ਰਾਸ਼ਟਰੀਅਤਾ ਦੇ ਪੁੰਜ ਅਤੇ ਪੱਤਰਕਾਰਿਤਾ ਦੀ ਆਜ਼ਾਦੀ ਦੇ ਸੱਚੇ ਪਹਿਰੇਦਾਰ ਲਾਲਾ ਜਗਤ ਨਾਰਾਇਣ

09/09/2021 3:48:14 AM

ਓਮ ਪ੍ਰਕਾਸ਼ ਖੇਮਕਰਨੀ

ਇਕ ਖੁਸ਼ਹਾਲ ਅਤੇ ਉੱਚ ਸੰਸਕਾਰਾਂ ਵਾਲੇ ਆਪਣੇ ਵੱਡੇ-ਵਡੇਰੇ ਦੀਵਾਨ ਮੂਲਰਾਜ ਚੋਪੜਾ ਦੇ ਵੰਸ਼ਜ, ਇਕ ਦਲੇਰ ਰਾਸ਼ਟਰ ਭਗਤ ਅਤੇ ਪੱਤਰਕਾਰਿਤਾ ਦੀ ਆਜ਼ਾਦੀ ਦੇ ਨਿਡਰ ਪਹਿਰੇਦਾਰ ਲਾਲਾ ਜਗਤ ਨਾਰਾਇਣ ਜੀ ਦਾ ਸਮੁੱਚਾ ਜੀਵਨ ਚਰਿੱਤਰ ਰੌਸ਼ਨੀ ਦਾ ਇਕ ਅਜਿਹਾ ਮੀਨਾਰ ਹੈ ਜੋ ਆਉਣ ਵਾਲੇ ਸਮੇਂ ’ਚ ਵੀ ਲਗਾਤਾਰ ਰੌਸ਼ਨੀ ਵੰਡਦਾ ਰਹੇਗਾ। ਸਿਆਸੀ ਆਦਰਸ਼ਾਂ ਦੇ ਲਈ ਉਨ੍ਹਾਂ ਨੇ ਜੇਲ ਦਾ ਵੀ ਸਵਾਗਤ ਕੀਤਾ। ਅੰਗਰੇਜ਼ੀ ਸ਼ਾਸਨਕਾਲ ਅਤੇ ਫਿਰ ਆਜ਼ਾਦੀ ਪ੍ਰਾਪਤੀ ਦੇ ਬਾਅਦ ਵੀ, ਪਰ ਉਨ੍ਹਾਂ ਨੇ ਅਨਿਆਂ ਦੇ ਅੱਗੇ ਸਿਰ ਨਾ ਝੁਕਾਇਆ ਅਤੇ ਪੱਤਰਕਾਰ ਦੇ ਤੌਰ ’ਤੇ ਆਪਣੀ ਲੇਖਣੀ ਨੂੰ ਤੱਤਕਾਲੀਨ ਹੰਕਾਰੀ ਹਾਕਮਾਂ ਦੇ ਵਿਰੁੱਧ ਬਿਨਾਂ ਰੁਕੇ ਲਗਾਤਾਰ ਚਲਾਇਆ। ਉਨ੍ਹਾਂ ਦੇ ਇਨ੍ਹਾਂ ਮਹਾਨ ਗੁਣਾਂ ਅਤੇ ਉੱਚ ਸੰਸਕਾਰਾਂ ਦੇ ਕਾਰਨ ਉਨ੍ਹਾਂ ਨੂੰ ਸ਼ੇਰ-ਏ–ਪੰਜਾਬ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਵੱਡੇ-ਵਡੇਰੇ ਦੀਵਾਨ ਮੂਲਰਾਜ ਚੋਪੜਾ ਮਹਾਰਾਜਾ ਰਣਜੀਤ ਸਿੰਘ ਦੇ ਭਰੋਸੇਯੋਗ ਅਧਿਕਾਰੀ ਸਨ ਅਤੇ ਉਨ੍ਹਾਂ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ। ਅਜਿਹਾ ਸੀ ਉਨ੍ਹਾਂ ਦਾ ਸ਼ਾਹੀ ਪਰਿਵਾਰ।

ਲਾਲਾ ਜੀ ਦਾ ਸੰਪਰਕ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਤੋਂ ਲੈ ਕੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਵੀ ਨੇੜਤਾ ਦਾ ਰਿਹਾ। ਉਨ੍ਹਾਂ ਨੇ ਆਪਣੇ ਅਸਰ-ਰਸੂਖ ਨਾਲ ਪੰਜਾਬ ਦੀ ਸਿਆਸਤ ’ਤੇ ਡੂੰਘੀ ਛਾਪ ਛੱਡੀ।

