‘ਮੇਰਾ ਭਾਰਤ ਮਹਾਨ, ਜੁਗ-ਜੁਗ ਜੀਵੇ ਹਿੰਦੁਸਤਾਨ’ ‘ਹਰ ਰੁਕਾਵਟ ਨੂੰ ਪਾਰ ਕਰ ਕੇ ਅੱਗੇ ਵਧਦੇ ਜਾਵਾਂਗੇ’

Thursday, Aug 15, 2024 - 04:41 AM (IST)

ਅੱਜ 15 ਅਗਸਤ ਦੇ ਦਿਨ ਭਾਰਤ ਆਪਣੀ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ 11ਵੀਂ ਵਾਰ ਲਾਲ ਕਿਲੇ ’ਤੇ ਤਿਰੰਗਾ ਲਹਿਰਾਉਣਗੇ। ਆਜ਼ਾਦੀ ਦਿਵਸ ’ਤੇ ਸਭ ਤੋਂ ਵੱਧ 17 ਵਾਰ ਝੰਡਾ ਲਹਿਰਾਉਣ ਦਾ ਰਿਕਾਰਡ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਂ ’ਤੇ ਹੈ ਅਤੇ ਉਨ੍ਹਾਂ ਪਿੱਛੋਂ ਇੰਦਰਾ ਗਾਂਧੀ ਨੇ 16 ਵਾਰ ਰਾਸ਼ਟਰੀ ਝੰਡਾ ਲਹਿਰਾਇਆ। ਸਵ. ਅਟਲ ਬਿਹਾਰੀ ਵਾਜਪਾਈ ਨੇ 6 ਵਾਰ ਰਾਸ਼ਟਰੀ ਝੰਡਾ ਲਹਿਰਾਇਆ ਸੀ।
ਦੇਸ਼ ਦੀ ਆਜ਼ਾਦੀ ਵੇਲੇ ਸਾਡੀ ਆਬਾਦੀ 34.20 ਕਰੋੜ ਦੇ ਲਗਭਗ ਸੀ ਜੋ ਹੁਣ 140 ਕਰੋੜ ਹੋ ਗਈ ਹੈ ਅਤੇ ਹੁਣ ਤੱਕ ਦੇ ਸਫਰ  ਦੌਰਾਨ ਅਸੀਂ ਵਿਕਾਸ ਦੇ ਕਈ ਪੜਾਅ ਤੈਅ ਕੀਤੇ ਹਨ। ਦੇਸ਼ ਦੇ ਕੋਨੇ-ਕੋਨੇ ’ਚ ਰੇਲ, ਬੱਸ ਅਤੇ ਹਵਾਈ ਜਹਾਜ਼ ਸੇਵਾਵਾਂ ਦਾ ਜਾਲ ਫੈਲਦਾ ਜਾ ਰਿਹਾ ਹੈ। ਬਦਲ-ਬਦਲ ਕੇ ਸਰਕਾਰਾਂ ਆ ਰਹੀਆਂ ਹਨ।
ਆਜ਼ਾਦੀ ਵੇਲੇ ਅਨਾਜ ਦੇ ਸੰਕਟ ਨਾਲ ਜੂਝ ਰਿਹਾ  ਸਾਡਾ ਦੇਸ਼ ਅੱਜ ਦੂਜੇ ਦੇਸ਼ਾਂ ਨੂੰ ਅਨਾਜ ਬਰਾਮਦ ਕਰ ਰਿਹਾ ਹੈ। ਉਦਯੋਗਿਕ ਪੈਦਾਵਾਰ ਵਧੀ ਹੈ। ਪੁਲਾੜ ਖੋਜ, ਵਿਗਿਆਨ ਅਤੇ ਤਕਨੀਕੀ ਆਦਿ ਸਾਰੇ ਖੇਤਰਾਂ ’ਚ ਦੇਸ਼ ਅੱਜ ਸਫਲਤਾ ਪ੍ਰਾਪਤ ਕਰ ਰਿਹਾ ਹੈ। ਕੋਰੋਨਾ ਕਾਲ ’ਚ ਵਿਸ਼ਵ ਨੂੰ ਵੈਕਸੀਨ ਸਪਲਾਈ ਕਰਨ ਕਾਰਨ ਭਾਰਤ ਨੂੰ ‘ਵਿਸ਼ਵ ਦੀ ਫਾਰਮੇਸੀ’ ਕਿਹਾ ਜਾਣ ਲੱਗਾ ਹੈ। 
ਵੱਡੀ ਗਿਣਤੀ ’ਚ ਭਾਰਤੀਆਂ ਨੇ ਵਿਦੇਸ਼ਾਂ ’ਚ ਉਪਲੱਬਧੀਆਂ  ਹਾਸਲ  ਕੀਤੀਆਂ ਹਨ ਅਤੇ ਅਮਰੀਕਾ, ਇੰਗਲੈਂਡ ਅਤੇ ਕੈਨੇਡਾ  ਸਮੇਤ ਕਈ ਦੇਸ਼ਾਂ ’ਚ ਭਾਰਤੀ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋ ਕੇ ਆਪਣੀ ਮਾਤਭੂਮੀ ਦੀ ਸ਼ਾਨ ਵਧਾ ਰਹੇ ਹਨ।
