‘ਪੁਰਸ਼ੋਤਮ’ ਅਤੇ ‘ਨਰੋਤਮ’ ਹਨ ਭਗਵਾਨ ਸ਼੍ਰੀ ਰਾਮ

Monday, Jan 22, 2024 - 11:52 AM (IST)

‘ਪੁਰਸ਼ੋਤਮ’ ਅਤੇ ‘ਨਰੋਤਮ’ ਹਨ ਭਗਵਾਨ ਸ਼੍ਰੀ ਰਾਮ

‘ਰਾਮੋ ਵਿਗ੍ਰਹਵਾਨ ਧਰਮ।’ ਇਹ ‘ਰਾਮਤਵ’ ਦਾ ਬੀਜ ਸ਼ਬਦ ਹੈ। ਰਾਮ ਧਰਮ ਦੇ ‘ਵਿਗ੍ਰਹਿ’ ਹਨ, ਮੂਰਤੀ ਨਹੀਂ। ਵਿਗ੍ਰਹਿ ’ਚ ਜਾਨ ਹੁੰਦੀ ਹੈ। ਮੂਰਤੀ ਸਾਹਹੀਣ ਹੁੰਦੀ ਹੈ। ਰਾਮ ਨਾਮ ਨਾਲ ਧਰਮ ਧੜਕਦਾ ਹੈ। ਵਾਲਮੀਕਿ ਰਾਮਾਇਣ ਦੇ ‘ਅਰਣਯਕਾਂਡ’ ਦਾ ਇਹ ਸੂਤਰ ਰਾਮ ਨੂੰ ਸੰਪੂਰਨਤਾ ’ਚ ਪਰਿਭਾਸ਼ਿਤ ਕਰਦਾ ਹੈ। ਇਹ ਇਕ ਵਾਕ ਸਮੁੱਚੇ ਕਾਲਖੰਡ, ਧਰਮਸ਼ਾਸਤਰ, ਰਿਸ਼ੀ ਬਚਨਾਂ ’ਤੇ ਭਾਰੀ ਪੈਂਦਾ ਹੈ। ਇਹ ਸੂਤਰ ਇੰਨੇ ਅਕਾਲ ਅਰਥਾਂ ਨਾਲ ਗੂੰਜਦਾ ਹੈ ਕਿ ਇਸ ’ਚ ਸਮੁੱਚੇ ਵਿਸ਼ਵ-ਸੱਭਿਆਚਾਰ ਦੇ ‘ਰਾਮਤੱਤ’ ਦੀਆਂ ਆਨੰਤ ਵਿਆਖਿਆਵਾਂ ਪ੍ਰਗਟ ਹੁੰਦੀਆਂ ਹਨ। ਸਾਡੀ ਮਾਨਵੀ, ਜਾਤੀ, ਲੋਕ ਚੇਤਨਾ, ਇਤਿਹਾਸਕ, ਵੈਦਿਕ ਅਤੇ ਪੌਰਾਣਿਕ ਚੇਤਨਾ ’ਚ ਜੋ ਵੀ ਸਰਵਉੱਤਮ ਹੈ, ਸਰਵ ਅਨੁਕੂਲ ਹੈ, ਸਾਰੇ ਸਮਿਆਂ ਦਾ ਹੈ, ਸਰਵ ਧਰਮ ਹੈ, ਉਹ ਸਭ ‘ਰਾਮਤੱਤ’ ’ਚ ਸਮਾਉਂਦਾ ਹੈ। ਵਿਸ਼ਵ ਸੱਭਿਆਚਾਰ ’ਚ ਫੈਲੇ ਰਾਮਤੱਤ ਤੱਕ ਮਨੁੱਖ ਲਈ ਜੋ ਵੀ ਸਰਵੋਤਮ ਹੈ, ਉਹ ‘ਰਾਮ’ ਹੈ।

