ਮਹਾਕੁੰਭ ’ਚ ਚੰਦ ਔਰਤਾਂ ਨੇ ਬੱਚਿਆਂ ਨੂੰ ਦਿੱਤਾ ਜਨਮ

Wednesday, Feb 12, 2025 - 03:02 AM (IST)

ਮਹਾਕੁੰਭ ’ਚ ਚੰਦ ਔਰਤਾਂ ਨੇ ਬੱਚਿਆਂ ਨੂੰ ਦਿੱਤਾ ਜਨਮ

ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਮਹਾਕੁੰਭ ਦਾ ਮੇਲਾ ਲੱਗਾ ਹੋਇਆ ਹੈ ਜੋ 26 ਫਰਵਰੀ ਨੂੰ ਸੰਪੰਨ ਹੋਵੇਗਾ। ਇਸ ਵਾਰ ਦੇ ਮੇਲੇ ’ਚ ਔਰਤ ਸ਼ਰਧਾਲੂਆਂ ਦੀ ਗਿਣਤੀ ਮਰਦਾਂ ਤੋਂ ਵੱਧ ਰਹੀ। ਹਾਲਾਂਕਿ ਮੇਲੇ ਦੀ ਰਸਮੀ ਸ਼ੁਰੂਆਤ ਤਾਂ 13 ਜਨਵਰੀ ਨੂੰ ਹੋਈ ਪਰ ਇਥੇ ਬਣਾਏ ਗਏ ‘ਟੈਂਟ ਸਿਟੀ’ ਵਿਚ ਦਸੰਬਰ ਤੋਂ ਹੀ ਸ਼ਰਧਾਲੂਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਸੀ।

11 ਫਰਵਰੀ ਤਕ ਇਥੇ 45 ਕਰੋੜ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਉੱਤਰ ਪ੍ਰਦੇਸ਼ ਸਰਕਾਰ ਦਾ ਅੰਦਾਜ਼ਾ ਹੈ ਕਿ ਪੂਰੇ ਮਹਾਕੁੰਭ ਵਿਚ ਇਥੇ ਆਸਥਾ ਦੀ ਡੁਬਕੀ ਲਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 55 ਕਰੋੜ ਤਕ ਪੁੱਜ ਜਾਵੇਗੀ।

ਇਥੇ ਅਨੇਕ ਪਰਿਵਾਰਾਂ ਦੇ ਲੋਕਾਂ ਵੱਲੋਂ ਆਪਣੇ ਪਰਿਵਾਰ ਦੀਆਂ ਗਰਭਵਤੀ ਔਰਤਾਂ ਨੂੰ ਨਾਲ ਲੈ ਆਉਣ ਕਾਰਨ 4000 ਹੈਕਟੇਅਰ ਵਿਚ ਫੈਲੇ ਮਹਾਕੁੰਭ ਖੇਤਰ ਵਿਚ ਆਯੋਜਿਤ ਇਸ ਵਾਰ ਦਾ ਮੇਲਾ ਵੱਖ-ਵੱਖ ਸੂਬਿਆਂ ਤੋਂ ਆਈਆਂ ਔਰਤ ਸ਼ਰਧਾਲੂਆਂ ਵੱਲੋਂ ਕੁੰਭ ਪ੍ਰਵਾਸ ਦੌਰਾਨ ਬੱਚਿਆਂ ਨੂੰ ਜਨਮ ਦੇਣ ਦੇ ਨਤੀਜੇ ਵਜੋਂ ਵੀ ਚਰਚਾ ਵਿਚ ਆ ਗਿਆ ਹੈ।

ਇਨ੍ਹਾਂ ਵਿਚ ਮੇਲਾ ਕੰਪਲੈਕਸ ਵਿਚ ਕੰਮ ਕਰਨ ਵਾਲੇ ਚੌਥੇ ਦਰਜੇ ਦੇ ਕੱਚੇ ਮੁਲਾਜ਼ਮਾਂ ਦੀਆਂ ਪਤਨੀਆਂ ਤੋਂ ਇਲਾਵਾ ਕੁਝ ਵਪਾਰਕ ਘਰਾਣਿਆਂ ਦੀਆਂ ਔਰਤਾਂ ਵੀ ਸ਼ਾਮਲ ਹਨ। ਇਥੋਂ ਦੇ ਮੁੱਖ ਹਸਪਤਾਲ ਵਿਚ, ਹੁਣ ਤਕ 12 ਔਰਤਾਂ ਬੱਚਿਆਂ ਨੂੰ ਜਨਮ ਦੇ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਚੰਦ ਦਾ ਵੇਰਵਾ ਹੇਠਾਂ ਦਰਜ ਹੈ :

