40 ਅਰਬ ਯੂਆਨ ਦਾ ਕਰਜ਼ਾ ਛੱਡ ਕੇ ਡਬਲਿਊ. ਐੱਮ. ਮੋਟਰਜ਼ ਦਾ ਮਾਲਕ ਅਮਰੀਕਾ ਭੱਜਾ

Wednesday, Nov 15, 2023 - 03:32 PM (IST)

ਚੀਨ ਦੀ ਇਕ ਵੱਡੀ ਕਾਰ ਨਿਰਮਾਤਾ ਕੰਪਨੀ ਡਬਲਿਊ. ਐੱਮ. ਮੋਟਰਜ਼ ਦੇ ਮਾਲਕ ਸ਼ਿਨ ਹੁਈ ਚੀਨ ਛੱਡ ਕੇ ਅਮਰੀਕਾ ਭੱਜ ਗਏ ਹਨ ਅਤੇ ਇਸ ਸਮੇਂ ਕਾਰ ਕੰਪਨੀ ਉਪਰ 40 ਅਰਬ ਯੂਆਨ ਦਾ ਕਰਜ਼ਾ ਹੈ। ਅਮਰੀਕੀ ਡਾਲਰ ’ਚ ਇਹ ਧਨਰਾਸ਼ੀ 5.47 ਅਰਬ ਹੁੰਦੀ ਹੈ। ਸ਼ਿਨ ਹੁਈ ਦੇ ਅਮਰੀਕਾ ਭੱਜਣ ਤੋਂ ਪਹਿਲਾਂ ਤੋਂ ਹੀ ਖਸਤਾਹਾਲ ਹੋ ਚੁੱਕੇ ਚੀਨ ਦੇ ਆਟੋਮੋਟਿਵ ਬਾਜ਼ਾਰ ’ਚ ਇਕ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ।

ਡਬਲਿਊ. ਐੱਮ. ਮੋਟਰਜ਼ ’ਚ ਕਈ ਵੱਡੇ ਨਿਵੇਸ਼ਕਾਂ ਦਾ ਪੈਸਾ ਫਸਿਆ ਹੈ, ਇਸ ਤੋਂ ਇਲਾਵਾ ਕੰਪਨੀ ’ਤੇ ਢੇਰ ਸਾਰਾ ਕਰਜ਼ਾ ਹੈ ਅਤੇ ਕਈ ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਹੈ। ਹੁਣ ਡਬਲਿਊ. ਐੱਮ. ਮੋਟਰਜ਼ ਇਸ ਸਮੱਸਿਆ ਨਾਲ ਕਿਵੇਂ ਨਜਿੱਠੇਗੀ, ਇਹ ਸਭ ਤੋਂ ਵੱਡਾ ਸਵਾਲ ਹੈ। 9 ਅਕਤੂਬਰ ਨੂੰ ਸ਼ਿਨ ਹੁਈ ਨੇ ਸੋਸ਼ਲ ਮੀਡੀਆ ਸੀਨੀ ਬੇਈਬੋ ’ਤੇ ਇਕ ਪੋਸਟ ਪਾਈ ਸੀ ਜਿਸ ’ਚ ਲਿਖਿਆ ਸੀ ਕਿ ਉਹ ਇਕ ਮੀਟਿੰਗ ’ਚ ਹਿੱਸਾ ਲੈਣ ਜਰਮਨੀ ਦੇ ਸ਼ਹਿਰ ਮਿਊਨਿਖ ਜਾ ਰਹੇ ਹਨ ਅਤੇ ਉਸ ਪਿੱਛੋਂ ਨਿਊਯਾਰਕ ’ਚ ਇਕ ਦੂਜੀ ਮੀਟਿੰਗ ’ਚ ਹਿੱਸਾ ਲੈਣਗੇ, ਜਿਸ ਪਿੱਛੋਂ ਕੰਪਨੀ ਲਈ ਕੋਈ ਚੰਗੀ ਖਬਰ ਸਾਹਮਣੇ ਆਵੇਗੀ। ਇਹ ਖਬਰ ਉਨ੍ਹਾਂ ਲਈ ਹੋਰ ਵੀ ਜ਼ਿਆਦਾ ਚੰਗੀ ਹੋਵੇਗੀ, ਜੋ ਉਡੀਕ ਕਰਨਗੇ।

