‘ਦੁਖਦਾਈ ਨਤੀਜੇ ’ਤੇ ਪਹੁੰਚਦੇ’ ਲਿਵ-ਇਨ ਰਿਲੇਸ਼ਨਸ਼ਿਪ!
Saturday, Nov 08, 2025 - 05:28 AM (IST)
‘ਲਿਵ-ਇਨ ਰਿਲੇਸ਼ਨਸ਼ਿਪ’ ਜਾਂ ‘ਸਹਿਮਤੀ ਸੰਬੰਧ’ ਇਕ ਅਜਿਹੀ ਵਿਵਸਥਾ ਹੈ, ਜਿਸ ’ਚ ਔਰਤ ਅਤੇ ਮਰਦ ਬਿਨਾਂ ਵਿਆਹ ਕੀਤੇ ਪਤੀ-ਪਤਨੀ ਵਾਂਗ ਰਹਿਣ ਦੇ ਨਾਲ-ਨਾਲ ਆਪਸ ’ਚ ਸਰੀਰਕ ਸੰਬੰਧ ਵੀ ਬਣਾਉਂਦੇ ਹਨ। ਕਈ ਜੋੜੇ ਤਾਂ ਬੱਚੇ ਵੀ ਪੈਦਾ ਕਰ ਲੈਂਦੇ ਹਨ। ਆਪਸੀ ਸਹਿਮਤੀ ਨਾਲ ਕਾਇਮ ਇਹ ਸੰਬੰਧ ਪੱਛਮੀ ਦੇਸ਼ਾਂ ’ਚ ਆਮ ਗੱਲ ਹੈ ਅਤੇ ਉਨ੍ਹਾਂ ਦੀ ਦੇਖਾ-ਦੇਖੀ ਭਾਰਤ ਵਰਗੇ ਦੇਸ਼ਾਂ ’ਚ ਵੀ ਇਹ ਬੁਰਾਈ ਫੈਲਣ ਲੱਗੀ ਹੈ।
ਭਾਰਤ ’ਚ 1978 ’ਚ ਸੁਪਰੀਮ ਕੋਰਟ ਨੇ ਪਹਿਲੀ ਵਾਰ ‘ਲਿਵ-ਇਨ ਰਿਲੇਸ਼ਨਸ਼ਿਪ’ ਨੂੰ ਮਾਨਤਾ ਦਿੱਤੀ ਸੀ। ਇਨ੍ਹਾਂ ’ਚ ਤਲਾਕ ਵਰਗੇ ਝੰਜਟ ਦੀ ਨੌਬਤ ਨਹੀਂ ਆਉਂਦੀ, ਪਰ ਕਿਸੇ ਇਕ ਸਾਥੀ ਵਲੋਂ ਧੋਖਾ ਦੇਣ ਨਾਲ ਦੂਜੇ ਸਾਥੀ ਦੀ ਜ਼ਿੰਦਗੀ ਨਰਕ ਜ਼ਰੂਰ ਬਣ ਜਾਂਦੀ ਹੈ।
‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ ਨੇ ਵੀ ਕਿਹਾ ਹੈ ਕਿ ਦੇਸ਼ ’ਚ ਪਿਛਲੇ ਪੰਜ ਸਾਲਾਂ ਦੌਰਾਨ ਪ੍ਰੇਮ, ਅਸਫਲ ਪ੍ਰੇਮ, ਧੋਖਾ ਅਤੇ ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਹੋਣ ਵਾਲੀਆਂ ਹੱਤਿਆਵਾਂ ’ਚ ਕਾਫੀ ਵਾਧਾ ਹੋਇਆ ਹੈ, ਜਿਸ ਦੀਆਂ 3 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 26 ਜੁਲਾਈ ਨੂੰ ‘ਸੋਹਨਾ’ (ਹਰਿਆਣਾ) ’ਚ ਸੂਬਾਈ ਪੁਲਸ ਦੇ ਇਕ ਕਾਂਸਟੇਬਲ ‘ਰਵੀਂਦਰ’ ਨੇ ਆਪਣੀ ਲਿਵ-ਇਨ ਪਾਰਟਨਰ ‘ਸੰਗੀਤਾ’ ਜੋ 3 ਸਾਲ ਦੀ ਇਕ ਬੱਚੀ ਦੀ ਮਾਂ ਸੀ, ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ‘ਸੰਗੀਤਾ’ 2 ਸਾਲ ਪਹਿਲਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ‘ਰਵੀਂਦਰ’ ਦੇ ਨਾਲ ਰਹਿ ਰਹੀ ਸੀ।
* 14 ਅਕਤੂਬਰ, 2025 ਨੂੰ ‘ਦਿੱਲੀ’ ਦੇ ‘ਮੁਨੀਰਕਾ’ ਇਲਾਕੇ ’ਚ ‘ਮਣੀਪੁਰ’ ਦੀ ‘ਥੇਂਪੀ ਖੋਂਗਸਾਈ’ ਨਾਂ ਦੀ ਮਹਿਲਾ ਮ੍ਰਿਤ ਪਾਈ ਗਈ ਅਤੇ ਮਣੀਪੁਰ ਦਾ ਹੀ ਰਹਿਣ ਵਾਲਾ ਉਸ ਦਾ ‘ਲਿਵ-ਇਨ’ ਪਾਰਟਨਰ ‘ਥਾਂਗਜਾਨ ਵਿਨੀ ਮੇਈਤੀ’ ਬਾਥਰੂਮ ’ਚ ਗੰਭੀਰ ਤੌਰ ’ਤੇ ਜ਼ਖਮੀ ਹਾਲਤ ’ਚ ਪਿਆ ਮਿਲਿਆ। ਦੋਵੇਂ 3 ਸਾਲ ਤੋਂ ‘ਲਿਵ-ਇਨ’ ’ਚ ਰਹਿ ਰਹੇ ਸਨ। ਘਟਨਾ ਦੇ ਦਿਨ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਦੋਵਾਂ ਦੀ ਧੌਣ ’ਚੋਂ ਖੂਨ ਵਗ ਰਿਹਾ ਸੀ ਅਤੇ ਘਟਨਾ ਵਾਲੀ ਥਾਂ ’ਤੇ ਇਕ ਚਾਕੂ ਪਿਆ ਸੀ।
* 19 ਅਕਤੂਬਰ ਨੂੰ ‘ਦਿੱਲੀ’ ਦੇ ‘ਨਬੀ ਕਰੀਮ’ ਇਲਾਕੇ ’ਚ ‘ਸ਼ਾਲਿਨੀ’ ਨਾਂ ਦੀ ਇਕ ਗਰਭਵਤੀ ਮਹਿਲਾ ਦੀ ਉਸ ਦੇ ਸਾਬਕਾ ‘ਲਿਵ-ਇਨ’ ਪਾਰਟਨਰ ‘ਆਸ਼ੂ’ ਨੇ ਚਾਕੂ ਨਾਲ ਤਾਬੜਤੋੜ ਵਾਰ ਕਰ ਕੇ ਹੱਤਿਆ ਕਰ ਦਿੱਤੀ। ‘ਸ਼ਾਲਿਨੀ’ ਨੂੰ ਬਚਾਉਣ ਦੀ ਕੋਸ਼ਿਸ਼ ’ਚ ‘ਆਸ਼ੂ’ ਦਾ ਮੁਕਾਬਲਾ ਕਰ ਰਿਹਾ ‘ਸ਼ਾਲਿਨੀ’ ਦਾ ਪਤੀ ਜ਼ਖਮੀ ਹੋ ਗਿਆ, ਜਦਕਿ ‘ਆਸ਼ੂ’ ਮਾਰਿਆ ਿਗਆ।
