ਮੋਬਾਈਲ ’ਤੇ ਸਿੱਖਿਆ ਕਲਾਸ-ਰੂਮ ਦਾ ਬਦਲ ਨਹੀਂ

07/17/2020 3:38:08 AM

ਬਲਦੇਵ ਰਾਜ ਭਾਰਤੀ

ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਕਾਲ ਵਿਚ ਿਸੱਿਖਆ ਦਾ ਢੁੱਕਵਾਂ ਪ੍ਰਬੰਧ ਕਰਨਾ ਸਰਕਾਰ ਲਈ ਬੜੀ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ। ਕਿਸੇ ਵੀ ਦੇਸ਼ ਦੇ ਵਧੀਆ ਭਵਿੱਖ ਦੀ ਕਲਪਨਾ ਪੜ੍ਹੇ-ਲਿਖੇ ਸਮਾਜ ਦੇ ਬਿਨਾਂ ਨਹੀਂ ਕੀਤੀ ਜਾ ਸਕਦੀ। ਪਰ ਇਸ ਮਹਾਮਾਰੀ ਦੇ ਕਾਲ ’ਚ ਸਿੱਖਿਆ ਸੰਸਥਾਨਾਂ ਨੂੰ ਖੋਲ੍ਹਿਆ ਜਾਣਾ ਕੋਰੋਨਾ ਇਨਫੈਕਸ਼ਨ ਨੂੰ ਸੱਦਾ-ਪੱਤਰ ਦੇਣ ਵਰਗਾ ਹੋ ਸਕਦਾ ਹੈ।

ਤਾਂ ਅਜਿਹੇ ’ਚ ਸਵਾਲ ਉੱਠਦਾ ਹੈ ਕਿ ਬੱਚਿਆਂ ਦੀ ਸਿੱਖਿਆ ਸੁਚਾਰੂ ਢੰਗ ਨਾਲ ਕਿਵੇਂ ਚੱਲੇਗੀ? ਪਹਿਲੀ ਨਜ਼ਰੇ ਆਨਲਾਈਨ ਪੜ੍ਹਾਈ ਹੀ ਇਕੋ-ਇਕ ਬਦਲ ਨਜ਼ਰ ਆਉਂਦਾ ਹੈ। ਆਨਲਾਈਨ ਪੜ੍ਹਾਈ ’ਚ ਵੀ ਮੋਬਾਈਲ ਹੀ ਵਿਦਿਆਰਥੀ ਅਤੇ ਅਧਿਆਪਕ ਦਰਮਿਆਨ ਦੀ ਮੁੱਖ ਕੜੀ ਹੈ। ਇਹ ਉਹੀ ਮੋਬਾਈਲ ਹੈ, ਜਿਸ ਕਾਰਣ ਵਿਦਿਆਰਥੀਆਂ ਨੂੰ ਕਈ ਵਾਰ ਸਿੱਖਿਆ ਸੰਸਥਾਵਾਂ ’ਚੋਂ ਕੱਢਿਆ ਗਿਆ ਹੈ।

ਮਾਪੇ ਹੋਣ ਜਾਂ ਅਧਿਆਪਕ ਸਾਰੇ ਇਹੀ ਮੰਨਦੇ ਸਨ ਕਿ ਮੋਬਾਈਲ ਬੱਚਿਆਂ ਦੀ ਸਿੱਖਿਆ ’ਚ ਮੁੱਖ ਰੁਕਾਵਟ ਹੈ। ਮੋਬਾਈਲ ਬੱਚੇ ਦੇ ਹੱਥ ’ਚ ਹੋਣਾ ਉਸ ਦੇ ਵਿਗੜ ਜਾਣ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ ਪਰ ਵਿਗਿਆਨ ਦੀ ਇਸ ਖੋਜ ਨੇ ਲਾਕਡਾਊਨ ਦੇ ਸਮੇਂ ਆਪਣੀ ਇਹ ਗੱਲ ਮੰਨਵਾ ਲਈ ਕਿ ਉਹ ਸਿੱਖਿਆ ’ਚ ਰੁਕਾਵਟ ਨਹੀਂ ਸਗੋਂ ਮੁੱਖ ਭੂਮਿਕਾ ਅਦਾ ਕਰ ਸਕਦਾ ਹੈ। ਮੋਬਾਈਲ ਅੱਜ ਸਿੱਖਿਆ ਦਾ ਮਸੀਹਾ ਬਣ ਕੇ ਬੱਚਿਆਂ ਦੇ ਗਿਆਨ ’ਚ ਲਗਾਤਾਰ ਵਾਧਾ ਕਰ ਰਿਹਾ ਹੈ।

