ਟਰੈਕਟਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌਤ
Wednesday, Apr 09, 2025 - 01:53 PM (IST)

ਮੋਹਾਲੀ (ਜੱਸੀ) : ਉਦਯੋਗਿਕ ਖੇਤਰ ਫੇਜ਼-8ਬੀ ’ਚ ਟਰੈਕਟਰ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਵੇਸ਼ ਕੁਮਾਰ (23) ਵਾਸੀ ਅੰਬਾਲਾ ਹਾਲ ਵਾਸੀ ਸੈਕਟਰ-110 ਮੋਹਾਲੀ ਵਜੋਂ ਹੋਈ ਹੈ। ਬਲਕਾਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਪ੍ਰਵੇਸ਼ ਕੁਮਾਰ 7 ਮਹੀਨਿਆਂ ਤੋਂ ਆਈ. ਟੀ. ਸਿਟੀ ਸੈਕਟਰ-82 ਵਿਖੇ ਕੰਪਨੀ ’ਚ ਕੰਮ ਕਰਦਾ ਸੀ। ਉਹ 7 ਅਪ੍ਰੈਲ ਦੀ ਸ਼ਾਮ ਮੋਟਰਸਾਈਕਲ ’ਤੇ ਕਿਸੇ ਕੰਮ ਲਈ ਚੰਡੀਗੜ੍ਹ ਗਿਆ।
ਉੱਥੋਂ ਘਰ ਆਉਂਦਿਆਂ ਜਦੋਂ ਫੇਜ਼-8ਬੀ ਵਿਖੇ ਡੀ. ਜੀ. ਆਰ. ਦੀ ਬਿਲਡਿੰਗ ਕੋਲ ਪਹੁੰਚਿਆ ਤਾਂ ਸਵਰਾਜ ਟਰੈਕਟਰ ਲੰਬੀ ਲਾਈਨ ’ਚ ਆ ਰਹੇ ਸਨ। ਇਨ੍ਹਾਂ ’ ਚੋਂ ਇਕ ਟੈਂਪਰੇਰੀ ਨੰਬਰ ਵਾਲੇ ਟਰੈਕਟਰ ਦੇ ਅਣਪਛਾਤੇ ਚਾਲਕ ਨੇ ਪ੍ਰਵੇਸ਼ ਨੂੰ ਟੱਕਰ ਮਾਰ ਦਿੱਤੀ। ਮੌਕੇ ’ਤੇ ਜ਼ਖ਼ਮੀ ਨੂੰ ਸੋਹਾਣੇ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਉੱਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਵਰਾਜ ਕੰਪਨੀ ਦੇ ਬਾਹਰ ਕੁੱਝ ਦੇਰ ਤੱਕ ਹੰਗਾਮਾ ਕੀਤਾ ਪਰ ਪੁਲਸ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਪਰਚੇ ਦੀ ਕਾਪੀ ਦਿਖਾ ਕੇ ਪਰਿਵਾਰ ਨੂੰ ਪੋਸਟਮਾਰਟਮ ਲਈ ਮਨਾਇਆ। ਪੁਲਸ ਦਾ ਕਹਿਣਾ ਹੈ ਕਿ ਟਰੈਕਟਰ ਦੇ ਟੈਂਪਰੇਰੀ ਨੰਬਰ ਦਾ ਪਤਾ ਚੱਲ ਗਿਆ ਹੈ ਤੇ ਜਲਦ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।