ਰਾਮ ਕੌਣ ਹਨ? ਕੀ ਹਨ? ਸ਼ਾਇਦ ਇਹ ਸਵਾਲ ਵਾਲਮੀਕਿ ਨੂੰ ਵੀ ਸਤਾ ਰਿਹਾ ਸੀ। ‘ਚਾਰਿਤ੍ਰੇਣ ਚ ਕੋ ਯੁਕਤ : ਸਰਭੂਤੇਸ਼ੁ ਕੋ ਹਿਤ :।’ ਜ਼ਿੰਦਗੀ ’ਚ ਚਰਿੱਤਰ ਨਾਲ ਯੁਕਤ ਕੌਣ ਹੈ? ਜੋ ਸਾਰੇ ਪ੍ਰਾਣੀਆਂ ਦੇ ਕਲਿਆਣ ’ਚ ਰੁਚੀ ਰੱਖਦਾ ਹੋਵੇ। ਜੋ ਦੇਖਣ ’ਚ ਵੀ ਸੁਖਦ ਅਤੇ ਦਰਸ਼ਨੀ ਹੋਵੇ। ਦੇਵ, ਰਾਕਸ਼ਸਾਂ, ਯਕਸ਼ਾਂ, ਯੋਧਿਆਂ, ਰਿਸ਼ੀਆਂ, ਸੰਤਾਂ, ਮੁਨੀਆਂ ਦੀ ਭੀੜ ਦਰਮਿਆਨ ਇਹ ਸਵਾਲ ਵਾਲਮੀਕਿ ਨੇ ਨਾਰਦ ਨੂੰ ਕੀਤਾ ਸੀ। ਅਜਿਹਾ ਬੇਦਾਗ ਚਰਿੱਤਰ, ਜੋ ਸਾਰੇ ਪ੍ਰਾਣੀਆਂ ਦੇ ਹਿੱਤ ’ਚ ਹੋਵੇ ਅਤੇ ਉਸ ਨੂੰ ਵਿਦਵਾਨਾਂ ਦੀ ਵੀ ਹਮਾਇਤ ਮਿਲੇ।

ਰਾਮ ‘ਸਰੀਰਧਾਰੀ ਧਰਮ’ ਹਨ। ਉਹ ਧਰਮ ਦੇ ਪ੍ਰਮਾਣ ਮਾਤਰ ਪ੍ਰਤੀਕ ਹੋ ਜਾਂਦੇ ਹਨ ਭਾਵ ਰਾਮ ਜੋ ਕਰਦੇ ਹਨ, ਉਹ ਧਰਮ ਹੋ ਜਾਂਦਾ ਹੈ। ਮਨ, ਬਾਣੀ, ਕਰਮ ਅਤੇ ਆਚਰਣ ਨਾਲ ਰਾਮ ਜੋ ਕੁਝ ਵੀ ਕਰਦੇ ਹਨ, ਉਸ ਨਾਲ ਧਰਮ ਦੀ ਵਿਆਖਿਆ ਹੁੰਦੀ ਹੈ। ਰਾਮ ਰਾਜਾ ਹਨ। ਰਾਮ ਬਣਵਾਸੀ ਹਨ। ਰਾਮ ਸੁਹਿਰਦ ਭਰਾ ਹਨ। ਰਾਮ ਸੰਵੇਦਨਸ਼ੀਲ ਪਤੀ ਹਨ। ਰਾਮ ਸਭ ਦੇ ਹਨ। ਰਾਮ ਸਭ ’ਚ ਹਨ, ਉਹ ਈਸ਼ਵਰ ਹੋ ਕੇ ਵੀ ਮਨੁੱਖ ਹਨ। ਈਸ਼ਵਰ ਜਦੋਂ ਮਨੁੱਖ ਹੋਵੇਗਾ, ਤਦ ਮਨੁੱਖਾਂ ਦੀ ਸ਼ਾਨ ਵਧੇਗੀ। ਉਨ੍ਹਾਂ ਦੇ ਸਾਰੇ ਕੰਮ ਮਨੁੱਖੀ ਹਨ। ਇਸਤਰੀ ਦੇ ਵਿਯੋਗ ’ਚ ਉਹ ਦੁਖੀ ਹਨ। ਭਾਈ ਦੇ ਵਿਯੋਗ ’ਚ ਉਹ ਰੋਂਦੇ ਹਨ, ਇਸ ਲਈ ਉਹ ਲੋਕਾਈ ਨਾਲ ਸਿੱਧੇ ਜੁੜ ਜਾਂਦੇ ਹਨ। ਹਰ ਮਨੁੱਖ ਉਨ੍ਹਾਂ ਨੂੰ ਆਪਣਾ ਮੰਨ ਲੈਂਦਾ ਹੈ। ਉਸ ਨੂੰ ਲੱਗਦਾ ਹੈ, ਰਾਮ ਸਾਡੇ ਵਾਂਗ ਹੀ ਹਨ। ਸ਼ਾਇਦ ਇਸ ਲਈ ਰਾਮ ਲਈ ‘ਪੁਰਸ਼ੋਤਮ’ ਅਤੇ ‘ਨਰੋਤਮ’ ਵਰਗੀਆਂ ਤਸ਼ਬੀਹਾਂ ਬਣੀਆਂ। ਰਾਮ ‘ਧੀਰੋਦਾਤ ਨਾਇਕ’ ਦੀ ਸਭ ਤੋਂ ਵੱਡੀ ਮਿਸਾਲ ਹਨ।