ਹਾਲਾਂਕਿ ਕੰਪਨੀ ’ਚ ਕੰਮ ਕਰਨ ਵਾਲੇ ਕੁਝ ਮਹੱਤਵਪੂਰਨ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਨ ਹੁਈ ਇਸ ਸਾਲ ਫਰਵਰੀ ’ਚ ਬਸੰਤ ਉਤਸਵ ਦੌਰਾਨ ਹੀ ਅਮਰੀਕਾ ਚਲਾ ਗਿਆ ਸੀ, ਉਸ ਪਿੱਛੋਂ ਉਹ ਚੀਨ ’ਚ ਕਦੀ ਨਹੀਂ ਆਇਆ ਪਰ ਉਸ ਨੇ ਬੀਜਿੰਗ ’ਚ ਆਪਣੇ ਬੇਈਬੋ ਅਕਾਊਂਟ ’ਤੇ ਕੁਝ ਲੋਕਾਂ ਨੂੰ ਬਿਠਾ ਦਿੱਤਾ ਹੈ, ਜੋ ਸਮੇਂ-ਸਮੇਂ ’ਤੇ ਉਸ ਦੀ ਪੋਸਟ ਨੂੰ ਉਸ ਦੇ ਹੁਕਮ ’ਤੇ ਅਪਡੇਟ ਕਰਦੇ ਰਹਿੰਦੇ ਹਨ। ਸ਼ਿਨ ਹੁਈ ਨੂੰ ਬਸੰਤ ਉਤਸਵ ਪਿੱਛੋਂ ਹੀ ਕੰਪਨੀ ’ਚ ਨਹੀਂ ਦੇਖਿਆ ਗਿਆ ਅਤੇ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਉਸ ਦਾ ਪਰਿਵਾਰ ਬਹੁਤ ਪਹਿਲਾਂ ਹੀ ਭੱਜ ਕੇ ਅਮਰੀਕਾ ਚਲਾ ਗਿਆ ਹੈ ਅਤੇ ਸ਼ਿਨ ਹੁਈ ਵੀ ਹੁਣ ਅਮਰੀਕਾ ’ਚ ਵਸ ਗਿਆ ਹੈ।

ਉੱਥੇ ਹੀ ਡਬਲਿਊ. ਐੱਮ. ਮੋਟਰਜ਼ ਦੇ ਕਈ ਮੁਲਾਜ਼ਮ ਇਸ ਸਮੇਂ ਬਹੁਤ ਬੁਰੀ ਸਥਿਤੀ ’ਚ ਹਨ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ। ਉੱਥੇ ਹੀ ਆਟੋਮੋਟਿਵ ਅਤੇ ਸਾਫਟਵੇਅਰ ਇੰਜੀਨੀਅਰਾਂ ਨੇ ਕੰਪਨੀ ਦੇ ਬਾਹਰ ਬੈਨਰ ਲਾ ਕੇ ਆਪਣੀ ਤਨਖਾਹ ਦੀ ਮੰਗ ਕਰਨੀ ਅਤੇ ਦਿਖਾਵਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ’ਚ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਸਮਝ ਨਹੀਂ ਆ ਰਹੀ ਕਿ ਚੀਨ ਦੀਆਂ ਕਈ ਫੈਕਟਰੀਆਂ ਸਾਹਮਣੇ ਇਸ ਤਰ੍ਹਾਂ ਦੇ ਦਿਖਾਵਿਆਂ ’ਤੇ ਕਿਵੇਂ ਰੋਕ ਲਾਈ ਜਾਵੇ ਅਤੇ ਇਨ੍ਹਾਂ ਲੋਕਾਂ ਦੀ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇ।

ਸਮੱਸਿਆ ਸਿਰਫ ਇੰਨੀ ਨਹੀਂ ਹੈ, ਡਬਲਿਊ. ਐੱਮ. ਮੋਟਰਜ਼ ਦੀਆਂ ਗੱਡੀਆਂ ਖਰੀਦਣ ਵਾਲੇ ਗਾਹਕ ਵੀ ਹੁਣ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੀਆਂ ਗੱਡੀਆਂ ’ਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ, ਜਿਨ੍ਹਾਂ ’ਚ ਸਭ ਤੋਂ ਵੱਡੀ ਪ੍ਰੇਸ਼ਾਨੀ ਇਨ੍ਹਾਂ ਗੱਡੀਆਂ ਦੇ ਸਟਾਰਟ ਨਾ ਹੋਣ ਨਾਲ ਆ ਰਹੀ ਹੈ। ਕੰਪਨੀ ’ਚ ਸਾਰੇ ਲੋਕ ਹੜਤਾਲ ’ਤੇ ਹਨ ਅਤੇ ਇਨ੍ਹਾਂ ਗਾਹਕਾਂ ਦੀ ਸਮੱਸਿਆ ਕੋਈ ਦੂਜਾ ਠੀਕ ਨਹੀਂ ਕਰ ਸਕਦਾ। ਇਨ੍ਹਾਂ ਗੱਡੀਆਂ ਦੇ ਸਿਸਟਮ ਸਾਫਟਵੇਅਰ ਦੀ ਆਈ. ਡੀ. ਅਤੇ ਪਾਸਵਰਡ ਸਭ ਕੁਝ ਕੰਪਨੀ ਕੋਲ ਹੀ ਹੁੰਦਾ ਹੈ।

ਸ਼ਿਨ ਹੁਈ ਦੇ ਚੀਨ ਛੱਡ ਕੇ ਭੱਜਣ ਦੀ ਖਬਰ ਨਾਲ ਚੀਨ ਦੇ ਸੋਸ਼ਲ ਮੀਡੀਆ ’ਚ ਹਲਚਲ ਮਚ ਗਈ ਹੈ। ਕਈ ਨੈਟੀਜ਼ਨ ਸੋਸ਼ਲ ਮੀਡੀਆ ’ਤੇ ਆਪਣਾ ਗੁੱਸਾ ਕੱਢ ਰਹੇ ਹਨ। ਇਕ ਨੈਟੀਜ਼ਨ ਨੇ ਲਿਖਿਆ ਕਿ ਜਦ ਡਬਲਿਊ. ਐੱਮ. ਨੇ ਦਿਵਾਲੀਆ ਹੋਣ ਦਾ ਐਲਾਨ ਕੀਤਾ, ਤਦ ਹੀ ਮੈਨੂੰ ਲੱਗਿਆ ਸੀ ਕਿ ਹੁਣ ਇਸ ਕਾਰ ਕੰਪਨੀ ’ਚ ਕੁਝ ਵੀ ਠੀਕ ਨਹੀਂ ਹੈ ਅਤੇ ਛੇਤੀ ਹੀ ਸ਼ਿਨ ਹੁਈ ਚੀਨ ਛੱਡ ਕੇ ਕਿਸੇ ਸੁਰੱਖਿਅਤ ਪਨਾਹਗਾਹ ਨੂੰ ਭੱਜੇਗਾ। ਕੁਝ ਲੋਕਾਂ ਨੇ ਲਿਖਿਆ ਕਿ ਇਹ ਕਹਾਣੀ ਤਾਂ ਡਬਲਿਊ. ਐੱਮ. ਤੋਂ ਸ਼ੁਰੂ ਹੋਈ ਹੈ ਪਰ ਹੁਣ ਇਹ ਚੀਨ ਦੇ ਪੂਰੇ ਆਟੋਮੋਟਿਵ ਸੈਕਟਰ ਨੂੰ ਲੈ ਡੁੱਬੇਗੀ। ਇਕ ਹੋਰ ਨੈਟੀਜ਼ਨ ਨੇ ਲਿਖਿਆ ਹੈ ਕਿ ਸਭ ਤੋਂ ਬੁਰੀ ਹਾਲਤ ਉਨ੍ਹਾਂ ਮੁਲਾਜ਼ਮਾਂ ਦੀ ਹੈ ਜੋ ਡਬਲਿਊ. ਐੱਮ. ’ਚ ਕੰਮ ਕਰ ਰਹੇ ਹਨ ਅਤੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ।

