ਅੱਜ ਮਹਾਕੁੰਭ ’ਤੇ ਵਿਸ਼ੇਸ਼: ਅਨੇਕਤਾ ’ਚ ਏਕਤਾ ਦਾ ਪ੍ਰਤੀਕ ਕੁੰਭ ਮੇਲਾ
Monday, Jan 13, 2025 - 02:20 PM (IST)
ਇਸ ਸਾਲ ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਦਾ ਤਿਉਹਾਰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਗੰਗਾ, ਯਮੁਨਾ ਅਤੇ ਅਦ੍ਰਿਸ਼ ਤ੍ਰਿਵੈਣੀ ਦੇ ਸੰਗਮ ’ਤੇ 13 ਜਨਵਰੀ ਤੋਂ ਸ਼ੁਰੂ ਹੋ ਕੇ 26 ਫਰਵਰੀ ਤੱਕ ਚੱਲੇਗਾ। ਅਨੇਕਤਾ ’ਚ ਏਕਤਾ ਦਾ ਜਿਊਂਦਾ-ਜਾਗਦਾ ਪ੍ਰਤੀਕ ਤਿਉਹਾਰ ਹੈ ਕੁੰਭ ਮੇਲਾ। ਇਹ ਮੇਲਾ ਹਜ਼ਾਰਾਂ ਸਾਲਾਂ ਤੋਂ ਲੋਕ ਵਿਸ਼ਵਾਸ ਦਾ ਆਧਾਰ ਬਣਿਆ ਰਿਹਾ ਹੈ। ਸੱਭਿਆਚਾਰਕ ਅਤੇ ਅਧਿਆਤਮਕ ਚੇਤਨਾ ਨਾਲ ਜੁੜਿਆ ਇਹ ਮਹਾਕੁੰਭ ਦਾ ਤਿਉਹਾਰ ਭਾਰਤੀ ਸਮਾਜਿਕ-ਸੱਭਿਆਚਾਰਕ ਧਾਰਨਾਵਾਂ ਦਾ ਪ੍ਰਤੀਕ ਹੈ। ਅਜਿਹੇ ਤਿਉਹਾਰਾਂ-ਮੇਲਿਆਂ ਨੇ ਸਾਡੀ ਭਾਰਤੀਅਤਾ (ਰਾਸ਼ਟਰੀਅਤਾ) ਨੂੰ ਜ਼ਿੰਦਾ ਬਣਾਈ ਰੱਖਿਆ ਹੈ।
ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਕੁੰਭ ਤਿਉਹਾਰ ਦੀ ਇਸ ਸੱਭਿਆਚਾਰਕ ਵਿਰਾਸਤ ਨੂੰ ਸਾਡੇ ਦੇਸ਼ ਦੇ ਚਿੰਤਕਾਂ, ਰਿਸ਼ੀਆਂ-ਮੁਨੀਆ, ਦਾਰਸ਼ਨਿਕਾਂ, ਧਾਰਮਿਕ ਆਗੂਆਂ ਜਾਂ ਸਾਧੂ-ਸੰਤਾਂ ਨੇ ਪੜ੍ਹੇ-ਲਿਖੇ, ਅਨਪੜ੍ਹਾਂ ਆਮ ਲੋਕਾਂ ਤੱਕ ਪਹੁੰਚਾਇਆ। ਇਸ ਤਿਉਹਾਰ ਦੀ ਭਾਵਨਾ ਦੇ ਪਿੱਛੇ ਜੀਵੰਤ ਆਸਥਾ ਅਤੇ ਸ਼ਰਧਾ ਭਾਵ ਹੀ ਕਾਰਜਸ਼ੀਲ ਰਿਹਾ ਹੈ। ਭਾਰਤ ਦੀ ਧਰਤੀ ਜੇਕਰ ਪਵਿੱਤਰ ਅਤੇ ਮਹੱਤਵਪੂਰਨ ਹੈ ਤਾਂ ਇਸ ਲਈ ਕਿ ਉਹ ਬਾਕੀ ਵਿਸ਼ਵ ਨਾਲ ਜੋੜਦੀ ਹੈ, ਇਸ ਲਈ ਨਹੀਂ ਕਿ ਉਹ ਉਸ ਨੂੰ ਦੂਜਿਆਂ ਨਾਲੋਂ ਵੱਖ ਕਰਕੇ ਭੂਗੋਲ ਦੀਆਂ ਰਾਸ਼ਟਰੀ ਹੱਦਾਂ ਤੱਕ ਬੰਨ੍ਹ ਦਿੰਦੀ ਹੈ।
ਵਿਸ਼ਵਾਸਾਂ ਦੀਆਂ ਇਨ੍ਹਾਂ ਮਰਿਆਦਾਵਾਂ ਦੇ ਸੰਬੰਧ ’ਚ ਹੀ ਇਕ ਮਨੁੱਖੀ ਸਮੂਹ ਦੀ ਜੀਵਨ ਧਾਰਾ, ਉਸਦੀ ਲੈਅ ਅਤੇ ਲੋਅ ਪੈਦਾ ਹੁੰਦੀ ਹੈ, ਇਹ ਉਸਦੀ ਸੱਭਿਆਚਾਰਕ ਚੇਤਨਾ ਦਾ ਮੁੱਖ ਪ੍ਰੇਰਣਾਸਰੋਤ ਵੀ ਹੈ। ਇਹ ਭਾਵਨਾ ਭਾਰਤ ਨੂੰ ਜਾਂ ਭਾਰਤੀ ਸੱਭਿਅਤਾ ਨੂੰ ਆਧੁਨਿਕ ਦੁਨੀਆ ਦੇ ਰਾਸ਼ਟਰਾਂ ਅਤੇ ਰਾਜਤੰਤਰਾਂ ਤੋਂ ਵੱਖ ਕਰ ਦਿੰਦੀ ਹੈ। ਇਸ ਲਈ ਸਾਡੀ ਸੱਭਿਅਤਾ ਨੂੰ ਗੁਲਾਮੀ ਦੇ ਦੌਰ ਨੂੰ ਨਸ਼ਟ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਜਿਉਂ ਦੇ ਤਿਉਂ ਖੜ੍ਹੇ ਹਾਂ। ਕੁੰਭ ਜਾਂ ਮਹਾਕੁੰਭ ਵਰਗੇ ਪਵਿੱਤਰ ਮੇਲਿਆਂ ’ਚ ਵੀ ਸਾਨੂੰ ਇਹ ਸ਼ਕਤੀ ਹਾਸਲ ਹੁੰਦੀ ਰਹੀ ਹੈ।
ਅਜਿਹੇ ਤਿਉਹਾਰ ਮੌਕੇ ਪੁੱਜਣ ਵਾਲੇ ਲੋਕਾਂ ਨੇ ਯੁੱਗਾਂ-ਯੁੱਗਾਂ ਤੋਂ ਭਾਰਤੀ ਜਨਜੀਵਨ ਨੂੰ ਆਸਥਾਸ਼ੀਲ ਬਣਾਈ ਰੱਖਿਆ ਹੈ। ਕੁੰਭ ਦਾ ਤਿਉਹਾਰ ਲੋਕਾਂ ਲਈ ਪ੍ਰੇਰਣਾ, ਅਨਾਦ ਸਰੋਤ ਨਾਲ ਭਰਪੂਰ ਖਿੱਚ ਪੈਦਾ ਕਰਦਾ ਹੈ। ਸਿੱਟੇ ਵਜੋਂ ਕਹਿ ਸਕਦੇ ਹਾਂ ਕਿ ਇਨ੍ਹਾਂ ਕੁੰਭ ਦੇ ਤਿਉਹਾਰਾਂ ਨੇ ਭੂਗੋਲਿਕ, ਇਤਿਹਾਸਕ ਅਤੇ ਸੱਭਿਆਚਾਰਕ ਏਕਤਾ ਕਾਇਮ ਰੱਖ ਕੇ ਰਾਸ਼ਟਰੀ ਜੀਵਨ ਸੰਦਰਭਾਂ ਪ੍ਰਤੀ ਜਾਤੀ ਹੋਂਦ ਨੂੰ ਜਾਗ੍ਰਿਤ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਜਦੋਂ ਕੋਈ ਮਹਾਕੁੰਭ ਆਉਂਦਾ ਹੈ ਉਦੋਂ ਲੋਕ ਭਾਵਨਾ ਬੜੇ ਖੁਸ਼ ਮਨ ਅਤੇ ਸੰਕਲਪ ਸੋਚ ਨੂੰ ਲੈ ਕੇ ਕੁੰਭ ਵਾਲੀਆਂ ਥਾਵਾਂ ਵੱਲ ਉਮੜ ਪੈਂਦੀ ਹੈ। ਹਰ ਉਮਰ ਵਰਗ ਅਤੇ ਜਾਤੀ ਵਰਗ ਦੇ ਲੋਕ, ਸੂਬਿਆਂ ਦੀਆਂ ਹੱਦਾਂ ਨੂੰ ਟੱਪਦੇ ਹੋਏ ਗਰੀਬ-ਅਮੀਰ ਦੇ ਘੇਰਿਆਂ ਨੂੰ ਤੋੜਦੇ ਹੋਏ ਕਈ ਭਾਸ਼ਾ-ਬੋਲੀਆਂ ’ਚ ਸ਼ਬਦ-ਸਾਧਨਾ ਕਰਦੇ ਹੋਏ ਪਰਮ ਅੰਮ੍ਰਿਤ ਦੀ ਕਾਮਨਾ ਨਾਲ ਆਪਣੇ-ਖੁਦ (ਸੀਮਤ) ਨੂੰ ‘ਪਰ’ (ਪਰਮ) ’ਚ ਸਮਰਪਿਤ ਕਰਨ ਲਈ ਸੰਕਲਪਸ਼ੀਲ ਦਿਖਾਈ ਦਿੰਦੇ ਹਨ।
ਸਮੁੰਦਰ-ਨਦੀਆਂ ਦੇ ਕੰਢਿਆਂ ’ਤੇ ਅਜਿਹੇ ਆਸਥਾਸ਼ੀਲ ਸ਼ਰਧਾਲੂਆਂ ਦੇ ਸਰਗਰਮ ਚਰਨ, ਭਾਰਤ ਦੀ ਭੂਮੀ ਦੇ ਕਣ-ਕਣ ਨੂੰ ਰਾਗਾਤਮਕ ਸੰਬੰਧਾਂ ਨਾਲ ਜੋੜਦੇ ਹੋਏ ਮਹਾਰਾਗ ਦਾ ਵਸਤਰ ਬੁਣਦੇ ਰਹੇ ਹਨ। ਨਦੀਆਂ ਦੇ ਕੰਢਿਆਂ ’ਤੇ ਜਨ-ਸੈਲਾਬ ਨੂੰ ਦੇਖ ਕੇ ਅਜਿਹਾ ਜਾਪਦਾ ਹੈ ਕਿ ਜਿਵੇਂ ਨਵੇਂ-ਭਾਵ ਵਿਧਾਨ ਵਾਲੇ ਅਜਿਹੇ ਸ਼ਰਧਾਲੂਆਂ ਦਾ ਇਕ ਨਵਾਂ ਨਗਰ ਹੀ ਵੱਸ ਗਿਆ ਹੋਵੇ। ਇਹ ਗਿਆਨ ਆਸਥਾ, ਇਹ ਲੋਕ ਆਸਥਾ ਇਕ ਸੂਬੇ ਦੇ ਇਕ ਬੇਆਬਾਦ ਇਲਾਕੇ ਨੂੰ ਵੀ ਆਬਾਦ ਕਰ ਦਿੰਦੀ ਹੈ। ਸਾਲਾਂ ਬਾਅਦ ਪ੍ਰਯਾਗ ਦੇ ਤ੍ਰਿਵੈਣੀ ਦੇ ਕੰਢੇ ’ਤੇ ਕੁੰਭ ਜਾਂ ਅਰਧ ਕੁੰਭ ਦੇ ਬਾਅਦ ਇਸ ਵਾਰ ਮਹਾਕੁੰਭ ਦਾ ਪਵਿੱਤਰ ਮੌਕਾ ਆਇਆ ਹੈ। ਜਿੱਥੇ ਸੈਂਕੜੇ ਝੌਂਪੜੀਆਂ, ਲੱਖਾਂ ਝੰਡੇ, ਝੰਡੀਆਂ ਦਿਖਾਈ ਦਿੰਦੀਆਂ ਹਨ। ਇੱਥੇ ਜਟਾਧਾਰੀ ਸਾਧੂ-ਸੰਤਾਂ ਦੇ ਸੰਗਠਨ ਜਾਂ ਯੋਗੀਆਂ ਦੀਆਂ ਜਮਾਤਾਂ ਆਪਣੀਆਂ ਰਵਾਇਤਾਂ ਨੂੰ ਨਿਭਾਉਣ ਲਈ ਆਪਣੀ ਆਨ-ਬਾਨ-ਸ਼ਾਨ ਤੇ ਆਪਣੇ ਨਾਂ ਦੀ ਹੋਂਦ ਨੂੰ ਪ੍ਰਦਰਸ਼ਿਤ ਕਰ ਰਹੀਆਂ ਹਨ।
