ਅਕਾਲੀ ਦਲ ਦੀ ਮੁੜ-ਸੁਰਜੀਤੀ ਲਈ ਲੀਡਰਸ਼ਿਪ ਪਿੱਛੇ ਹੱਟ ਗਈ

Friday, Oct 04, 2024 - 02:37 PM (IST)

ਅਕਾਲੀ ਦਲ ਦੀ ਮੁੜ-ਸੁਰਜੀਤੀ ਲਈ ਲੀਡਰਸ਼ਿਪ ਪਿੱਛੇ ਹੱਟ ਗਈ

ਬੇਸ਼ੱਕ ਭਾਰਤ ਦੀ ਆਜ਼ਾਦੀ ਦਾ ਸਿਹਰਾ ਕਾਂਗਰਸ ਪਾਰਟੀ ਦੇ ਸਿਰ ਜਾਂਦਾ ਹੈ ਪਰ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਦਾ ਸਿਹਰਾ ਮਹਾਤਮਾ ਗਾਂਧੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤ ਨੂੰ ਗੁਲਾਮ ਬਣਾ ਕੇ ਰੱਖਣ ਵਾਲੀ ਅੰਗਰੇਜ਼ ਹਕੂਮਤ ਖਿਲਾਫ ਸੰਘਰਸ਼ ’ਚ ਕੀਤੀਆਂ ਅਥਾਹ ਕੁਰਬਾਨੀਆਂ ਨੂੰ ਜਾਂਦਾ ਹੈ। ਦੇਸ਼ ਦੀ ਆਜ਼ਾਦੀ ਦਾ ਰਾਹ ਪੱਧਰਾ ਕਰਨ ਦਾ ਸਿਹਰਾ ਵੀ ਅਕਾਲੀ ਦਲ ਨੂੰ ਜਾਂਦਾ ਹੈ। ਆਪਣੀ ਹੋਂਦ ’ਚ ਆਉਣ ਦੇ 104 ਸਾਲਾਂ ਦੇ ਇਤਿਹਾਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਦੇਸ਼ ਲਈ ਕੀਤੀਆਂ ਕੁਰਬਾਨੀਆਂ ਕਰ ਕੇ ਪੰਜਾਬੀਆਂ ਦੀ ਇਕ ਵੱਡੀ ਬਹੁਗਿਣਤੀ ਦੇ ਦਿਲਾਂ ’ਤੇ ਰਾਜ ਕਰਦਾ ਰਿਹਾ ਹੈ।

ਪਿਛਲੇ ਕੁਝ ਸਾਲਾਂ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਲਏ ਗਏ ਫੈਸਲੇ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਪੱਖ ਤੋਂ, ਭਾਵੇਂ ਉਹ ਧਾਰਮਿਕ ਪੱਖ ਹੋਵੇ ਜਾਂ ਫਿਰ ਆਰਥਿਕ ਜਾਂ ਸਮਾਜਿਕ ਪੱਖ ਹੋਵੇ, ਤੋਂ ਹਜ਼ਮ ਨਹੀਂ ਹੋਏ ਤੇ ਪੰਜਾਬ ਦੀ ਜਨਤਾ ਖਾਸ ਕਰ ਕੇ ਸਿੱਖ ਸਮਾਜ ਨੂੰ ਆਹਤ ਕਰਨ ਵਾਲੇ ਮਹਿਸੂਸ ਹੋਏ। ਇਸੇ ਕਾਰਨ ਪਿਛਲੀਆਂ ਕਈ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀਆਂ ਹਾਰਾਂ ਦਾ ਮੂੰਹ ਦੇਖਣਾ ਪਿਆ।

ਸੱਤਾ ਤੋਂ ਬਾਹਰ ਹੋਣ ਕਾਰਨ ਅਕਾਲੀ ਦਲ ਦੇ ਆਗੂਆਂ ’ਚ ਬੇਚੈਨੀ ਪਾਈ ਜਾਣ ਲੱਗੀ ਤੇ ਹੌਲੀ-ਹੌਲੀ ਅਕਾਲੀ ਲੀਡਰਸ਼ਿਪ ਹਾਈਕਮਾਂਡ ਤੋਂ ਬਾਗੀ ਹੋਣ ਲੱਗੀ। ਅਜੋਕੇ ਸਮੇਂ ਵਿਚ ਅਕਾਲੀ ਦਲ ਦੋਫਾੜ ਤਾਂ ਹੋਇਆ ਹੀ ਹੈ ਪਰ ਪੰਜਾਬ ਅਤੇ ਦੁਨੀਆ ਭਰ ਦੇ ਸਿੱਖਾਂ ਦੇ ਮਨਾਂ ਵਿਚੋਂ ਵੀ ਉਤਰ ਗਿਆ ਹੈ। 2 ਮੁੱਖ ਅਕਾਲੀ ਧੜਿਆਂ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਧੜਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ’ਚ ਬਣੇ ਅਕਾਲੀ ਦਲ ਸੁਧਾਰ ਲਹਿਰ ਦੀ ਸਾਰੀ ਲੀਡਰਸ਼ਿਪ ਖੁਦ ਨੂੰ ਕਿਸੇ ਨਾ ਕਿਸੇ ਰੂਪ ਵਿਚ ਦੋਸ਼ੀ ਮੰਨਣ ਲੱਗੀ। ਇਸ ਕਾਰਨ ਸਾਰੇ ਆਗੂ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਪੱਸ਼ਟੀਕਰਨ ਦੇ ਰਹੇ ਹਨ ਤੇ ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਮੰਨਣ ਦੀ ਗੱਲ ਕਰ ਰਹੇ ਹਨ।

