ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਹੜੱਪ ਰਹੇ ਚੰਦ ਬੇਈਮਾਨ ਮੁਲਾਜ਼ਮ ਅਤੇ ਅਧਿਕਾਰੀ

Thursday, Oct 10, 2024 - 03:14 AM (IST)

ਅੱਜ ਦੇਸ਼ ’ਚ ਚੰਦ ਲੋਕਾਂ ਦਾ ਲਾਲਚ ਇਸ ਕਦਰ ਵਧ ਚੁੱਕਾ ਹੈ ਕਿ ਉਹ ਨਿੱਜੀ ਸਵਾਰਥਾਂ ਦੇ ਵੱਸ ਪੈ ਕੇ ਆਪਣੇ ਅਹੁਦੇ ਅਤੇ ਪ੍ਰਭਾਵ ਦੀ ਨਾਜਾਇਜ਼ ਵਰਤੋਂ ਕਰ ਕੇ ਜਨਤਕ ਧਨ ਦਾ ਗਬਨ ਅਤੇ ਅਮਾਨਤ ’ਚ ਖਿਆਨਤ ਕਰਨ ਤੋਂ ਜ਼ਰਾ ਵੀ ਸੰਕੋਚ ਨਹੀਂ ਕਰਦੇ, ਜੋ ਬੀਤੇ 2 ਮਹੀਨਿਆਂ ਦੀਆਂ ਹੇਠ ਲਿਖੀਆਂ ਚੰਦ ਮਿਸਾਲਾਂ ਤੋਂ ਸਪੱਸ਼ਟ ਹੈ :
* 12 ਅਗਸਤ, 2024 ਪੰਜਾਬ ਵਿਜੀਲੈਂਸ ਬਿਊਰੋ ਨੇ ਅਮਲੋਹ ਬਲਾਕ ਅਤੇ ਪੰਚਾਇਤਾਂ ਦੀਆਂ 40.85 ਲੱਖ ਰੁਪਏ ਦੀਆਂ ਗ੍ਰਾਂਟਾਂ/ਫੰਡਾਂ ਦੀ ਹੇਰਾ-ਫੇਰੀ ਦੇ ਦੋਸ਼ ’ਚ ਜ਼ਿਲਾ ਵਿਕਾਸ ਅਧਿਕਾਰੀ, ਪੰਚਾਇਤ ਅਧਿਕਾਰੀ ਅਤੇ ਉਨ੍ਹਾਂ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ।
* 5 ਸਤੰਬਰ ਨੂੰ ਊਧਮ ਸਿੰਘ ਨਗਰ (ਉੱਤਰਾਖੰਡ) ਦੇ ਐੱਸ. ਐੱਲ. ਓ. (ਸਟੇਟ ਲੈਵਲ ਆਫੀਸਰ) ਦੇ ਸਰਕਾਰੀ ਖਾਤੇ ’ਚੋਂ ਫਰਜ਼ੀ ਚੈੱਕਾਂ ਅਤੇ ਫਰਜ਼ੀ ਹਸਤਾਖਰਾਂ ਨਾਲ 13.51 ਕਰੋੜ ਰੁਪਏ ਦਾ ਗਬਨ ਕਰਨ ਦੇ ਮਾਮਲੇ ’ਚ ਇਕ ਬੈਂਕ ਦੇ ਮੈਨੇਜਰ ਦਵਿੰਦਰ ਅਤੇ ਮਹਿਲਾ ਕੈਸ਼ੀਅਰ ਪ੍ਰਿਯਮ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।
* 8 ਸਤੰਬਰ ਨੂੰ ਝੁਨਝੁਨੂੰ (ਰਾਜਸਥਾਨ) ’ਚ 2 ਗ੍ਰਾਮ ਪੰਚਾਇਤਾਂ ‘ਪਾਤੁਸਰੀ’ ਅਤੇ ‘ਨਯਾਸਰ’ ਦੇ ਗ੍ਰਾਮ ਵਿਕਾਸ ਅਧਿਕਾਰੀ ‘ਸਿਧਾਰਥ ਖੀਚੜ’ ਵਿਰੁੱਧ 80 ਲੱਖ ਰੁਪਏ ਦੀ ਰਕਮ ਦਾ ਗਬਨ ਕਰ ਕੇ ਇਸ ਨੂੰ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ’ਚ ਟਰਾਂਸਫਰ ਕਰਵਾਉਣ ਦੇ ਦੋਸ਼ ’ਚ ਕੇਸ ਦਰਜ ਕਰ ਕੇ ਮੁਅੱਤਲ ਕਰ ਦਿੱਤਾ ਗਿਆ।
