‘ਇੰਡੀਆ’ ਗੱਠਜੋੜ ਦਾ ਹਸ਼ਰ ਯੂ.ਪੀ.ਏ ਵਰਗਾ ਨਾ ਹੋ ਜਾਵੇ
Tuesday, Dec 10, 2024 - 01:25 PM (IST)
ਜੇਕਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ‘ਇੰਡੀਆ’ ਗਠਜੋੜ ਦੇ ਅੰਦਰ ਦਿਖਾਈ ਦੇਣ ਵਾਲੀ ਏਕਤਾ ਅਤੇ ਹਮਲਾਵਰਤਾ ਸੱਤਾ ਤੋਂ ਵੀ ਹੌਲੀ-ਹੌਲੀ ਕਮਜ਼ੋਰ ਹੁੰਦੀ ਜਾ ਰਹੀ ਹੈ ਜਾਂ ਅਲੋਪ ਹੋ ਰਹੀ ਹੈ ਤਾਂ ਇਸ ਨੂੰ ਭਾਰਤੀ ਰਾਜਨੀਤੀ ਲਈ ਇਕ ਮਹੱਤਵਪੂਰਨ ਘਟਨਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ‘ਇੰਡੀਆ’ ਗਠਜੋੜ ਦੀਆਂ ਪਾਰਟੀਆਂ ਅਤੇ ਨੇਤਾਵਾਂ ਵਿਚ ਭਾਜਪਾ ਦਾ ਵਿਰੋਧ ਕਰਨ ਜਾਂ ਉਸ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਉਸ ਥਾਂ ’ਤੇ ਆਉਣ ਦੀ ਭਾਵਨਾ ਨਹੀਂ ਹੈ ਪਰ ਆਮ ਦ੍ਰਿਸ਼ਟੀਕੋਣ ਤੋਂ ਵੀ ਜੇਕਰ ਸੰਸਦ ਦੇ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਪ੍ਰਤੀ ਕੋਈ ਇਕ ਪਾਰਟੀ ਸਭ ਤੋਂ ਵੱਧ ਹਮਲਾਵਰ ਦੁਸ਼ਮਣੀ ਦਿਖਾ ਰਹੀ ਹੈ ਤਾਂ ਉਹ ਸਿਰਫ਼ ਕਾਂਗਰਸ ਹੀ ਹੈ। ਅਡਾਨੀ ਮੁੱਦੇ ’ਤੇ ਪ੍ਰਦਰਸ਼ਨ ਦੇ ਦੌਰਾਨ ਦਾ ਦ੍ਰਿਸ਼ ਸਾਫ਼ ਜ਼ਾਹਰ ਕਰਦਾ ਹੈ ਕਿ ਕਾਂਗਰਸ ਇਸ ਮਾਮਲੇ ’ਚ ਇਕੱਲੀ ਪੈ ਰਹੀ ਹੈ। ਤ੍ਰਿਣਮੂਲ ਕਾਂਗਰਸ ਅਤੇ ਸਪਾ ਇਸ ਵਿਚ ਨਹੀਂ ਸਨ। ਹਾਲਾਂਕਿ ਸੰਸਦ ਦੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ, ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਕਮਰੇ ’ਚ ਇਕੱਠੇ ਹੁੰਦੇ ਦੇਖੇ ਗਏ।
ਹੌਲੀ-ਹੌਲੀ ਇਹ ਗੱਲ ਬਦਲਣ ਲੱਗੀ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਲੈ ਕੇ ਮੁੱਖ ਵਿਰੋਧੀ ਪਾਰਟੀਆਂ ਅੰਦਰ ਨਿਰਾਸ਼ਾ ਅਤੇ ਦੂਰੀ ਬਣਾਉਣ ਦੀ ਭਾਵਨਾ ਵਧ ਗਈ ਹੈ। ਇਸ ਨਾਲ ‘ਇੰਡੀਆ’ ਗੱਠਜੋੜ ਦੀ ਹੋਂਦ ’ਤੇ ਸਵਾਲ ਤਾਂ ਭਾਵੇਂ ਪੈਦਾ ਨਾ ਹੋਣ ਪਰ ਇਹ ਯਕੀਨੀ ਤੌਰ ’ਤੇ ਲੀਡਰਸ਼ਿਪ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਦਾ ਸੰਕੇਤ ਦਿੰਦੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਇੰਟਰਵਿਊ ’ਚ ਕਿਹਾ ਹੈ ਕਿ ਮੈਂ ‘ਇੰਡੀਆ’ ਗਠਜੋੜ ਨੂੰ ਤਿਆਰ ਕੀਤਾ ਹੈ। ਇਸ ਨੂੰ ਚਲਾਉਣਾ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਜੋ ਇਸ ਦੀ ਅਗਵਾਈ ਕਰ ਰਹੇ ਹਨ। ਜੇਕਰ ਉਹ ਇਸਨੂੰ ਸਹੀ ਢੰਗ ਨਾਲ ਨਹੀਂ ਚਲਾ ਰਹੇ ਤਾਂ ਮੈਂ ਕੀ ਕਰ ਸਕਦੀ ਹਾਂ? ਸਮਾਜਵਾਦੀ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਅਜੇ ਵੀ ‘ਇੰਡੀਆ’ ਗਠਜੋੜ ਦੇ ਨੇਤਾ ਨਹੀਂ ਹਨ। ਉਨ੍ਹਾਂ ਦੀ ਸੰਭਲ ਯਾਤਰਾ ’ਤੇ ਇਕ ਵਿਅੰਗ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਉਨ੍ਹਾਂ ਦੀ ਅਗਵਾਈ ’ਚ ਕਾਂਗਰਸ ਦੇ ਚੋਣਾਂ ਹਾਰ ਜਾਣ ਦਾ ਜ਼ਿਕਰ ਕਰ ਕੇ ਆਪਣੀ ਹੈਸੀਅਤ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ। ਕਿਹਾ ਕਿ ਜੇਕਰ ਕਾਂਗਰਸ ਹਿਮਾਚਲ ’ਚ ਲੋਕ ਸਭਾ ਚੋਣਾਂ ਜਿੱਤਦੀ ਜਾਂ ਤੇਲੰਗਾਨਾ ਅਤੇ ਕਰਨਾਟਕ ਵਿਚ ਅੱਧੀ ਵੀ ਜਿੱਤ ਜਾਂਦੀ ਤਾਂ ਮੋਦੀ ਪ੍ਰਧਾਨ ਮੰਤਰੀ ਨਾ ਹੁੰਦੇ।
ਸੋਚਿਆ ਜਾ ਰਿਹਾ ਹੈ ਕਿ ਲੀਡਰਸ਼ਿਪ ’ਚ ਤਬਦੀਲੀ ਹੋਵੇ। ਰਾਸ਼ਟਰੀ ਜਨਤਾ ਦਲ ਦੇ ਬੁਲਾਰੇ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਨੂੰ ‘ਇੰਡੀਆ’ ਗੱਠਜੋੜ ਦੀ ਅਗਵਾਈ ਕਰਨੀ ਚਾਹੀਦੀ ਹੈ। ਇਹ ਦੱਸਣ ਦੀ ਕੋਈ ਲੋੜ ਨਹੀਂ ਕਿ ਇਨ੍ਹਾਂ ਕਥਨਾਂ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਹੈ। ਵਿਰੋਧੀ ਧਿਰ ਦੀ ਰਾਜਨੀਤੀ ’ਤੇ ਨਜ਼ਰ ਰੱਖਣ ਵਾਲਾ ਕੋਈ ਵੀ ਵਿਅਕਤੀ ਇਹ ਮਹਿਸੂਸ ਕਰ ਸਕਦਾ ਹੈ ਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਲਾਹਕਾਰਾਂ ਅਤੇ ਰਣਨੀਤੀਕਾਰਾਂ ਪ੍ਰਤੀ ਹੋਰ ਗੱਠਜੋੜ ਦੀਆਂ ਪਾਰਟੀਆਂ ਵਿਚ ਸਪੱਸ਼ਟ ਨਾਰਾਜ਼ਗੀ ਹੈ। ਲੋਕ ਸਭਾ ’ਚ ਕਾਂਗਰਸ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਪਾਰਟੀ ਤ੍ਰਿਣਮੂਲ ਅਤੇ ਤੀਜੇ ਨੰਬਰ ’ਤੇ ਸਪਾ ਹੈ। ਇਹ ਦੋਵੇਂ ਪਾਰਟੀਆਂ ਰਾਹੁਲ ਗਾਂਧੀ ਅਤੇ ਕਾਂਗਰਸ ’ਤੇ ਸਪੱਸ਼ਟ ਬੋਲ ਰਹੀਆਂ ਹਨ। ਮਮਤਾ ਬੈਨਰਜੀ ਨੇ ਭਾਵੇਂ ਰਾਹੁਲ ਗਾਂਧੀ ਅਤੇ ਕਾਂਗਰਸ ਦਾ ਨਾਂ ਨਹੀਂ ਲਿਆ ਪਰ ਸਾਫ਼ ਹੈ ਕਿ ਉਹ ਕਿਸ ਤੋਂ ਨਾਰਾਜ਼ ਹਨ। ਉਨ੍ਹਾਂ ਦੀ ਅਗਲੀ ਲਾਈਨ ਵੇਖੋ, ‘‘ਉਹ ਲੋਕ ਮੈਨੂੰ ਵੀ ਪਸੰਦ ਨਹੀਂ ਕਰਦੇ ਪਰ ਮੈਂ ਸਾਰੀਆਂ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੇ ਸੰਪਰਕ ਵਿਚ ਹਾਂ ਅਤੇ ਉਨ੍ਹਾਂ ਨਾਲ ਚੰਗੇ ਸਬੰਧ ਬਣਾ ਕੇ ਚੱਲਦੀ ਹਾਂ।’’ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ‘ਇੰਡੀਆ’ ਗੱਠਜੋੜ ਦੀ ਅਗਵਾਈ ਸੰਭਾਲਣ ਤੋਂ ਕਿਉਂ ਝਿਜਕ ਰਹੇ ਹੋ ਤਾਂ ਮਮਤਾ ਨੇ ਕਿਹਾ, ‘‘ਜੇਕਰ ਮੈਨੂੰ ਗੱਠਜੋੜ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਮੈਂ ਬੰਗਾਲ ਦੀ ਵਾਗਡੋਰ ਸੰਭਾਲਦੇ ਹੋਏ ਇਸ ਨੂੰ ਬੰਗਾਲ ਤੋਂ ਵੀ ਚਲਾ ਸਕਦੀ ਹਾਂ। ਮੈਂ ਬੰਗਾਲ ਦੀ ਮਿੱਟੀ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ।’’ ਜੇਕਰ ਅਸੀਂ ਥੋੜ੍ਹਾ ਪਿੱਛੇ ਜਾਵਾਂਗੇ ਤਾਂ ਅਸੀਂ ਦੇਖਾਂਗੇ ਕਿ ‘ਇੰਡੀਆ’ ਗੱਠਜੋੜ ਵਿਚ ਮੌਜੂਦ ਬਹੁਤ ਸਾਰੇ ਨੇਤਾਵਾਂ ਅਤੇ ਪਾਰਟੀਆਂ ਨੂੰ ਪਹਿਲਾਂ ਵੀ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਲੈ ਕੇ ਸਮੱਸਿਆ ਸੀ ਅਤੇ ਉਨ੍ਹਾਂ ਨੇ ਇਸ ਦਾ ਖੁੱਲ੍ਹ ਕੇ ਪ੍ਰਗਟਾਵਾ ਵੀ ਕੀਤਾ ਸੀ। ਭਾਜਪਾ ਨੇ ਵੀ ਰਾਹੁਲ ਗਾਂਧੀ ’ਤੇ ਓਨੇ ਤਿੱਖੇ ਹਮਲੇ ਨਹੀਂ ਕੀਤੇ ਜਿੰਨੇ ਮਮਤਾ ਬੈਨਰਜੀ ਦੀ ਪਾਰਟੀ ਨੇ ਕੀਤੇ ਹਨ। ਕੋਈ ਉਨ੍ਹਾਂ ਨੂੰ ਬਿਨਾਂ ਜ਼ਿੰਮੇਵਾਰੀ ਤੋਂ ਨੇਤਾ ਅਤੇ ਕੋਈ ਉਨ੍ਹਾਂ ਨੂੰ ਸੰਘਰਸ਼ ਦੇ ਸਮੇਂ ਵਿਦੇਸ਼ ਰਹਿਣ ਵਾਲਾ ਕਹਿੰਦਾ ਸੀ । ਮਮਤਾ ਬੈਨਰਜੀ ਨੇ ਤਾਂ ਉਨ੍ਹਾਂ ਨੂੰ ਭੋਲੇ ਤੱਕ ਵੀ ਕਹਿ ਦਿੱਤਾ ਸੀ।