ਇਸ ਸੰਸਾਰ ਦੇ ਰਾਮ : ਰਾਮ ਅਦਿੱਖ ਨਹੀਂ ਸਨ। ਰਾਮ ਮਿੱਥਕ ਨਹੀਂ ਸਨ। ਰਾਮ ਨੇ ਇਸੇ ਧਰਤੀ ’ਤੇ ਜਨਮ ਲਿਆ। ਰਾਮ ਨੇ ਮਨੁੱਖ ਦਾ ਜੀਵਨ ਜਿਊਂਦੇ ਹੋਏ ਈਸ਼ਵਰ ਦਾ ਰੁਤਬਾ ਪ੍ਰਾਪਤ ਕੀਤਾ। ਰਾਮ ਦਾ ਜੀਵਨ ਬਿਲਕੁਲ ਮਾਨਵੀ ਢੰਗ ਨਾਲ ਬੀਤਿਆ। ਉਨ੍ਹਾਂ ਦੇ ਵਿਅਕਤੀਤਵ ’ਚ ਦੂਜੇ ਦੇਵਤਿਆਂ ਵਾਂਗ ਕਿਸੇ ਚਮਤਕਾਰ ਦੀ ਗੂੰਜਾਇਸ਼ ਨਹੀਂ ਹੈ। ਆਮ ਆਦਮੀ ਦੀ ਮੁਸ਼ਕਲ ਉਨ੍ਹਾਂ ਦੀ ਮੁਸ਼ਕਲ ਹੈ। ਉਹ ਲੁੱਟ, ਡਕੈਤੀ, ਅਗਵਾ ਅਤੇ ਭਰਾਵਾਂ ਤੋਂ ਸੱਤਾ ਦੀ ਬੇਦਖਲੀ ਵਰਗੀਆਂ ਉਨ੍ਹਾਂ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਸਮੱਸਿਆਵਾਂ ਨਾਲ ਅੱਜ ਦਾ ਆਮ ਆਦਮੀ ਜੂਝ ਰਿਹਾ ਹੈ। ਕ੍ਰਿਸ਼ਨ ਅਤੇ ਸ਼ਿਵ ਹਰ ਪਲ ਚਮਤਕਾਰ ਕਰਦੇ ਹਨ ਪਰ ਰਾਮ ਕਥਾ ਚਮਤਕਾਰ ਨਹੀਂ, ਲੌਕਿਕਤਾ ਹੈ।

ਦਸ਼ਰਥ ਦਾ ਪੁੱਤਰ ਹੋਣਾ ਸਿਰਫ ਰਾਮ ਦੇ ਵਿਅਕਤੀਤਵ ਨੂੰ ਨਹੀਂ ਉਸਾਰਦਾ। ਰਾਮ ਸੱਤਾ, ਵੰਸ਼ ਜਾਂ ਸ਼ਕਤੀ ਨਾਲ ਪੋਸ਼ਿਤ ਨਹੀਂ ਹੁੰਦੇ। ਉਹ ਨਾਇਕਵਾਦ ਅਤੇ ਰਾਜਤੱਤ ਦੋਵੇਂ ਅਰਜਿਤ ਕਰਦੇ ਹਨ। ਰਾਮ ਪਰਿਵਾਰ ਦੀ ਬਦੌਲਤ ਨਹੀਂ, ਯਤਨਾਂ ਦੀ ਬਦੌਲਤ ਹਨ। ਦੁਨੀਆ ਦੇ ਅਨੇਕਾਂ ਨਾਇਕਾਂ ਲਈ ਸੱਤਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਪਰ ਰਾਮ ਕੋਲ ਆਪਣੇ ਪਿਤਾ ਦੇ ਖੁਸ਼ਹਾਲ ਰਾਜ ਅਯੁੱਧਿਆ ਤੋਂ ਵੱਡੀ ਚੀਜ਼ ਆਪਣੇ ਆਪ ’ਚ ਸਥਾਪਿਤ ਹੈ।

