ਮੰਦਰ ਤੋਂ ਜ਼ਿਆਦਾ, ਸ਼੍ਰੀ ਰਾਮ ਦੇ ਆਦਰਸ਼ਾਂ ਦੀ ਪਾਲਣਾ ਮਹੱਤਵਪੂਰਨ
Thursday, Jan 18, 2024 - 02:45 PM (IST)
ਜਦਕਿ ਅੱਜਕਲ ਟੈਲੀਵਿਜ਼ਨ ਚੈਨਲਾਂ ਕੋਲ ਅਯੁੱਧਿਆ ’ਚ ਨਵੇਂ ਰਾਮ ਮੰਦਰ ਦੀ ਤੈਅ ਪ੍ਰਾਣ-ਪ੍ਰਤਿਸ਼ਠਾ ਦੀਆਂ ਤਿਆਰੀਆਂ ਜਾਂ ਸਿਆਸੀ ਨੇਤਾਵਾਂ ਤੋਂ ਇਲਾਵਾ ਦਿਖਾਉਣ ਲਈ ਕੁਝ ਵੀ ਨਹੀਂ ਹੈ ਪਰ ਇਹ ਦਰਸਾਉਣ ਦਾ ਵੀ ਸਮਾਂ ਹੈ ਕਿ ਸਾਡਾ ਸਮਾਜ ਕਿਸ ਪਾਸੇ ਜਾ ਰਿਹਾ ਹੈ।
ਇਹ ਵਿਚਾਰ ਅਖਬਾਰਾਂ ’ਚ ਇਕ ਖਾਸ ਦਿਨ ਦੀਆਂ ਸੁਰਖੀਆਂ ਤੋਂ ਪੈਦਾ ਹੋਇਆ ਸੀ ਜੋ ਸਮਾਜ ’ਚ ਵਧਦੀ ਹਿੰਸਾ ਅਤੇ ਅਸਹਿਣਸ਼ੀਲਤਾ ਦੇ ਰੁਝਾਨ ਵੱਲ ਇਸ਼ਾਰਾ ਕਰਦਾ ਸੀ। ਜ਼ਾਹਿਰ ਤੌਰ ’ਤੇ ਜਿੱਥੇ ਧਿਆਨ ਭਗਵਾਨ ਰਾਮ ਦੇ ਜਨਮ ਸਥਾਨ ’ਤੇ ਮੰਦਰ ਦੇ ਨਿਰਮਾਣ ’ਤੇ ਹੈ, ਉੱਥੇ ਸਮਾਜ ’ਚ ਮਰਿਆਦਾ-ਪੁਰਸ਼ੋਤਮ ਰਾਮ ਦੇ ਜੀਵਨ ਤੋਂ ਸਬਕ ਲੈਣ ਦਾ ਰੁਝਾਨ ਘੱਟ ਹੋ ਰਿਹਾ ਹੈ। ਉਨ੍ਹਾਂ ਦੇ ਸਿਧਾਂਤਾਂ ਅਤੇ ਉਨ੍ਹਾਂ ਦੇ ਆਦਰਸ਼ਾਂ ਜਿਨ੍ਹਾਂ ਦੀ ਹਰ ਕਿਸੇ ਨੂੰ ਪਾਲਣਾ ਕਰਨੀ ਚਾਹੀਦੀ ਹੈ, ਨੂੰ ਤੇਜ਼ੀ ਨਾਲ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਾਂ ਇੱਥੋਂ ਤੱਕ ਕਿ ਖਾਰਜ ਕਰ ਦਿੱਤਾ ਗਿਆ ਹੈ ਕਿਉਂਕਿ ਸਾਡੇ ਸਮਾਜ ’ਚ ਹਿੰਸਾ ਅਤੇ ਅਸਹਿਣਸ਼ੀਲਤਾ ’ਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ। ਭਗਵਾਨ ਰਾਮ ਵੱਲੋਂ ਦਿਖਾਏ ਗਏ ਧੀਰਜ ਅਤੇ ਪ੍ਰਵਾਨਗੀ ਦੀ ਭਾਵਨਾ ਅਜਿਹੇ ਗੁਣ ਹਨ ਜਿਨ੍ਹਾਂ ਦੀ ਅੱਜ ਸਮਾਜ ਨੂੰ ਸਭ ਤੋਂ ਵੱਧ ਲੋੜ ਹੈ ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਦੀ ਕਮੀ ਹੈ। ਧਾਰਮਿਕ ਆਗੂਆਂ ਜਾਂ ਹੋਰ ਅਧਿਆਪਕਾਂ ਵੱਲੋਂ ਬੱਚਿਆਂ ਅਤੇ ਨੌਜਵਾਨਾਂ ’ਚ ਅਜਿਹੀਆਂ ਕਦਰਾਂ-ਕੀਮਤਾਂ ਨੂੰ ਵਿਕਸਤ ਕਰਨ ਲਈ ਬਹੁਤ ਘੱਟ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਅਖਬਾਰ ਦੀਆਂ ਸੁਰਖੀਆਂ ’ਚੋਂ ਇਕ ਕਰਨਾਟਕ ਦੇ ਇਕ ਹੋਟਲ ਦੇ ਕਮਰੇ ’ਚ ਇਕ ਜੋੜੇ- ਇਕ ਹਿੰਦੂ ਲੜਕੇ ਅਤੇ ਮੁਸਲਿਮ ਲੜਕੀ ’ਤੇ ਹਮਲੇ ਨਾਲ ਸਬੰਧਤ ਸੀ। ਮਰਦਾਂ ਦਾ ਇਕ ਗਰੁੱਪ ਹੋਟਲ ਦੇ ਇਕ ਕਮਰੇ ’ਚ ਦਾਖਲ ਹੋ ਗਿਆ। ਉਨ੍ਹਾਂ ਲੜਕੇ ਦੀ ਕੁੱਟਮਾਰ ਕੀਤੀ ਅਤੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਉਨ੍ਹਾਂ ਨੇ ਇਸ ਸ਼ਰਮਨਾਕ ਘਟਨਾ ਦਾ ਵੀਡੀਓ ਵੀ ਬਣਾਇਆ ਅਤੇ ਇੰਟਰਨੈੱਟ ’ਤੇ ਪਾ ਦਿੱਤਾ। ਇਕ ਦਿਨ ਪਹਿਲਾਂ, ਇਸ ਸੂਬੇ ਦੇ ਬੇਲਗਾਵੀ ’ਚ ਇਕ ਜਨਤਕ ਪਾਰਕ ’ਚ ਇਕ ਜੋੜੇ ਨੂੰ ਅੰਤਰ-ਧਾਰਮਿਕ ਜੋੜਾ ਹੋਣ ਦੇ ਸ਼ੱਕ ’ਚ ਨਿਸ਼ਾਨਾ ਬਣਾਇਆ ਗਿਆ ਸੀ।
ਇਕ ਹੋਰ ਸਿਰਲੇਖ ਤਲਾਕ ਦੀ ਕਾਰਵਾਈ ’ਚੋਂ ਲੰਘ ਰਹੀ ਇਕ ਪੜ੍ਹੀ-ਲਿਖੀ ਔਰਤ ਨਾਲ ਸਬੰਧਤ ਸੀ, ਜਿਸ ਨੇ ਆਪਣੇ ਚਾਰ ਸਾਲ ਦੇ ਬੇਟੇ ਨੂੰ ਮਾਰ ਦਿੱਤਾ ਿਕਉਂਕਿ ਉਹ ਬੇਟੇ ਨੂੰ ਆਪਣੇ ਨਾਲੋਂ ਵੱਖ ਹੋ ਰਹੇ ਪਤੀ ਨੂੰ ਸੌਂਪਣਾ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ। ਉਸ ਨੇ ਗੋਆ ਦੇ ਇਕ ਹੋਟਲ ’ਚ ਉਸ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਇਕ ਸੂਟਕੇਸ ’ਚ ਬੰਦ ਕਰ ਦਿੱਤਾ ਪਰ ਪਿੱਛਾ ਕਰਨ ’ਤੇ ਉਸ ਨੂੰ ਫੜ ਲਿਆ ਗਿਆ। ਉਦੋਂ ਮਣੀਪੁਰ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੀ ਬਰਾਮਦਗੀ ਤੋਂ ਇਲਾਵਾ ਜਬਰ-ਜ਼ਨਾਹ ਅਤੇ ਹੱਤਿਆਵਾਂ ਨਾਲ ਸਬੰਧਤ ਸੁਰਖੀਆਂ ਸਨ। 8 ਮਹੀਨੇ ਤੋਂ ਵੱਧ ਸਮੇਂ ਤੋਂ ਉਥਲ-ਪੁਥਲ ਵਾਲਾ ਸੂਬਾ ਪਰ ਕੇਂਦਰ ਨੇ ਮੁੱਖ ਤੌਰ ’ਤੇ ਅੱਖਾਂ ਮੀਟ ਲਈਆਂ ਕਿਉਂਕਿ ਇਹ ਇਕ ਭਾਜਪਾ ਦੇ ਸ਼ਾਸਨ ਵਾਲਾ ਸੂਬਾ ਹੈ।
ਸੋਸ਼ਲ ਮੀਡੀਆ ’ਤੇ ਹਾਲ ਹੀ ’ਚ ਵਾਇਰਲ ਹੋਇਆ ਇਕ ਵੀਡੀਓ ਜਿਸ ’ਚ ਇਕ ਨੌਜਵਾਨ ਇਕ ਬਜ਼ੁਰਗ ਵਿਅਕਤੀ ਨੂੰ ਲਗਾਤਾਰ ਥੱਪੜ ਮਾਰਦਾ ਦਿਸ ਰਿਹਾ ਹੈ, ਇਹ ਸਾਡੇ ਸਮਾਜ ਦੇ ਤੇਜ਼ੀ ਨਾਲ ਬਿਮਾਰ ਹੋਣ ਦੀ ਇਕ ਹੋਰ ਮਿਸਾਲ ਹੈ। ਜਿਸ ਬਜ਼ੁਰਗ ਵਿਅਕਤੀ ਨੂੰ ਇਹ ਮੰਨਣ ਲਈ ਕਿਹਾ ਗਿਆ ਹੈ ਕਿ ਉਸ ਦਾ ਨਾਂ ਮੁਹੰਮਦ ਹੈ। ਗੰਭੀਰ ਕੁੱਟਮਾਰ ਤੋਂ ਬਾਅਦ ਆਖਿਰ ਉਸ ਦੀ ਮੌਤ ਹੋ ਗਈ। ਬਾਅਦ ’ਚ ਪਤਾ ਲੱਗਾ ਕਿ ਮ੍ਰਿਤਕ ਹਿੰਦੂ ਸੀ ਅਤੇ ਅਸਲ ’ਚ ਮਾਨਸਿਕ ਰੋਗ ਤੋਂ ਪੀੜਤ ਸੀ। ਉਹ ਸਮਝ ਨਹੀਂ ਪਾ ਰਿਹਾ ਸੀ ਕਿ ਉਸ ਦਾ ਹਮਲਾਵਰ ਕੀ ਜਾਨਣਾ ਚਾਹ ਰਿਹਾ ਸੀ।
ਆਮ ਤੌਰ ’ਤੇ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਕੋਈ ਵਿਅਕਤੀ ਇਕ ਬਜ਼ੁਰਗ, ਮਾਨਸਿਕ ਤੌਰ ’ਤੇ ਅਸਥਿਰ ਵਿਅਕਤੀ ’ਤੇ ਸ਼ੈਤਾਨ ਨੂੰ ਹਾਵੀ ਹੋਣ ਤੋਂ ਰੋਕਣ ਦੀ ਬਜਾਏ ਵੀਡੀਓ ਸ਼ੂਟ ਕਰ ਰਿਹਾ ਸੀ। ਜ਼ਾਹਿਰ ਤੌਰ ’ਤੇ ਕਾਨੂੰਨ ਦੇ ਡਰ ਤੋਂ ਬਿਨਾਂ ਜਨਤਕ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਕਈ ਹੋਰ ਮਾਮਲੇ ਵੀ ਸਾਹਮਣੇ ਆਏ ਹਨ। ਰੋਡ ਰੇਜ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਇਹ ਸਾਰੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਅਸੀਂ ਇਕ ਸਮਾਜ ਦੇ ਰੂਪ ’ਚ ਉਨ੍ਹਾਂ ਲੋਕਾਂ ਪ੍ਰਤੀ ਜ਼ਿਆਦਾ ਅਸਹਿਣਸ਼ੀਲ ਹੁੰਦੇ ਜਾ ਰਹੇ ਹਾਂ ਜੋ ਵਿਰੋਧੀ ਦ੍ਰਿਸ਼ਟੀਕੋਣ ਰੱਖਦੇ ਹਨ ਜਾਂ ਇੱਥੋਂ ਤੱਕ ਕਿ ਜੋ ਲੋਕ ਵੱਖਰੀ ਆਸਥਾ ਰੱਖਦੇ ਹਨ। ਸਰਕਾਰਾਂ ਵੱਲੋਂ ਆਲੋਚਨਾ ਦੇ ਪ੍ਰਤੀ ਵਧਦੀ ਅਸਹਿਣਸ਼ੀਲਤਾ ਦਾ ਰੁਝਾਨ ਆਮ ਆਦਮੀ ਅਤੇ ਵਿਅਕਤੀਆਂ ’ਚ ਫੈਲ ਰਿਹਾ ਹੈ।
ਹਾਲ ਦੇ ਦਿਨਾਂ ’ਚ ‘‘ਚੌਕਸੀ ਸਮੂਹਾਂ’’ ਵੱਲੋਂ ਕਿਸੇ ਵੀ ਵਿਅਕਤੀ ਵਿਰੁੱਧ ਵੱਡੇ ਪੱਧਰ ’ਤੇ ਅਪਮਾਨਜਨਕ ਮੁਹਿੰਮ ਸ਼ੁਰੂ ਕਰਨ ਲਈ ਲਗਾਤਾਰ ਮੁਹਿੰਮ ਚਲਾਈ ਗਈ ਹੈ, ਜਿਸ ਨੂੰ ਉਹ ‘‘ਦੇਸ਼-ਵਿਰੋਧੀ’’ ਮੰਨਦੇ ਹਨ। ਇੱਥੋਂ ਤੱਕ ਕਿ ਮਸ਼ਹੂਰ ਲੇਖਕ ਅਤੇ ਇਸ ਰੁਝਾਨ ਦੀ ਆਲੋਚਨਾ ਕਰਨ ਵਾਲੀਆਂ ਹੋਰ ਹਸਤੀਆਂ ਵੀ ਲੋਕਤੰਤਰ ਦੇ ਖੁਦ ਬਣੇ ਸਰਪ੍ਰਸਤਾਂ ਦਾ ਸੌਖਾ ਨਿਸ਼ਾਨਾ ਬਣ ਜਾਂਦੀਆਂ ਹਨ।