ਉੱਚ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਲੋਕਾਂ ਵਿਚ ਖੁਸ਼ਹਾਲੀ ਵਧੀ ਹੈ। ਵਾਹਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਕਈ ਥਾਵਾਂ ’ਤੇ ਸੜਕਾਂ ’ਤੇ ਟ੍ਰੈਫਿਕ ਜਾਮ ਲੱਗਣ  ਲੱਗੇ  ਹਨ।
ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਦੇਸ਼ ਨੂੰ ਅੱਜ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ  ਪੈ ਰਿਹਾ ਹੈ। ਦੇਸ਼ ਵਿਚ ਪੜ੍ਹੇ-ਲਿਖੇ ਨੌਜਵਾਨਾਂ ਵਿਚ ਬੇਰੋਜ਼ਗਾਰੀ ਦੀ ਦਰ ਜੋ ਸਾਲ 2000 ਵਿਚ 35.2 ਫੀਸਦੀ ਸੀ, 2022 ਵਿਚ ਵਧ ਕੇ 65.7 ਫੀਸਦੀ ਹੋ ਗਈ।
ਸੜਕ, ਰੇਲ ਅਤੇ ਹਵਾਈ ਆਵਾਜਾਈ ਦੇ ਵਧਣ ਦੇ ਨਾਲ-ਨਾਲ ਸੜਕ ਅਤੇ ਰੇਲ ਹਾਦਸੇ ਵੀ ਵਧੇ ਹਨ। ਪਿਛਲੇ ਲਗਭਗ 15 ਮਹੀਨਿਆਂ ’ਚ ਦੇਸ਼ ’ਚ ਰੇਲ ਹਾਦਸਿਆਂ ’ਚ 300 ਤੋਂ ਵੱਧ ਯਾਤਰੀ ਆਪਣੀ ਜਾਨ ਗੁਆ ​​ਚੁੱਕੇ ਹਨ, ਜਦਕਿ ਸੜਕ ਹਾਦਸਿਆਂ ’ਚ ਵੀ ਮੌਤਾਂ ਹੋ ਰਹੀਆਂ ਹਨ।
ਦੇਸ਼ ਵਿਚ ਅਪਰਾਧ ਵਧੇ ਹਨ ਅਤੇ ਬੱਚੀਆਂ ਅਤੇ ਔਰਤਾਂ ਨਾਲ ਜਬਰ-ਜ਼ਨਾਹ ਹੋ ਰਹੇ ਹਨ। ਪ੍ਰਚੂਨ ਮਹਿੰਗਾਈ ਦੀ ਦਰ ਵੀ ਵਧੀ ਹੈ ਅਤੇ ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋਣ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਵੀ ਵਧ ਗਿਆ ਹੈ। ਕੁਝ ਮਾਹਿਰ ਇਨ੍ਹਾਂ ਸਾਰੀਆਂ ਗੱਲਾਂ ਲਈ ਦੇਸ਼ ਦੀ ਵਧਦੀ ਆਬਾਦੀ ਨੂੰ ਵੀ ਜ਼ਿੰਮੇਵਾਰ ਠਹਿਰਾ ਰਹੇ ਹਨ।
ਦੇਸ਼ ਅੰਦਰ ਅੰਦਰੂਨੀ ਅਤੇ ਬਾਹਰੀ ਖਤਰੇ ਵਧਦੇ ਜਾ ਰਹੇ ਹਨ। ਜੰਮੂ-ਕਸ਼ਮੀਰ ’ਚ ਪਾਕਿਸਤਾਨ ਦੇ ਪਾਲੇ ਹੋਏ  ਅੱਤਵਾਦੀਆਂ ਖਿਲਾਫ ‘ਆਪ੍ਰੇਸ਼ਨ ਆਲ ਆਊਟ’ ਜਾਰੀ ਰਹਿਣ ਦੇ ਬਾਵਜੂਦ ਉੱਥੇ ਹਿੰਸਾ ਜਾਰੀ ਹੈ।  ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ’ਚ ਉਨ੍ਹਾਂ ਦੇ ਸਥਾਨਕ ਮਦਦਗਾਰਾਂ ਨੂੰ ਫੜਿਆ ਜਾ ਰਿਹਾ ਹੈ। ਦੇਸ਼ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।