* 27 ਅਕਤੂਬਰ ਨੂੰ ‘ਦਿੱਲੀ’ ਦੇ ‘ਗਾਂਧੀ ਵਿਹਾਰ’ ’ਚ ਯੂ. ਪੀ. ਐੱਸ. ਸੀ. (ਸੰਘ ਲੋਕ ਸੇਵਾ ਆਯੋਗ) ਪ੍ਰੀਖਿਆ ਦੀ ਤਿਆਰੀ ਕਰ ਰਹੇ ਨੌਜਵਾਨ ‘ਰਾਮਕੇਸ਼ ਮੀਣਾ’ ਦੀ ਗਲੀ-ਸੜੀ ਲਾਸ਼ ਬਰਾਮਦ ਹੋਣ ਦੇ ਸਿਲਸਿਲੇ ’ਚ ‘ਦਿੱਲੀ ਪੁਲਸ’ ਨੇ ‘ਫਾਰੈਂਸਿਕ ਸਾਇੰਸ’ ’ਚ ਬੀ. ਐੱਸਸੀ. ਕਰ ਰਹੀ ਉਸ ਦੀ 21 ਸਾਲਾ ‘ਲਿਵ-ਇਨ’ ਪਾਰਟਨਰ ‘ਅਮ੍ਰਿਤਾ ਚੌਹਾਨ’, ਉਸ ਦੇ ਸਾਬਕਾ ਪ੍ਰੇਮੀ ‘ਸੁਮਿਤ’ ਅਤੇ ‘ਸੁਮਿਤ’ ਦੇ ਦੋਸਤ ‘ਸੰਦੀਪ’ ਨੂੰ ਗ੍ਰਿਫਤਾਰ ਕੀਤਾ।
‘ਅਮ੍ਰਿਤਾ ਚੌਹਾਨ’ ਦੇ ਅਨੁਸਾਰ ‘ਰਾਮਕੇਸ਼’ ਦੇ ਕੋਲ ਉਸ ਦੇ ਅਸ਼ਲੀਲ ਵੀਡੀਓ ਸਨ ਅਤੇ ਵਾਰ-ਵਾਰ ਕਹਿਣ ’ਤੇ ਵੀ ਉਹ ਉਨ੍ਹਾਂ ਨੂੰ ਡਿਲੀਟ ਨਹੀਂ ਕਰ ਰਿਹਾ ਸੀ। ਇਸ ਕਾਰਨ ਉਹ ਪ੍ਰੇਸ਼ਾਨ ਸੀ ਅਤੇ ਇਨ੍ਹਾਂ ਤਿੰਨਾਂ ਨੇ ‘ਰਾਮਕੇਸ਼ ਮੀਣਾ’ ਦੀ ਹੱਤਿਆ ਦੀ ਸਾਜ਼ਿਸ਼ ਰਚੀ।
* 3 ਨਵੰਬਰ ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ਦੇ ‘ਰਾਏਪੁਰਵਾ’ ’ਚ ‘ਲਿਵ-ਇਨ’ ’ਚ ਰਹਿਣ ਵਾਲੀ ਇਕ ਔਰਤ ‘ਭਾਰਤੀ ਦੇਵੀ’ ਦੀ ਹੱਤਿਆ ਦੇ ਦੋਸ਼ ’ਚ ‘ਰੋਹਿਤ’ ਉਰਫ ‘ਵਾਹਿਦ’ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।
‘ਵਾਹਿਦ’ ਦੇ ਅਨੁਸਾਰ ‘ਭਾਰਤੀ ਦੇਵੀ’ ਦੇ 5 ਹੋਰ ਵੀ ਮਰਦ ਦੋਸਤ ਸਨ, ਜੋ ਹਰ ਰੋਜ਼ ਉਸ ਨੂੰ ਮਿਲਣ ਲਈ ਆਇਆ ਕਰਦੇ ਸਨ। ‘ਭਾਰਤੀ’ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵੀ ਆਦੀ ਸੀ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ।
