ਰੇਲ ਗੱਡੀ ਦੀ ਪੈਂਟਰੀ ਕਾਰ ਦੇ ਕਰਮਚਾਰੀ ਤੋਂ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮ GRP ਵੱਲੋਂ ਕਾਬੂ

Tuesday, Dec 24, 2024 - 05:36 AM (IST)

ਰੇਲ ਗੱਡੀ ਦੀ ਪੈਂਟਰੀ ਕਾਰ ਦੇ ਕਰਮਚਾਰੀ ਤੋਂ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮ GRP ਵੱਲੋਂ ਕਾਬੂ

ਜਲੰਧਰ (ਪੁਨੀਤ) – ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜੀ.ਆਰ.ਪੀ. ਥਾਣੇ ਦੀ ਪੁਲਸ ਨੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਸਿਟੀ ਸਟੇਸ਼ਨ ਤੋਂ ਕਾਬੂ ਕੀਤੇ ਉਕਤ ਵਿਅਕਤੀਆਂ ’ਤੇ ਰੇਲ ਗੱਡੀਆਂ ਵਿਚ ਲੁੱਟ-ਖੋਹ ਕਰਨ ਸਮੇਤ ਵੱਖ-ਵੱਖ ਦੋਸ਼ ਦੱਸੇ ਗਏ ਹਨ।

ਜੀ.ਆਰ.ਪੀ. ਥਾਣੇ ਦੇ ਐੱਸ.ਐੱਚ. ਓ. ਪਲਵਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਬੀਤੀ 18 ਦਸੰਬਰ ਨੂੰ ਟ੍ਰੇਨ ਨੰਬਰ 15211 ਜਨਨਾਇਕ ਐਕਸਪ੍ਰੈੱਸ ਵਿਚ ਪੈਂਟਰੀ ਕਾਰ ਦੇ ਕਰਮਚਾਰੀਆਂ ਨਾਲ 90-95 ਹਜ਼ਾਰ ਰੁਪਏ ਦੀ ਲੁੱਟ-ਖੋਹ ਕੀਤੀ ਅਤੇ 1 ਮੋਬਾਈਲ ਫੋਨ ਵੀ ਖੋਹ ਲਿਆ। ਇਸ ਤੋਂ ਬਾਅਦ ਚੱਲਦੀ ਗੱਡੀ ਵਿਚੋਂ ਸਾਮਾਨ ਬਾਹਰ ਸੁੱਟ ਦਿੱਤਾ।

ਇਸ ਬਾਰੇ ਕਲਿਆਣ ਤਿਵਾੜੀ ਦੀ ਸ਼ਿਕਾਇਤ ’ਤੇ ਬੀਤੀ 22 ਦਸੰਬਰ ਨੂੰ ਐੱਫ. ਆਈ. ਆਰ. ਨੰਬਰ 101 ਅਧੀਨ ਧਾਰਾ 305, 307 ਆਦਿ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਪੜਤਾਲ ਏ.ਐੱਸ.ਆਈ. ਬੀਰਬਲ ਵੱਲੋਂ ਕੀਤੀ ਜਾ ਰਹੀ ਸੀ। ਇਨ੍ਹਾਂ 4 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।

ਇਨ੍ਹਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ ਚਾਕੂ ਪੁੱਤਰ ਜੱਜ ਸਿੰਘ ਨਿਵਾਸੀ ਸ੍ਰੀ ਗੋਇੰਦਵਾਲ ਸਾਹਿਬ ਜ਼ਿਲਾ ਤਰਨਤਾਰਨ, ਸੰਨੀ ਕੁਮਾਰ ਉਰਫ ਸੰਨੀ ਪੁੱਤਰ ਸੁਰੇਸ਼ ਕੁਮਾਰ ਨਿਵਾਸੀ ਬਿਆਸ ਜ਼ਿਲਾ ਅੰਮ੍ਰਿਤਸਰ, ਗੁਰਲਾਲ ਸਿੰਘ ਉਰਫ ਪਿੰਕੂ ਪੁੱਤਰ ਮੇਜਰ ਸਿੰਘ ਨਿਵਾਸੀ ਨਾਗੋਕੇ, ਜ਼ਿਲਾ ਤਰਨਤਾਰਨ ਅਤੇ ਚੌਥੇ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮੰਗਲ ਸਿੰਘ ਨਿਵਾਸੀ ਬਿਆਸ ਜ਼ਿਲਾ ਅੰਮ੍ਰਿਤਸਰ ਵਜੋਂ ਹੋਈ ਹੈ।

ਭਿੰਡਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਲਿਆ ਹੈ। ਹੁਣ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਗੈਂਗ ਕਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਉਕਤ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਕਈ ਮਾਮਲੇ ਹੱਲ ਹੋਣ ਦੀ ਸੰਭਾਵਨਾ ਹੈ।


author

Inder Prajapati

Content Editor

Related News