ਅਮਰ ਸ਼ਹੀਦ ਰਾਵ ਤੁਲਾਰਾਮ ਦੇ ਬਲਿਦਾਨ ਦੀ ਬਹਾਦਰੀ ਦੀ ਗਾਥਾ

Saturday, Sep 23, 2023 - 01:24 PM (IST)

ਅਮਰ ਸ਼ਹੀਦ ਰਾਵ ਤੁਲਾਰਾਮ ਦੇ ਬਲਿਦਾਨ ਦੀ ਬਹਾਦਰੀ ਦੀ ਗਾਥਾ

ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਵਪਾਰ ਦੇ ਨਾਂ ’ਤੇ ਪੂਰੇ ਭਾਰਤ ’ਚ ਆਪਣੇ ਪੈਰ ਜਮਾ ਚੁੱਕੀ ਸੀ। ਅੰਗ੍ਰੇਜ਼ਾਂ ਦੀ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਸਫਲ ਹੋ ਚੁੱਕੀ ਸੀ। ਇਕ-ਇਕ ਕਰਕੇ ਪੂਰੇ ਭਾਰਤ ਦੇ ਸਾਰੇ ਹਿੱਸੇ ਅੰਗ੍ਰੇਜ਼ਾਂ ਦੇ ਚੁੰਗਲ ’ਚ ਫਸਦੇ ਜਾ ਰਹੇ ਸਨ। ਗਰੀਬ ਜਨਤਾ ਨੂੰ ਅੰਗ੍ਰੇਜ਼ਾਂ ਵੱਲੋਂ ਬੁਰੀ ਤਰ੍ਹਾਂ ਪੀਸਿਆ ਜਾ ਰਿਹਾ ਸੀ। ਇੰਨੀ ਦਰਿੰਦਗੀ ਨੂੰ ਲੈ ਕੇ ਦੇਸੀ ਫੌਜੀਆਂ ਅਤੇ ਆਜ਼ਾਦੀ ਪ੍ਰੇਮੀ ਜਨਤਾ ਦੇ ਮਨ ’ਚ ਆਜ਼ਾਦੀ ਰੂਪੀ ਭਾਵਨਾ ਦੀ ਜਵਾਲਾ ਪੈਦਾ ਹੋਈ। ਅੰਗ੍ਰੇਜ਼ਾਂ ਦੇ ਦਮਨ ਤੋਂ ਮੁਕਤੀ ਪਾਉਣ ਲਈ ਸੰਨ 1857 ’ਚ ਆਜ਼ਾਦੀ ਸੰਗ੍ਰਾਮ ਦੀ ਚੰਗਿਆੜੀ ਫੈਲ ਉੱਠੀ। ਇਸ ਖੇਤਰ ’ਚ ਇਸ ਕ੍ਰਾਂਤੀ ਦੀ ਅਗਵਾਈ ਵੀਰ ਕੇਸਰੀ ਅਮਰ ਬਲਿਦਾਨੀ ਰਾਵ ਤੁਲਾਰਾਮ ਨੇ ਕੀਤੀ। ਰਾਵ ਤੁਲਾਰਾਮ ਦਾ ਜਨਮ 1 ਦਸੰਬਰ 1825 ਨੂੰ ਹੋਇਆ ਸੀ। ਉਹ ਰੇਵਾੜੀ ਦੇ ਪ੍ਰਭਾਵਸ਼ਾਲੀ ਰਾਜ ਪਰਿਵਾਰ ਦੇ ਮੁੱਖ ਆਗੂ ਅਤੇ ਪ੍ਰਤੀਨਿਧ ਸਨ। ਉਹ ਇਕ ਮਾਹਿਰ ਪ੍ਰਸ਼ਾਸਕ ਅਤੇ ਫੌਜੀ ਸਨ। ਇਨ੍ਹਾਂ ਦੀ ਪਰਜਾ ਇਨ੍ਹਾਂ ਦੀ ਨਿਆਪਸੰਦੀ, ਦੇਸ਼ਭਗਤੀ ਅਤੇ ਚੰਗੇ ਪ੍ਰਸ਼ਾਸਨ ਤੋਂ ਕਾਫੀ ਖੁਸ਼ ਸੀ। ਰਾਵ ਤੁਲਾਰਾਮ ਅੰਗ੍ਰੇਜ਼ਾਂ ਦੇ ਰਾਜ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ।