* ...ਅਤੇ ਹੁਣ 5 ਨਵੰਬਰ, 2025 ਨੂੰ ‘ਸੂਰਤ’ (ਗੁਜਰਾਤ) ਜ਼ਿਲੇ ਦੇ ‘ਕੋਸੰਬਾ’ ’ਚ ਇਕ ਨੌਜਵਾਨ ‘ਰਵੀ ਸ਼ਰਮਾ’ ਨੂੰ ਆਪਣੀ ‘ਲਿਵ-ਇਨ’ ਪਾਰਟਨਰ ‘ਕਾਜਲ ਦੇਵੀ’ ਦੀ ਹੱਤਿਆ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ। ਪੁਲਸ ਅਨੁਸਾਰ ‘ਰਵੀ ਸ਼ਰਮਾ’ ਦੇ ਕਿਸੇ ਹੋਰ ਔਰਤ ਨਾਲ ਵੀ ਸੰਬੰਧ ਹੋਣ ਦੇ ਕਾਰਨ ਦੋਵਾਂ ’ਚ ਝਗੜਾ ਹੁੰਦਾ ਰਹਿੰਦਾ ਸੀ।
* 5 ਨਵੰਬਰ ਨੂੰ ਹੀ ‘ਗੁਰੂਗ੍ਰਾਮ’ (ਹਰਿਆਣਾ) ਦੇ ‘ਡੂੰਡਾ ਹੇੜਾ’ ’ਚ ਪੁਲਸ ਨੇ ਇਕ ਮਕਾਨ ’ਚ ਬੈੱਡ ਦੇ ਹੇਠਾਂ ਲੁਕਾਈ ਗਈ ‘ਅੰਗੂਰੀ ਦੇਵੀ’ ਨਾਂ ਦੀ ਮਹਿਲਾ ਦੀ ਲਾਸ਼ ਬਰਾਮਦ ਕੀਤੀ ਜਿਸ ਦੀ ਹੱਤਿਆ ਕਰਨ ਤੋਂ ਬਾਅਦ ਉਸ ਦਾ ‘ਲਿਵ-ਇਨ’ ਪਾਰਟਨਰ ‘ਅਨੁਜ’ ਫਰਾਰ ਹੋ ਗਿਆ।
ਉੱਚ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਨੂੰ ਦੇਖਦੇ ਹੋਏ ਬਿਨਾਂ ਝਿਜਕ ਇਹ ਗੱਲ ਕਹੀ ਜਾ ਸਕਦੀ ਹੈ ਕਿ ‘ਲਿਵ-ਇਨ ਰਿਲੇਸ਼ਨ’ ਕਿਸੇ ਵੀ ਨਜ਼ਰੀਏ ਨਾਲ ਭਾਰਤੀ ਪਰਿਵਾਰਾਂ ਦੇ ਅਨੁਕੂਲ ਨਹੀਂ ਹੈ। ਇਹ ਇਕ ਅਜਿਹੀ ਬੁਰਾਈ ਹੈ ਜਿਸ ਦਾ ਨਤੀਜਾ ਜ਼ਿਆਦਾਤਰ ਦੁਖਦਾਈ ਹੀ ਨਿਕਲਦਾ ਹੈ। ਇਸ ਲਈ ਸਰਕਾਰ ਨੂੰ ਇਸ ਸੰਬੰਧ ’ਚ ਕੋਈ ਕਾਨੂੰਨ ਜ਼ਰੂਰ ਬਣਾਉਣਾ ਚਾਹੀਦਾ ਤਾਂ ਕਿ ਇਸ ਬੁਰਾਈ ਤੋਂ ਮੁਕਤੀ ਮਿਲ ਸਕੇ।
–ਵਿਜੇ ਕੁਮਾਰ