ਪਵਿੱਤਰ ਕੁੰਭ ਦਾ ਰੰਗ ਹੀ ਅਜਿਹਾ ਹੁੰਦਾ ਹੈ, ਜੋ ਹਰ ਤਰ੍ਹਾਂ ਦੇ ਸੈਲਾਨੀਆਂ ਨੂੰ ਆਪਣੇ ਵੱਲ ਸਹਿਜੇ ਹੀ ਆਕਰਸ਼ਿਤ ਕਰਦਾ ਹੈ। ਜੋ ਲੋਕ ਭਾਰਤ ਦਰਸ਼ਨ ਲਈ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪੂਰੇ ਭਾਰਤ ਦੀ ਵੰਨ-ਸੁਵੰਨਤਾ ਇਕ ਥਾਂ ਇਕੱਠੀ ਹੋਈ ਮਿਲ ਜਾਂਦੀ ਹੈ। ਜੋ ਲੋਕ ਅਧਿਆਤਮਿਕ ਟੂਰਿਜ਼ਮ ’ਤੇ ਆਉਣਾ ਚਾਹੁੰਦੇ ਹਨ ਉਨ੍ਹਾਂ ਲਈ ਤਾਂ ਇਸ ਤੋਂ ਵਿਸ਼ਾਲ ਆਯੋਜਨ ਕੋਈ ਹੋ ਹੀ ਨਹੀ ਸਕਦਾ। ਚੀਨੀ ਯਾਤਰੀ ਹਿਊਨਸਾਂਗ (ਸੰਨ 629) ਨੇ ਆਪਣੀ ਯਾਤਰਾ ਦੇ ਵੇਰਵਿਆਂ ’ਚ ਸਮਰਾਟ ਹਰਸ਼ਵਰਧਨ ਵਲੋਂ ਪ੍ਰਯਾਗ ਦੇ ਕੁੰਭ-ਅਰਧ ਕੁੰਭ ਤਿਉਹਾਰਾਂ ’ਤੇ ਦਾਨ ਕਰਨ ਦਾ ਵਰਣਨ ਕੀਤਾ ਹੈ। ਇਸੇ ਤਰ੍ਹਾਂ ਹਰਿਦੁਆਰ ’ਚ ਸੰਪੰਨ ਹੋਣ ਵਾਲੇ ਕੁੰਭ ਉਤਸਵਾਂ ਦਾ ਵੀ ਆਪਣਾ ਵਿਸ਼ੇਸ਼ ਮਹੱਤਵ ਰਿਹਾ ਹੈ।
ਅਕਬਰ ਬਾਦਸ਼ਾਹ ਨੇ ਅਜਿਹੇ ਹੀ ਮੌਕਿਆਂ ’ਤੇ ਤੀਰਥ ਯਾਤਰੀਆਂ ’ਤੇ ਲੱਗਣ ਵਾਲਾ ਜਜ਼ੀਆ ਸੰਨ 1564 ਈ. ’ਚ ਬੰਦ ਕਰ ਦਿੱਤਾ ਸੀ ਪਰ ਔਰੰਗਜ਼ੇਬ ਨੇ ਹਰਿਦੁਆਰ ’ਚ ਲੱਗਣ ਵਾਲੇ ਕੁੰਭ ਤੋਂ ਪਹਿਲਾਂ ਹੀ ਸੰਨ 1678-79 ’ਚ ਜਜ਼ੀਆ ਫਿਰ ਤੋਂ ਲਗਾ ਦਿੱਤਾ ਸੀ। ਇਸ ਵਾਰ ਦੇ ਮਹਾਕੁੰਭ ਨੂੰ ਯੋਗੀ ਆਦਿੱਤਿਆਨਾਥ ਨੇ ਦਿਵਯ ਵਿਸ਼ਾਲਤਾ ਦੇ ਨਾਲ ਡਿਜੀਟਲ ਵੀ ਬਣਾ ਦਿੱਤਾ ਹੈ। ਅੱਜ ਸਮਾਜਿਕ-ਸੱਭਿਆਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਬਹੁਮੁੱਲੇ ਮਾਹੌਲ ’ਚ ਜਾਤੀ ਹੋਂਦ ਅਤੇ ਰਾਸ਼ਟਰੀ ਏਕਤਾ ਦੇ ਖਤਰਿਆਂ ਨੂੰ ਧਿਆਨ ’ਚ ਰੱਖਦੇ ਹੋਏ ਅਜਿਹੇ ਸੱਭਿਆਚਾਰਕ ਉਤਸਵਾਂ ਦੇ ਸਮਾਂ ਆਯੋਜਨ ਦੀ ਵੱਡੀ ਲੋੜ ਮਹਿਸੂਸ ਕੀਤੀ ਜਾਂਦੀ ਹੈ।
-ਨਿਰੰਕਾਰ ਸਿੰਘ