ਰਾਮ ਸਾਧਕ ਹਨ, ਸਾਧਨ ਨਹੀਂ। ਗਾਂਧੀ ਦਾ ਰਾਮ ਸਨਾਤਨ, ਅਣਜੰਮਿਆ ਅਤੇ ਵਿਲੱਖਣ ਹੈ। ਉਹ ਸਿਰਫ ਦਸ਼ਰਥ ਦਾ ਪੁੱਤਰ ਅਤੇ ਅਯੁੱਧਿਆ ਦਾ ਰਾਜਾ ਨਹੀਂ ਹੈ। ਉਹ ਆਤਮਸ਼ਕਤੀ ਦਾ ਉਪਾਸਕ ਅਤੇ ਪ੍ਰਬਲ ਸੰਕਲਪ ਦਾ ਪ੍ਰਤੀਕ ਹੈ। ਉਹ ਕਮਜ਼ੋਰ ਦਾ ਇਕੋ ਇਕ ਸਹਾਰਾ ਹਨ। ਉਸ ਦੀ ਕਸੌਟੀ ਪਰਜਾ ਦਾ ਸੁੱਖ ਹੈ। ਉਹ ਸਭ ਨੂੰ ਅੱਗੇ ਵਧਣ ਦੀ ਪ੍ਰੇਰਣਾ ਅਤੇ ਤਾਕਤ ਦਿੰਦਾ ਹੈ। ਹਨੂੰਮਾਨ, ਸੁਗਰੀਵ, ਜਾਮਬਵੰਤ, ਨਲ, ਨੀਲ ਸਾਰਿਆਂ ਨੂੰ ਸਮੇਂ-ਸਮੇਂ ’ਤੇ ਅਗਵਾਈ ਦਾ ਅਧਿਕਾਰ ਉਨ੍ਹਾਂ ਨੇ ਦਿੱਤਾ।

ਉਨ੍ਹਾਂ ਦੀ ਜ਼ਿੰਦਗੀ ਬਿਨਾਂ ਕੁਝ ਹੜੱਪੇ ਸਭ ਨੂੰ ਸਭ ਦਾ ਹੱਕ ਦੇਣ ਦੀ ਮਿਸਾਲ ਹੈ। ਉਹ ਦੇਸ਼ ’ਚ ਸ਼ਕਤੀ ਦਾ ਸਿਰਫ ਇਕ ਕੇਂਦਰ ਬਣਾਉਣਾ ਚਾਹੁੰਦੇ ਹਨ। ਰਾਮਾਇਣ ਕਾਲ ’ਚ ਦੇਸ਼ ’ਚ ਸ਼ਕਤੀ ਅਤੇ ਪ੍ਰਭੂਤਾ ਦੇ ਦੋ ਵਿਰੋਧੀ ਕੇਂਦਰ ਸਨ। ਅਯੁੱਧਿਆ ਅਤੇ ਲੰਕਾ। ਅਯੁੱਧਿਆ ਸਾਤਵਿਕ ਭਗਤੀ ਦੀ ਪ੍ਰਤੀਕ ਸੀ ਅਤੇ ਲੰਕਾ ਰਾਕਸ਼ੀ ਤਾਕਤਾਂ ਦਾ ਗੜ੍ਹ। ਰਾਮ ਪਾਪ ਦੇ ਵਿਰੁੱਧ ਸੱਚ ਦੀ ਸ਼ਕਤੀ ਦੀ ਸਥਾਪਨਾ ਕਰਨਾ ਚਾਹੁੰਦੇ ਸਨ, ਇਸ ਲਈ ਰਾਮ ਅਯੁੱਧਿਆ ਤੋਂ ਲੰਕਾ ਗਏ।