* 29 ਦਸੰਬਰ, 2024 ਨੂੰ ਸਭ ਤੋਂ ਪਹਿਲਾਂ ਇਸ ਹਸਪਤਾਲ ਵਿਚ ਕੌਸ਼ਾਂਬੀ (ਉੱਤਰ ਪ੍ਰਦੇਸ਼) ਤੋਂ ਆਈ ‘ਸੋਨਮ’ (20) ਨੇ ਇਕ ਸਿਹਤਮੰਦ ਬਾਲਕ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਸ ਦੇ ਪਰਿਵਾਰ ਨੇ ‘ਕੁੰਭ’ ਰੱਖਿਆ ਹੈ।

* 27 ਜਨਵਰੀ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਤੋਂ ਆਈ ‘ਜੋਤੀ ਸ਼ਰਮਾ’ (24) ਨੇ ਇਕ ਬੱਚੀ ਨੂੰ ਜਨਮ ਦਿੱਤਾ। ਉਹ 22 ਜਨਵਰੀ ਨੂੰ ਆਪਣੇ ਪਰਿਵਾਰ ਨਾਲ ਇਥੇ ਆਈ ਸੀ। ‘ਜੋਤੀ ਸ਼ਰਮਾ’ ਨੂੰ ਪ੍ਰਸੂਤੀ ਪੀੜ ਉਸ ਸਮੇਂ ਸ਼ੁਰੂ ਹੋਈ ਜਦੋਂ ਉਹ ਸਵੇਰ ਦੇ ਸਮੇਂ ਘਾਟ ’ਤੇ ਇਸ਼ਨਾਨ ਕਰ ਰਹੀ ਸੀ।

ਉਸ ਦੇ ਪਤੀ ‘ਰਾਕੇਸ਼ ਸ਼ਰਮਾ’ ਅਨੁਸਾਰ, ‘‘ਜੋਤੀ ਨੂੰ ਪ੍ਰਸੂਤੀ ਪੀੜ ਸ਼ੁਰੂ ਹੁੰਦਿਆਂ ਹੀ ਅਸੀਂ ਐਂਬੂਲੈਂਸ ਲਈ ਫੋਨ ਕੀਤਾ ਅਤੇ ਕੁਝ ਹੀ ਮਿੰਟਾਂ ਵਿਚ ਐਂਬੂਲੈਂਸ ਆ ਕੇ ਉਸ ਨੂੰ ਹਸਪਤਾਲ ਲੈ ਗਏ।’’ ਬੱਚੀ ਦਾ ਨਾਂ ‘ਸਰਸਵਤੀ’ ਰੱਖਿਆ ਗਿਆ ਹੈ।

* 3 ਫਰਵਰੀ ਨੂੰ ਬਸੰਤ ਪੰਚਮੀ ਦੇ ਦਿਨ ਇਥੇ 2 ਔਰਤਾਂ ਵਿਚੋਂ ਇਕ ਨੇ ਲੜਕੇ ਅਤੇ ਦੂਜੀ ਔਰਤ ਨੇ ਲੜਕੀ ਨੂੰ ਜਨਮ ਦਿੱਤਾ। ਇਨ੍ਹਾਂ ਵਿਚੋਂ ਲੜਕੇ ਦਾ ਨਾਂ ‘ਬਸੰਤ’ ਅਤੇ ਲੜਕੀ ਦਾ ਨਾਂ ‘ਬਸੰਤੀ’ ਰੱਖਿਆ ਗਿਆ।

* 6 ਫਰਵਰੀ ਨੂੰ ਬਰੇਲੀ ਤੋਂ ਆਈ ‘ਕੰਚਨ’ ਨੇ ਲੜਕੇ ਨੂੰ ਜਨਮ ਦਿੱਤਾ।

* 9 ਫਰਵਰੀ ਨੂੰ 12ਵੇਂ ਬੱਚੇ ਨੂੰ ‘ਸਰਾਇਚਾਂਦੀ’ (ਉੱਤਰ ਪ੍ਰਦੇਸ਼) ਤੋਂ ਆਈ ‘ਨੇਹਾ ਸਿੰਘ’ ਨੇ ਜਨਮ ਦਿੱਤਾ।

