ਮੌਤ ਨਾਲ ਸਰੀਰ ਖਤਮ ਹੁੰਦਾ ਹੈ, ਆਤਮਾ ਨਹੀਂ
Saturday, Apr 13, 2024 - 01:52 PM (IST)
ਵਿਸਾਖੀ ਦਾ ਦਿਨ ਅਤੇ ਅੰਮ੍ਰਿਤਸਰ ਦਾ ਜਲ੍ਹਿਆਂਵਾਲਾ ਬਾਗ ਦੋਵੇਂ ਇਕੱਠੇ ਯਾਦ ਆ ਜਾਂਦੇ ਹਨ। ਇਸ ਥਾਂ ਦਾ ਕਾਇਆਕਲਪ ਕਰ ਦਿੱਤਾ ਗਿਆ ਹੈ ਪਰ ਵਕਤ ਦਾ ਅਸਰ ਉਨ੍ਹਾਂ ਪਲਾਂ ’ਤੇ ਨਹੀਂ ਪੈਣ ਦਿੱਤਾ ਜੋ ਇਕ ਵਹਿਸ਼ੀ ਕਤਲੇਆਮ ਦੀ ਗਵਾਹੀ ਦਿੰਦੇ ਹਨ।
ਮੌਤ ਦਾ ਤਾਂਡਵ : ਜਦੋਂ ਤੁਸੀਂ ਇੱਥੇ ਦਾਖਲ ਹੁੰਦੇ ਹੋ, ਦਿਲ ਦਹਿਲਣ ਵਰਗਾ ਹੋ ਜਾਂਦਾ ਹੈ। ਅਸੀਂ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਕੋਈ ਵਿਅਕਤੀ ਆਪਣੇ ਅੰਦਰਲੇ ਦਰਿੰਦੇ ਨੂੰ ਇੰਨਾ ਖੁੱਲ੍ਹਾ ਕਿਵੇਂ ਛੱਡ ਸਕਦਾ ਹੈ ਕਿ ਉਹ ਮਾਸੂਮ ਔਰਤਾਂ, ਬੱਚਿਆਂ ਅਤੇ ਮਰਦਾਂ ਨੂੰ ਆਪਣੇ ਪਾਗਲਪਣ ਦਾ ਸ਼ਿਕਾਰ ਬਣਾਉਣ ਤੋਂ ਬਿਲਕੁਲ ਵੀ ਨਹੀਂ ਝਿਜਕਦਾ। ਕੰਧਾਂ ’ਤੇ ਗੋਲੀਆਂ ਦੇ ਨਿਸ਼ਾਨ ਦਿਸਣ ਲੱਗ ਪੈਂਦੇ ਹਨ ਕਿ ਕਿਵੇਂ ਨਿਹੱਥੇ ਲੋਕਾਂ ਦੇ ਸਰੀਰਾਂ ਨੂੰ ਚੀਰ ਕੇ ਇਹ ਬਣੇ ਹੋਣਗੇ। ਅੱਜ ਵੀ ਸਾਫ਼ ਨਜ਼ਰ ਆਉਂਦਾ ਹੈ ਕਿ ਕਿਵੇਂ ਲੋਕ ਬਾਗ ਦੇ ਤੰਗ ਰਸਤੇ ਰਾਹੀਂ ਉੱਥੇ ਇਕੱਠੇ ਹੋਏ ਹੋਣਗੇ।
ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੈ। ਅੰਗ੍ਰੇਜ਼ ਤਾਂ ਸਨ ਹੀ ਮਾਰਨ ਵਾਲੇ ਪਰ ਜਦੋਂ ਉਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਗੋਲੀਆਂ ਚਲਾਉਂਦੇ ਦੇਖਿਆ ਹੋਵੇਗਾ ਤਾਂ ਲੋਕ ਕਿਵੇਂ ਦੰਗ ਰਹਿ ਗਏ ਹੋਣਗੇ ਅਤੇ ਮੌਤ ਦੀ ਗੋਦ ਵਿਚ ਚਲੇ ਗਏ ਹੋਣਗੇ। ਇਹ ਸੋਚਣਾ ਵੀ ਡਰਾਉਣਾ ਹੈ ਕਿ ਖੂਹ ਵਿਚ ਛਾਲ ਮਾਰ ਕੇ ਬਚਣ ਦੀ ਆਸ ਵਿਚ ਲਾਸ਼ਾਂ ਵਿਚ ਤਬਦੀਲ ਹੋ ਰਹੇ ਲੋਕਾਂ ਦੇ ਚਿਹਰਿਆਂ ’ਤੇ ਆਖਰੀ ਹਾਵ-ਭਾਵ ਕੀ ਹੋਣਗੇ? ਖੂਨ ਨਾਲ ਰੰਗੀ ਧਰਤੀ ਦਾ ਰੰਗ ਲਾਲ ਹੋ ਕੇ ਕਾਲਾ ਪੈ ਗਿਆ ਹੋਵੇਗਾ, ਇਸ ਦੀ ਝਲਕ ਅੱਜ ਵੀ ਦੇਖਣ ਨੂੰ ਮਿਲਦੀ ਹੈ। ਇੱਥੇ ਜਾ ਕੇ ਮਨ ਕੌੜਾ ਹੋ ਜਾਂਦਾ ਹੈ ਪਰ ਫਿਰ ਇਕ ਰੋਸ਼ਨੀ ਉੱਭਰਦੀ ਹੈ ਕਿਉਂਕਿ ਇਸ ਕਤਲੇਆਮ ਨੇ ਜ਼ੁਲਮ ਦੀਆਂ ਹੱਦਾਂ ਨੂੰ ਵੀ ਪਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਆਜ਼ਾਦ ਹੋਣ ਦਾ ਅਰਥ ਵੀ ਸਮਝ ’ਚ ਆ ਗਿਆ ਸੀ।
ਮੌਤ ਕੀ ਹੈ?
ਵਿਸਾਖੀ ਦੇ ਤਿਉਹਾਰ ’ਤੇ ਇਕ ਪਾਸੇ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਯਾਦ ਆਉਂਦੀ ਹੈ ਅਤੇ ਦੂਜੇ ਪਾਸੇ ਮੌਜ-ਮਸਤੀ ਭਰਿਆ ਮੌਸਮ, ਲਹਿਰਾਉਂਦੇ ਹੋਏ ਖੇਤ ਅਤੇ ਜਿਊਂਦੇ ਹੋਣ ਦਾ ਸਬੂਤ ਦਿੰਦੇ ਨੌਜਵਾਨਾਂ ਦੇ ਟੋਲੇ। ਜੀਵਨ ਨਾਸ਼ਵਾਨ ਤਾਂ ਹੈ ਹੀ ਅਤੇ ਸਰੀਰ ਦਾ ਅੰਤ ਨਿਸ਼ਚਿਤ ਹੈ। ਕਈ ਵਾਰ ਮਨ ਵਿਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਜੀਵਨ ਇਕ ਅਨੁਭਵ ਹੈ ਤਾਂ ਮੌਤ ਕੀ ਹੈ?
ਮਿਰਜ਼ਾ ਗਾਲਿਬ ਦੀਆਂ ਸਤਰਾਂ ਹਨ :
ਹਵਸ ਕੋ ਹੈ ਨਸ਼ਾਤ-ਏ-ਕਾਰ ਕਯਾ ਕਯਾ,
ਨਾ ਹੋ ਮਰਨਾ ਤੋ ਜੀਨੇ ਕਾ ਮਜਾ ਕਯਾ।
ਅਤੇ ਜਦੋਂ ਮੌਤ ਅਚਾਨਕ ਆ ਜਾਵੇ ਤਾਂ ਉਸ ਦਾ ਸਵਾਗਤ ਕਿਵੇਂ ਹੋਵੇ ;
ਹੈ ਖਬਰ ਗਰਮ ਉਨ ਕੇ ਆਨੇ ਕੀ,
ਆਜ ਹੀ ਘਰ ਮੇਂ ਬੋਰੀਆ ਨਾ ਹੁਆ।
ਅੰਤ ਸਮੇਂ ’ਚ ਘਬਰਾਹਟ ਕਿਸ ਦੀ ਅਤੇ ਡਰਨਾ ਵੀ ਕਿਉਂ,
ਹਮ ਥੇ ਮਰਨੇ ਕੋ ਖੜੇ, ਪਾਸ ਨਾ ਆਇਆ, ਨਾ ਸਹੀ,
ਆਖਿਰ ਉਸ ਸ਼ੋਖ ਕੇ ਤਰਕਸ਼ ਮੇਂ ਕੋਈ ਤੀਰ ਭੀ ਥਾ।
ਕੋਈ ਕੁਝ ਵੀ ਕਹੇ, ਇਕ ਦਿਨ ਤਾਂ ਜਾਣਾ ਨਿਸ਼ਚਿਤ ਹੀ ਹੈ ;
ਪਕੜੇ ਜਾਤੇਂ ਹੈਂ ਫਰਿਸ਼ਤੋਂ ਕੇ ਲਿਖੇ ਪਰ, ਨਾਹਕ,
ਆਦਮੀ ਕੋਈ ਹਮਾਰਾ, ਦਮ-ਏ-ਤਹਿਰੀਰ ਭੀ ਥਾ।
ਮੌਤ ਦੀ ਤਿਆਰੀ ਵੀ ਕੀ ਕਰਨੀ, ਜਦ ਆਏਗੀ ਦੇਖਿਆ ਜਾਵੇਗਾ ;
ਰੌ ਮੇਂ ਹੈ ਨਕਸ਼-ਏ-ਉਮਰ ਕਹਾਂ ਦੇਖੀਏ ਥਮੇ,
ਨਾ ਹੀ ਹਾਥ ਬਾਗ ਪਰ ਹੈ ਨਾ ਪਾ ਹੈ ਨਕਾਬ ਮੇਂ।
ਅਕਸਰ ਲੋਕ ਕਹਿੰਦੇ ਦੇਖੇ ਜਾਂਦੇ ਹਨ ਕਿ ਉਨ੍ਹਾਂ ਨੂੰ ਮਰਨ ਤੱਕ ਦੀ ਵਿਹਲ ਨਹੀਂ ਹੈ, ਇੰਨਾ ਕੁਝ ਬਚਿਆ ਹੈ ਕਰਨ ਲਈ, ਬਹੁਤ ਕੰਮ ਬਾਕੀ ਹੈ। ਇਸ ’ਤੇ ਇਕਬਾਲ ਨੇ ਕਿੰਨਾ ਖੂਬ ਕਿਹਾ ਹੈ ;
ਬਾਗ-ਏ-ਬਹਿਸ਼ਤ ਸੇ ਮੁਝੇ ਹੁਕਮ-ਏ-ਸਫਰ ਦੀਆ ਥਾ ਕਿਉਂ,
ਕਾਰ-ਏ-ਜਹਾਂ ਦਰਾਜ ਹੈ, ਅਬ ਮੇਰਾ ਇੰਤਜ਼ਾਰ ਕਰ।
ਮੌਤ ਦੇ ਸਮੇਂ ਮਨੁੱਖ ਕਿਵੇਂ ਮਹਿਸੂਸ ਕਰਦਾ ਹੈ, ਇਸ ਬਾਰੇ ਕੋਈ ਨਿਸ਼ਚਿਤ ਤੱਥ ਨਹੀਂ ਹੈ। ਵਿਗਿਆਨੀਆਂ ਅਤੇ ਮਾਨਸਿਕ ਸਥਿਤੀ ਬਾਰੇ ਖੋਜ ਕਰ ਰਹੇ ਮਾਹਿਰਾਂ ਦੀ ਵੱਖਰੀ-ਵੱਖਰੀ ਰਾਇ ਹੈ। ਸਾਰੇ ਆਪਣੇ-ਆਪਣੇ ਢੰਗ ਨਾਲ ਇਸ ਦੀ ਵਿਆਖਿਆ ਕਰਦੇ ਹਨ। ਕੋਈ ਕਹਿੰਦਾ ਹੈ ਕਿ ਜਦ ਅੰਤਿਮ ਸਾਹ ਲੈਣ ਦਾ ਸਮਾਂ ਆਉਂਦਾ ਹੈ ਤਾਂ ਵਿਅਕਤੀ ਆਪਣੀ ਜ਼ਿੰਦਗੀ ’ਚ ਵਾਪਰੀਆਂ ਸਾਰੀਆਂ ਬੁਰੀਆਂ ਘਟਨਾਵਾਂ ਨੂੰ ਇਕ ਰੀਲ ਵਾਂਗ ਚੱਲਦੇ ਹੋਏ ਦੇਖਦਾ ਹੈ। ਕੁਝ ਵਿਅਕਤੀ ਮਰਨ ਤੋਂ ਪਹਿਲਾਂ ਆਪਣੇ ਦੋਸਤਾਂ, ਮਿਲਣ-ਜੁਲਣ ਵਾਲਿਆਂ ਅਤੇ ਸਕੇ-ਸਬੰਧੀਆਂ ਨੂੰ ਮਿਲਣ ਨਿਕਲ ਜਾਂਦੇ ਹਨ। ਜੇ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਨਾ ਹੋਣ ਅਤੇ ਸਿਹਤ ਠੀਕ-ਠਾਕ ਰਹਿੰਦੀ ਹੋਵੇ ਅਤੇ ਲੱਗੇ ਕਿ ਹੁਣ ਬਹੁਤ ਹੋ ਗਿਆ, ਚੱਲਣ ਦੀ ਤਿਆਰੀ ਹੋ ਜਾਵੇ ਤਾਂ ਅਜਿਹੇ ਲੋਕ ਬਹੁਤ ਸਹਿਜ-ਭਾਵ ਨਾਲ ਖੁਦ ਨੂੰ ਭੌਤਿਕ ਚੀਜ਼ਾਂ ਤੋਂ ਵੱਖ ਕਰਨ ’ਚ ਲੱਗ ਜਾਂਦੇ ਹਨ।
ਅਰਨੈਸਟ ਹੈਮਿੰਗਵੇ ਜਦ ਇਕ ਬੰਬ ਧਮਾਕੇ ’ਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਮੌਤ ਨਜ਼ਰ ਆ ਰਹੀ ਸੀ, ਉਸ ਪਲ ਦਾ ਵਰਨਣ ਬਾਅਦ ’ਚ ਇਕ ਖਤ ’ਚ ਇਸ ਤਰ੍ਹਾਂ ਕੀਤਾ, ‘‘ਮੌਤ ਬਹੁਤ ਮਾਮੂਲੀ ਚੀਜ਼ ਹੈ। ਮੈਂ ਮੌਤ ਨੂੰ ਦੇਖਿਆ ਅਤੇ ਉਸ ਦੀ ਅਸਲੀਅਤ ਸਮਝ ’ਚ ਆ ਗਈ। ਮਰਨਾ ਮੇਰੇ ਲਈ ਬਹੁਤ ਸੌਖਾ ਸੀ। ਜੋ ਕੁਝ ਹੁਣ ਤੱਕ ਮੈਂ ਕੀਤਾ, ਉਸ ਸਭ ਕੁਝ ਤੋਂ ਸੌਖਾ।’’ ਮੌਤ ਦੇ ਆਪਣੇ ਅਨੁਭਵ ’ਤੇ ਉਨ੍ਹਾਂ ਨੇ ਕਈ ਵਧੀਆ ਕਹਾਣੀਆਂ ਲਿਖੀਆਂ। ‘‘ਆਤਮਾ ਸਰੀਰ ਤੋਂ ਬਾਹਰ ਜਾ ਰਹੀ ਹੈ, ਉਡਾਣ ਭਰ ਰਹੀ ਹੈ ਅਤੇ ਫਿਰ ਪਰਤ ਰਹੀ ਹੈ।’’
ਮੌਤ ਦਾ ਅਹਿਸਾਸ ਜਦ ਹੋਣ ਲੱਗਦਾ ਹੈ ਤਾਂ ਸਾਹਮਣੇ ਇਕ ਪ੍ਰਕਾਸ਼ ਪੁੰਜ ਦਾ ਨਿਰਮਾਣ ਹੁੰਦਾ ਦਿਖਾਈ ਦੇਣ ਲੱਗਦਾ ਹੈ। ਅਲੌਕਿਕ ਊਰਜਾ ਨਾਲ ਸੰਚਾਲਿਤ ਅਨੋਖੀ ਚਮਕ ਲਈ ਇਕ ਰੋਸ਼ਨੀ ਦਿਖਾਈ ਦਿੰਦੀ ਹੈ। ਲੱਗਦਾ ਹੈ ਕਿ ਸਾਰੇ ਸੁੱਖ-ਦੁੱਖ ਖਤਮ ਹੋ ਗਏ ਹਨ, ਸੰਸਾਰਿਕ ਵਸਤੂਆਂ ਤੋਂ ਸਬੰਧ ਤੋੜ ਕੇ ਆਤਮਾ ਇਸ ਪ੍ਰਕਾਸ਼ ’ਚ ਸਮਾਉਣ ਜਾ ਰਹੀ ਹੈ। ਕੁਝ ਲੋਕਾਂ ਨੇ ਅੰਤ ਸਮੇਂ ਨੂੰ ਇਕ ਸੁਰੰਗ ’ਚ ਦਾਖਲ ਹੋਣ ਵਰਗਾ ਵਰਨਣ ਕੀਤਾ ਹੈ। ਇਕ ਦੈਵੀ ਦ੍ਰਿਸ਼ ਦੀ ਕਲਪਨਾ ਜਿਸ ’ਚ ਮਰ ਚੁੱਕੀਆਂ ਆਤਮਾਵਾਂ ਨੂੰ ਮਿਲਣਾ, ਉਨ੍ਹਾਂ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕਰਨਾ ਅਤੇ ਫਿਰ ਅਨੰਤ ਦੀ ਯਾਤਰਾ ’ਤੇ ਚੱਲ ਪੈਣਾ।
ਕਰਮਾਂ ਦਾ ਲੇਖਾ-ਜੋਖਾ
ਇਹ ਸਰੀਰ ਤਾਂ ਮਿੱਟੀ ’ਚ ਮਿਲ ਹੀ ਜਾਵੇਗਾ ਪਰ ਸਾਡੇ ਜੋ ਕਰਮ ਹਨ, ਉਨ੍ਹਾਂ ਦਾ ਫਲ ਤਾਂ ਜ਼ਰੂਰ ਹੀ ਮਿਲੇਗਾ। ਕਹਿ ਸਕਦੇ ਹਾਂ ਕਿ ਜਦ ਮਰ ਹੀ ਗਏ ਤਾਂ ਕੀ ਲੈਣਾ ਅਤੇ ਕੀ ਦੇਣਾ, ਸਭ ਕੁਝ ਇੱਥੇ ਹੀ ਰਹੇਗਾ। ਇਸੇ ਦੇ ਆਧਾਰ ’ਤੇ ਨਰਕ ਅਤੇ ਸਵਰਗ ਦੀ ਕਲਪਨਾ ਕੀਤੀ ਗਈ। ਕੁਝ ਲੋਕ ਜੋ ਮੌਤ ਦੇ ਅਨੁਭਵ ਪਿੱਛੋਂ ਜਿਊਂਦੇ ਪਾਏ ਗਏ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਬਚਪਨ, ਜਵਾਨੀ ਅਤੇ ਹੁਣ ਤੱਕ ਦੀਆਂ ਸਾਰੀਆਂ ਘਟਨਾਵਾਂ ਯਾਦ ਆਉਂਦੀਆਂ ਗਈਆਂ ਅਤੇ ਹੁਣ ਜਦ ਕਦੀ ਉਸ ਅਨੁਭਵ ਬਾਰੇ ਗੱਲ ਕਰਦੇ ਹਨ ਤਾਂ ਇਕ ਤਰ੍ਹਾਂ ਦਾ ਮਾਨਸਿਕ ਤਣਾਅ ਹੋ ਜਾਂਦਾ ਹੈ। ਉਹ ਉਸ ਨੂੰ ਸ਼ਬਦਾਂ ’ਚ ਬਿਆਨ ਕਰ ਸਕਣ ’ਚ ਅਸਮਰੱਥ ਹਨ, ਉਸ ਦਾ ਕੋਈ ਤਰੀਕਾ ਵੀ ਨਹੀਂ ਹੈ। ਜੇ ਕੋਈ ਤੈਰਦੇ ਹੋਏ ਡੁੱਬਣ ਲੱਗੇ, ਲੰਬੀ ਪੌੜੀ ਤੋਂ ਹੇਠਾਂ ਡਿੱਗਦੇ ਸਮੇਂ ਜਾਂ ਫਿਰ ਤੁਸੀਂ ਫੋਨ ’ਤੇ ਮਗਨ ਹੋ ਅਤੇ ਸਾਹਮਣਿਓਂ ਕੋਈ ਗੱਡੀ ਟੱਕਰ ਮਾਰ ਦੇਵੇ ਤਾਂ ਦਿਮਾਗ ਦੀ ਹਾਲਤ ਦੱਸ ਸਕਣਾ ਸੌਖਾ ਨਹੀਂ ਹੈ।