* 26 ਸਤੰਬਰ ਨੂੰ ਸਮਸਤੀਪੁਰ (ਬਿਹਾਰ) ਸਥਿਤ ਲਲਿਤ ਨਾਰਾਇਣ ਮਿਥਿਲਾ ਯੂਨੀਵਰਸਿਟੀ (ਐੱਲ. ਐੱਨ. ਐੱਮ. ਯੂ.) ’ਚ ਪ੍ਰੀਖਿਆ ਕਾਰਜਾਂ ਨਾਲ ਜੁੜੀ 20 ਕਰੋੜ ਤੋਂ ਵੱਧ ਰਕਮ ਦੀ ਹੇਰਾ-ਫੇਰੀ ਦੇ ਮਾਮਲੇ ’ਚ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਸੁਰਿੰਦਰ ਕੁਮਾਰ ਪ੍ਰਤਾਪ ਸਿੰਘ ਅਤੇ ਰਜਿਸਟਰਾਰ ਪ੍ਰੋਫੈਸਰ ਮੁਸ਼ਤਾਕ ਅਹਿਮਦ ਸਮੇਤ 15 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ।
* 29 ਸਤੰਬਰ ਨੂੰ ਜਲਾਲਾਬਾਦ (ਪੰਜਾਬ) ਦੇ ‘ਅਮੀਰਖਾਸ’ ਥਾਣੇ ਦੀ ਪੁਲਸ ਨੇ ਪੰਚਾਇਤ ਮੈਂਬਰਾਂ ਦੇ ਫਰਜ਼ੀ ਹਸਤਾਖਰ ਕਰ ਕੇ ਲਗਭਗ 4 ਲੱਖ ਰੁਪਏ ਦੀ ਸਬਸਿਡੀ ਹੜੱਪਣ ਦੇ ਦੋਸ਼ ’ਚ ਪਿੰਡ ‘ਚੱਕ ਰਖ ਅਮੀਰ’ ਦੀ ਤਤਕਾਲੀ ਸਰਪੰਚ ਹਾਕਮ ਦੇਵੀ ਸਮੇਤ 3 ਦੋਸ਼ੀਆਂ ’ਤੇ ਕੇਸ ਦਰਜ ਕੀਤਾ।
* 4 ਅਕਤੂਬਰ ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ਦੇ ਬਾਂਸ ਪਿੰਡ ਥਾਣੇ ’ਚ ਸਰਕਾਰੀ ਧਨ ਦੇ ਗਬਨ ਦੇ ਦਰਜ 2 ਵੱਖ-ਵੱਖ ਮਾਮਲਿਆਂ ’ਚ ਪੁਲਸ ਨੇ ਗ੍ਰਾਮ ਪ੍ਰਧਾਨ ਮੀਰਾ ਦੇਵੀ ਨੂੰ ਕਰੋੜਾਂ ਰੁਪਏ ਅਤੇ ਗ੍ਰਾਮ ਪੰਚਾਇਤ ਅਧਿਕਾਰੀ ਬ੍ਰਿਜਨੰਦ ਯਾਦਵ ਨੂੰ ਲਗਭਗ 28 ਲੱਖ ਰੁਪਏ ਦਾ ਗਬਨ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 6 ਅਕਤੂਬਰ ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ’ਚ ਮ੍ਰਿਤਕ ਬੈਂਕ ਖਾਤਾ ਧਾਰਕਾਂ ਅਤੇ ਪੈਨਸ਼ਨਰਾਂ ਦੇ ਖਾਤਿਆਂ ’ਤੇ ਲੱਖਾਂ ਰੁਪਏ ਦਾ ਲੋਨ ਮਨਜ਼ੂਰ ਕਰਵਾ ਕੇ ਹੜੱਪ ਜਾਣ ਵਾਲੇ ਇਕ ਬੈਂਕ ਦੇ ਕੈਸ਼ੀਅਰ ਅਮਰਿੰਦਰ ਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਬੈਂਕ ਮੈਨੇਜਰ ਕੁਮਾਰ ਭਾਸਕਰ ਭੂਸ਼ਣ ਫਰਾਰ ਹੈ। ਇਸ ਘਪਲੇ ਦਾ ਮਾਸਟਰ ਮਾਈਂਡ ਪੰਕਜ ਮਣੀ ਤ੍ਰਿਪਾਠੀ ਨਾਂ ਦਾ ਇਕ ਕੈਂਟੀਨ ਬੁਆਏ ਹੈ, ਜਿਸ ਕੋਲ ਲੱਖਾਂ ਰੁਪਏ ਦੀ ਲਗਜ਼ਰੀ ਗੱਡੀ ਅਤੇ 8 ਕਰੋੜ ਰੁਪਏ ਦੀ ਜਾਇਦਾਦ ਦੱਸੀ ਜਾਂਦੀ ਹੈ।
* 8 ਅਕਤੂਬਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਨਸਾ ਜ਼ਿਲੇ ਦੀ ਨਗਰ ਕੌਂਸਲ ਬੁਢਲਾਡਾ ਦੇ ਸਹਾਇਕ ਨਗਰ ਇੰਜੀਨੀਅਰ (ਏ. ਐੱਨ. ਈ.) ਇੰਦਰਜੀਤ ਸਿੰਘ, ਜੂਨੀਅਰ ਇੰਜੀਨੀਅਰ ਰਾਕੇਸ਼ ਕੁਮਾਰ ਅਤੇ ਇਕ ਸਹਿਕਾਰਿਤਾ ਕਮੇਟੀ ਦੇ ਠੇਕੇਦਾਰ ਰਾਕੇਸ਼ ਕੁਮਾਰ ਵਿਰੁੱਧ ਸੜਕ ਉਸਾਰੀ ’ਚ ਮਿਲੀਭੁਗਤ ਨਾਲ ਬੇਨਿਯਮੀਆਂ ਕਰ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ।
* 9 ਅਕਤੂਬਰ ਬੇਮੇਤਰਾ (ਛੱਤੀਸਗੜ੍ਹ) ਦੇ ਪਿੰਡ ‘ਬੀਜਾਭਾਟ’ ਦੇ ਪੋਸਟਮਾਸਟਰ ਸੰਜੂ ਠਾਕੁਰ ਅਤੇ ਉਸ ਦੇ ਸਹਾਇਕ ਲੋਕੇਸ਼ ਸਿਨ੍ਹਾ ਵਿਰੁੱਧ ਵੱਖ-ਵੱਖ ਬੱਚਤ ਯੋਜਨਾਵਾਂ ਦੇ ਤਹਿਤ ਪੇਂਡੂਆਂ ਵਲੋਂ ਜਮ੍ਹਾ ਕਰਵਾਈ ਗਈ 50 ਲੱਖ ਰੁਪਏ ਤੋਂ ਵੱਧ ਰਕਮ ਦਾ ਗਬਨ ਕਰ ਕੇ ਅਤੇ 250 ਤੋਂ ਵੱਧ ਜਮ੍ਹਾਕਰਤਿਆਂ ਦੀਆਂ ਪਾਸ ਬੁੱਕਾਂ ਲੈ ਕੇ ਫਰਾਰ ਹੋ ਜਾਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।
ਜਨਤਕ (ਸਰਕਾਰੀ) ਖਜ਼ਾਨਾ ਜਨਤਾ ਦੀ ਅਮਾਨਤ ਹੁੰਦਾ ਹੈ ਜੋ ਜਨਤਾ ’ਤੇ ਹੀ ਖਰਚ ਕੀਤਾ ਜਾਣਾ ਚਾਹੀਦਾ ਹੈ ਪਰ ਅਜਿਹਾ ਨਾ ਕਰ ਕੇ ਸਰਕਾਰੀ ਧਨ ਨੂੰ ਨਿੱਜੀ ਸਵਾਰਥਾਂ ਦੀ ਖਾਤਿਰ ਹੜੱਪ ਜਾਣਾ ਕਿਸੇ ਵੀ ਨਜ਼ਰੀਏ ਤੋਂ ਜਾਇਜ਼ ਨਹੀਂ ਕਿਹਾ ਜਾ ਸਕਦਾ।
ਇਸ ਲਈ ਅਜਿਹਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ, ਤਾਂਕਿ ਲੋਕਾਂ ਦਾ ਖੂਨ-ਪਸੀਨੇ ਨਾਲ ਕਮਾਇਆ ਹੋਇਆ ਧਨ ਇਸ ਤਰ੍ਹਾਂ ਗਲਤ ਹੱਥਾਂ ’ਚ ਨਾ ਜਾਏ ਅਤੇ ਸੁਰੱਖਿਅਤ ਰਹੇ।
–ਵਿਜੇ ਕੁਮਾਰ


Inder Prajapati

Content Editor

Related News