ਇਕ ਸਮਾਂ ਸੀ ਜਦ ਡਬਲਿਊ. ਐੱਮ. ਮੋਟਰਜ਼ ਨਿਵੇਸ਼ਕਾਂ ਲਈ ਸੋਨੇ ਦੀ ਖਾਨ ਹੋਇਆ ਕਰਦੀ ਸੀ, ਜਿੱਥੇ ਹਰ ਕੋਈ ਨਿਵੇਸ਼ ਕਰਨਾ ਚਾਹੁੰਦਾ ਸੀ। ਇੱਥੇ ਚੀਨ ਦੀਆਂ ਦਿੱਗਜ ਕੰਪਨੀਆਂ ਨੇ ਪੈਸਾ ਨਿਵੇਸ਼ ਕੀਤਾ ਸੀ ਜਿਨ੍ਹਾਂ ’ਚ ਬਾਈਦੂ, ਟੇਨਸੈੱਟ ਅਤੇ ਸੁਖੋਯਾ ਕੈਪੀਟਲ ਸਣੇ ਕਈ ਵੱਡੇ ਨਿਵੇਸ਼ਕਾਂ ਦਾ ਪੈਸਾ ਲੱਗਾ ਹੋਇਆ ਹੈ। ਜੇ ਇਨ੍ਹਾਂ ਸਾਰਿਆਂ ਵੱਲੋਂ ਨਿਵੇਸ਼ ਕੀਤੀ ਧਨਰਾਸ਼ੀ ਨੂੰ ਦੇਖਿਆ ਜਾਵੇ ਤਾਂ ਇਹ 41 ਅਰਬ ਯੂਆਨ ਬਣਦੀ ਹੈ।

ਹਾਲਾਂਕਿ ਇਸ ਸਭ ਦੇ ਬਾਵਜੂਦ ਡਬਲਿਊ. ਐੱਮ. ਮੋਟਰਜ਼ ਹਾਂਗਕਾਂਗ ’ਚ ਆਪਣੇ ਪਬਲਿਕ ਇਸ਼ੂ ਕੱਢਣ ਵਾਲੀ ਸੀ, ਜਿੱਥੇ ਉਸ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਿਛਲੇ 1 ਸਾਲ ਤੋਂ ਡਬਲਿਊ. ਐੱਮ. ਮੋਟਰਜ਼ ਬਾਰੇ ਅਣਗਿਣਤ ਨਕਾਰਾਤਮਕ ਰਿਪੋਰਟਾਂ ਆਉਣ ਲੱਗੀਆਂ, ਜਿਸ ਨਾਲ ਇਸ ਕਾਰ ਨਿਰਮਾਤਾ ਕੰਪਨੀ ਦੀ ਸਾਖ ਖਰਾਬ ਹੁੰਦੀ ਚਲੀ ਗਈ। ਇਸ ਦਾ ਸਭ ਤੋਂ ਬੁਰਾ ਅਸਰ ਪਿਆ ਘਟਦੀ ਕਾਰ ਦੀ ਵਿਕਰੀ ’ਤੇ, ਬੰਦ ਹੁੰਦੀਆਂ ਡਬਲਿਊ. ਐੱਮ. ਦੀਆਂ ਫੈਕਟਰੀਆਂ ’ਤੇ, ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣਾ ਇਕ ਵੱਡੀ ਸਮੱਸਿਆ ਬਣਦੀ ਗਈ ਅਤੇ ਕਾਰ ਗਾਹਕਾਂ ਨੂੰ ਕਾਰ ਦੇ ਸਪੇਅਰ ਪਾਰਟਸ ਬਾਜ਼ਾਰ ’ਚ ਕਿਤੇ ਵੀ ਨਹੀਂ ਮਿਲ ਰਹੇ ਸਨ। ਉੱਥੇ ਹੀ ਦੂਜੇ ਪਾਸੇ ਕਈ ਨਿਯੁਕਤੀਆਂ ’ਤੇ ਵੀ ਪਾਬੰਦੀ ਲਾ ਦਿੱਤੀ ਗਈ।