ਟੀ. ਵੀ. ’ਤੇ ਐਜੂਸੇਟ ਦੇ ਪ੍ਰੋਗਰਾਮ ਸਾਰੇ ਬੱਚੇ ਨਿਸ਼ਚਿਤ ਅਤੇ ਨਿਯਮਿਤ ਤੌਰ ’ਤੇ ਨਹੀਂ ਵੇਖ ਸਕਦੇ। ਪਰ ਉਨ੍ਹਾਂ ਹੀ ਪ੍ਰੋਗਰਾਮਾਂ ਨੂੰ ਯੂ-ਟਿਊਬ ਰਾਹੀਂ ਵਾਰ-ਵਾਰ ਦੇਖ ਸਕਦੇ ਹਨ। ਪਰ ਕੀ ਮੋਬਾਈਲ ਕਲਾਸ-ਰੂਮ ਦੀ ਕਮੀ ਨੂੰ ਪੂਰੀ ਕਰ ਸਕਦਾ ਹੈ? ਕੀ ਮੋਬਾਈਲ ’ਤੇ ਬੱਚਿਆਂ ਦੀ ਸਿੱਖਿਆ ਬੇਰੋਕ ਅਤੇ ਸੁਚਾਰੂ ਢੰਗ ਨਾਲ ਚੱਲ ਸਕਦੀ ਹੈ? ਕੀ ਮੋਬਾਈਲ ਜਾਂ ਟੀ. ਵੀ. ਸਾਹਮਣੇ ਕਈ ਘੰਟਿਆਂ ਤੱਕ ਬੈਠਣ ਦਾ ਬੱਚਿਆਂ ਦੀ ਸਿਹਤ ’ਤੇ ਭੈੜਾ ਅਸਰ ਨਹੀਂ ਪਵੇਗਾ?

ੁਇਹ ਸਾਰੇ ਸਵਾਲ ਨਿਸ਼ਚਿਤ ਤੌਰ ’ਤੇ ਸਾਰਿਆਂ ਦੇ ਦਿਮਾਗ ’ਚ ਘੁੰਮਦੇ ਹੋਣਗੇ। ਸਭ ਤੋਂ ਪਹਿਲਾਂ ਤਾਂ ਮੋਬਾਈਲ ਦੀ ਪਹੁੰਚ ਸਾਰੇ ਬੱਚਿਆਂ ਤੱਕ ਸੰਭਵ ਹੀ ਨਹੀਂ ਹੈ। ਕਈ ਘਰਾਂ ’ਚ ਤਾਂ ਮੋਬਾਈਲ ਫੋਨ ਹੁੰਦਾ ਹੀ ਨਹੀਂ, ਐਂਡ੍ਰਾਇਡ ਫੋਨ ਤਾਂ ਦੂਰ ਦੀ ਗੱਲ ਹੈ। ਕੁਝ ਘਰਾਂ ’ਚ ਐਂਡ੍ਰਾਇਡ ਫੋਨ ਤਾਂ ਹੈ ਪਰ ਘਰ ਦੇ ਜਿਸ ਮੈਂਬਰ ਕੋਲ ਹੈ, ਉਹ ਉਸ ਨੂੰ ਬੱਚਿਆਂ ਨੂੰ ਕਦੋਂ ਅਤੇ ਕਿੰਨੇ ਸਮੇਂ ਲਈ ਦੇ ਸਕਦਾ ਹੈ, ਇਹ ਅਨਿਸ਼ਚਿਤ ਹੈ। ਮੰਨ ਲਓ ਉਸ ਨੇ ਕੁਝ ਦੇਰ ਲਈ ਫੋਨ ਬੱਚਿਆਂ ਨੂੰ ਦੇ ਵੀ ਦਿੱਤਾ ਤਾਂ ਇਹ ਬੱਚੇ ’ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਕੰਮ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ। ਜਿਨ੍ਹਾਂ ਬੱਚਿਆਂ ਦੀ ਪੜ੍ਹਨ ’ਚ ਰੁਚੀ ਹੁੰਦੀ ਹੈ, ਉਹ ਆਪਣੇ ਕੰਮ ਨੂੰ ਖੁਦ ਗੰਭੀਰਤਾ ਨਾਲ ਕਰਦੇ ਹਨ ਪਰ ਜਿਨ੍ਹਾਂ ਬੱਚਿਆਂ ਦੀ ਪੜ੍ਹਨ ਵਿਚ ਰੁਚੀ ਨਾ ਹੋਵੇ ਤਾਂ ਉਹ ਬਿਨਾਂ ਕਿਸੇ ਮੈਂਬਰ ਦੀ ਮਦਦ ਦੇ ਆਪਣਾ ਕੰਮ ਨਹੀਂ ਕਰਦੇ।

ਜਿਵੇਂ ਹੀ ਨਜ਼ਰ ਹਟੀ ਅਤੇ ਦੁਰਘਟਨਾ ਵਾਪਰੀ। ਅਜਿਹੇ ਬੱਚੇ ਮੋਬਾਇਲ ’ਤੇ ਗੇਮ ਖੇਡਣ ’ਚ ਆਪਣਾ ਸਮਾਂ ਗੁਆ ਦਿੰਦੇ ਹਨ। ਕਈ ਵਾਰ ਤਾਂ ਇਹ ਕਾਫੀ ਮਹਿੰਗਾ ਵੀ ਪੈ ਸਕਦਾ ਹੈ। ਮੋਬਾਈਲ ’ਤੇ ਹੀ ਵਾਇਰਲ ਇਕ ਖਬਰ ਅਨੁਸਾਰ ਪੰਜਾਬ ’ਚ ਇਕ 13 ਸਾਲ ਦੇ ਵਿਦਿਆਰਥੀ ਨੇ ਮੋਬਾਈਲ ਗੇਮ ਖੇਡਦੇ ਹੋਏ ਆਪਣੇ ਪਿਤਾ ਦੇ ਬੈਂਕ ਖਾਤੇ ’ਚੋਂ ਲੱਖਾਂ ਰੁਪਏ ਉਡਾ ਦਿੱਤੇ। ਅਜਿਹੀਆਂ ਘਟਨਾਵਾਂ ਕਿੰਨੀਆਂ ਦੁਖਦਾਈ ਹੁੰਦੀਆਂ ਹਨ, ਅਜਿਹੀ ਕਲਪਨਾ ਹੀ ਲੂੰ ਕੰਡੇ ਖੜ੍ਹੇ ਕਰ ਦਿੰਦੀ ਹੈ।