ਮਨੋਵਿਗਿਆਨੀ ਕਹਿੰਦੇ ਹਨ ਕਿ ਜਿਸ ਵੀ ਵਿਅਕਤੀ ਨੂੰ ਇਹ ਅਨੁਭਵ ਹੁੰਦੇ ਹਨ, ਉਨ੍ਹਾਂ ਨੂੰ ਉਂਝ ਹੀ ਮੰਨ ਲੈਣਾ ਚਾਹੀਦਾ ਹੈ ਜਿਵੇਂ ਕਿ ਉਨ੍ਹਾਂ ਦਾ ਵਰਣਨ ਕਿਸੇ ਪੀੜਤ ਦੁਆਰਾ ਕੀਤਾ ਗਿਆ ਹੈ। ਇਹ ਇਕ ਮਾਨਸਿਕ ਕਿਰਿਆ ਹੈ, ਜੇ ਇਸ ਨੂੰ ਨਾ ਸਮਝ ਕੇ ਉਸ ਵਿਅਕਤੀ ਨੂੰ ਬਹੁਤ ਜ਼ਿਆਦਾ ਸਵਾਲ-ਜਵਾਬ ਕੀਤੇ ਗਏ ਤਾਂ ਉਸ ਦਾ ਮਾਨਸਿਕ ਸੰਤੁਲਨ ਵਿਗੜ ਸਕਦਾ ਹੈ। ਇਹ ਇਕ ਗੰਭੀਰ ਰੋਗ ’ਚ ਬਦਲ ਸਕਦਾ ਹੈ। ਇਸ ਦਾ ਇਲਾਜ ਵੀ ਨਹੀਂ ਹੈ ਸਿਵਾਏ ਇਸ ਦੇ ਕਿ ਨੀਂਦ ਦੀਆਂ ਦਵਾਈਆਂ ਦੇ ਦਿੱਤੀਆਂ ਜਾਣ। ਇਸ ’ਚ ਗੱਲਬਾਤ ਰਾਹੀਂ ਹੀ ਕੁਝ ਸੁਧਾਰ ਹੋ ਸਕਦਾ ਹੈ। ਇਹ ਇਕ ਥੈਰੇਪੀ ਵਾਂਗ ਹੈ ਜਿਸ ’ਚ ਮੌਤ ਦੇ ਅਨੁਭਵ ਨੂੰ ਭੁਲਾਉਣ ’ਚ ਮਦਦ ਮਿਲ ਸਕਦੀ ਹੈ।
ਕਈ ਵਾਰ ਇਹ ਅਨੁਭਵ ਵਿਅਕਤੀ ਦਾ ਪਿੱਛਾ ਨਹੀਂ ਛੱਡਦੇ ਅਤੇ ਉਹ ਉਨ੍ਹਾਂ ਦਾ ਗੁਲਾਮ ਬਣਨ ਲੱਗਦਾ ਹੈ। ਜਿਸ ਤਰ੍ਹਾਂ ਜੰਗਲ ’ਚ ਕਿਸੇ ਹਾਥੀ ਜਾਂ ਕਿਸੇ ਹਿੰਸਕ ਪਸ਼ੂ ਜਾਂ ਘਰਾਂ ’ਚ ਪਾਲਤੂ ਜਾਨਵਰਾਂ ਦੀਆਂ ਆਦਤਾਂ ਨੂੰ ਬਦਲਿਆ ਜਾਂਦਾ ਹੈ, ਉਸੇ ਤਰ੍ਹਾਂ ਮੌਤ ਦੇ ਅਨੁਭਵਾਂ ਤੋਂ ਪਿੱਛਾ ਛੁਡਵਾਇਆ ਜਾ ਸਕਦਾ ਹੈ। ਉਦਾਹਰਣ ਲਈ ਹਾਥੀ ਦੇ ਬੱਚੇ ਨੂੰ ਪੈਦਾ ਹੁੰਦੇ ਹੀ ਇਕ ਜੰਜ਼ੀਰ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਭਾਵ ਉਸ ਦਾ ਇਕ ਦਾਇਰਾ ਤੈਅ ਕਰ ਦਿੱਤਾ ਜਾਂਦਾ ਹੈ ਕਿ ਜਿੱਥੋਂ ਤੱਕ ਜੰਜ਼ੀਰ ਜਾਵੇਗੀ, ਉੱਥੇ ਤੱਕ ਹੀ ਦੁਨੀਆ ਹੈ। ਹੁਣ ਜਦ ਉਹ ਵੱਡਾ ਹੋ ਜਾਂਦਾ ਹੈ ਤਾਂ ਖੁਦ ਆਪਣਾ ਪੈਰ ਜੰਜ਼ੀਰ ਬੰਨ੍ਹੇ ਜਾਣ ਲਈ ਅੱਗੇ ਵਧਾ ਦਿੰਦਾ ਹੈ। ਹੁਣ ਮਹਾਵਤ ਉਸ ਨੂੰ ਜਿਵੇਂ ਚਾਹੇ ਅਤੇ ਜਿੱਥੇ ਚਾਹੇ ਲੈ ਜਾ ਸਕਦਾ ਹੈ। ਮਾਨਸਿਕ ਸਥਿਤੀ ਵੀ ਇਸੇ ਤਰ੍ਹਾਂ ਬਣਦੀ ਹੈ। ਮਨੁੱਖ ਕੋਲ ਸੋਚਣ-ਸਮਝਣ ਦੀ ਤਾਕਤ ਹੈ ਜੋ ਪਸ਼ੂਆਂ ’ਚ ਨਹੀਂ, ਇਸ ਲਈ ਉਨ੍ਹਾਂ ਲਈ ਕਿਸੇ ਪੁਰਾਣੀ ਅਤੇ ਦੁਖਦਾਈ ਯਾਦ ’ਚੋਂ ਬਾਹਰ ਨਿਕਲਣਾ ਸੌਖਾ ਹੈ।
ਹਵਾ, ਅਗਨੀ, ਪਾਣੀ, ਪ੍ਰਿਥਵੀ ਅਤੇ ਆਸਮਾਨ ਸਾਡੇ ਕੁਦਰਤੀ ਤੱਤ ਹਨ। ਇਨ੍ਹਾਂ ਦੀ ਵਰਤੋਂ ਕਿਸੇ ਵੀ ਸਥਿਤੀ ਚੋਂ ਉਭਰਨ ਲਈ ਹੁੰਦੀ ਹੈ। ਹੁਣ ਕਿਉਂਕਿ ਨਾ ਤਾਂ ਮਨੁੱਖ ਨੇ ਇਨ੍ਹਾਂ ਦਾ ਨਿਰਮਾਣ ਕੀਤਾ ਅਤੇ ਨਾ ਹੀ ਉਹ ਇਨ੍ਹਾਂ ਦਾ ਸੰਚਾਲਕ ਹੈ, ਇਸ ਲਈ ਇਨ੍ਹਾਂ ਤੱਤਾਂ ਨਾਲ ਛੇੜਛਾੜ ਕਰਨ ਦਾ ਉਸ ਦਾ ਕੋਈ ਅਧਿਕਾਰ ਨਹੀਂ ਹੈ। ਜੀਵਨ ਹੋਵੇ ਜਾਂ ਮੌਤ ਇਨ੍ਹਾਂ ’ਤੇ ਹੀ ਆਧਾਰਿਤ ਹੈ। ਇਨ੍ਹਾਂ ਤੱਤਾਂ ਨਾਲ ਸਹਿਯੋਗ ਕਰਦੇ ਹੋਏ ਇਨ੍ਹਾਂ ਨੂੰ ਆਪਣੇ ਅਨੁਕੂਲ ਤਾਂ ਬਣਾਇਆ ਜਾ ਸਕਦਾ ਹੈ ਪਰ ਇਨ੍ਹਾਂ ਨਾਲ ਖਿਲਵਾੜ ਕਰਨਾ ਆਪਣੇ ਪੈਰਾਂ ’ਤੇ ਕੁਹਾੜੀ ਮਾਰਨ ਵਾਂਗ ਹੈ। ਮਨੁੱਖ ਦੀ ਜ਼ਿੰਦਗੀ ਆਉਣ-ਜਾਣ ਦੇ ਚੱਕਰ ਨਾਲ ਬੱਝੀ ਹੈ ਪਰ ਕੁਦਰਤ ਕਦੀ ਨਹੀਂ ਬਦਲਦੀ। ਇਸੇ ਤਰ੍ਹਾਂ ਸਾਡੇ ਕਰਮ ਹੀ ਫੈਸਲਾਕੁੰਨ ਹਨ ਅਤੇ ਉਨ੍ਹਾਂ ਦਾ ਫਲ ਮਿਲਣਾ ਲਾਜ਼ਮੀ ਹੈ।