ਸਿਆਸਤ ਦਾ ਮੁਖੌਟਾ ਲਗਾ ਕੇ ਜਨਤਾ ਨੂੰ ਗੁੰਮਰਾਹ ਕਰਨਾ ਸਭ ਤੋਂ ਵੱਡਾ ਅਪਰਾਧ

Saturday, Feb 08, 2025 - 06:00 PM (IST)

ਸਿਆਸਤ ਦਾ ਮੁਖੌਟਾ ਲਗਾ ਕੇ ਜਨਤਾ ਨੂੰ ਗੁੰਮਰਾਹ ਕਰਨਾ ਸਭ ਤੋਂ ਵੱਡਾ ਅਪਰਾਧ

ਇਸ ਕਹਾਵਤ ਨੂੰ ਪਰਖਿਆ ਜਾਵੇ ਕਿ ਜੈਸਾ ਰਾਜਾ ਹੋਵੇਗਾ, ਵੈਸਾ ਹੀ ਪਰਜਾ ਦਾ ਰਵੱਈਆ ਹੋਵੇਗਾ ਤਾਂ ਇਹ ਕਿਸੇ ਵੀ ਪਾਰਟੀ ਦੀ ਸਰਕਾਰ ਬਾਰੇ ਪੂਰੀ ਤਰ੍ਹਾਂ ਸੱਚ ਹੈ। ਨਾਗਰਿਕਾਂ ਦੇ ਦਿਲ ’ਚ ਇਹ ਗੱਲ ਪੂਰੀ ਤਰ੍ਹਾਂ ਬੈਠ ਜਾਣੀ ਕਿ ਜਦ ਤੱਕ ਉਂਗਲੀ ਟੇਢੀ ਨਹੀਂ ਕਰਾਂਗੇ ਉਦੋਂ ਤੱਕ ਘਿਓ ਨਹੀਂ ਨਿਕਲੇਗਾ, ਆਪਣਾ ਕੰਮ ਕਢਵਾਉਣ ਲਈ ਲੋਕ ਇਹ ਸੋਚਣ ਲੱਗਣ ਕਿ ਬਿਨਾਂ ਜ਼ੋਰ-ਜ਼ਬਰਦਸਤੀ ਕੀਤਿਆਂ ਅਤੇ ਰਿਸ਼ਵਤ ਤੇ ਬੇਈਮਾਨੀ ਦਾ ਸਹਾਰਾ ਲਏ ਬਿਨਾਂ ਕੋਈ ਵੀ ਕੰਮ ਭਾਵੇਂ ਕਿੰਨਾ ਹੀ ਸੱਚਾਈ ’ਤੇ ਆਧਾਰਿਤ ਹੋਵੇ, ਨਹੀਂ ਹੋ ਸਕਦਾ, ਉਦੋਂ ਸੋਚਣਾ ਪਵੇਗਾ ਕਿ ਦੇਸ਼ ਕੀ ਅਸਲ ’ਚ ਤਰੱਕੀ ਕਰ ਰਿਹਾ ਹੈ। ਕੀ ਸਿਰਫ ਮੌਜ-ਮਸਤੀ, ਠਾਠ-ਬਾਠ ਦਾ ਜੀਵਨ ਅਤੇ ਕੁਝ ਵੀ ਗਲਤ ਕੰਮ ਕਰਨਾ ਹੀ ਮਕਸਦ ਰਹਿ ਗਿਆ ਹੈ?