ਮੋਬਾਈਲ ਜਾਂ ਆਨਲਾਈਨ ਸਿੱਖਿਆ ਕਲਾਸ-ਰੂਮ ਦੀ ਘਾਟ ਨੂੰ ਕਦੇ ਵੀ ਪੂਰਾ ਨਹੀਂ ਕਰ ਸਕਦੇ। ਅਧਿਆਪਕ ਅਤੇ ਵਿਦਿਆਰਥੀ ਦੀ ਸਥਿਤੀ ਹਿੱਸੇਦਾਰੀ ਕਲਾਸ-ਰੂਮ ’ਚ ਹੀ ਸੰਭਵ ਹੈ। ਸਿੱਖਿਆ ਪ੍ਰਤੀ ਵਿਦਿਆਰਥੀ ਦੀ ਰੁਚੀ ਵਧਾਉਣ ਲਈ ਅਧਿਆਪਕ ਜੋ ਪ੍ਰਯੋਗ ਕਰਦਾ ਹੈ, ਉਹ ਸਿਰਫ ਕਲਾਸ-ਰੂਮ ’ਚ ਹੀ ਸੰਭਵ ਹੋ ਸਕਦੇ ਹਨ। ਮੋਬਾਈਲ ਅਤੇ ਟੀ. ਵੀ. ਸਾਹਮਣੇ ਕਈ ਘੰਟਿਆਂ ਤੱਕ ਬੈਠਣ ਨਾਲ ਬੱਚਿਆਂ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਭਵਿੱਖ ’ਚ ਬੱਚਿਆਂ ਨੂੰ ਨਜ਼ਰ ਸਬੰਧੀ ਕਈ ਨੁਕਸ ਹੋ ਸਕਦੇ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਸਹੀ ਢੰਗ ਨਾਲ ਨਾ ਬੈਠਣ ਕਾਰਣ ਸਰੀਰਕ ਨੁਕਸ ਵੀ ਪੈਦਾ ਹੋ ਸਕਦੇ ਹਨ।

ਇਸ ਲਈ ਮੋਬਾਈਲ ’ਤੇ ਬੱਚਿਆਂ ਦੀ ਸਿੱਖਿਆ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨਹੀਂ ਚੱਲ ਸਕਦੀ। ਆਨਲਾਈਨ ਸਿੱਖਿਆ ਕਲਾਸ-ਰੂਮ ਦਾ ਬਦਲ ਕਦੀ ਨਹੀਂ ਬਣ ਸਕਦੀ। ਮੋਬਾਈਲ ’ਤੇ ਸਿੱਖਿਆ ਬੱਚਿਆਂ ਨੂੰ ਸਿੱਖਿਆ ਨਾਲ ਸਿਰਫ ਸੰਪਰਕ ’ਚ ਰੱਖਣ ਦੀ ਇਕ ਖਾਨਾਪੂਰਤੀ ਹੀ ਹੈ। ਇਸ ਲਈ ਸਿੱਖਿਆ ਦੇ ਅਜਿਹੇ ਬਦਲਾਂ ਦੀ ਭਾਲ ਕਰਨੀ ਚਾਹੀਦੀ ਹੈ ਕਿ ਕੋਰੋਨਾ ਵਰਗੇ ਇਨਫੈਕਸ਼ਨ ਦੇ ਸਮੇਂ ’ਚ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਨਾ ਹੋ ਸਕੇ ਅਤੇ ਬੱਚਿਆਂ ਤੇ ਅਧਿਆਪਕ ਦੀ ਲਗਾਤਾਰ ਗੱਲਬਾਤ ਵੀ ਹੋ ਸਕੇ। ਲੋੜ ਕਾਢ ਦੀ ਮਾਂ ਹੈ। ਇਹੀ ਢੁੱਕਵਾਂ ਸਮਾਂ ਹੈ ਅਜਿਹੇ ਬਦਲਾਂ ’ਤੇ ਵਿਚਾਰ ਕਰਨ ਦਾ, ਜਿਸ ਨਾਲ ਭਵਿੱਖ ’ਚ ਸਿੱਖਿਆ ਵਰਗੇ ਗੰਭੀਰ ਅਤੇ ਲੋੜੀਂਦੇ ਖੇਤਰ ਨੂੰ ਇਸ ਤਰ੍ਹਾਂ ਪ੍ਰਭਾਵਿਤ ਨਾ ਹੋਣਾ ਪਵੇ।


Bharat Thapa

Content Editor

Related News