ਇਸ ਲਈ 1857 ’ਚ ਅੰਗ੍ਰੇਜ਼ਾਂ ਖ਼ਿਲਾਫ ਬਗਾਵਤ ਦੀ ਵਾਗਡੋਰ ਆਪਣੇ ਹੱਥ ’ਚ ਲੈ ਲਈ। ਇਨ੍ਹਾਂ ਦੇ ਇਕ ਭਰਾ ਰਾਵ ਕ੍ਰਿਸ਼ਨ ਗੋਪਾਲ ਨੇ ਇਨ੍ਹਾਂ ਦੀ ਪ੍ਰੇਰਨਾ ਨਾਲ 10 ਮਈ 1857 ਨੂੰ ਮੇਰਠ ’ਚ ਫੌਜੀ ਬਗਾਵਤ ਦੀ ਵਾਗਡੋਰ ਸੰਭਾਲੀ ਅਤੇ ਅੰਗ੍ਰੇਜ਼ਾਂ ਦਾ ਸਫਾਇਆ ਕਰ ਕੇ ਦਿੱਲੀ ’ਚ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਨੂੰ ਭਾਰਤ ਦਾ ਆਜ਼ਾਦ ਸ਼ਾਸਕ ਐਲਾਨ ਦਿੱਤਾ। ਇਧਰ ਰਾਵ ਤੁਲਾਰਾਮ ਨੇ ਭਾਰਤ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਜ਼ਿਲ੍ਹਾ ਗੁਰੂਗ੍ਰਾਮ ਅਤੇ ਮਹਿੰਦਰਗੜ੍ਹ ਦੇ ਇਲਾਕੇ ਨੂੰ ਵਿਦੇਸ਼ੀ ਸਾਮਰਾਜ ਤੋਂ ਆਜ਼ਾਦ ਕਰ ਦਿੱਤਾ। ਕਰਨਲ ਫੋਰਟ ਅਤੇ ਅੰਗ੍ਰੇਜ਼ੀ ਫੌਜ ਨੂੰ ਗੁਰੂਗ੍ਰਾਮ ’ਚੋਂ ਮਾਰ ਭਜਾਇਆ। ਰੇਵਾੜੀ ਦੇ ਨੇੜੇ ਅੰਗ੍ਰੇਜ਼ਾਂ ਦੀ ਛਾਉਣੀ ਦਾ ਸਫਾਇਆ ਕਰ ਦਿੱਤਾ ਅਤੇ ਇਕ ਵੱਡੀ ਫੌਜ ਭਰਤੀ ਕਰ ਕੇ ਦੇਸ਼ ਦੀ ਆਜ਼ਾਦੀ ਲਈ ਅਣਥੱਕ ਯਤਨ ਕੀਤੇ।