ਤਦ ਜਾ ਕੇ 17 ਫਰਵਰੀ ਨੂੰ ਸ਼ਿਨ ਹੁਈ ਨੇ ਕੰਪਨੀ ਦੀ ਵੈੱਬਸਾਈਟ ’ਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਆਰਥਿਕ ਪ੍ਰੇਸ਼ਾਨੀਆਂ ਦਾ ਹਵਾਲਾ ਦਿੱਤਾ।

7 ਅਕਤੂਬਰ ਨੂੰ ਸ਼ੰਘਾਈ ਥਰਡ ਇੰਟਰਮੀਡੀਏਟ ਪੀਪਲਜ਼ ਕੋਰਟ ਨੇ ਡਬਲਿਊ. ਐੱਮ. ਮੋਟਰਜ਼ ਟੈਕਨਾਲੋਜੀ ਗਰੁੱਪ ਦੇ ਪਹਿਲੇ ਪੁਨਰਗਠਨ ਦੀ ਬੇਨਤੀ ਨੂੰ ਸਵੀਕਾਰ ਕੀਤਾ। ਉੱਥੇ ਹੀ 10 ਅਕਤੂਬਰ ਨੂੰ ਚੀਨ ਇੰਟਰਪ੍ਰਾਈਜ਼ਿਜ਼ ਦਿਵਾਲੀਆਪਨ ਅਤੇ ਪੁਨਰਗਠਨ ਮਾਮਲੇ ਦੀ ਜਾਣਕਾਰੀ ਨੈੱਟਵਰਕ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਡਬਲਿਊ. ਐੱਮ. ਮੋਟਰਜ਼ ਨੇ ਦਿਵਾਲੀਆਪਨ ਪੁਨਰਗਠਨ ਲਈ ਅਰਜ਼ੀ ਦਿੱਤੀ ਹੈ। ਇਸ ਸਭ ਦੇ ਬਾਅਦ ਚੀਨ ਦੇ ਆਟੋਮੋਟਿਵ ਸੈਕਟਰ ਦੀ ਸਾਖ ਖਤਰੇ ’ਚ ਹੈ ਅਤੇ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ।

ਜਾਣਕਾਰਾਂ ਅਨੁਸਾਰ ਉਨ੍ਹਾਂ ਨੂੰ ਨੇੜੇ ਜਾਂ ਦੂਰ ਭਵਿੱਖ ’ਚ ਚੀਨ ਦੇ ਆਟੋਮੋਟਿਵ ਸੈਕਟਰ ਦੀ ਹਾਲਤ ਸੁਧਰਦੀ ਹੋਈ ਤਾਂ ਬਿਲਕੁਲ ਦਿਖਾਈ ਨਹੀਂ ਦੇ ਰਹੀ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਦੇਖਣਾ ਬਾਕੀ ਹੈ ਕਿ ਚੀਨ ਦਾ ਆਟੋਮੋਟਿਵ ਸੈਕਟਰ ਕਿੰਨੀ ਛੇਤੀ ਢਹਿ-ਢੇਰੀ ਹੁੰਦਾ ਹੈ।


Rakesh

Content Editor

Related News