ਤੇਜ਼ ਰਫ਼ਤਾਰ ਟਿੱਪਰ ਨਾਲ ਹਾਦਸੇ ’ਚ ਨੌਜਵਾਨ ਦੀ ਮੌਤ
Wednesday, Apr 02, 2025 - 03:09 PM (IST)

ਖਰੜ (ਰਣਬੀਰ) : ਸਥਾਨਕ ਲਾਂਡਰਾਂ ਰੋਡ ’ਤੇ ਮੰਗਲਵਾਰ ਦੇਰ ਸ਼ਾਮ ਟਿੱਪਰ ਨਾਲ ਹੋਏ ਹਾਦਸੇ ’ਚ ਸਕੂਟਰ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਮੰਗਲਵਾਰ ਰਾਤ ਕਰੀਬ 8. 45 ਵਜੇ ਦਾ ਹੈ, ਜਦੋਂ ਲਾਂਡਰਾਂ ਰੋਡ ’ਤੇ ਆਪਣੇ ਪਿਤਾ ਨਾਲ ਵੈਲਡਿੰਗ ਦੀ ਦੁਕਾਨ ਚਲਾਉਣ ਵਾਲਾ ਦਵਿੰਦਰ ਸਿੰਘ ਉਰਫ਼ ਕਾਕਾ ਆਪਣੀ ਐਕਟਿਵਾ ’ਤੇ ਡੇਅਰੀ ਤੋਂ ਦੁੱਧ ਲੈਣ ਗਿਆ ਸੀ। ਵਾਪਸੀ ਵੇਲੇ ਇਕ ਕਾਰ ਨੂੰ ਕਰਾਸ ਕਰਦੇ ਸਮੇਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਦਾ ਚਾਲਕ ਬੇਕਾਬੂ ਹੋ ਗਿਆ ਅਤੇ ਉਸ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ।
ਇਸ ਕਾਰਨ ਦਵਿੰਦਰ ਸਿੰਘ ਸੜਕ ’ਤੇ ਡਿੱਗ ਪਿਆ ਤੇ ਟਿੱਪਰ ਦੀ ਚਪੇਟ ’ਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ। ਟਿੱਪਰ ਚਾਲਕ ਮੌਕੇ ’ਤੇ ਟਿੱਪਰ ਛੱਡ ਕੇ ਫ਼ਰਾਰ ਹੋ ਗਿਆ। ਸਥਾਨਕ ਲੋਕਾਂ ਵੱਲੋਂ ਕੈਬ ਦੀ ਮਦਦ ਨਾਲ ਦਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ।