ਵੱਖ-ਵੱਖ ਵਸਤੂਆਂ ਬਰਾਮਦ ਕੀਤੀਆਂ।
* 4 ਜੁਲਾਈ ਨੂੰ ਅੱਤਵਾਦੀਆਂ ਦੇ 2 ਮਦਦਗਾਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਵੱਡੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ।
* 5 ਜੁਲਾਈ ਨੂੰ ‘ਪੁੰਛ’ ਜ਼ਿਲੇ ਦੇ ‘ਬੇਹਰਾਮਗਲਾ’ ਇਲਾਕੇ ’ਚ ਪੁਲਸ ਅਤੇ ਫੌਜ ਨੇ ਅੱਤਵਾਦੀਆਂ ਦਾ ਟਿਕਾਣਾ ਤਬਾਹ ਕਰ ਕੇ ਉੱਥੋਂ 3 ਹੈਂਡ ਗ੍ਰੇਨੇਡ, ਗੋਲੀਆਂ, ਚਾਰਜਰ ਦੀ ਲੀਡ (ਤਾਰ), ਸਰੀਏ ਦੀਆਂ ਛੜਾਂ ਅਤੇ ਹੋਰ ਸਾਮਾਨ ਬਰਾਮਦ ਕੀਤਾ।
* 10 ਜੁਲਾਈ ਨੂੰ ‘ਪੁੰਛ ਦੇ ‘ਖਨੇਤਰ’ ’ਚ ਅੱਤਵਾਦੀ ਟਿਕਾਣਾ ਤਬਾਹ ਕਰ ਕੇ ਸੁਰੱਖਿਆ ਬਲਾਂ ਨੇ 2 ਪਿਸਤੌਲ ਅਤੇ ਸਮੱਗਰੀ ਬਰਾਮਦ ਕੀਤੀ।
* 28 ਜੁਲਾਈ ਨੂੰ ‘ਲੀਡਵਾਸ’ ’ਚ ਆਪ੍ਰੇਸ਼ਨ ਮਹਾਦੇਵ ਦੇ ਅਧੀਨ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਇਲਾਵਾ ਉੱਥੋਂ ਵੱਡੀ ਗਿਣਤੀ ’ਚ ਹਥਿਆਰ ਬਰਾਮਦ ਕੀਤੇ। ਇਸੇ ਦਿਨ ‘ਕੁਪਵਾੜਾ’ ’ਚ ਇਕ ਅੱਤਵਾਦੀ ਮਦਦਗਾਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 1 ਏ. ਕੇ. 56 ਰਾਈਫਲ, 3 ਮੈਗਜ਼ੀਨ ਅਤੇ ਹੋਰ ਗੋਲਾ-ਬਾਰੂਦ ਬਰਾਮਦ ਕੀਤਾ।
* 30 ਜੁਲਾਈ ਨੂੰ ‘ਪੁੰਛ’ ਜ਼ਿਲੇ ’ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਜੰਮੂ ’ਚ 3 ਪਿਸਤੌਲਾਂ ਸਣੇ 1 ਨੌਜਵਾਨ ਨੂੰ ਗ੍ਰਿਫਤਾਰ ਕੀਤਾ।
* 2-3 ਅਗਸਤ ਨੂੰ ‘ਕੁਲਗਾਮ’ ’ਚ ਮੁਕਾਬਲੇ ’ਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
* 4 ਅਗਸਤ ਨੂੰ ‘ਕੁਪਵਾੜਾ’ ਜ਼ਿਲੇ ’ਚ ਅੱਤਵਾਦੀ ਟਿਕਾਣਾ ਢਹਿ-ਢੇਰੀ ਕਰਕੇ ਉਥੋਂ 12 ਚੀਨੀ ਗ੍ਰੇਨੇਡ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ।
* 7 ਅਗਸਤ ਨੂੰ ‘ਕਿਸ਼ਤਵਾੜ’ ਜ਼ਿਲੇ ’ਚ ਇਕ ਅੱਤਵਾਦੀ ਟਿਕਾਣਾ ਤਬਾਹ ਕਰ ਕੇ ਉੱਥੋਂ ਮੈਗਜ਼ੀਨ ਸਮੇਤ 1 ਏ. ਕੇ. 47 ਰਾਈਫਲ, 30 ਗੋਲੀਆਂ (ਪਾਕਿਸਤਾਨ ’ਚ ਬਣੀਆਂ), ਗੋਲਾ-ਬਾਰੂਦ ਅਤੇ ਇਕ ਦੂਰਬੀਨ ਬਰਾਮਦ ਕੀਤੇ।
