PoK ਤੋਂ ਬਿਨਾਂ ਅਧੂਰਾ ਹੈ ਜੰਮੂ-ਕਸ਼ਮੀਰ, ਰੱਖਿਆ ਮੰਤਰੀ ਰਾਜ ਸਿੰਘ ਦਾ ਕਥਨ

Thursday, Jan 16, 2025 - 03:36 AM (IST)

PoK ਤੋਂ ਬਿਨਾਂ ਅਧੂਰਾ ਹੈ ਜੰਮੂ-ਕਸ਼ਮੀਰ, ਰੱਖਿਆ ਮੰਤਰੀ ਰਾਜ ਸਿੰਘ ਦਾ ਕਥਨ

ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦਾ ਇਲਾਕਾ ਨਾਜਾਇਜ਼ ਤੌਰ ’ਤੇ ਪਾਕਿਸਤਾਨ ਦੇ ਕਬਜ਼ੇ ਵਿਚ ਹੈ ਪਰ ਬੀਤੇ ਸਾਲ ਇਸਲਾਮਾਬਾਦ ਹਾਈ ਕੋਰਟ ਵਿਚ ਇਕ ਮੁਕੱਦਮੇ ਦੀ ਸੁਣਵਾਈ ਦੌਰਾਨ ਖੁਦ ਪਾਕਿਸਤਾਨ ਦਾ ਇਕ ਸਰਕਾਰੀ ਵਕੀਲ ਇਹ ਗੱਲ ਮੰਨ ਚੁੱਕਾ ਹੈ ਕਿ ਪੀ. ਓ. ਕੇ. ਇਕ ਵਿਦੇਸ਼ੀ ਇਲਾਕਾ ਹੈ ਅਤੇ ਇਹ ਪਾਕਿਸਤਾਨ ਦਾ ਨਹੀਂ ਹੈ।

ਪਾਕਿਸਤਾਨ ਇਸ ਨੂੰ ‘ਆਜ਼ਾਦ ਕਸ਼ਮੀਰ’ ਕਹਿੰਦਾ ਹੈ ਅਤੇ ਇਹ ਹਮੇਸ਼ਾ ਭਾਰਤ ਲਈ ਇਕ ‘ਦੁਖਦੀ ਰਗ’ ਹੀ ਰਿਹਾ ਹੈ। ਪਾਕਿਸਤਾਨ ਇਸ ਦੀ ਰਣਨੀਤਕ ਅਤੇ ਭੂਗੋਲਿਕ ਸਥਿਤੀ ਦਾ ਲਾਭ ਆਪਣੇ ਰਣਨੀਤਕ ਅਤੇ ਆਰਥਿਕ ਉਦੇਸ਼ਾਂ ਦੀ ਪੂਰਤੀ ਲਈ ਲੈਂਦਾ ਆ ਰਿਹਾ ਹੈ।

ਇਸ ਇਲਾਕੇ ਦੇ ਕੁਦਰਤੀ ਸਰੋਤਾਂ ਕਾਰਨ ਚੀਨ ਵੀ ਇਸ ਇਲਾਕੇ ਵਿਚ ਬੇਹੱਦ ਦਿਲਚਸਪੀ ਲੈ ਰਿਹਾ ਅਤੇ ਲਗਾਤਾਰ ਇਸ ਇਲਾਕੇ, ਖਾਸ ਕਰ ਕੇ ‘ਮੁਜ਼ੱਫਰਾਬਾਦ’, ‘ਰਾਵਲਕੋਟ’ ਅਤੇ ‘ਬਾਘ’ ਵਿਚ ਵੱਡਾ ਨਿਵੇਸ਼ ਕਰੀ ਜਾ ਰਿਹਾ ਹੈ।

ਇਥੇ ਚੀਨ ਨੇ ਕਈ ਵੱਡੇ ਡੈਮ ਬਣਾਉਣ ਦੇ ਸਮਝੌਤੇ ਵੀ ਪਾਕਿਸਤਾਨ ਨਾਲ ਕੀਤੇ ਹਨ। ਮਸ਼ਰੂਮ (ਖੁੰਬਾਂ), ਸ਼ਹਿਦ, ਅਖਰੋਟ, ਸੇਬ, ਚੈਰੀ, ਦਵਾਈ ਵਾਲੇ ਪੌਦੇ, ਮੇਵਿਆਂ ਆਦਿ ਨਾਲ ਭਰਪੂਰ ਇਸ ਇਲਾਕੇ ਵਿਚ ‘ਕੋਲੇ’, ‘ਚਾਕ’ ਅਤੇ ‘ਬਾਕਸਾਈਟ’ ਆਦਿ ਖਣਿਜਾਂ ਦੇ ਭੰਡਾਰ ਹਨ।

ਪਾਕਿਸਤਾਨ ਦੇ ਹਾਕਮਾਂ ਦੀ ਲਗਾਤਾਰ ਅਣਡਿੱਠਤਾ ਦਾ ਸ਼ਿਕਾਰ ਬੇਹੱਦ ਪੱਛੜਿਆ ਹੋਇਆ ਇਹ ਇਲਾਕਾ ਲੰਮੇ ਸਮੇਂ ਤੋਂ ਬਿਜਲੀ ਦੀਆਂ ਉੱਚੀਆਂ ਦਰਾਂ, ਨਾਜਾਇਜ਼ ਟੈਕਸਾਂ, ਦੁੱਧ, ਸਬਜ਼ੀਆਂ ਅਤੇ ਹੋਰ ਜ਼ਿੰਦਗੀ ਲਈ ਉਪਯੋਗੀ ਵਸਤੂਆਂ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ਵਿਰੁੱਧ ਉਥੇ ਹੜਤਾਲਾਂ ਅਤੇ ਪ੍ਰਦਰਸ਼ਨ ਆਦਿ ਲਗਾਤਾਰ ਹੁੰਦੇ ਰਹਿੰਦੇ ਹਨ।

ਇਸ ਪਿਛੋਕੜ ਵਿਚ ਪਾਕਿਸਤਾਨ ਦੇ ਹਾਕਮਾਂ ਦੇ ਮਤਰੇਏ ਵਿਵਹਾਰ ਤੋਂ ਤੰਗ ਆਏ ਪੀ.ਓ. ਕੇ.ਦੇ ਲੋਕ ਖੁੱਲ੍ਹੀ ਬਗਾਵਤ ’ਤੇ ਉਤਾਰੂ ਹਨ। ਇਨ੍ਹਾਂ ਦਾ ਪਾਕਿਸਤਾਨ ਸਰਕਾਰ ਨੂੰ ਕਹਿਣਾ ਹੈ ਕਿ ‘‘ਜੇ ਤੁਸੀਂ ਸਾਨੂੰ ਸਹੂਲਤ ਨਹੀਂ ਦੇਣਾ ਚਾਹੁੰਦੇ ਤਾਂ ਸਰਹੱਦਾਂ ਖੋਲ੍ਹ ਦਿਓ। ਅਸੀਂ ਇੰਡੀਆ ਜਾਣਾ ਚਾਹੁੰਦੇ ਹਾਂ। ਜੇ ਅਸੀਂ ਇੰਡੀਆ ਜਾਵਾਂਗੇ ਤਾਂ ਸਾਨੂੰ 2 ਡੰਗ ਦੀ ਰੋਟੀ ਤਾਂ ਮਿਲ ਜਾਵੇਗੀ। ਇਥੇ ਤਾਂ ਜਿਊਣਾ ਹੀ ਮੁਸ਼ਕਲ ਹੈ।’’

ਅਮਰੀਕਾ ਵਿਚ ‘ਡੈਲਵੇਅਰ ਯੂਨੀਵਰਸਿਟੀ’ ਦੇ ਪ੍ਰੋਫੈਸਰ ‘ਮੁਕਤਦਰ ਖਾਨ’ ਨੇ ਬੀਤੇ ਸਾਲ ਇਕ ਇੰਟਰਵਿਊ ਵਿਚ ਕਿਹਾ ਸੀ ਕਿ ‘‘ਪਾਕਿਸਤਾਨ ਸਰਕਾਰ ਨੂੰ ਭਾਰਤ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਕਿਉਂਕਿ ਭਾਰਤ ਦੇ ਹਾਕਮਾਂ ਨੇ ਪਾਕਿਸਤਾਨ ਦੀ ਨਾਜ਼ੁਕ ਹਾਲਤ ਦਾ ਕਦੀ ਲਾਭ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਰਤ ਜੇ ਚਾਹੇ ਤਾਂ ਯੁੱਧ ਦਾ ਐਲਾਨ ਕਰ ਕੇ ਪੀ. ਓ. ਕੇ. ਅਤੇ ਹੋਰ ਹਿੱਸਿਆਂ ਨੂੰ ਆਪਣੇ ਵਿਚ ਮਿਲਾ ਸਕਦਾ ਹੈ।’’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ ‘‘ਪੀ.ਓ. ਕੇ. ਦੀ ਇਕ-ਇਕ ਇੰਚ ਜ਼ਮੀਨ ਭਾਰਤ ਦੀ ਹੈ, ਜਿਸ ਨੂੰ ਕੋਈ ਨਹੀਂ ਖੋਹ ਸਕਦਾ। ਇਹ ਭਾਰਤ ਦਾ ਹੋ ਕੇ ਹੀ ਰਹੇਗਾ।’’

ਜ਼ਿਕਰਯੋਗ ਹੈ ਕਿ ਬੀਤੇ ਸਾਲ 24 ਸਤੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ,‘‘ਪਾਕਿਸਤਾਨ ਦੁਨੀਆ ਦੇ ਸਭ ਤੋਂ ਗਰੀਬ ਅਤੇ ਸਭ ਤੋਂ ਬੁਰੇ ਲੋਕਾਂ ਦਾ ਇਕ ਇੰਟਰਨੈਸ਼ਨਲ ਬ੍ਰਾਂਡ ਅੰਬੈਸਡਰ ਬਣ ਗਿਆ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ (ਪੀ. ਓ. ਕੇ.) ਕਸ਼ਮੀਰ ਦੇ ਨਿਵਾਸੀ ਸਾਡੇ ਭਰਾ ਹਨ ਅਤੇ ਅਸੀਂ ਉਸ ਹਿੱਸੇ ਦਾ ਭਾਰਤ ਵਿਚ ਰਲੇਵਾਂ ਕਰਨਾ ਚਾਹੁੰਦੇ ਹਾਂ।’’

ਅਤੇ ਹੁਣ 14 ਜਨਵਰੀ, 2025 ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿਚ ਸਾਬਕਾ ਸੈਨਿਕਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨ ’ਤੇ ਅੱਤਵਾਦ ਨੂੰ ਪ੍ਰਯੋਜਿਤ ਕਰ ਕੇ ਭਾਰਤ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ‘‘ਭਾਰਤ ਸਰਕਾਰ ਨੂੰ ਇਸ ਦੀ ਪੁਖਤਾ ਜਾਣਕਾਰੀ ਹੈ। ਪਾਕਿਸਤਾਨ ਨੂੰ ਆਪਣੇ ਕਬਜ਼ੇ ਵਾਲੇ ਕਸ਼ਮੀਰ ਵਿਚ ਆਪਣੇ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨਾ ਪਵੇਗਾ, ਨਹੀਂ ਤਾਂ ...।’’ ਇਹ ਉਨ੍ਹਾਂ ਦੀ ਪਾਕਿਸਤਾਨ ਨੂੰ ਖੁੱਲ੍ਹੀ ਚਿਤਾਵਨੀ ਸੀ।

ਉਨ੍ਹਾਂ ਨੇ ਅੱਗੇ ਕਿਹਾ,‘‘ਪੀ. ਓ. ਕੇ. ਤੋਂ ਬਿਨਾਂ ਜੰਮੂ-ਕਸ਼ਮੀਰ ਅਧੂਰਾ ਹੈ ਅਤੇ ਪਾਕਿਸਤਾਨ ਲਈ ਇਹ ਵਿਦੇਸ਼ੀ ਇਲਾਕੇ ਤੋਂ ਵੱਧ ਕੁਝ ਨਹੀਂ। ਇਹ ਭਾਰਤ ਦੀ ਮੁਕਟ-ਮਣੀ ਹੈ ਅਤੇ ਪਾਕਿਸਤਾਨ ਪੀ. ਓ. ਕੇ. ਦੇ ਲੋਕਾਂ ’ਤੇ ਜ਼ੁਲਮ ਕਰਦਾ ਹੈ। ਜੇ 1965 ਦੀ ਭਾਰਤ-ਪਾਕਿ ਜੰਗ ਦੌਰਾਨ ਭਾਰਤੀ ਫੌਜ ਵੱਲੋਂ ਜਿੱਤੇ ਹੋਏ ਇਲਾਕਿਆਂ ਨੂੰ ਵਾਪਸ ਨਾ ਕੀਤਾ ਹੁੰਦਾ ਤਾਂ ਅੱਜ ਅੱਤਵਾਦ ਵੀ ਨਾ ਹੁੰਦਾ।’’

ਬਿਨਾਂ ਸ਼ੱਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਬਿਨਾਂ ਜੰਮੂ-ਕਸ਼ਮੀਰ ਅਧੂਰਾ ਹੀ ਹੈ ਅਤੇ ਉਥੋਂ ਦੇ ਲੋਕਾਂ ’ਤੇ ਹੋ ਰਹੇ ਜ਼ੁਲਮ ਅਤੇ ਸ਼ੋਸ਼ਣ ਕਾਰਨ ਉਨ੍ਹਾਂ ਦਾ ਜੀਵਨ ਵੀ ਦੁੱਖਾਂ ਭਰਿਆ ਬੀਤ ਰਿਹਾ ਹੈ। ਪਹਿਲਾਂ ਅਮਿਤ ਸ਼ਾਹ ਅਤੇ ਹੁਣ ਰਾਜਨਾਥ ਸਿੰਘ ਨੇ ਸਹੀ ਤੌਰ ’ਤੇ ਉਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਹੀ ਪ੍ਰਗਟਾਇਆ ਹੈ। ਹੁਣ ਦੇਖਣਾ ਹੈ ਕਿ ਇਨ੍ਹਾਂ ਹਾਲਾਤ ਦੇ ਦਰਮਿਆਨ ਅੱਗੇ ਕੀ ਹੁੰਦਾ ਹੈ।

-ਵਿਜੇ ਕੁਮਾਰ


author

Inder Prajapati

Content Editor

Related News