ਰਸਤੇ ’ਚ ਉਨ੍ਹਾਂ ਨੇ ਕਈ ਰਾਜ ਜਿੱਤੇ ਪਰ ਰਾਮ ਨੇ ਜਿੱਤੇ ਹੋਏ ਰਾਜ ਹੜੱਪੇ ਨਹੀਂ। ਉਨ੍ਹਾਂ ਦੀ ਜਿੱਤ ਵਿਨੀਤ ਸੀ। ਜਿੱਤੇ ਰਾਜਾਂ ਨੂੰ ਉੱਥੇ ਦੇ ਯੋਗ ਅਧਿਕਾਰੀਆਂ ਨੂੰ ਸੌਂਪਿਆ। ਸੁਗਰੀਵ ਅਤੇ ਵਿਭੀਸ਼ਣ ਨੂੰ ਜਿੱਤਿਆ ਹੋਇਆ ਰਾਜ ਸੌਂਪ ਕੇ ਅੱਗੇ ਵਧ ਗਏ। ਇਸ ਲਈ ਅਲਾਮਾ ਇਕਬਾਲ ਕਹਿੰਦੇ ਹਨ ‘ਹੈ ਰਾਮ ਕੇ ਵਜੂਦ ਪੇ ਹਿੰਦੋਸਤਾਂ ਕੋ ਨਾਜ਼, ਅਹਲੇ ਨਜ਼ਰ ਸਮਝਤੇ ਹੈਂ, ਉਸ ਕੋ ਇਮਾਮ-ਏ-ਹਿੰਦ।’

ਵੀਰਤਾ ਦੇ ਨਾਲ ਰਾਮ ਦੇ ਚਰਿੱਤਰ ’ਚ 2 ਹੋਰ ਤੱਤ ਜੁੜਦੇ ਹਨ, ਜੋ ਉਨ੍ਹਾਂ ਦੇ ਲੋਕਨਾਇਕ ਹੋਣ ਦਾ ਸਭ ਤੋਂ ਵੱਡਾ ਆਧਾਰ ਹਨ। ਉਹ ਹੈ ‘ਨਿਮਰਤਾ’ ਅਤੇ ‘ਹਮਦਰਦੀ’। ਰਾਮ ਈਸ਼ਵਰ ਦੇ ਅਵਤਾਰ ਹੁੰਦੇ ਹੋਏ ਵੀ ਆਮ ਮਨੁੱਖ ਰਹੇ। ਰਾਮ ਨਾਲ ਨਿਮਰਤਾ ਅਤੇ ਹਮਦਰਦੀ ਧਰਮ ਬਣ ਕੇ ਸਥਾਪਿਤ ਹੁੰਦਾ ਹੈ।

ਰਾਮ ਖੇਤਰਵਾਦੀ ਨਹੀਂ ਹਨ। ਰਾਮ ਵਿਸਥਾਰਵਾਦੀ ਨਹੀਂ ਹਨ। ਰਾਮ ਜਗੀਰੂ ਨਹੀਂ ਹਨ। ਰਾਮ ਜਾਤੀਵਾਦੀ ਨਹੀਂ ਹਨ। ਰਾਮ ਹੰਕਾਰੀ ਨਹੀਂ ਹਨ। ਤਾਂ ਫਿਰ ਰਾਮ ਕੀ ਹਨ? ਰਾਮ ਨਿਆਂਪਸੰਦ ਹਨ। ਰਾਮ ਭਾਵਪਸੰਦ ਹਨ। ਰਾਮ ਸੱਚ ਦੇ ਪ੍ਰੇਮੀ ਹਨ। ਰਾਮ ਅਨੁਸ਼ਾਸਨ ਪ੍ਰੇਮੀ ਹਨ। ਰਾਮ ਸਭ ਨੂੰ ਇਕੋ ਨਜ਼ਰ ਨਾਲ ਦੇਖਣ ਵਾਲੇ ਹਨ। ਰਾਮ ਅੰਤ ਵੀ ਹਨ। ਰਾਮ ‘ਕਰਮਯੋਗੀ’ ਹਨ। ਗੀਤਾ ਦਾ ਸਮਾਂ ਰਾਮ ਦੇ ਬਾਅਦ ਦਾ ਹੈ। ਜੇ ਗੀਤਾ ਨਾ ਹੁੰਦੀ ਤਾਂ ਰਾਮ ਦੀ ਜੀਵਨਗਾਥਾ ਹੀ ਗੀਤਾ ਦੇ ਕਰਮਯੋਗ ਦੀ ਸੁੰਦਰ ਗਾਥਾ ਬਣਦੀ।