ਉਹ ਹਿੰਦੂ-ਸਿੱਖ ’ਚ ਕੋਈ ਭੇਦ ਨਹੀਂ ਮੰਨਦੇ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਕਾਂਗਰਸੀ ਨੇਤਾ, ਜੋ ਆਰੀਆ ਸਮਾਜੀ ਵੀ ਸਨ, ਭੀਮਸੇਨ ਸੱਚਰ ਦੀ ਥਾਂ ’ਤੇ ਪ੍ਰਤਾਪ ਸਿੰਘ ਕੈਰੋਂ ਨੂੰ ਆਪਣਾ ਨੇਤਾ ਮੰਨਿਆ। ਆਪਣੀ ਇਕ ਸੰਪਾਦਕੀ ’ਚ ਲਾਲਾ ਜੀ ਨੇ ਖੁਦ ਲਿਖਿਆ, ‘‘ਮੈਂ ਹਿੰਦੂ-ਸਿੱਖ ਦਾ ਕਦੀ ਵੀ ਫਰਕ ਆਪਣੇ ਦਿਲ ਦੇ ਅੰਦਰ ਪੈਦਾ ਨਹੀਂ ਹੋਣ ਦਿੱਤਾ। ਜੇਕਰ ਹੁੰਦਾ ਤਾਂ ਮੈਂ 1952 ’ਚ ਸ. ਪ੍ਰਤਾਪ ਸਿੰਘ ਕੈਰੋਂ ਨੂੰ ਆਪਣਾ ਨੇਤਾ ਨਾ ਮੰਨਦਾ। ਸ਼੍ਰੀ ਸੱਚਰ ਸਾਹਿਬ ਆਰੀਆ ਸਮਾਜੀ ਸਨ। ਮੈਂ ਵੀ ਆਰੀਆ ਸਮਾਜੀ ਸੀ ਪਰ ਮੈਂ ਉਨ੍ਹਾਂ ਨੂੰ ਆਪਣਾ ਨੇਤਾ ਪ੍ਰਵਾਨ ਨਾ ਕੀਤਾ।’’ ਇਹ ਵੱਖਰੀ ਗੱਲ ਹੈ ਕਿ ਬਾਅਦ ’ਚ ਉਹੀ ਸ. ਪ੍ਰਤਾਪ ਸਿੰਘ ਕੈਰੋਂ ਲਾਲਾ ਜੀ ਦੇ ਸਮਰਥਨ ਦੀ ਸ਼ਕਤੀ ਹਾਸਲ ਕਰ ਕੇ ਤਾਨਾਸ਼ਾਹ ਹੋ ਗਏ। ਤਦ ਲਾਲਾ ਜੀ ਅਤੇ ਤੱਤਕਾਲੀਨ ਚੋਟੀ ਦੇ ਵਿਰੋਧੀ ਨੇਤਾਵਾਂ ਦੀ ਸ਼ਮੂਲੀਅਤ ਵਾਲੀ ਮੁਹਿੰਮ ਤੋਂ ਮਜਬੂਰ ਹੋ ਕੇ ਪ੍ਰਧਾਨ ਮੰਤਰੀ ਨਹਿਰੂ ਨੂੰ ਸ. ਕੈਰੋਂ ਦੇ ਕਾਲ ਦੇ ਭ੍ਰਿਸ਼ਟਾਚਾਰ ਦੀ ਜਾਂਚ ਲਈ ਇਕ ਦਾਸ ਕਮਿਸ਼ਨ ਦਾ ਗਠਨ ਕਰਨਾ ਹੀ ਿਪਆ ਅਤੇ ਇਸ ਦੀ ਜਾਂਚ ਦੇ ਨਤੀਜੇ ਵਜੋਂ ਕੁਝ ਮਾਮਲਿਆਂ ’ਚ ਦੋਸ਼ੀ ਪਾਏ ਜਾਣ ’ਤੇ ਸ. ਕੈਰੋਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਹ ਲਾਲਾ ਜੀ ਦੀ ਦਲੇਰ ਸੋਚ ਦੀ ਜਿੱਤ ਸੀ।