ਸੰਬੰਧਾਂ ’ਚ ਗਿਰਾਵਟ ਦਾ ਪੱਧਰ : ਨਾਗਰਿਕਾਂ ਦੇ ਸਾਹਮਣੇ ਅਜਿਹੀ ਮਿਸਾਲ ਹੋਵੇ ਕਿ ਵਿਅਕਤੀ ਭਾਵੇਂ ਕਿੰਨਾ ਵੀ ਭ੍ਰਿਸ਼ਟਾਚਾਰੀ ਹੋਵੇ, ਅਦਾਲਤ ਵਲੋਂ ਅਪਰਾਧੀ ਐਲਾਨ ਦਿੱਤਾ ਗਿਆ ਹੋਵੇ, ਨੈਤਿਕਤਾ ਦੇ ਸਾਰੇ ਮਾਪਦੰਡ ਤੋੜ ਦਿੱਤੇ ਗਏ ਹੋਣ, ਉਸ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਸਜ਼ਾ ਹੋਣ ’ਤੇ ਜੇਲ ਜਾਣਾ ਅਤੇ ਜ਼ਮਾਨਤ ’ਤੇ ਰਿਹਾਅ ਹੋਣਾ ਸਨਮਾਨ ਦੀ ਗੱਲ ਅਤੇ ਤ੍ਰਾਸਦੀ ਇਹ ਕਿ ਸਰਕਾਰ ਦੀ ਗੱਲ ਤਾਂ ਛੱਡੋ, ਜਨਤਾ ਉਸ ਨੂੰ ਸਨਮਾਨ ਦੇਣ ਲੱਗੇ, ਉਦੋਂ ਕੀ ਸਮਝਿਆ ਜਾਵੇ?

ਪਿਛਲੇ ਦਿਨੀਂ ਇਕ ਪੁਰਾਣੇ ਮਿੱਤਰ ਨੇ ਆਪਣੇ ਇਕ ਰਿਸ਼ਤੇਦਾਰ ਨਾਲ ਹੋਈ ਘਟਨਾ ਸੁਣਾਈ ਤਾਂ ਯਕੀਨ ਨਹੀਂ ਹੋਇਆ ਪਰ ਇਹ ਅੱਜ ਦੀ ਸੱਚਾਈ ਸੀ। ਵੇਰਵਾ ਕਿਸੇ ਫਿਲਮ ਦੀ ਸਕ੍ਰਿਪਟ ਵਰਗਾ ਹੈ। ਇਸ ਸੱਜਣ ਦਾ ਕਾਰੋਬਾਰ ਪੂਰੇ ਦੇਸ਼ ’ਚ ਫੈਲਿਆ ਹੋਇਆ ਹੈ ਅਤੇ ਪਰਿਵਾਰ ਦੀ ਅੱਧਖੜ ਅਤੇ ਨੌਜਵਾਨ ਪੀੜ੍ਹੀ ਇਸ ਨੂੰ ਸੰਭਾਲਦੀ ਹੈ। ਉਹ ਜ਼ਿਆਦਾਤਰ ਉਪਰੋਂ ਦੇਖਭਾਲ ਕਰਦੇ ਹਨ ਅਤੇ ਆਪਣਾ ਜ਼ਿਆਦਾਤਰ ਸਮਾਂ ਦੇਸ਼-ਵਿਦੇਸ਼ ਘੁੰਮ ਕੇ ਅਤੇ ਲਿਖਣ-ਪੜ੍ਹਨ ’ਚ ਬਿਤਾਉਂਦੇ ਹਨ।