ਦੂਰ-ਦੁਰੇਡੇ ਉੱਤਰ-ਪੂਰਬ ਦੇ ਮਣੀਪੁਰ ਵਿਚ ਵੀ ਪਿਛਲੇ ਸਾਲ 3 ਮਈ ਤੋਂ ਜਾਰੀ ਜਾਤੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਅਤੇ ਉਥੇ ਹੁਣ ਤੱਕ 225 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 65,000 ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ।
ਜਿੱਥੋਂ ਤੱਕ ਭਾਰਤ ਦੇ ਗੁਆਂਢੀ ਮੁਲਕਾਂ ਨਾਲ ਸਬੰਧਾਂ ਦਾ ਸਵਾਲ ਹੈ, ਇਨ੍ਹਾਂ ਵਿਚੋਂ ਪਾਕਿਸਤਾਨ, ਨੇਪਾਲ, ਸ਼੍ਰੀਲੰਕਾ, ਮਿਆਂਮਾਰ ਅਤੇ ਚੀਨ ਨਾਲ ਸਾਡੇ ਸਬੰਧ ਪਹਿਲਾਂ ਹੀ ਖ਼ਰਾਬ ਚੱਲ ਰਹੇ ਸਨ ਅਤੇ ਸਿਰਫ਼ ਇਕ ਬੰਗਲਾਦੇਸ਼ ਹੀ ਰਹਿ ਗਿਆ ਸੀ, ਪਰ ਹੁਣ ਉੱਥੇ ਵੀ ਹਾਲਾਤ ਬਦਲ ਰਹੇ ਹਨ।
ਉਥੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਨਾਲ ਸਾਡੇ ਦੋਸਤਾਨਾ ਸਬੰਧ ਸਨ, ਪਰ ਉਥੇ 5 ਅਗਸਤ ਦੇ ਤਖਤਾਪਲਟ ਅਤੇ ਚੀਨ ਪੱਖੀ ਮੁਹੰਮਦ ਯੂਨਸ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਦੇ ਗਠਨ ਤੋਂ ਬਾਅਦ ਸਥਿਤੀ ਬਦਲ ਗਈ ਹੈ।
ਤਖਤਾਪਲਟ ਹੁੰਦਿਆਂ ਹੀ ਉੱਥੇ ਹਿੰਦੂਆਂ ਅਤੇ ਹੋਰ ਘੱਟਗਿਣਤੀਆਂ ’ਤੇ ਹਮਲੇ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਤਬਾਹ ਕਰਨ ਦੀਆਂ ਘਟਨਾਵਾਂ ਵਧੀਆਂ ਹਨ। ਹਿੰਦੂਆਂ ਅਤੇ ਹੋਰ ਘੱਟਗਿਣਤੀਆਂ ਨੂੰ ਵਿੱਦਿਅਕ ਸੰਸਥਾਵਾਂ ਅਤੇ ਹੋਸਟਲਾਂ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ।
ਅਜਿਹੇ ਹਾਲਾਤ ਵਿਚ ਅਸੀਂ ਆਪਣੇ ਪਾਠਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਆਸ ਕਰਦੇ ਹਾਂ ਕਿ ਅਤੀਤ ਦੀ ਤਰ੍ਹਾਂ ਭਵਿੱਖ ਵਿਚ ਵੀ ਅਸੀਂ ਆਪਣੇ ਰਾਹ ਵਿਚ ਆਉਣ ਵਾਲੀ ਹਰ ਰੁਕਾਵਟ ਨੂੰ ਪਾਰ ਕਰਦੇ ਹੋਏ ਅੱਗੇ ਵਧਾਂਗੇ ਅਤੇ ਹਰ ਭਾਰਤ ਵਾਸੀ ਦੀ ਜ਼ੁਬਾਨ ’ਤੇ ਇਕ ਹੀ  ਨਾਅਰਾ  ਹੋਵੇਗਾ :
‘ਮੇਰਾ ਭਾਰਤ ਮਹਾਨ’, ‘ਜੁਗ ਜੁਗ ਜੀਵੇ ਹਿੰਦੁਸਤਾਨ’।
–ਵਿਜੇ ਕੁਮਾਰ


Inder Prajapati

Content Editor

Related News