* 8 ਅਗਸਤ ਨੂੰ ‘ਬਾਰਾਮੂਲਾ’ ’ਚ ਤਬਾਹ ਅੱਤਵਾਦੀ ਟਿਕਾਣੇ ’ਚੋਂ 1 ਪਿਸਤੌਲ ਅਤੇ ਹੋਰ ਗੋਲਾ-ਬਾਰੂਦ ਬਰਾਮਦ ਕੀਤਾ ਗਿਆ।
* 9 ਅਗਸਤ ਨੂੰ ਸੁਰੱਖਿਆ ਬਲਾਂ ਨੇ ‘ਦਰੁਦ’ ਦੇ ਸੰਘਣੇ ਜੰਗਲ ’ਚ ਇਕ ਅੱਤਵਾਦੀ ਟਿਕਾਣੇ ਨੂੰ ਤਬਾਹ ਕਰ ਕੇ ਉੱਥੋਂ ਰਾਕੇਟ ਲਾਂਚਰ, ਏ. ਕੇ. 47 ਅਤੇ ਉਸ ਦੀਆਂ ਗੋਲੀਆਂ ਅਤੇ ਹੋਰ ਹਥਿਆਰਾਂ ਦੇ ਨਾਲ-ਨਾਲ ਖੁਰਾਕ ਸਮੱਗਰੀ ਬਰਾਮਦ ਕੀਤੀ।
* 11 ਅਗਸਤ ਨੂੰ ‘ਕਠੂਆ’ ’ਚ ‘ਚਕਚੰਗਾ’ ’ਚ ਕੌਮਾਂਤਰੀ ਸਰਹੱਦ ਦੇ ਨੇੜੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਘੁਸਪੈਠੀਆ ਮਾਰ-ਮੁਕਾਇਆ।
* 13 ਅਗਸਤ ਨੂੰ ਸੁਰੱਖਿਆ ਬਲਾਂ ਨੇ ‘ਬਾਰਾਮੂਲਾ’ ਦੇ ‘ਉੜੀ’ ’ਚ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਪਰ ਇਸ ਦੌਰਾਨ ਫਾਇਰਿੰਗ ’ਚ ਸਾਡਾ ਇਕ ਜਵਾਨ ਵੀ ਸ਼ਹੀਦ ਹੋ ਗਿਆ।
ਸੁਰੱਖਿਆ ਬਲਾਂ ਵਲੋਂ ਲਗਾਤਾਰ ਚਲਾਈ ਜਾ ਰਹੀ ਅੱਤਵਾਦੀ ਵਿਰੋਧੀ ਮੁਹਿੰਮ ਨਾਲ ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਨੂੰ ਕੁਝ ਝਟਕਾ ਲੱਗਾ ਹੈ। ਇਸ ਦਾ ਸਿਹਰਾ 22 ਅਪ੍ਰੈਲ ਨੂੰ ਪਾਕਿਸਤਾਨੀ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਬਲੀਦਾਨੀਆਂ ਨੂੰ ਜਾਂਦਾ ਹੈ ਜਿਨ੍ਹਾਂ ਦੇ ਕਾਰਨ ਭਾਰਤ ਸਰਕਾਰ ਨੇ ਅੱਤਵਾਦੀਆਂ ਦੇ ਵਿਰੁੱਧ ਮੁਹਿੰਮ ਤੇਜ਼ ਕੀਤੀ।
ਪਰ ਇੰਨਾ ਹੀ ਕਾਫੀ ਨਹੀਂ ਹੈ ਅਤੇ ਪਾਕਿਸਤਾਨ ਦੇ ਪਾਲੇ ਹੋਏ ਅਤੇ ਸਥਾਨਕ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਵਿਰੁੱਧ ਮੁਹਿੰਮ ’ਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ। ਜਦ ਤੱਕ ਇਨ੍ਹਾਂ ਦਾ ਮੁਕੰਮਲ ਸਫਾਇਆ ਨਹੀਂ ਹੋਵੇਗਾ, ਉਦੋਂ ਤੱਕ ਇੱਥੇ ਸ਼ਾਂਤੀ ’ਚ ਵਿਘਨ ਪੈਂਦਾ ਹੀ ਰਹੇਗਾ।
–ਵਿਜੇ ਕੁਮਾਰ