ਹੋਇਆ ਇਹ ਸੀ ਕਿ ਲਗਭਗ 10-12 ਸਾਲ ਪਹਿਲਾਂ ਇਕ ਔਰਤ ਉਨ੍ਹਾਂ ਦੇ ਦਫਤਰ ’ਚ ਆਪਣੀ ਜਵਾਨ ਬੇਟੀ ਦੇ ਨਾਲ ਕਿਸੇ ਜਾਣਕਾਰ ਨੂੰ ਲੈ ਕੇ ਉਨ੍ਹਾਂ ਨਾਲ ਮਿਲਵਾਉਣ ਲਿਆਈ ਅਤੇ ਕਿਹਾ ਕਿ ਇਹ ਤੁਹਾਡੀ ਬੇਟੀ ਵਰਗੀ ਹੈ ਅਤੇ ਕੰਮ ਸਿੱਖਣਾ ਚਾਹੁੰਦੀ ਹੈ। ਉਸ ਸਮੇਂ ਕੋਈ ਕੰਮ ਨਾ ਹੋਣ ਦਾ ਕਹਿ ਦਿੱਤਾ ਗਿਆ ਅਤੇ ਕਿਹਾ ਕਿ ਭਵਿੱਖ ’ਚ ਜੇ ਲੋੜ ਪਈ ਤਾਂ ਸੰਪਰਕ ਕਰ ਲਿਆ ਜਾਵੇਗਾ। ਗੱਲ ਆਈ-ਗਈ ਹੋ ਗਈ। ਹੁਣ ਹੋਇਆ ਇਹ ਕਿ ਉਹ ਆਪਣੇ ਮੁੰਬਈ ਦੇ ਦਫਤਰ ’ਚ ਬੈਠੇ ਸਨ ਕਿ ਉਹੀ ਲੜਕੀ ਪੁਰਾਣੀ ਜਾਣ-ਪਛਾਣ ਦਾ ਹਵਾਲਾ ਦੇ ਕੇ ਮਿਲੀ ਅਤੇ ਕੰਮ ਦੇਣ ਦੀ ਗੱਲ ਕੀਤੀ। ਉਨ੍ਹਾਂ ਦੇ ਦਫਤਰ ’ਚ ਹਾਲ ਹੀ ’ਚ ਇਕ ਜਗ੍ਹਾ ਖਾਲੀ ਹੋਈ ਸੀ ਅਤੇ ਉਨ੍ਹਾਂ ਨੇ ਉਸ ਨੂੰ ਰੱਖ ਲਿਆ।

ਹੁਣ ਇਸ ਤੋਂ ਬਾਅਦ ਦੀ ਕਹਾਣੀ ਵਿਸ਼ਵਾਸਘਾਤ, ਮਿਲੀਭੁਗਤ ਕਰ ਕੇ ਆਰਥਿਕ ਨੁਕਸਾਨ ਪਹੁੰਚਾਉਣ ਅਤੇ ਉਸ ਸੱਜਣ ’ਤੇ ਝੂਠੇ ਦੋਸ਼ ਲਗਾ ਕੇ ਬਦਨਾਮ ਕਰਕੇ ਅਪਮਾਨਿਤ ਕਰਨ ਦੀ ਕੋਸ਼ਿਸ਼ ਦੀ ਹੈ। ਉਸ ਨੇ ਆਪਣੇ ਇਕ ਸਾਥੀ ਦੀ ਮਦਦ ਨਾਲ ਪਹਿਲਾਂ ਪੈਸਿਆਂ ਦੀ ਹੇਰਾਫੇਰੀ ਕੀਤੀ ਅਤੇ ਪੁਰਾਣੇ ਕਰਮਚਾਰੀਆਂ ਨੂੰ ਕੰਪਨੀ ਛੱਡਣ ਲਈ ਮਜਬੂਰ ਕੀਤਾ ਅਤੇ ਪੂਰੇ ਕਾਰੋਬਾਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਗੱਲ ਪਤਾ ਲੱਗਣ ’ਤੇ ਉਨ੍ਹਾਂ ਨੇ ਕੋਈ ਕਾਨੂੰਨੀ ਕਾਰਵਾਈ ਤਾਂ ਨਹੀਂ ਕੀਤੀ ਪਰ ਉਸ ਨੂੰ ਸਸਪੈਂਡ ਕਰ ਦਿੱਤਾ।

ਇਸ ਤੋਂ ਬਾਅਦ ਉਹ ਉਨ੍ਹਾਂ ਕੋਲ ਮੁਆਫੀ ਮੰਗਣ ਆਈ ਅਤੇ ਆਪਣੀਆਂ ਗਲਤੀਆਂ ਨੂੰ ਮੁਆਫ ਕਰ ਦੇਣ ਲਈ ਕਿਹਾ ਅਤੇ ਭਰੋਸਾ ਦਿਵਾਇਆ ਕਿ ਉਹ ਕਿਸੇ ਦੂਜੇ ਦੇ ਕਹਿਣ ’ਤੇ ਇਹ ਸਭ ਕੁਝ ਕਰ ਰਹੀ ਸੀ ਅਤੇ ਉਹ ਬਿਲਕੁੱਲ ਨਿਰਦੋਸ਼ ਹੈ। ਉਸ ਸੱਜਣ ਨੇ ਇਹੀ ਗਲਤੀ ਕਰ ਦਿੱਤੀ ਅਤੇ ਉਸ ਨੂੰ ਦੁਬਾਰਾ ਕੰਮ ’ਤੇ ਰੱਖ ਲਿਆ।