ਬਦਕਿਸਮਤੀ ਨਾਲ ਉਨ੍ਹਾਂ ਨੂੰ ਰਾਸ਼ਟਰਵਾਦ ਅਤੇ ਦੇਸ਼ ਭਗਤੀ ’ਚ ਕੋਈ ਫਰਕ ਨਹੀਂ ਦਿਸਦਾ। ਉਨ੍ਹਾਂ ਲਈ ਸੱਤਾ ਦੇ ਅਦਾਰਿਆਂ ਜਾਂ ਨੀਤੀਆਂ ਦੀ ਕੋਈ ਵੀ ਆਲੋਚਨਾ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਬਣ ਜਾਂਦੀ ਹੈ। ਜੋ ਕੋਈ ਵੀ ਉਨ੍ਹਾਂ ਦੀ ਵਿਚਾਰ ਪ੍ਰਕਿਰਿਆ ’ਤੇ ਸਵਾਲ ਉਠਾਉਂਦਾ ਹੈ ਉਹ ਦੇਸ਼ ਵਿਰੋਧੀ ਹੋਣ ਦੇ ਕਾਬਿਲ ਹੈ। ਜਦਕਿ ਨੇਤਾ ਦੂਜੇ ਪਾਸੇ ਦੇਖਣਾ ਪਸੰਦ ਕਰਦੇ ਹਨ। ਜਦ ਗੁੰਡੇ ਅਤੇ ਜਿਹੜੇ ਲੋਕ ਉਨ੍ਹਾਂ ਦਾ ਸਮਰਥਕ ਹੋਣ ਦਾ ਦਾਅਵਾ ਕਰਦੇ ਹਨ ਉਹ ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਜ਼ਬਰਦਸਤ ਹਮਲੇ ਕਰਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਦਾ ਪ੍ਰਸਾਰ ਉਨ੍ਹਾਂ ਨੂੰ ਪਹਿਲਾਂ ਵਰਗੀ ਵੱਡੀ ਪਹੁੰਚ ਮੁਹੱਈਆ ਕਰਦਾ ਹੈ। ਅਦਾਰੇ ਵਿਰੁੱਧ ਕੋਈ ਵੀ ਭੜਕਾਊ ਟਿੱਪਣੀ ਅਪਮਾਨਜਨਕ ਅਤੇ ਜ਼ਹਿਰੀਲੇ ਹਮਲਿਆਂ ਵੱਲ ਲੈ ਜਾਂਦੀ ਹੈ। ਲੇਖਕਾਂ ਨੂੰ ਨਾ ਸਿਰਫ ‘‘ਵਿਕਾਊ’’ ਕਿਹਾ ਜਾਂਦਾ ਹੈ ਸਗੋਂ ਉਨ੍ਹਾਂ ਨੂੰ ਸ਼ਾਨਦਾਰ ਗਾਲਾਂ ਵੀ ਕੱਢੀਆਂ ਜਾਂਦੀਆਂ ਹਨ। ਕਦੀ-ਕਦੀ ਚੁਨਿੰਦਾ ਲੇਖਕਾਂ ਦੀਆਂ ਗੈਰ-ਵਿਵਾਦਗ੍ਰਸਤ ਟਿੱਪਣੀਆਂ ਨੂੰ ਤੋੜ-ਮਰੋੜ ਕੇ ਗਲਤ ਢੰਗ ਨਾਲ ਵਰਤਿਆ ਜਾਂਦਾ ਹੈ।
ਅਸਲ ’ਚ ਇਹ ਤ੍ਰਾਸਦੀ ਹੈ ਕਿ ਜਿੱਥੇ ਧਿਆਨ ਰਾਮ ਮੰਦਰ ਦੇ ਨਿਰਮਾਣ ’ਤੇ ਹੈ, ਉੱਥੇ ਸਮਾਜ ਦਾ ਨਿਘਾਰ ਹੋ ਰਿਹਾ ਹੈ ਅਤੇ ਉਨ੍ਹਾਂ ਕਦਰਾਂ-ਕੀਮਤਾਂ ਅਤੇ ਨੈਤਿਕਤਾਵਾਂ ਨੂੰ ਵਿਕਸਤ ਕਰਨ ਲਈ ਬਹੁਤ ਘੱਟ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਲਈ ਭਗਵਾਨ ਰਾਮ ਪੂਜਨੀਕ ਹਨ।