'ਖਰੀਦ ਸੀਜ਼ਨ ਖਤਮ ਹੋਣ ਤੱਕ ਸਟਾਫ ਲਈ ਕੋਈ ਛੁੱਟੀ ਨਹੀਂ'

Sunday, Apr 06, 2025 - 08:49 PM (IST)

'ਖਰੀਦ ਸੀਜ਼ਨ ਖਤਮ ਹੋਣ ਤੱਕ ਸਟਾਫ ਲਈ ਕੋਈ ਛੁੱਟੀ ਨਹੀਂ'

ਚੰਡੀਗੜ੍ਹ/ਲੁਧਿਆਣਾ : ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੂਬਾ ਸਰਕਾਰ ਪੰਜਾਬ ਭਰ ਦੀਆਂ 1,864 ਅਨਾਜ ਮੰਡੀਆਂ ਵਿੱਚ ਕਿਸਾਨਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਣਕ ਦੀ ਖਰੀਦ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 

ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਸਾਫ਼-ਸਫ਼ਾਈ, ਬਾਰਦਾਨੇ, ਪੱਖੇ, ਆਵਾਜਾਈ ਅਤੇ ਰਿਹਾਇਸ਼ ਦੇ ਪ੍ਰਬੰਧਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗੀ ਵਾਲੀ ਕਣਕ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਖਰੀਦ ਕਾਰਜ਼ਾਂ 'ਚ ਲੱਗੇ ਸਟਾਫ ਨੂੰ ਕੋਈ ਵੀ ਛੁੱਟੀ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਕਿ ਕੋਈ ਠੋਸ ਕਾਰਨ ਨਾ ਹੋਵੇ ਅਤੇ ਉਨ੍ਹਾਂ ਨੂੰ ਕਿਸਾਨਾਂ ਦੀ ਸਹੂਲਤ ਲਈ ਅਨਾਜ ਮੰਡੀਆਂ ਵਿੱਚ ਮੌਜੂਦ ਰਹਿਣਾ ਹੋਵੇਗਾ।

ਐਤਵਾਰ ਨੂੰ ਇੱਥੇ ਲੁਧਿਆਣਾ, ਮੋਗਾ, ਫਰੀਦਕੋਟ, ਫਿਰੋਜ਼ਪੁਰ ਅਤੇ ਬਰਨਾਲਾ ਜ਼ਿਲਿਆਂ ਦੇ ਅਧਿਕਾਰੀਆਂ ਨਾਲ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਮੌਜੂਦਾ ਕਣਕ ਖਰੀਦ ਸੀਜ਼ਨ ਦੌਰਾਨ 8 ਲੱਖ ਤੋਂ ਵੱਧ ਕਿਸਾਨਾਂ ਦੀ ਮਦਦ ਲਈ ਪੁਖਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਸਾਲ ਕਣਕ ਦੀ ਬੰਪਰ ਵਾਢੀ ਹੋਣ ਦੀ ਉਮੀਦ ਹੈ ਅਤੇ 124 ਲੱਖ ਮੀਟ੍ਰਿਕ ਟਨ ਕਣਕ ਖਰੀਦਣ ਦਾ ਟੀਚਾ ਹੈ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਸੂਬੇ ਨੇ 28,894 ਕਰੋੜ ਰੁਪਏ ਕੈਸ਼ ਕ੍ਰੈਡਿਟ ਲਿਮਿਟ ਦਾ ਪ੍ਰਬੰਧ ਕੀਤਾ ਹੈ ਅਤੇ ਬਹੁਤ ਸਾਰੀ ਸਟੋਰੇਜ ਸਪੇਸ ਅਤੇ ਕੰਟੇਨਰਾਂ ਦੇ ਨਾਲ ਲੋੜੀਂਦਾ 99 ਫੀਸਦ ਬਾਰਦਾਨੇ ਨੂੰ ਪ੍ਰਾਪਤ ਕਰਨ ਵਿੱਚ ਵੀ ਕਾਮਯਾਬ ਰਿਹਾ ਹੈ।

ਕੈਬਨਿਟ ਮੰਤਰੀ ਕਟਾਰੁਚੱਕ ਨੇ ਇਹ ਵੀ ਦੱਸਿਆ ਕਿ ਵਾਢੀ ਨੂੰ ਸੰਭਾਲਣ ਲਈ, ਰਾਜ ਨੇ ਨਿਯਮਤ ਖਰੀਦ ਕੇਂਦਰਾਂ ਤੋਂ ਇਲਾਵਾ 600 ਅਸਥਾਈ ਖਰੀਦ ਕੇਂਦਰ ਵੀ ਸਥਾਪਤ ਕੀਤੇ ਹਨ ਅਤੇ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) 2,425 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਨ੍ਹਾਂ ਦੀਆਂ ਅਦਾਇਗੀਆਂ ਉਨ੍ਹਾਂ ਦੀ ਕਣਕ ਵੇਚਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀਆਂ ਜਾਣਗੀਆਂ. 

ਕੈਬਨਿਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਕਿਸਾਨਾਂ ਵੱਲੋਂ ਲਿਆਏ ਗਏ ਇੱਕ-ਇੱਕ ਦਾਣੇ ਨੂੰ ਖਰੀਦਣ ਲਈ ਵਚਨਬੱਧ ਹੈ ਅਤੇ ਉਹ ਇਸ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸਮੀਖਿਆ ਮੀਟਿੰਗ ਵਿੱਚ ਕਟਾਰੂਚੱਕ ਨੇ ਕਿਸਾਨਾਂ ਲਈ ਮੰਡੀਆਂ ਵਿੱਚ ਸਾਫ-ਸਫਾਈ, ਪੀਣ ਵਾਲੇ ਪਾਣੀ, ਰੋਸ਼ਨੀ ਅਤੇ ਛਾਂਦਾਰ ਥਾਵਾਂ ਵਰਗੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਪੂਰੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਮੰਡੀਆਂ ਵਿੱਚ ਫਸਟ ਏਡ ਮੈਡੀਕਲ ਕਿੱਟਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News