ਗੋਕਲਗੜ੍ਹ ’ਚ ਤੋਪਾਂ ਢਾਲਣ ਦਾ ਕਾਰਖਾਨਾ ਅਤੇ ਟਕਸਾਲ ਕਾਇਮ ਕਰ ਕੇ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ ’ਚ ਦੇਸ਼ਭਗਤ ਆਗੂਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ। ਅੰਗ੍ਰੇਜ਼ਾਂ ਨਾਲ ਇਨ੍ਹਾਂ ਦੀ ਅੰਤਿਮ ਲੜਾਈ ਨਾਰਨੌਲ ਤੋਂ 3 ਮੀਲ ਦੂਰ ਨਸੀਬਪੁਰ ਦੇ ਇਤਿਹਾਸਕ ਮੈਦਾਨ-ਏ-ਜੰਗ ’ਚ 16 ਨਵੰਬਰ 1857 ਨੂੰ ਹੋਈ। ਰਾਵ ਤੁਲਾਰਾਮ ਦੀ ਅਗਵਾਈ ’ਚ ਹਰਿਆਣਾ ਅਤੇ ਰਾਜਸਥਾਨ ਦੇ ਖੇਤਰਾਂ ’ਚ ਦੇਸ਼ਭਗਤ ਸੂਰਮਿਆਂ ਨੇ ਇਕੱਠੇ ਹੋ ਕੇ ਆਖਰੀ ਟੱਕਰ ਲਈ ਅਤੇ ਪੂਰੀ ਤਾਕਤ ਨਾਲ ਲੜੇ। ਅੰਗ੍ਰੇਜ਼ਾਂ ਕੋਲ ਜ਼ਿਆਦਾ ਫੌਜ, ਭਾਰੀ ਗੋਲਾ-ਬਾਰੂਦ ਅਤੇ ਤੋਪਾਂ ਹੁੰਦੇ ਹੋਏ ਦੇਸ਼ ਭਗਤਾਂ ਦੇ ਸਾਹਮਣੇ ਇਨ੍ਹਾਂ ਦੇ ਕਦਮ ਨਹੀਂ ਟਿਕ ਸਕੇ। ਪਹਿਲੇ ਹੀ ਦਿਨ ਦੀ ਜੰਗ ’ਚ ਕਰਨਲ ਜੇਰਾਰਡ ਆਪਣੇ ਬਹੁਤ ਸਾਰੇ ਫੌਜੀਆਂ ਸਮੇਤ ਰਾਵ ਤੁਲਾਰਾਮ ਹੱਥੋਂ ਮਾਰਿਆ ਗਿਆ।

ਇਸ ਜੰਗ ’ਚ ਲਗਭਗ 5000 ਫੌਜੀਆਂ ਨੇ ਬਲਿਦਾਨ ਦਿੱਤਾ ਅਤੇ ਅੱਜ ਵੀ ਇੱਥੇ ਮੀਂਹ ਪੈਂਦਾ ਹੈ ਤਾਂ ਨਸੀਬਪੁਰ ਦੇ ਮੈਦਾਨ ਦੀ ਮਿੱਟੀ ਲਾਲ ਹੋ ਜਾਂਦੀ ਹੈ। ਕਰਨਲ ਜੇਰਾਰਡ ਅਤੇ ਅੰਗ੍ਰੇਜ਼ ਫੌਜੀ ਮਾਰੇ ਜਾਣ ਪਿੱਛੋਂ ਦੇਸ਼ਧ੍ਰੋਹੀ ਪੰਜਾਬ ਅਤੇ ਰਾਜਸਥਾਨ ਦੀਆਂ ਰਿਆਸਤਾਂ ਅੰਗ੍ਰੇਜ਼ਾਂ ਦੀ ਮਦਦ ਲਈ ਪਹੁੰਚ ਗਈਆਂ ਅਤੇ ਆਜ਼ਾਦੀ ਦੇ ਦੀਵਾਨਿਆਂ ਨੂੰ ਘੇਰ ਲਿਆ। ਇਕ-ਇਕ ਦੇਸ਼ਭਗਤ ਨੇ ਕਈ-ਕਈ ਦੁਸ਼ਮਣਾਂ ਨੂੰ ਮਾਰ ਕੇ ਬਲਿਦਾਨ ਦਿੱਤਾ। ਰਾਵ ਤੁਲਾਰਾਮ ਨੂੰ ਸਖਤ ਜ਼ਖਮੀ ਹਾਲਤ ’ਚ ਮੈਦਾਨ-ਏ-ਜੰਗ ’ਚੋਂ ਚੁੱਕ ਕੇ ਉਨ੍ਹਾਂ ਦੇ ਸਾਥੀਆਂ ਨੇ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ। ਰਾਵਕ੍ਰਿਸ਼ਨ ਗੋਪਾਲ ਅਤੇ ਰਾਵ ਰਾਮਲਾਲ ਵਰਗੇ ਯੋਧੇ ਵੀ ਇਸ ਜੰਗ ’ਚ ਕੰਮ ਆਏ।