ਰਾਮ ‘ਪੁਰਸ਼ੋਤਮ’ ਹਨ। 9 ਗੁਣਾਂ ਦੀ ਪ੍ਰਸਤਾਵਨਾ ਕਰਦੇ ਹਨ। ਪਹਿਲਾ ਹੈ ‘ਜਿਜੀਵਿਸ਼ਾ’ ਭਾਵ ਜੂਝਣ ਦਾ ਹੌਸਲਾ ਪਰ ਨਿਮਰਤਾ ਅਤੇ ਅਨੁਸ਼ਾਸਨ ਨਾਲ। ਦੂਜਾ ਹੈ ‘ਰੱਖਿਆ’, ਭਾਵ ਕਮਜ਼ੋਰਾਂ ਦੀ ਦੁਸ਼ਟਾਂ ਤੋਂ ਸੁਰੱਖਿਆ ਅਤੇ ਦੁਸ਼ਮਣਾਂ ਦਾ ਨਾਸ। ਤੀਜਾ ‘ਦੀਪਤੀਸ਼ੀਲ’ ਅਤੇ ‘ਖੂਬਸੂਰਤੀ ਦੀ ਆਭਾ’। ਚੌਥਾ ‘ਪੁਰਸ਼ਾਰਥ’, ਜੋ ਤਿਆਗ ਨਾਲ ਸੰਯੁਕਤ ਹੁੰਦਾ ਹੈ। ਪੰਜਵਾਂ ਹੈ ‘ਮਹਾਕਰੁਣਾ’। ਛੇਵਾਂ ਹੈ ‘ਪ੍ਰਚੋਦਨ’, ਭਾਵ ਭਵਿੱਖ ਲਈ ਪ੍ਰੇਰਣਾ ਬਣਨ ਦੀ ਸ਼ਕਤੀ। 7ਵਾਂ ਹੈ ‘ਸਬਲਤਾ’, ਭਾਵ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ’ਚ ਵਿਸਥਾਰ। 8ਵਾਂ ਹੈ ‘ਭੂਮਾ’, ਭਾਵ ਯੱਸ਼ ਅਤੇ ਪ੍ਰਤਾਪ ਦਾ ਵਿਸਥਾਰ ਅਤੇ ਨੌਵਾਂ ਹੈ ‘ਐਸ਼ਵਰਯ’ ਜਾਂ ‘ਰਿਧੀ’। ਇਨ੍ਹਾਂ ਤੱਤਾਂ ਦਾ ਪੁੰਜ ਅਵਤਾਰ ਹੀ ‘ਰਾਮ’ ਹੁੰਦਾ ਹੈ।

ਦੇਵਤਿਆਂ ’ਚ ਸਿਰਫ ਵਿਸ਼ਨੂੰ ਹੀ ਅਜਿਹੇ ਹਨ ਜਿਨ੍ਹਾਂ ’ਚ ਇਹ ਨੌਂ ਗੁਣ ਬਿਰਾਜਮਾਨ ਹਨ। ਮਨੁੱਖ ਹੁੰਦੇ ਹੋਏ ਵੀ ਰਾਮ ਦਾ ਚਰਿੱਤਰ ਇਨ੍ਹਾਂ 9 ਗੁਣਾਂ ਨਾਲ ਵਿਭੂਸ਼ਿਤ ਹੈ।