ਇਸ ਤੋਂ ਬਾਅਦ ਉਸ ਨੇ ਇਕ ਪ੍ਰਾਜੈਕਟ ’ਚ ਯਕੀਨਨ ਲਾਭ ਹੋਣ ਅਤੇ ਕੰਪਨੀ ਦੇ ਫਾਇਦੇ ਦੀ ਗੱਲ ਕਹਿ ਕੇ ਇਕ ਵੱਡੀ ਰਕਮ ਨਿਵੇਸ਼ ਕਰਨ ਲਈ ਮਨਾ ਲਿਆ। ਇੱਥੇ ਇਹ ਕਹਾਵਤ ਸਿੱਧ ਹੋ ਗਈ ਕਿ ‘ਸੱਪ ਨੂੰ ਭਾਵੇਂ ਕਿੰਨਾ ਵੀ ਦੁੱਧ ਪਿਆਓ, ਉਹ ਜ਼ਹਿਰ ਉਗਲਣ ਅਤੇ ਡੰਗੇ ਬਿਨਾਂ ਨਹੀਂ ਰਹਿੰਦਾ।’ ਉਸ ਨੇ ਇਕ ਹੀ ਮਹੀਨੇ ’ਚ ਇਸ ਤਰ੍ਹਾਂ ਦਾ ਜਾਲ ਬੁਣਿਆ ਕਿ ਵਪਾਰ ’ਚ ਨੁਕਸਾਨ ਅਤੇ ਇੱਜ਼ਤ ਵੀ ਦਾਅ ’ਤੇ ਲੱਗਣ ਦੀ ਸਥਿਤੀ ਬਣ ਗਈ। ਉਸ ਸੱਜਣ ਨੂੰ ਹੁਣ ਪੂਰੀ ਗੱਲ ਸਮਝ ’ਚ ਆ ਗਈ ਅਤੇ ਉਨ੍ਹਾਂ ਨੇ ਉਸ ਨੂੰ ਫਿਰ ਤੋਂ ਸਸਪੈਂਡ ਕਰ ਦਿੱਤਾ।

ਹੁਣ ਉਸ ਨੇ ਬਲੈਕਮੇਲ ਕਰਨ, ਪੈਸਾ ਮੰਗਣ ਅਤੇ ਬਦਨਾਮ ਕਰਨ ਦੀ ਧਮਕੀ ਦੇ ਕੇ ਝੂਠੀਆਂ ਸ਼ਿਕਾਇਤਾਂ ਕਰਨ ਤੋਂ ਲੈ ਕੇ ਮਾਣ-ਸਨਮਾਨ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਵਪਾਰ ਨਾਲ ਜੁੜੇ ਸਾਰੇ ਲੋਕਾਂ ਨੂੰ ਮੁਸੀਬਤ ’ਚ ਪਾਉਣ ਦੀ ਯੋਜਨਾ ਬਣਾਈ। ਵੱਖ-ਵੱਖ ਲੋਕਾਂ ਤੋਂ ਧਮਕੀਆਂ ਦਿਵਾਉਣ ਦੀ ਕੋਸ਼ਿਸ਼ ਕੀਤੀ। ਇਸ ਗੱਲ ਨਾਲ ਉਨ੍ਹਾਂ ਨੂੰ ਜ਼ਬਰਦਸਤ ਮਾਨਸਿਕ ਝਟਕਾ ਲੱਗਾ ਅਤੇ ਉਹ ਕਿਸੇ ਤਰ੍ਹਾਂ ਡਾਕਟਰਾਂ ਦੇ ਇਲਾਜ ਨਾਲ ਠੀਕ ਹੋਏ।