ਲਾਲਾ ਜੀ ਦੇ ਜੀਵਨ ਕਾਲ ਦੀਆਂ ਇੰਨੀਆਂ ਘਟਨਾਵਾਂ ਹਨ ਕਿ ਇਨ੍ਹਾਂ ’ਤੇ ਕਈ ਕਿਤਾਬਾਂ ਛਪ ਸਕਦੀਆਂ ਹਨ। ਲਾਲਾ ਜੀ ਨੇ ਜਦੋਂ 1956 ’ਚ ਕਾਂਗਰਸ ਛੱਡੀ ਤਾਂ ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਕਦੀ ਨਾ ਦੇਖਿਆ ਪਰ ਉਨ੍ਹਾਂ ਦੇ ਪ੍ਰਭਾਵ ’ਚ ਫਿਰ ਵੀ ਕੋਈ ਕਮੀ ਨਾ ਆਈ। ਉਹ ਆਪਣੇ ਸਨੇਹੀਆਂ ਦੀ ਪ੍ਰੇਰਣਾ ’ਤੇ ਰਾਜ ਸਭਾ ਦੀ ਚੋਣ ’ਚ ਖੜ੍ਹੇ ਹੋ ਗਏ ਅਤੇ ਭਾਰੀ ਵਿਰੋਧ ਦੇ ਬਾਵਜੂਦ ਸ਼ਾਨ ਨਾਲ ਜਿੱਤ ਗਏ। ਤਦ ਪ੍ਰਧਾਨ ਮੰਤਰੀ ਸ਼੍ਰੀ ਨਹਿਰੂ ਨੇ ਇੰਝ ਕਿਹਾ ਸੀ : ‘‘ਸਾਡੀ ਤਾਂ ਪੂਰੀ-ਪੂਰੀ ਕੋਸ਼ਿਸ਼ ਸੀ ਕਿ ਤੁਸੀਂ ਨਾ ਜਿੱਤ ਸਕੋ ਪਰ ਤੁਸੀਂ ਜਿੱਤ ਗਏ, ਤੁਹਾਨੂੰ ਵਧਾਈ। ਸਾਡੀਆਂ ਨੀਤੀਆਂ ਦੇ ਅਨੁਸਾਰ ਕੋਈ ਕੰਮ ਤੁਸੀਂ ਜਦੋਂ ਵੀ ਲਿਆਓਗੇ, ਉਹ ਕੀਤਾ ਜਾਵੇਗਾ।’’

ਇਹ ਠੀਕ ਹੈ ਕਿ ਲਾਲਾ ਜੀ ਨੇ ਸੂਬਾਈ ਹੀ ਨਹੀਂ, ਰਾਸ਼ਟਰੀ ਪੱਧਰ ’ਤੇ ਵੀ ਆਪਣਾ ਪ੍ਰਭਾਵ ਪਾਇਆ। ਜਨਤਾ ਪਾਰਟੀ ਨੂੰ ਪੰਜਾਬ ਅਤੇ ਕੁਝ ਹੋਰ ਸੂਬਿਆਂ ’ਚ ਜਿੱਤ ਦਿਵਾਉਣ ਦਾ ਸਿਹਰਾ ਦਰਅਸਲ ਲਾਲਾ ਜੀ ਦੀ ਪ੍ਰਚੰਡ ਚੋਣ ਪ੍ਰਚਾਰ ਮੁਹਿੰਮ ਨੂੰ ਜਾਂਦਾ ਹੈ। ਫਿਰ ਵੀ ਲਾਲਾ ਜੀ ਜਲੰਧਰ ਦੀਆਂ ਸਥਾਨਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਸੁਚੇਤ ਰਹਿੰਦੇ ਸਨ।

ਲਾਲਾ ਜੀ ਦੀ ਸ਼ਹਾਦਤ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਸਥਾਨਕ ਦੋ ਆਬਾਦੀਆਂ ਜੇ. ਪੀ. ਨਗਰ ਤੇ ਕ੍ਰਿਸ਼ਨਾ ਨਗਰ ਦੇ ਰਿਹਾਇਸ਼ੀ ਘਰਾਂ ਨੂੰ ਡੇਗ ਦੇਣ ਅਤੇ ਜ਼ਮੀਨ ਖਾਲੀ ਕਰਨ ਦੇ ਹੁਕਮ ਦੇ ਦਿੱਤੇ। ਇਸ ਨਾਲ ਸੈਂਕੜੇ ਲੋਕਾਂ ’ਚ ਭਾਰੀ ਬੇਚੈਨੀ ਫੈਲੀ। ਮੈਂ ਉਦੋਂ ਜਨਤਾ ਪਾਰਟੀ ਜ਼ਿਲਾ ਜਲੰਧਰ (ਸ਼ਹਿਰੀ) ਦਾ ਪ੍ਰਧਾਨ ਸੀ। ਪਾਰਟੀ ਨੇ ਫੈਸਲਾ ਕੀਤਾ ਕਿ ਇਹ ਮਾਮਲਾ ਆਪਣੇ ਹੱਥ ’ਚ ਲਿਆ ਜਾਵੇ ਅਤੇ ਇਸ ਲਈ ਲਾਲਾ ਜੀ ਤੋਂ ਅਗਵਾਈ ਲਈ ਜਾਵੇ। ਫਿਰ ਮੈਂ ਅਤੇ ਪਾਰਟੀ ਦੇ ਕੁਝ ਸਾਥੀ ਲਾਲਾ ਜੀ ਨੂੰ ਮਿਲੇ ਅਤੇ ਇੰਪਰੂਵਮੈਂਟ ਟਰੱਸਟ ਦੇ ਜਾਰੀ ਨੋਟਿਸਾਂ ਦੀ ਕਾਪੀ ਉਨ੍ਹਾਂ ਨੂੰ ਦਿਖਾਈ।

