ਮਿਨਰਲ ਵਾਟਰ ਦੀ ਬੋਤਲ ''ਤੇ MRP ਤੋਂ ਵੱਧ ਰੇਟ ਵਸੂਲਣ ਦੇ ਮਾਮਲੇ ''ਚ ਕਮਿਸ਼ਨ ਦਾ ਅਹਿਮ ਫ਼ੈਸਲਾ

Thursday, Dec 12, 2024 - 03:37 PM (IST)

ਮਿਨਰਲ ਵਾਟਰ ਦੀ ਬੋਤਲ ''ਤੇ MRP ਤੋਂ ਵੱਧ ਰੇਟ ਵਸੂਲਣ ਦੇ ਮਾਮਲੇ ''ਚ ਕਮਿਸ਼ਨ ਦਾ ਅਹਿਮ ਫ਼ੈਸਲਾ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਰੈਸਟੋਰੈਂਟ 'ਚ ਗਾਹਕ ਤੋਂ ਮਿਨਰਲ ਵਾਟਰ ਦੀ ਬੋਤਲ ’ਤੇ ਪ੍ਰਿੰਟ ਐੱਮ. ਆਰ. ਪੀ. ਤੋਂ ਵੱਧ ਰਕਮ ਵਸੂਲਣ ਸਬੰਧੀ ਦਰਜ ਕੀਤੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਹੈ। ਕਮਿਸ਼ਨ ਨੇ ਰੈਸਟੋਰੈਂਟ ਵੱਲੋਂ ਬੋਤਲ ’ਤੇ ਪ੍ਰਿੰਟ 20 ਰੁਪਏ ਐੱਮ. ਆਰ. ਪੀ. ਤੋਂ ਵੱਧ 50 ਰੁਪਏ ਵਸੂਲਣ ਨੂੰ ਅਨੁਚਿਤ ਵਪਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਕਮਿਸ਼ਨ ਨੇ ਮਾਮਲੇ ’ਚ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਰੈਸਟੋਰੈਂਟ ’ਚ ਮਿਨਰਲ ਵਾਟਰ ਦੀ ਬੋਤਲ ’ਤੇ ਐੱਮ. ਆਰ. ਪੀ. ਤੋਂ ਜ਼ਿਆਦਾ ਵਸੂਲਣਾ ਵਜ਼ਨ ਅਤੇ ਮਾਪ ਮਾਪਦੰਡ ਅਤੇ ਕਾਨੂੰਨ ਮਾਪ ਵਿਗਿਆਨ ਐਕਟ ਤਹਿਤ ਗਲਤ ਨਹੀਂ ਹੈ। ਅਜਿਹੀ ਸਥਿਤੀ ’ਚ ਸ਼ਿਕਾਇਤ ਨੂੰ ਰੱਦ ਕੀਤਾ ਜਾਂਦਾ ਹੈ।

ਨਿਊ ਚੰਡੀਗੜ੍ਹ ਦੀ ਵਸਨੀਕ ਇਸ਼ਿਤਾ ਖੰਨਾ ਨੇ ਇਕ ਰੈਸਟੋਰੈਂਟ ’ਤੇ ਅਨੁਚਿਤ ਵਪਾਰ ਵਿਵਹਾਰ ਦਾ ਦੋਸ਼ ਲਗਾਉਂਦੇ ਹੋਏ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਸੀ ਕਿ 12 ਦਸੰਬਰ, 2023 ਨੂੰ ਉਹ ਸੈਕਟਰ-17 ਸਥਿਤ ਰੈਸਟੋਰੈਂਟ 'ਚ ਖਾਣਾ ਖਾਣ ਗਈ ਸੀ। ਉੱਥੇ ਖਾਣਾ ਖਾਣ ਵੇਲੇ ਪਾਣੀ ਪੀਣ ਲਈ ਮਿਨਰਲ ਵਾਟਰ ਦੀ ਬੋਤਲ ਮੰਗਵਾਈ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਰੈਸਟੋਰੈਂਟ ਵੱਲੋਂ ਉਸ ਤੋਂ ਮਿਨਰਲ ਵਾਟਰ ਦੀ ਬੋਤਲ ਲਈ 35 ਰੁਪਏ ਵੱਧ ਵਸੂਲੇ ਗਏ। ਸ਼ਿਕਾਇਤਕਰਤਾ ਅਨੁਸਾਰ ਰੈਸਟੋਰੈਂਟ ਵੱਲੋਂ ਦਿੱਤੀ ਗਈ ਪਾਣੀ ਦੀ ਬੋਤਲ ’ਤੇ 20 ਰੁਪਏ ਐੱਮ. ਆਰ. ਪੀ. ਪ੍ਰਿੰਟ ਸੀ, ਜਦੋਂ ਕਿ ਰੈਸਟੋਰੈਂਟ ਨੇ ਉਕਤ ਬੋਤਲ ਦੇ 55 ਰੁਪਏ ਵਸੂਲੇ। ਇਸ ਸਬੰਧੀ ਸ਼ਿਕਾਇਤਕਰਤਾ ਵੱਲੋਂ ਰੈਸਟੋਰੈਂਟ ਦੇ ਖ਼ਿਲਾਫ਼ ਅਨੁਚਿਤ ਵਪਾਰ ਵਿਵਹਾਰ ਦਾ ਦੋਸ਼ ਲਗਾਉਂਦੇ ਹੋਏ ਉਕਤ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਦੂਜੇ ਪਾਸੇ ਮਾਮਲੇ ’ਚ ਰੈਸਟੋਰੈਂਟ ਵੱਲੋਂ ਕਮਿਸ਼ਨ ’ਚ ਦਾਇਰ ਕੀਤੇ ਗਏ ਜਵਾਬ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਰੈਸਟੋਰੈਂਟ ’ਚ ਗਾਹਕਾਂ ਨੂੰ ਵਧੀਆ ਮਾਹੌਲ ’ਚ ਖਾਣਾ ਖਾਣ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਦੌਰਾਨ ਜਵਾਬਦੇਹੀ ਪੱਖ ਵੱਲੋਂ ਸੁਪਰੀਮ ਕੋਰਟ ਵੱਲੋਂ ਸੁਣਾਏ ਕਈ ਫ਼ੈਸਲਿਆਂ ਦਾ ਵੀ ਹਵਾਲਾ ਦਿੱਤਾ ਗਿਆ, ਜਿਸ ਵਿਚ ਮਿਨਰਲ ਵਾਟਰ ਦੀ ਬੋਤਲ ’ਤੇ ਪ੍ਰਿੰਟ ਐੱਮ. ਆਰ. ਪੀ. ਤੋਂ ਵੱਧ ਰਾਸ਼ੀ ਵਸੂਲਣ ਨੂੰ ਗਲਤ ਨਹੀਂ ਦੱਸਿਆ ਗਿਆ ਸੀ। ਦਾਇਰ ਸ਼ਿਕਾਇਤ ਦੇ ਸਬੰਧ ਵਿਚ ਕਮਿਸ਼ਨ ਨੇ ਸਾਹਮਣੇ ਆਏ ਤੱਥਾਂ ਦੀ ਘੋਖ ਕਰਨ ਅਤੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗਾਹਕ ਦੀ ਸ਼ਿਕਾਇਤ ਨੂੰ ਰੱਦ ਕਰਦਿਆਂ ਜਵਾਬਦੇਹ ਰੈਸਟੋਰੈਂਟ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ।


author

Babita

Content Editor

Related News