ਰਿਸ਼ਤਿਆਂ ’ਚ ਗਿਰਾਵਟ ਦਾ ਪੱਧਰ : ਅਸਲ ’ਚ ਅੱਜ ਆਪਸੀ ਸੰਬੰਧ ਭਾਵੇਂ ਉਹ ਨਿੱਜੀ ਹੋਣ ਜਾਂ ਪਰਿਵਾਰਿਕ, ਛੇਤੀ ਉਬਾਊ ਹੋ ਜਾਂਦੇ ਹਨ ਜਿਸ ਦਾ ਨਤੀਜਾ ਖਟਾਸ ਆਉਣ ਤੋਂ ਲੈ ਕੇ ਲੜਾਈ-ਝਗੜੇ ਅਤੇ ਅਖੀਰ ’ਚ ਰਿਸ਼ਤੇ ਟੁੱਟਣ ਤੱਕ ਦੀ ਨੌਬਤ ਆ ਜਾਂਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਸ ਨੂੰ ਅਸੀਂ ਜੀਵਨ-ਸ਼ੈਲੀ ਜਾਂ ਲਾਈਫ ਸਟਾਈਲ ਕਹਿੰਦੇ ਹਾਂ ਉਹ ਇੰਨਾ ਬਦਲ ਗਿਆ ਹੈ ਕਿ ਪੁਰਾਣੀ ਪੀੜ੍ਹੀ ਲਈ ਉਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਨਦੀ ’ਚ ਜਿਸ ਤਰ੍ਹਾਂ ਰਾਫਟਿੰਗ ਕਰਦੇ ਹੋਏ ਰੋਲਰ ਕੋਸਟਰ ਭਾਵ ਕਦੇ ਪਾਣੀ ਦੇ ਉਪਰ ਅਤੇ ਕਦੇ ਹੇਠਾਂ ਡੁੱਬਣ ਦੀ ਸਥਿਤੀ ਆਉਂਦੀ ਹੈ, ਉਸੇ ਤਰ੍ਹਾਂ ਜ਼ਿੰਦਗੀ ’ਚ ਵੀ ਇਹੀ ਹਾਲਾਤ ਉਦੋਂ ਬਣਦੇ ਹਨ ਜਦੋਂ ਨੈਤਿਕ ਕਦਰਾਂ-ਕੀਮਤਾਂ ਡਿੱਗਣ ਲੱਗਦੀਆਂ ਹਨ।

ਸਮਾਜ ਹੋਵੇ ਜਾਂ ਦੇਸ਼ ਕਦੇ ਇਸ ਤਰ੍ਹਾਂ ਅਸਲ ਤਰੱਕੀ ਨਹੀਂ ਕਰ ਸਕਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦ ਤੱਕ ਸਿਆਸਤ ’ਚ ਸੱਚਾਈ ਜਾਂ ਪਵਿੱਤਰਤਾ ਨਹੀਂ ਹੋਵੇਗੀ ਅਤੇ ਸ਼ਾਸਕ ਵਰਗ ਹੋਵੇ ਜਾਂ ਵਿਰੋਧੀ ਧਿਰ, ਜਨਤਾ ਦੇ ਸਾਹਮਣੇ ਅਜਿਹੀ ਮਿਸਾਲ ਨਹੀਂ ਰੱਖਣਗੇ ਕਿ ਨੈਤਿਕਤਾ, ਈਮਾਨਦਾਰੀ ਅਤੇ ਸੱਚਾਈ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ, ਉਦੋਂ ਤੱਕ ਸਮਾਜ ਤੋਂ ਇਨ੍ਹਾਂ ਗੱਲਾਂ ਦੀ ਉਮੀਦ ਰੱਖਣਾ ਫਜ਼ੂਲ ਹੈ।