ਲਾਲਾ ਜੀ ਨੇ ਕਿਹਾ ਕਿ ਇਹ ਤਾਂ ਬੇਇਨਸਾਫੀ ਹੈ। ਉਨ੍ਹਾਂ ਨੇ ਇਸ ਦੇ ਵਿਰੁੱਧ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਤਦ ਅਸੀਂ ਨਹਿਰੂ ਗਾਰਡਨ ’ਚ ਇਕ ਜਲਸਾ ਕੀਤਾ, ਜਿਸ ਨੂੰ ਲਾਲਾ ਜੀ ਨੇ ਸੰਬੋਧਨ ਕੀਤਾ, ਉੱਥੋਂ ਹੀ ਇਕ ਰੈਲੀ ਕੱਢੀ ਗਈ ਜੋ ਜੇ. ਪੀ. ਨਗਰ ਤੇ ਕ੍ਰਿਸ਼ਨਾ ਨਗਰ ਤੱਕ ਗਈ। ਇਨ੍ਹਾਂ ਬਸਤੀ ਵਾਲਿਆਂ ਨੂੰ ਭਰੋਸਾ ਦਿਵਾਇਆ ਕਿ ਲਾਲਾ ਜੀ ਤੁਹਾਡੇ ਨਾਲ ਹਨ, ਬੇਇਨਸਾਫੀ ਨਹੀਂ ਹੋਣ ਦੇਣਗੇ।

ਫਿਰ ਲਾਲਾ ਜੀ ਦੀ ਅਗਵਾਈ ’ਚ ਅਸੀਂ ਲੋਕ ਜਲੰਧਰ ਦੇ ਤੱਤਕਾਲੀਨ ਡਵੀਜ਼ਨਲ ਕਮਿਸ਼ਨਰ ਸ਼੍ਰੀ ਸੇਨ ਨੂੰ ਮਿਲੇ। ਪਹਿਲਾਂ ਤਾਂ ਉਹ ਨਾ ਮੰਨੇ ਪਰ ਲਾਲਾ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਸੰਬੰਧਤ ਜ਼ਮੀਨ ਤਾਂ ਇੰਪਰੂਵਮੈਂਟ ਟਰੱਸਟ ਦੀ ਹੈ ਹੀ ਨਹੀਂ, ਉਹ ਕਸਟੋਡੀਅਨ ਜਾਇਦਾਦ ਹੈ। ਇਸ ਲਈ, ਟਰੱਸਟ ਦੇ ਘੇਰੇ ’ਚੋਂ ਬਾਹਰ ਹੈ। ਇਸ ’ਤੇ ਸੇਨ ਨਰਮ ਪੈ ਗਏ ਅਤੇ ਇੰਪਰੂਵਮੈਂਟ ਟਰੱਸਟ ਵੱਲੋਂ ਇਨ੍ਹਾਂ ਬਸਤੀਆਂ ਦੇ ਮਕਾਨਾਂ ਨੂੰ ਡੇਗਣ ਦੇ ਵਿਰੁੱਧ ਸਟੇਅ ਆਰਡਰ ਦੇ ਦਿੱਤਾ ਗਿਆ।

ਫਿਰ ਸਾਡੀ ਸੰਘਰਸ਼ ਕਮੇਟੀ ਦੀ ਯੋਜਨਾ ਨਾਲ ਇਲਾਕਾ ਨਿਵਾਸੀ ਹਾਈਕੋਰਟ ਗਏ ਤਾਂ ਉੱਥੋਂ ਉਨ੍ਹਾਂ ਨੂੰ ਪੱਕਾ ਸਟੇਅ ਆਰਡਰ ਮਿਲ ਗਿਆ। ਇਸ ਤਰ੍ਹਾਂ ਲਾਲਾ ਜੀ ਦੀ ਦੂਰਅੰਦੇਸ਼ੀ ਨਾਲ ਸਥਾਨਕ ਦੋਵੇਂ ਆਬਾਦੀਆਂ ਢਹਿਣ ਤੋਂ ਸਦਾ ਲਈ ਬਚ ਗਈਆਂ।

ਲਾਲਾ ਜੀ ਦੇ ਅੱਜ ਬਲਿਦਾਨ ਦਿਵਸ ’ਤੇ ਉਨ੍ਹਾਂ ਨੂੰ ਕੋਟਿਨ-ਕੋਟਿ ਪ੍ਰਣਾਮ।


Bharat Thapa

Content Editor

Related News