ਹਸਪਤਾਲ ਦੇ ਪ੍ਰਮੁੱਖ ਡਾਕਟਰ ਮਨੋਜ ਕੌਸ਼ਿਕ ਅਨੁਸਾਰ, ‘‘ਨੇਹਾ ਅਤੇ ਉਸਦਾ ਪਤੀ ਦੀਪਕ ਇਸ ਬੱਚੇ ਦਾ ਨਾਂ ਵੀ ‘ਕੁੰਭ’ ਹੀ ਰੱਖਣਾ ਚਾਹੁੰਦੇ ਸਨ ਪਰ ਕਿਉਂਕਿ 29 ਦਸੰਬਰ ਨੂੰ ਜਨਮੇ ਬੱਚੇ ਦੇ ਮਾਤਾ-ਪਿਤਾ ਪਹਿਲਾਂ ਹੀ ਉਸਦਾ ਨਾਂ ‘ਕੁੰਭ’ ਰੱਖ ਚੁੱਕੇ ਸਨ, ਇਸ ਲਈ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਬੱਚੇ ਦਾ ਨਾਂ ‘ਕੁੰਭ-2’ ਰੱਖ ਲੈਣ।’’

ਦੀਪਕ ਦਾ ਕਹਿਣਾ ਹੈ ਕਿ, ‘‘ਭਾਵੇਂ ਹੀ ਹਸਪਤਾਲ ਵਾਲੇ ਮੇਰੇ ਬੇਟੇ ਦਾ ਨਾਂ ‘ਕੁੰਭ’ ਨਹੀਂ ਰੱਖ ਰਹੇ ਹਨ, ਮੈਂ ਉਸ ਦਾ ਨਾਂ ‘ਕੁੰਭ’ ਹੀ ਰੱਖਾਂਗਾ।’’

‘ਮਹਾਕੁੰਭ ਨਗਰ’ ਦੇ ਕੇਂਦਰੀ ਹਸਪਤਾਲ ਦੀ ਇਕ ਨਰਸ ਅਨੁਸਾਰ, ‘‘ਕਈ ਔਰਤਾਂ ਇਥੇ ਬੱਚਿਆਂ ਨੂੰ ਜਨਮ ਦੇਣ ਦੀਆਂ ਚਾਹਵਾਨ ਸਨ ਕਿਉਂਕਿ ਉਨ੍ਹਾਂ ਦਾ ਯਕੀਨ ਸੀ ਕਿ ਇਥੇ ਬੱਚਿਆਂ ਦਾ ਜਨਮ ਉਨ੍ਹਾਂ ਅਤੇ ਪਰਿਵਾਰ ਲਈ ਚੰਗੀ ਕਿਸਮਤ ਲਿਆਵੇਗਾ।’’

ਹਾਲਾਂਕਿ, ‘ਮਹਾਕੁੰਭ’ ਦਾ ਮੇਲਾ ਸਨਾਤਨੀਆਂ ਦੀ ਆਸਥਾ ਦਾ ਬਹੁਤ ਵੱਡਾ ਕੇਂਦਰ ਹੈ ਪਰ ਬੇਹੱਦ ਭੀੜ ਹੋਣ ਕਾਰਨ ਇਸ ਨਾਲ ਕਈ ਖਤਰੇ ਵੀ ਜੁੜੇ ਹੋਏ ਹਨ। ਜਿਵੇਂ ਕਿ ਇਸੇ ਮੇਲੇ ਦੇ ਦੌਰਾਨ ਪਿਛਲੇ ਦਿਨੀਂ ਮਚੀ ਭਗਦੜ ਵਿਚ 30 ਤੋਂ ਵੱਧ ਸ਼ਰਧਾਲੂਆਂ ਦੀ ਜਾਨ ਚਲੀ ਗਈ।

ਇਸ ਲਈ ਇਸ ਤਰ੍ਹਾਂ ਦੇ ਵੱਧ ਭੀੜ ਵਾਲੇ ਆਯੋਜਨਾਂ ’ਚ ਗਰਭਵਤੀ ਔਰਤਾਂ ਦਾ ਆਉਣਾ ਸਹੀ ਨਹੀਂ ਹੈ ਅਤੇ ਭੀੜ ਵਿਚ ਧੱਕਾ ਆਦਿ ਵੱਜਣ ਨਾਲ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਲਈ ਸੰਕਟ ਵੀ ਪੈਦਾ ਹੋ ਸਕਦਾ ਹੈ।

-ਵਿਜੇ ਕੁਮਾਰ


author

Harpreet SIngh

Content Editor

Related News