ਪਰਿਵਾਰਾਂ ਨੂੰ ਤਬਾਹ ਕਰਨ ਵਾਲੀ ਲਿਵ-ਇਨ ਰਿਲੇਸ਼ਨਸ਼ਿਪ
Tuesday, Mar 04, 2025 - 02:26 AM (IST)

ਲਿਵ-ਇਨ ਰਿਲੇਸ਼ਨਸ਼ਿਪ ਜਾਂ ‘ਸਹਿਮਤੀ ਸਬੰਧ’ ਇਕ ਅਜਿਹੀ ਵਿਵਸਥਾ ਹੈ, ਜਿਸ ’ਚ ਇਸਤਰੀ ਅਤੇ ਮਰਦ ਬਿਨਾਂ ਵਿਆਹ ਕੀਤੇ ਪਤੀ-ਪਤਨੀ ਵਾਂਗ ਰਹਿਣ ਦੇ ਨਾਲ-ਨਾਲ ਆਪਸ ’ਚ ਸਰੀਰਕ ਸਬੰਧ ਵੀ ਬਣਾਉਂਦੇ ਹਨ। ਕਈ ਜੋੜੇ ਤਾਂ ਬੱਚੇ ਵੀ ਪੈਦਾ ਕਰ ਲੈਂਦੇ ਹਨ। ਆਪਸੀ ਸਹਿਮਤੀ ਨਾਲ ਕਾਇਮ ਇਹ ਸਬੰਧ ਪੱਛਮੀ ਦੇਸ਼ਾਂ ’ਚ ਆਮ ਗੱਲ ਹੈ ਅਤੇ ਉਨ੍ਹਾਂ ਦੀ ਦੇਖਾ-ਦੇਖੀ ਭਾਰਤ ਵਰਗੇ ਦੇਸ਼ਾਂ ’ਚ ਵੀ ਇਹ ਬੁਰਾਈ ਫੈਲਣ ਲੱਗੀ ਹੈ।
ਭਾਰਤ ’ਚ 1978 ’ਚ ਸੁਪਰੀਮ ਕੋਰਟ ਨੇ ਪਹਿਲੀ ਵਾਰ ਲਿਵ-ਇਨ ਰਿਲੇਸ਼ਨਸ਼ਿਪ ਨੂੰ ਮਾਨਤਾ ਦਿੱਤੀ ਸੀ। ਲਿਵ-ਇਨ ਰਿਲੇਸ਼ਨਸ਼ਿਪ ’ਚ ਤਲਾਕ ਵਰਗੇ ਝੰਜਟ ਦੀ ਨੌਬਤ ਤਾਂ ਨਹੀਂ ਆਉਂਦੀ ਪਰ ਇਸ ’ਚ ਕਿਸੇ ਇਕ ਸਾਥੀ ਵਲੋਂ ਧੋਖਾ ਦੇਣ ਕਾਰਨ ਦੂਜੇ ਸਾਥੀ ਦੀ ਜ਼ਿੰਦਗੀ ਨਰਕ ਜ਼ਰੂਰ ਬਣ ਜਾਂਦੀ ਹੈ।
‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ ਨੇ ਵੀ ਕਿਹਾ ਕਿ ਹੈ ਦੇਸ਼ ’ਚ ਪਿਛਲੇ 5 ਸਾਲਾਂ ਦੌਰਾਨ ਪ੍ਰੇਮ, ਅਸਫਲ ਪ੍ਰੇਮ , ਧੋਖਾ ਅਤੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਹੋਣ ਵਾਲੀਆਂ ਹੱਤਿਆਵਾਂ ’ਚ ਕਾਫੀ ਵਾਧਾ ਹੋਇਆ ਹੈ, ਜਿਸ ਦੀਆਂ 5 ਮਹੀਨਿਆਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 4 ਸਤੰਬਰ, 2024 ਨੂੰ ਬੁਰਹਾਨਪੁਰ (ਮੱਧ ਪ੍ਰਦੇਸ਼) ’ਚ ਇਕ ਔਰਤ ਨਾਲ 6 ਸਾਲ ਤੋਂ ਲਿਵ-ਇਨ ’ਚ ਰਹਿ ਰਹੇ ਇਕ ਸਾਬਕਾ ਫੌਜੀ ਨੂੰ ਉਸ ਦੇ ਪਹਿਲੇ ਪਤੀ ਤੋਂ ਜਨਮੀ 11 ਸਾਲ ਦੀ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 24 ਅਕਤੂਬਰ, 2024 ਨੂੰ ਦਿੱਲੀ ਦੇ ‘ਮੁਕੰਦਪੁਰ’ ’ਚ ਇਕ ਔਰਤ ਨੇ ਆਪਣੇ ਲਿਵ-ਇਨ ਪਾਰਟਨਰ ਨੂੰ ਡੰਡਿਆਂ ਅਤੇ ਹਥੌੜਿਆਂ ਨਾਲ ਵਾਰ ਕਰ ਕੇ ਮਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਇਹ ਔਰਤ ਕਿਸੇ ਦੂਜੇ ਮਰਦ ਦੇ ਸੰਪਰਕ ’ਚ ਆ ਗਈ ਸੀ ਅਤੇ ਹੁਣ ਪਹਿਲਾਂ ਵਾਲੇ ਨੂੰ ਛੱਡ ਕੇ ਨਵੇਂ ਨਾਲ ਰਹਿਣਾ ਚਾਹੁੰਦੀ ਸੀ।