ਰਾਮਾਇਣ ਦੇ ਰੂਪ ’ਚ ਮਹਾਰਿਸ਼ੀ ਵਾਲਮੀਕਿ ਨੇ ਭਾਰਤੀ ਸੱਭਿਆਚਾਰ ਨੂੰ ਉਹ ਆਧਾਰ ਦਿੱਤਾ, ਜੋ ਇੰਨਾ ਵਿਰਾਟ ਅਤੇ ਬਹੁਕੋਣੀ ਸੀ ਕਿ ਇਸ ਪਿੱਛੋਂ ਦੇਵਤਿਆਂ ਦੀ ਲੋੜ ਹੀ ਨਹੀਂ ਰਹਿ ਗਈ।

ਤੁਲਸੀ ਤਾਂ 16ਵੀਂ ਸਦੀ ’ਚ ਆਉਂਦੇ ਹਨ ਅਤੇ ਆਉਂਦੇ ਹੀ ਉਹ ‘ਸੰਸਕ੍ਰਿਤ’ ਦੀ ਸੀਮਾ ਉਲੰਘ ਕੇ ਭਾਰਤੀ ਭਾਸ਼ਾਵਾਂ ਦੇ ਦੁਲਾਰੇ ਹੋ ਜਾਂਦੇ ਹਨ। ਤੁਲਸੀ ਨੂੰ ਜੋ ‘ਰਾਮ’ ਮਿਲੇ, ਉਹ ਲੋਕ ਸਭਾ ’ਚ ਪੁਰਸ਼ੋਤਮ ਸਨ। ਰਾਮ ਦਾ ਪੂਰਾ ਚਰਿੱਤਰ ਬ੍ਰਹਮ ਆਦਰਸ਼ ਸੀ।

ਰਾਮਕਥਾ ‘ਲੋਕਤੰਤਰ ਦੀ ਜਨਣੀ’ ਹੈ। ਲੋਕਤੰਤਰ ’ਚ ਦੋ ਪੱਖ ਹੁੰਦੇ ਹਨ, ‘ਧਿਰ’ ਅਤੇ ‘ਵਿਰੋਧੀ ਧਿਰ’। ਰਾਮ ਚੌਦਾਂ ਸਾਲ ਸਰਕਾਰ ’ਚ ਨਹੀਂ, ਵਿਰੋਧੀ ਧਿਰ ’ਚ ਰਹੇ। ਉਨ੍ਹਾਂ ਦਾ ਇਹ ਜੀਵਨ ਵਿਰੋਧ ’ਚ ਬੀਤਿਆ।

ਰਾਮ ਅਯੁੱਧਿਆ ਦੇ ਰਾਜਕੁਮਾਰ ਸਨ। ਇਕਸ਼ਵਾਕੁ ਵੰਸ਼ ਦੇ 64ਵੇਂ ਰਾਜਾ ਸਨ। ਸੂਰਯਵੰਸ਼ੀ ਸਮਰਾਟ ਸਨ। ਪਿਤਾ ਦੀ ਆਗਿਆ ਨਾਲ ਬਣਵਾਸ ਨੂੰ ਗਏ। ਰਾਮ ਅਯੁੱਧਿਆ ਤੋਂ ਨਿਕਲ ਕੇ ਅੱਜ ਦੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਓਡਿਸ਼ਾ, ਮਹਾਰਾਸ਼ਟਰ, ਤੇਲੰਗਾਨਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਹੋ ਕੇ ਲੰਕਾ ਤੱਕ ਗਏ। ਅਯੁੱਧਿਆ ’ਚ ਸਰਯੂ ਦੇ ਤੱਟ ਤੋਂ ਲੈ ਕੇ ਰਾਮੇਸ਼ਵਰਮ ’ਚ ਸਮੁੰਦਰ ਤੱਟ ਤੱਕ ਪ੍ਰਭੂ ਰਾਮ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ। ਹੁਣ ਤਾਂ ਉਨ੍ਹਾਂ 298 ਸਥਾਨਾਂ ’ਤੇ ਜਿੱੱਥੇ-ਜਿੱਥੇ ਰਾਮ ਦੇ ਚਰਨ ਪਏ, ਉਨ੍ਹਾਂ ਦੀ ਨਿਸ਼ਾਨਦੇਹੀ ਕਰ ਕੇ ਉੱਥੇ ਪਛਾਣ ਦੇ ਪੱਥਰ ਲਾਏ ਜਾ ਰਹੇ ਹਨ ਤਾਂ ਕਿ ਰਾਮਭਗਤ ਅਸਾਨੀ ਨਾਲ ਉਸ ਰਾਹ ’ਤੇ ਚੱਲ ਸਕਣ ਜਿਸ ’ਤੇ ਕਦੀ ਰਾਮ ਦੇ ਚਰਨ ਪਏ। ਜਿਸ ਤਾਮਿਲਨਾਡੂ ਤੋਂ ਸਨਾਤਨ ’ਤੇ ਸਭ ਤੋਂ ਵੱਧ ਹਮਲੇ ਕੀਤੇ ਜਾਂਦੇ ਹਨ, ਉਸੇ ਤਾਮਿਲਨਾਡੂ ’ਚ ਰਾਮ ਦੇ ਸਭ ਤੋਂ ਜ਼ਿਆਦਾ ਸਬੂਤ ਹਨ।