ਜਦਕਿ ਇਸ ਲੜਾਈ ’ਚ ਜਿੱਤ ਅੰਗ੍ਰੇਜ਼ਾਂ ਦੇ ਹੱਥ ਆਈ, ਫਿਰ ਵੀ ਅੰਗ੍ਰੇਜ਼ੀ ਫੌਜ ਨੂੰ ਰਾਵ ਤੁਲਾਰਾਮ ਅਤੇ ਉਨ੍ਹਾਂ ਦੇ ਸਾਥੀਆਂ ਦੇ ਬੇਮਿਸਾਲ ਹੌਸਲੇ ਅਤੇ ਵੀਰਤਾ ਨੂੰ ਦੇਖ ਕੇ ਦੰਦਾਂ ਥੱਲੇ ਉਂਗਲੀ ਦੇਣੀ ਪਈ। ਰਾਵ ਸਾਹਿਬ ਹਿੰਮਤ ਹਾਰਨ ਵਾਲੇ ਫੌਜੀ ਨਹੀਂ ਸਨ। ਉਨ੍ਹਾਂ ਨੇ ਆਪਣੀ ਬਚੀ-ਖੁਚੀ ਫੌਜ ਨੂੰ ਫਿਰ ਤੋਂ ਲਾਮਬੰਦ ਕੀਤਾ ਅਤੇ ਹਜ਼ਾਰਾਂ ਔਕੜਾਂ ਦੇ ਬਾਵਜੂਦ ਅੰਗ੍ਰੇਜ਼ੀ ਫੌਜਾਂ ਨੂੰ ਚਕਮਾ ਦੇ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਜਾਰੀ ਰੱਖਣ ਲਈ ਕਾਲਪੀ ’ਚ ਤਾਂਤਿਆ ਟੋਪੇ ਅਤੇ ਨਾਨਾ ਸਾਹਿਬ ਨੂੰ ਜਾ ਮਿਲੇ ਪਰ ਅਜੇ ਵੀ ਦੇਸ਼ ਦੀ ਕਿਸਮਤ ਹਨੇਰੇ ’ਚ ਸੀ। ਇਸ ਲਈ ਉੱਥੇ ਵੀ ਇਨ੍ਹਾਂ ਦੇ ਯਤਨ ਸਫਲ ਨਹੀਂ ਹੋ ਸਕੇ ਅਤੇ ਭਾਰਤੀ ਆਗੂ ਇਕ-ਇਕ ਕਰ ਕੇ ਖਤਮ ਹੁੰਦੇ ਗਏ ਅਤੇ ਅੰਗ੍ਰੇਜ਼ਾਂ ਦੇ ਪੈਰ ਜੰਮਦੇ ਗਏ।