* 24 ਨਵੰਬਰ, 2024 ਨੂੰ ਪੁਣੇ (ਮਹਾਰਾਸ਼ਟਰ) ਦੇ ‘ਹਿਜਵੜੀ’ ’ਚ ਇਕ 32 ਸਾਲਾ ਸ਼ਾਦੀਸ਼ੁਦਾ ਵਿਅਕਤੀ ਨੇ ਆਪਣੀ ਲਿਵ-ਇਨ ਪਾਰਟਨਰ ਦੇ ਕਿਰਦਾਰ ’ਤੇ ਸ਼ੱਕ ਹੋਣ ਕਾਰਨ ਤਿੱਖੀ ਬਹਿਸ ਪਿੱਛੋਂ ਹਥੌੜੇ ਨਾਲ ਉਸ ਦੀ ਹੱਤਿਆ ਕਰ ਦਿੱਤੀ।
* 24 ਨਵੰਬਰ, 2024 ਨੂੰ ਹੀ ਸੋਨੀਪਤ ’ਚ ਇਕ ਵਿਆਹੁਤਾ ਵਿਅਕਤੀ ਨੂੰ ਆਪਣੀ ਲਿਵ-ਇਨ ਪਾਰਟਨਰ ਅਤੇ ਸਕੂਲ ਦੇ ਦਿਨਾਂ ਦੀ ਪ੍ਰੇਮਿਕਾ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ ਦੱਬ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 18 ਜਨਵਰੀ, 2025 ਨੂੰ ਲਖਨਊ ’ਚ ਲਿਵ-ਇਨ ’ਚ ਰਹਿ ਰਹੀ ‘ਗੀਤਾ’ ਨਾਂ ਦੀ ਲੜਕੀ ਦੀ ਉਸ ਦੇ ਨਾਲ ਲਿਵ-ਇਨ ’ਚ ਰਹਿਣ ਵਾਲੇ ਨੌਜਵਾਨ ਨੇ ਹੱਤਿਆ ਕਰ ਦਿੱਤੀ। ‘ਗੀਤਾ’ ਦੇ ਨਾਂ ’ਤੇ ਲਗਭਗ 1 ਕਰੋੜ ਰੁਪਏ ਦਾ ਬੀਮਾ ਸੀ।
* 17 ਫਰਵਰੀ, 2025 ਨੂੰ ਲਖਨਊ ਦੇ ‘ਘਸਿਆਰੀ ਮੁਹੱਲੇ’ ’ਚ ‘ਸੂਰਜ’ ਨਾਂ ਦਾ ਇਕ ਵਿਅਕਤੀ ਆਪਣੇ ਨਾਲ ਰਹਿ ਰਹੀ ਲਿਵ-ਇਨ ਪਾਰਟਨਰ ਪੂਜਾ ਦਾ ਗਲ ਘੁੱਟ ਕੇ ਹੱਤਿਆ ਕਰਨ ਪਿੱਛੋਂ ਉਸ ਦੇ ਗਹਿਣੇ ਅਤੇ ਸਕੂਟੀ ਲੈ ਕੇ ਫਰਾਰ ਹੋ ਗਿਆ।
* 22 ਫਰਵਰੀ, 2025 ਨੂੰ ਸ਼ਿਵਪੁਰੀ (ਮੱਧ ਪ੍ਰਦੇਸ਼) ’ਚ ਇਕ ਔਰਤ ਨੂੰ 2 ਸਾਲ ਤੱਕ ਲਿਵ-ਇਨ ਰਿਲੇਸ਼ਨ ’ਚ ਰੱਖਣ ਅਤੇ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਪਿੱਛੋਂ ਵਿਆਹ ਤੋਂ ਇਨਕਾਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 26 ਫਰਵਰੀ, 2025 ਨੂੰ ਇੰਦੌਰ ’ਚ ‘ਕ੍ਰਿਸ਼ਨਾ ਸਿਸੋਦੀਆ’ ਨਾਂ ਦੀ ਇਕ 19 ਸਾਲਾ ਮੇਕਅਪ ਆਰਟਿਸਟ ਨੇ ਆਪਣੇ ਲਿਵ-ਇਨ ਪਾਰਟਨਰ ‘ਸੰਸਕਾਰ ਪਟੋਲੀਆ’ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ‘ਕ੍ਰਿਸ਼ਨਾ’ ਆਪਣੇ ਘਰ ਜਾਣਾ ਚਾਹੁੰਦੀ ਸੀ ਪਰ ਸੰਸਕਾਰ ਨੇ ਉਸ ਨੂੰ ਰੋਕਣ ਲਈ ਉਸ ਦਾ ਦੁਪੱਟਾ ਖਿੱਚ ਲਿਆ। ਇਸ ’ਤੇ ਗੁੱਸੇ ’ਚ ਆ ਕੇ ‘ਕ੍ਰਿਸ਼ਨਾ’ ਨੇ ਆਪਣੇ ਦੁਪੱਟੇ ਨਾਲ ਹੀ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।
* 2 ਮਾਰਚ, 2025 ਨੂੰ ਮਿਰਜ਼ਾਪੁਰ (ਉੱਤਰ ਪ੍ਰੇਦਸ਼) ਦੇ ਪਿੰਡ ‘ਲੁਰਕੁਟੀਆ’ ’ਚ ਪੁਲਸ ਨੇ ‘ਮਾਲਤੀ’ ਨਾਂ ਦੀ ਇਕ ਔਰਤ ਦੀ ਹੱਤਿਆ ਕਰ ਕੇ ਲਾਸ਼ ਨੂੰ ਸੜਕ ਕੰਢੇ ਸੁੱਟ ਦੇਣ ਦੇ ਦੋਸ਼ ’ਚ ਉਸ ਦੇ ਲਿਵ-ਇਨ ਪਾਰਟਨਰ ‘ਰਾਜੇਂਦਰ ਬਿੰਦ’ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਨੇ ‘ਮਾਲਤੀ’ ਦੇ ਦਿਵਿਆਂਗ ਬੇਟੇ ‘ਰੌਣਕ’ ਨੂੰ ਵੀ ਹੱਤਿਆ ਦੀ ਨੀਅਤ ਨਾਲ ਪੁਲ ਤੋਂ ਹੇਠਾਂ ਸੁੱਟ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
ਲਿਵ-ਇਨ ਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ‘ਪੰਜਾਬ ਰਾਜ ਮਹਿਲਾ ਕਮਿਸ਼ਨ’ ਦੀ ਚੇਅਰਪਰਸਨ ‘ਰਾਜ ਲਾਲੀ ਗਿੱਲ’ ਨੇ ਕਿਹਾ ਹੈ ਕਿ ‘‘ਲਿਵ-ਇਨ ਰਿਲੇਸ਼ਨ ਦਾ ਗ੍ਰਾਫ ਵਧ ਰਿਹਾ ਹੈ। ਨੌਜਵਾਨ ਅਤੇ ਲੜਕੀਆਂ ਅਤੇ ਇੱਥੋਂ ਤੱਕ ਕਿ ਕਈ ਵਿਆਹੁਤਾ ਇਸਤਰੀ-ਮਰਦ ਵੀ ਇਸ ਬੁਰਾਈ ਵੱਲ ਧੱਕੇ ਜਾ ਰਹੇ ਹਨ, ਜੋ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ। ਇਸ ਤੋਂ ਤੁਰੰਤ ਬਚਣ ਦੀ ਲੋੜ ਹੈ।’’
ਭਾਰਤ ਦੀ ਅਮੀਰ ਪੁਰਾਤਨ ਸੱਭਿਅਤਾ ਨੂੰ ਦੇਖਦਿਆਂ ਬਿਨਾਂ ਸ਼ੱਕ ਇਹ ਗੱਲ ਕਹੀ ਜਾ ਸਕਦੀ ਹੈ ਕਿ ਲਿਵ-ਇਨ ਰਿਲੇਸ਼ਨ ਕਿਸੇ ਵੀ ਨਜ਼ਰੀਏ ਤੋਂ ਭਾਰਤੀ ਪਰਿਵਾਰਾਂ ਦੇ ਅਨੁਕੂਲ ਨਹੀਂ ਹੈ। ਇਹ ਇਕ ਅਜਿਹੀ ਬੁਰਾਈ ਹੈ ਜਿਸ ਦਾ ਨਤੀਜਾ ਦੁਖਦਾਈ ਹੀ ਨਿਕਲਦਾ ਹੈ। ਇਸ ਲਈ ਸਰਕਾਰ ਨੂੰ ਇਸ ਸਬੰਧ ’ਚ ਕੋਈ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਇਸ ਬੁਰਾਈ ਤੋਂ ਮੁਕਤੀ ਮਿਲ ਸਕੇ।
–ਵਿਜੇ ਕੁਮਾਰ