ਸਿੱਖ ਸੰਗਤ ਹੋਰ ਸਿਆਸੀ ਪਾਰਟੀਆਂ ਦੀਆਂ ਅਜਿਹੀਆਂ ਗਲਤੀਆਂ ਨੂੰ ਮੁਆਫ ਕਰ ਸਕਦੀ ਹੈ ਕਿਉਂ ਕਿ ਉਹ ਪਾਰਟੀਆਂ ਸਿੱਖ ਹੱਕਾਂ ਦੀ ਤਰਜਮਾਨੀ ਨਹੀਂ ਕਰਦੀਆਂ ਅਤੇ ਨਾ ਹੀ ਆਪਣੇ-ਆਪ ਨੂੰ ਸਿੱਖਾਂ ਦੀ ਪਾਰਟੀ ਵਜੋਂ ਪੇਸ਼ ਕਰਦੀਆਂ ਹਨ। ਇਸ ਲਈ ਜੇ ਕੋਈ ਹੋਰ ਪਾਰਟੀ ਸਿੱਖ ਹਿੱਤਾਂ ਦੇ ਵਿਰੁੱਧ ਕੁਝ ਫੈਸਲੇ ਕਰਦੀ ਹੈ ਤਾਂ ਸਿੱਖ ਸੰਗਤ ਨੂੰ ਉਹ ਫੈਸਲੇ ਓਨੇ ਬੁਰੇ ਨਹੀਂ ਲੱਗਦੇ ਜਿੰਨੇ ਸਿੱਖਾਂ ਦੀ ਤਰਜ਼ਮਾਨੀ ਕਰਨ ਵਾਲੀ ਪਾਰਟੀ ਅਕਾਲੀ ਦਲ ਵਲੋਂ ਕੀਤੇ ਫੈਸਲੇ ਬੁਰੇ ਲੱਗਦੇ ਹਨ।

ਇਹੀ ਇਕ ਵੱਡਾ ਕਾਰਨ ਹੈ ਕਿ ਕਾਂਗਰਸ ਵਲੋਂ ਸਿੱਖਾਂ ਨਾਲ ਕੀਤੀਆਂ ਗਈਆਂ ਅਣਗਿਣਤ ਵਧੀਕੀਆਂ ਦੇ ਬਾਵਜੂਦ ਕਾਂਗਰਸ ਸਿੱਖਾਂ ਦੀਆਂ ਵੋਟਾਂ ਲੈਣ ਵਿਚ ਕਈ ਵਾਰ ਕਾਮਯਾਬ ਹੋਈ ਹੈ, ਜਦ ਕਿ ਅਕਾਲੀ ਦਲ ਨੇ ਕਾਂਗਰਸ ਦੇ ਮੁਕਾਬਲੇ ਸਿੱਖਾਂ ਨਾਲ ਕੋਈ ਅਜਿਹੀਆਂ ਵਧੀਕੀਆਂ ਨਹੀਂ ਕੀਤੀਆਂ ਪਰ ਅਕਾਲੀ ਦਲ ਵਲੋਂ ਕੀਤੀਆਂ ਗਈਆਂ ਕੁਝ ਗਲਤੀਆਂ ਨੂੰ ਵੀ ਸਿੱਖ ਸੰਗਤ ਬਖਸ਼ਣ ਦੇ ਰੌਂਅ ਵਿਚ ਨਹੀਂ ਜਾਪਦੀ, ਹਾਲਾਂਕਿ ਪਿਛਲੀਆਂ ਕਈ ਚੋਣਾਂ ਵਿਚ ਅਕਾਲੀ ਦਲ ਨੂੰ ਹਰਾ ਕੇ ਸਜ਼ਾ ਵੀ ਦੇ ਚੁੱਕੀ ਹੈ।

ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸਿੱਖ ਸੰਗਤ ਸਥਾਪਤ ਲੀਡਰਸ਼ਿਪ ’ਤੇ ਭਰੋਸਾ ਨਹੀਂ ਕਰ ਰਹੀ। ਇਸੇ ਕਾਰਨ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਅਤੇ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਬਹੁਮਤ ਮਿਲਿਆ। ਜਲੰਧਰ ਦੀ ਜ਼ਿਮਨੀ ਚੋਣ ਨੇ ਸਿੱਖ ਲੀਡਰਸ਼ਿਪ ’ਤੇ ਸਿੱਖਾਂ ਦੀ ਬੇਭਰੋਸਗੀ ਦੀ ਪੱਕੀ ਮੋਹਰ ਲਾ ਦਿੱਤੀ। ਇਸ ਲਈ ਇਹ ਕੰਧ ’ਤੇ ਲਿਖੇ ਵਾਂਗ ਸਾਫ ਹੈ ਕਿ ਸਿੱਖ ਸੰਗਤ ਪਹਿਲਾਂ ਹੀ ਅਜ਼ਮਾਈ ਹੋਈ ਸਿੱਖ ਲੀਡਰਸ਼ਿਪ ’ਤੇ ਦੁਬਾਰਾ ਭਰੋਸਾ ਨਹੀਂ ਕਰੇਗੀ। ਹਾਲਾਂਕਿ ਸਿੱਖ ਸੰਗਤ ਸਿੱਖ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਚ ਇਕ ਮਜ਼ਬੂਤ ਧਿਰ ਵਜੋਂ ਦੇਖਣਾ ਚਾਹੁੰਦੀ ਹੈ, ਇਥੋਂ ਤੱਕ ਕਿ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਵੀ ਇਹ ਕਹਿ ਰਹੀਆਂ ਹਨ ਕਿ ਪੰਜਾਬ ਵਿਚ ਅਕਾਲੀ ਦਲ ਦਾ ਮਜ਼ਬੂਤ ਹੋਣਾ ਸੂਬੇ ਦੇ ਹਿੱਤ ਵਿਚ ਹੈ।

ਪਰ ਅੱਜ ਦੇ ਹਾਲਾਤ ਵਿਚ ਅਜਿਹਾ ਸੰਭਵ ਨਹੀਂ ਲੱਗਦਾ। ਜੇ ਅਕਾਲੀ ਦਲ ਦੀ ਲੀਡਰਸ਼ਿਪ ਦਿਲੋਂ ਅਕਾਲੀ ਦਲ ਨੂੰ ਮੁੜ-ਸੁਰਜੀਤ ਕਰਨਾ ਚਾਹੁੰਦੀ ਹੈ ਤਾਂ ਸਮੁੱਚੀ ਲੀਡਰਸ਼ਿਪ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਪਵੇਗੀ ਅਤੇ ਖੁਦ ਨੂੰ ਪਿੱਛੇ ਹਟਾ ਕੇ ਅਕਾਲੀ ਦਲ ਦੀ ਵਾਗਡੋਰ ਕਿਸੇ ਅਜਿਹੀ ਸ਼ਖਸੀਅਤ ਦੇ ਹੱਥਾਂ ਵਿਚ ਸੌਂਪਣੀ ਪਵੇਗੀ ਜਿਸ ’ਤੇ ਸਿੱਖ ਸੰਗਤਾਂ ਨੂੰ ਕੋਈ ਕਿੰਤੂ-ਪ੍ਰੰਤੂ ਨਾ ਹੋਵੇ। ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀ ਸ਼ਖਸੀਅਤ ਕਿਵੇਂ ਲੱਭੇ? ਆਮ ਤੌਰ ’ਤੇ ਅਜਿਹਾ ਕਿਹਾ ਜਾਂਦਾ ਹੈ ਕਿ ਇਨ੍ਹਾਂ ਤੋਂ ਬਿਨਾਂ ਕੌਣ ਹੈ ਜੋ ਅਕਾਲੀ ਦਲ ਨੂੰ ਚੰਗੀ ਤਰ੍ਹਾਂ ਚਲਾ ਸਕਦਾ ਹੋਵੇ। ਸੁਖਬੀਰ ਸਿੰਘ ਬਾਦਲ ਦੇ ਹਮਾਇਤੀ ਅਕਸਰ ਇਹ ਕਹਿੰਦੇ ਹਨ ਕਿ ਪੈਸੇ ਤੋਂ ਬਿਨਾਂ ਪਾਰਟੀ ਨਹੀਂ ਚਲਾਈ ਜਾ ਸਕਦੀ। ਭਾਵੇਂ ਇਹ ਗੱਲ ਕੁਝ ਹੱਦ ਤਕ ਠੀਕ ਵੀ ਹੋ ਸਕਦੀ ਹੈ।