ਹਫੜਾ-ਦਫੜੀ ਨਾਲ ਤਰੱਕੀ ਨਹੀਂ : ਅਪਰਾਧੀਆਂ ਨੂੰ ਸਰਪ੍ਰਸਤੀ, ਉਨ੍ਹਾਂ ਦੇ ਚੋਣ ਲੜਨ ’ਤੇ ਕੋਈ ਰੋਕ ਨਾ ਲਗਾਉਣਾ, ਕਾਨੂੰਨ ਨੂੰ ਮਜ਼ਾਕ ਦੀ ਵਸਤੂ ਬਣਾ ਦੇਣਾ ਅਤੇ ਇਸ ਤਰ੍ਹਾਂ ਵਿਵਹਾਰ ਕਰਨਾ ਕਿ ਜਿਵੇਂ ਕਾਨੂੰਨ ਅਤੇ ਵਿਵਸਥਾ ਤੋਂ ਲੈ ਕੇ ਸੰਵਿਧਾਨ ਤੱਕ ਨੂੰ ਉਨ੍ਹਾਂ ਦੇ ਇਸ਼ਾਰਿਆਂ ’ਤੇ ਬਦਲਿਆ ਜਾ ਸਕਦਾ ਹੈ, ਉਦੋਂ ਆਮ ਨਾਗਰਿਕ ਨੂੰ ਵੀ ਸ਼ਹਿ ਮਿਲਦੀ ਹੈ ਕਿ ਜਦ ਇਨ੍ਹਾਂ ਦਾ ਬੋਲਬਾਲਾ ਘੱਟ ਨਹੀਂ ਹੁੰਦਾ ਤਾਂ ਫਿਰ ਉਹ ਜੇ ਕੋਈ ਗੈਰ-ਕਾਨੂੰਨੀ ਕੰਮ ਕਰਦਾ ਹੈ ਜਾਂ ਰਿਸ਼ਵਤ ਲਏ ਬਿਨਾਂ ਕੋਈ ਕੰੰਮ ਨਹੀਂ ਕਰਦਾ ਤਾਂ ਉਸ ਦੇ ਗਲੇ ਤੱਕ ਕੋਈ ਕਿਵੇਂ ਪਹੁੰਚ ਸਕਦਾ ਹੈ।

ਇਸੇ ਦਾ ਨਤੀਜਾ ਹੈ ਕਿ ਅਪਰਾਧੀ ਚੋਣ ਜਿੱਤ ਜਾਂਦੇ ਹਨ। ਸਮਾਜ ਦੀ ਸੇਵਾ ਕਰਨ ਦਾ ਚਾਹਵਾਨ ਕੋਈ ਵੀ ਵਿਅਕਤੀ ਚੋਣ ਲੜਨ ਦੀ ਗੱਲ ਸੋਚਣਾ ਤਾਂ ਦੂਰ, ਵੋਟ ਦੇਣ ਤੱਕ ਨਹੀਂ ਜਾਂਦਾ। ਸਿਆਸੀ ਦਲ ਇਸੇ ਗੱਲ ਦਾ ਫਾਇਦਾ ਉਠਾਉਂਦੇ ਹਨ ਅਤੇ ਜੋ ਨਿਰਪੱਖ ਵੋਟਰ ਹਨ ਉਨ੍ਹਾਂ ਦੇ ਸਾਹਮਣੇ ਅਜਿਹੇ ਹਾਲਾਤ ਬਣਾ ਦਿੰਦੇ ਹਨ ਕਿ ਉਹ ਵੋਟ ਪਾਉਣ ਹੀ ਨਾ ਜਾਣ ਤਾਂ ਚੰਗਾ ਹੈ ਕਿਉਂਕ ਉਨ੍ਹਾਂ ਦੀ ਇਕ ਵੋਟ ਨਾਲ ਇਨ੍ਹਾਂ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ।

ਪੂਰਨ ਚੰਦ ਸਰੀਨ


author

Rakesh

Content Editor

Related News