ਗਾਂਧੀ ਦੇ ਦਰਸ਼ਨ ਦਾ ਆਧਾਰ ਰਾਮ ਹਨ। ਗਾਂਧੀ ਦੀ ਸ਼ਕਤੀ ਦਾ ਆਧਾਰ ਰਾਮ ਹਨ। ਗਾਂਧੀ ਦੀ ਪ੍ਰੇਰਣਾ ਰਾਮ ਹਨ। ਗਾਂਧੀ ਨੂੰ ਸਮਝਣ ਦੇ ਸੂਤਰ ਵੀ ਰਾਮ ਹਨ। ਗਾਂਧੀ ਦੇ ਜੀਵਨ-ਦਰਸ਼ਨ ਤੋਂ ਲੈ ਕੇ ਅੰਤਿਮ ਸ਼ਬਦ ਤੱਕ ਰਾਮ ਹੀ ਸ਼ਾਮਲ ਹਨ। ਰਾਮ ਦੇ ਚਰਿੱਤਰ ਅਨੁਸਾਰ ਹੀ ਗਾਂਧੀ ਦਾ ਚਰਿੱਤਰ ਹੈ। ਇਕ ਅਹਿੰਸਾ ਨੂੰ ਛੱਡ ਦਈਏ ਤਾਂ ਗਾਂਧੀ ਰਾਮ ਦੇ ਅਧੀਨ ਨਜ਼ਰ ਆਉਂਦੇ ਹਨ।

ਰਾਮ ਦੀ ਦ੍ਰਿਸ਼ਟੀ ਕ੍ਰਿਸ਼ਨ ਦੀ ਦ੍ਰਿਸ਼ਟੀ ਤੋਂ ਵੀ ਵਿਆਪਕ ਹੈ ਕਿਉਂਕਿ ਕ੍ਰਿਸ਼ਨ ਇਕੱਲੇ ਕਥਾ ਦੇ ਨਾਇਕ ਨਿਰਲੇਪ ਹਨ ਜਦਕਿ ਰਾਮ ਸੰਜਮ, ਸਹਿਭਾਵ, ਸਮਭਾਵ ਅਤੇ ਸਮਝੌਤੇ ਦੇ ਨਾਲ ਜਿਊਣ ਵਾਲੇ ਆਦਰਸ਼। ਰਾਮ ਤਿਆਗ ’ਤੇ ਚੱਲਦੇ ਹਨ ਅਤੇ ਕ੍ਰਿਸ਼ਨ ਕਰਮ ’ਤੇ। ਰਾਮ ਕੋਲ ਕਰਮ ਦੀ ਰਹਿਤ ਨਹੀਂ ਹੈ ਪਰ ਉਹ ਤਿਆਗ ਅਤੇ ਸੰਤੁਲਨ ਦੀ ਸੋਧ ਨਾਲ ਆਪਣੇ ਕਰਮ ਨੂੰ ਕਸੌਟੀ ’ਤੇ ਕੱਸਦੇ ਹਨ। (ਲੇਖਕ ਅਯੁੱਧਿਆ ਨਾਲ ਜੁੜੀਆਂ ਕਈ ਕਿਤਾਬਾਂ ਦੇ ਲੇਖਕ ਹਨ।)- ਹੇਮੰਤ ਸ਼ਰਮਾ


author

Rakesh

Content Editor

Related News