ਸਿੱਖ ਸੰਗਤਾਂ ਆਪਣਾ ਸਭ ਕੁਝ ਲੀਡਰਾਂ ’ਤੇ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਦੀਆਂ। ਸਾਡੇ ਇਸ ਵਿਸ਼ਵਾਸ ਦੀ ਤਾਜ਼ਾ ਉਦਾਹਰਣ ਆਮ ਆਦਮੀ ਪਾਰਟੀ ਹੈ ਜਿਸ ਕੋਲ ਨਾ ਤਾਂ ਕੋਈ ਸੰਗਠਨ ਸੀ ਤੇ ਨਾ ਹੀ ਆਰਥਿਕ ਪੱਖੋਂ ਬਹੁਤ ਮਜ਼ਬੂਤ ਸੀ ਪਰ ਲੋਕਾਂ ਨੂੰ ੳੁਨ੍ਹਾਂ ’ਤੇ ਵਿਸ਼ਵਾਸ ਹੋ ਗਿਆ ਜਿਸ ਕਾਰਨ ਲੋਕਾਂ ਨੇ ਇਸ ਪਾਰਟੀ ਦੇ ਲੀਡਰਾਂ ਤੇ ਉਮੀਦਵਾਰਾਂ ’ਤੇ ਵੋਟਾਂ ਅਤੇ ਪੈਸੇ ਦੀ ਬਰਸਾਤ ਕਰ ਦਿੱਤੀ। ਇਸ ਲਈ ਜੇ ਅਕਾਲੀ ਦਲ ਦੀ ਕਮਾਂਡ ਕਿਸੇ ਅਜਿਹੇ ਵਿਅਕਤੀ ਦੇ ਹੱਥਾਂ ਵਿਚ ਦੇ ਦਿੱਤੀ ਜਾਵੇ ਜੋ ਉਪਰ ਲਿਖੀਆਂ ਗੱਲਾਂ ’ਤੇ ਪੂਰਾ ਉਤਰਦਾ ਹੋਵੇ ਤੇ ਲੋਕ ਉਸ ’ਤੇ ਵਿਸ਼ਵਾਸ ਕਰ ਸਕਣ ਤਾਂ ਯਕੀਨਨ ਸਿੱਖ ਸੰਗਤ ਅਜਿਹੇ ਲੀਡਰ ਦਾ ਤਨ, ਮਨ ਅਤੇ ਧਨ ਨਾਲ ਸਾਥ ਦੇਵੇਗੀ। ਬਸ਼ਰਤੇ ਕਿ ਸਿੱਖ ਸੰਗਤ ਪਹਿਲਾਂ ਵਾਂਗ ਕਿਸੇ ਵੱਡੀ ਹੋ ਚੁੱਕੀ ਸ਼ਖਸੀਅਤ ਨੂੰ ਹੀ ਲੀਡਰ ਮੰਨਣ ਦੀ ਰਵਾਇਤ ’ਚੋਂ ਬਾਹਰ ਨਿਕਲੇ।

ਅਸੀਂ ਜਿਨ੍ਹਾਂ ਵਿਅਕਤੀਆਂ ਦਾ ਨਾਂ ਲੈਣ ਜਾ ਰਹੇ ਹਾਂ ਉਨ੍ਹਾਂ ਵਿਚੋਂ ਇਕ ਵਿਅਕਤੀ ਹੈ ਭਾਈ ਬਲਦੇਵ ਸਿੰਘ ਵਡਾਲਾ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਦੂਜੇ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ ਹਨ, ਜਿਨ੍ਹਾਂ ਨੇ ਸਿੱਖ ਸੰਗਤ ਨੂੰ ਸਿੱਖ ਲੀਡਰਸ਼ਿਪ ਦੀਆਂ ਆਪ-ਹੁਦਰੀਆਂ ਕਾਰਵਾਈਆਂ ਵਿਰੁੱਧ ਸੁਚੇਤ ਕੀਤਾ। ਇਨ੍ਹਾਂ ਦੋਵਾਂ ਸ਼ਖਸੀਅਤਾਂ ਨੇ ਆਰਥਿਕ ਤੇ ਸਮਾਜਿਕ ਨੁਕਸਾਨ ਝੱਲਿਆ ਪਰ ਉਹ ਆਪਣੇ ਸਟੈਂਡ ’ਤੇ ਕਾਇਮ ਹਨ ਤੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ।

-ਇਕਬਾਲ ਸਿੰਘ ਚੰਨੀ


author

Tanu

Content Editor

Related News