ਹਰਿਆਣਾ ਅਤੇ ਮਹਾਰਾਸ਼ਟਰ ਦੇ ਚੋਣ ਨਤੀਜਿਆਂ ਨੇ ਕਾਂਗਰਸ ਨੂੰ ਮੁੜ ਉਸੇ ਥਾਂ ਲੈ ਆਂਦਾ ਜਿੱਥੇ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਖੜ੍ਹੀ ਸੀ। ਜੰਮੂ-ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਦੀ ਜਿੱਤ ਹੋਈ ਪਰ ਕਾਂਗਰਸ ਦਾ ਪ੍ਰਦਰਸ਼ਨ ਮਾੜਾ ਰਿਹਾ। ਉਮਰ ਅਬਦੁੱਲਾ ਨੇ ਕਾਂਗਰਸ ਤੋਂ ਬਿਨਾਂ ਸਰਕਾਰ ਬਣਾਈ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਆਲੋਚਨਾ ਕਰਦਿਆਂ ਪੁੱਛਿਆ ਸੀ ਕਿ ਕੀ ਉਨ੍ਹਾਂ ਲਈ ਜੰਮੂ-ਕਸ਼ਮੀਰ ਦੀਆਂ ਚੋਣਾਂ ਜ਼ਰੂਰੀ ਹਨ ਜਾਂ ਮਣੀਪੁਰ ਅਤੇ ਹੋਰ ਥਾਵਾਂ ’ਤੇ ਜਾਣਾ? ਆਮ ਆਦਮੀ ਪਾਰਟੀ ਨੇ ਅਖ਼ੀਰ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਤੋਂ ਵੱਖਰਾ ਰਸਤਾ ਅਪਣਾ ਲਿਆ। ਕਈ ਵਿਰੋਧੀ ਪਾਰਟੀਆਂ ਨੇ ਇਹ ਮਹਿਸੂਸ ਕੀਤਾ ਹੈ ਕਿ ਭਾਰਤ ਦੇ ਆਮ ਲੋਕਾਂ ਵਿਚ ਰਾਸ਼ਟਰੀ ਸਵੈਮ-ਸੇਵਕ ਸੰਘ ਅਤੇ ਭਾਜਪਾ ਪ੍ਰਤੀ ਹਿੰਦੂਤਵ ਅਤੇ ਰਾਸ਼ਟਰਵਾਦ ਨੂੰ ਲੈ ਕੇ ਖਿੱਚ ਹੈ ਅਤੇ ਇਸ ਨੂੰ ਕਮਜ਼ੋਰ ਕਰਨ ਲਈ ਵਿਚਾਰਧਾਰਾ ਅਤੇ ਵਿਹਾਰ ਵਿਚ ਤਬਦੀਲੀ ਦੀ ਲੋੜ ਹੈ। ਰਾਹੁਲ ਗਾਂਧੀ ਅਤੇ ਕਾਂਗਰਸ ਹਿੰਦੂਤਵ ’ਤੇ ਹਮਲਾ ਕਰਨ ਅਤੇ ਅਡਾਣੀ ਮੋਦੀ ਨੂੰ ਪ੍ਰਮੁੱਖ ਮੁੱਦਾ ਬਣਾਉਣ ਤੋਂ ਬਾਹਰ ਆਉਣ ਲਈ ਤਿਆਰ ਨਹੀਂ ਜਾਪਦੇ। ਕਾਂਗਰਸ 2025 ਦੇ ਸ਼ੁਰੂ ਵਿਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਮੌਜੂਦਗੀ ਤੱਕ ਦਰਜ ਕਰਵਾਉਣ ਲਈ ਸੰਘਰਸ਼ ਕਰੇਗੀ। ਬਿਹਾਰ ਵਿਧਾਨ ਸਭਾ ਚੋਣਾਂ ਅਕਤੂਬਰ-ਨਵੰਬਰ 2025 ਵਿਚ ਹੋਣੀਆਂ ਹਨ ਅਤੇ ਉੱਥੇ ਵੀ ਰਾਸ਼ਟਰੀ ਜਨਤਾ ਦਲ ਹੀ ਕਾਂਗਰਸ ਲਈ ਉਮੀਦ ਦਾ ਆਧਾਰ ਹੈ। ਕੀ ‘ਇੰਡੀਆ’ ਗਠਜੋੜ ਦਾ ਹਸ਼ਰ ਉਹੀ ਹੋ ਸਕਦਾ ਹੈ ਜੋ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਯੂ. ਪੀ. ਏ. ਦਾ ਹੋਇਆ।
ਅਵਧੇਸ਼ ਕੁਮਾਰ