ਲੈਲਾ-ਮਜਨੂੰ ਦੀ ਮਜ਼ਾਰ ’ਤੇ ਪ੍ਰੇਮੀ ਜੋੜੇ ਮੰਗਦੇ ਹਨ ਮੰਨਤ

06/21/2019 6:20:30 AM

ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ਦੇ ਅਨੂਪਗੜ੍ਹ ਇਲਾਕੇ ਤੋਂ 8 ਕਿਲੋਮੀਟਰ ਦੂਰ ਸਥਿਤ ਹੈ ਛੋਟਾ ਜਿਹਾ ਪਿੰਡ ਬਿਜ਼ਨੌਰ। ਇਥੇ ਬਣੀ ਹੈ ਪ੍ਰਸਿੱਧ ਪ੍ਰੇਮੀ ਜੋੜੇ ਲੈਲਾ-ਮਜਨੂੰ ਦੀ ਮਜ਼ਾਰ। ਇਹ ਮਜ਼ਾਰ ਪ੍ਰੇਮੀ ਜੋੜਿਆਂ ਲਈ ਕਿਸੇ ਤੀਰਥ ਅਸਥਾਨ ਤੋਂ ਘੱਟ ਨਹੀਂ ਹੈ। ਇਥੇ ਦੂਰ-ਦੂਰ ਤੋਂ ਪ੍ਰੇਮੀ ਜੋੜੇ ਅਤੇ ਹੋਰ ਵਿਅਕਤੀ ਆਪਣੀਆਂ ਖੁਸ਼ੀਆਂ ਮੰਗਣ ਝੋਲੀਆਂ ਅੱਡ ਕੇ ਆਉਂਦੇ ਹਨ। ਮੇਲੇ ਦੌਰਾਨ ਮਜ਼ਾਰ ’ਤੇ ਮੱਥਾ ਟੇਕਣ ਲਈ ਭਿਆਨਕ ਗਰਮੀ ’ਚ ਲੋਕ ਲਾਈਨ ਲਗਾ ਕੇ ਘੰਟਿਆਂ ਤਕ ਇਥੇ ਖੜ੍ਹੇ ਰਹਿੰਦੇ ਹਨ।

ਇਹ ਪਿੰਡ ਦੇਖਣ ’ਚ ਬੇਸ਼ੱਕ ਛੋਟਾ ਹੈ ਪਰ ਇਸ ਦੀ ਪਛਾਣ ਵੱਡੀ ਹੈ। ਦੱਸਿਆ ਜਾਂਦਾ ਹੈ ਕਿ ਇਸ ਛੋਟੇ ਜਿਹੇ ਪਿੰਡ ’ਚ ਪ੍ਰੇਮੀ ਜੋੜੇ ਵਜੋਂ ਅਮਿੱਟ ਛਾਪ ਛੱਡਣ ਵਾਲੇ ਲੈਲਾ-ਮਜਨੂੰ ਨੇ ਆਖਰੀ ਸਾਹ ਲਿਆ ਸੀ, ਹਾਲਾਂਕਿ ਇਸ ਦਾ ਕੋਈ ਪੁਖਤਾ ਸਬੂਤ ਨਹੀਂ ਹੈ ਪਰ ਇਸ ਮਾਨਤਾ ਦੇ ਕਾਰਣ ਇਥੇ ਪ੍ਰੇਮੀ ਜੋੜੇ ਲਗਾਤਾਰ ਆਉਂਦੇ ਰਹਿੰਦੇ ਹਨ। ਅਨੂਪਗੜ੍ਹ ਇਲਾਕੇ ਤੋਂ ਇਲਾਵਾ ਸ਼੍ਰੀਗੰਗਾਨਗਰ ਦੇ ਘੜਸਾਨਾ, ਰਾਵਲਾ, ਸ਼੍ਰੀਵਿਜੇਨਗਰ ਅਤੇ ਰਾਮਸਿੰਘਪੁਰ ਸਮੇਤ ਦੂਰ-ਦੁਰਾਡੇ ਇਲਾਕਿਆਂ ਤੋਂ ਵੀ ਹਜ਼ਾਰਾਂ ਦੀ ਗਿਣਤੀ ’ਚ ਇਥੇ ਔਰਤਾਂ ਅਤੇ ਮਰਦ ਆਪਣੀ ਮਨੋਕਾਮਨਾ ਪੂਰੀ ਹੋਣ ਦੀ ਇੱਛਾ ਨਾਲ ਸ਼ਰਧਾ ਨਾਲ ਫੁੱਲ ਚੜ੍ਹਾਉਂਦੇ ਹਨ। ਮੇਲੇ ’ਚ ਸੁਰੱਖਿਆ ਪ੍ਰਬੰਧਾਂ ਲਈ ਪੁਲਸ ਅਤੇ ਹੋਮਗਾਰਡ ਦੇ ਜਵਾਨ ਤਾਇਨਾਤ ਰਹਿੰਦੇ ਹਨ। ਸਥਾਨਕ ਲੋਕਾਂ ਅਨੁਸਾਰ ਲੈਲਾ-ਮਜਨੂੰ ਦੀ ਮਜ਼ਾਰ ਸੈਂਕੜੇ ਸਾਲ ਪੁਰਾਣੀ ਹੈ। ਮੇਲਾ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਸਮੇਤ ਹੋਰ ਮੈਂਬਰ ਇਸ ਮੇਲੇ ਦੇ ਪ੍ਰਬੰਧਾਂ ਨੂੰ ਸੰਭਾਲਦੇ ਹਨ। ਇਲਾਕੇ ਦੇ ਬਜ਼ੁਰਗਾਂ ਅਨੁਸਾਰ ਉਹ 1962 ਤੋਂ ਬਿਜ਼ਨੌਰ ਪਿੰਡ ’ਚ ਰਹਿ ਰਹੇ ਹਨ। ਉਦੋਂ ਇਥੇ ਪੂਰੇ ਇਲਾਕੇ ’ਚ ਜੰਗਲ ਸੀ। ਘੱਗਰ ਦਰਿਆ ’ਚ ਆਉਣ ਵਾਲੇ ਹੜ੍ਹਾਂ ਦੇ ਦਿਨਾਂ ’ਚ ਲੈਲਾ-ਮਜਨੂੰ ਦੀ ਮਜ਼ਾਰ ਦੇ ਚਾਰ-ਚੁਫੇਰੇ ਵੱਡੀ ਮਾਤਰਾ ’ਚ ਪਾਣੀ ਭਰ ਜਾਣ ਦੇ ਬਾਵਜੂਦ ਮਜ਼ਾਰ ’ਚ ਪਾਣੀ ਨਹੀਂ ਜਾਂਦਾ ਸੀ। 1972 ਮਗਰੋਂ ਇਸ ਮਜ਼ਾਰ ਦੀ ਮਾਨਤਾ ਵਧ ਗਈ ਅਤੇ ਇਥੇ ਮੇਲਾ ਲੱਗਣ ਲੱਗਾ, ਜੋ ਅਜੇ ਤਕ ਜਾਰੀ ਹੈ। (ਸਾ)


Bharat Thapa

Content Editor

Related News