ਇਕ ਵਾਰ ਫਿਰ ਰਾਵ ਤੁਲਾਰਾਮ ਨੇ ਆਪਣੇ ਬੇਮਿਸਾਲ ਹੌਸਲੇ, ਦੂਰਦਰਸ਼ਿਤਾ ਅਤੇ ਨੈਤਿਕਤਾ ਦੀ ਪਛਾਣ ਦਿੱਤੀ। ਕੁਝ ਸਾਥੀਆਂ ਨੂੰ ਲੈ ਕੇ ਆਪਣੀ ਜਾਨ ਹਥੇਲੀ ’ਤੇ ਰੱਖ ਕੇ ਅੰਗ੍ਰੇਜ਼ਾਂ ਦੀ ਸਖਤ ਨਿਗਰਾਨੀ ਤੋਂ ਬਚਦੇ-ਬਚਾਉਂਦੇ ਭਾਰਤ ਦੇ ਸਭ ਤੋਂ ਪਹਿਲੇ ਦੂਤ ਬਣ ਕੇ ਵਿਦੇਸ਼ਾਂ ’ਚ ਪੁੱਜੇ ਤਾਂ ਕਿ ਉੱਥੋਂ ਦੀ ਸਹਾਇਤਾ ਨਾਲ ਭਾਰਤ ਨੂੰ ਆਜ਼ਾਦ ਕੀਤਾ ਜਾ ਸਕੇ। ਇਨ੍ਹਾਂ ਨੇ ਈਰਾਨ, ਰੂਸ ਅਤੇ ਅਫਗਾਨਿਸਤਾਨ ਦੀਆਂ ਹਕੂਮਤਾਂ ਤੋਂ ਮਦਦ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅੰਗ੍ਰੇਜ਼ਾਂ ਵਿਰੁੱਧ ਇਨ੍ਹਾਂ ਦੇਸ਼ਾਂ ਤੋਂ ਮਦਦ ਹਾਸਲ ਕਰਨ ’ਚ ਸਫਲ ਨਾ ਹੋ ਸਕੇ।

ਕਾਬੁਲ ’ਚ ਭਾਰਤ ਤੋਂ ਬਚ ਕੇ ਨਿਕਲੇ ਹੋਏ ਬਾਗੀਆਂ ਨੂੰ ਇਕੱਠੇ ਕਰ ਕੇ ਪਹਿਲੀ ਆਜ਼ਾਦ ਹਿੰਦ ਫੌਜ ਬਣਾਈ। ਬਦਕਿਸਮਤੀ ਨਾਲ ਭਾਰਤ ਮਾਂ ਦਾ ਇਹ ਬਹਾਦਰ ਅਤੇ ਕਰਤੱਵ ਦੀ ਪਾਲਣਾ ਕਰਨ ਵਾਲਾ ਸਪੂਤ ਆਪਣੇ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਮਾਤ ਭੂਮੀ ਦੀਆਂ ਬੇੜੀਆਂ ਕੱਟਣ ਦੇ ਯਤਨਾਂ ’ਚ ਬੀਮਾਰ ਹੋ ਕੇ ਸਾਡੇ ਕੋਲੋਂ ਸਦਾ ਲਈ ਵਿਦਾ ਹੋ ਗਿਆ। ਉਸ ਭਾਰਤ ਮਾਤਾ ਦੇ ਅਮਰ ਸਪੂਤ ਦਾ ਸੁਫਨਾ ਸੰਨ 1947 ’ਚ ਸਾਕਾਰ ਹੋਇਆ। ਭਾਰਤ ਮਾਂ ਸਾਲਾਂ ਦੀ ਗੁਲਾਮੀ ਤੋਂ ਮੁਕਤੀ ਪਾ ਕੇ ਆਪਣੇ ਲਾਡਲੇ ਸਪੂਤਾਂ ਲਈ ਅੱਜ ਵੀ ਸਿਸਕਦੀ ਹੈ। ਅੱਜ ਰਾਵ ਤੁਲਾਰਾਮ ਦੇ ਜੀਵਨ ਤੋਂ ਇਕ ਅਦਭੁਤ ਦੇਸ਼ਭਗਤੀ, ਮਹਾਨ ਤਿਆਗ ਅਤੇ ਬੇਮਿਸਾਲ ਬਹਾਦਰੀ ਦੀ ਪ੍ਰੇਰਨਾ ਮਿਲਦੀ ਹੈ।

ਓਮ ਪ੍ਰਕਾਸ਼ ਯਾਦਵ


author

Gurminder Singh

Content Editor

Related News